(ਸਮਾਜ ਵੀਕਲੀ)
ਨਾਂ ਹੱਕ ਮਾਰੀਂ ਨਾਂ ਪੱਖ ਮਾਰੀਂ ਨਾਂ ਬਣੀ ਗਰੀਬ ਦਾ ਫੰਦਾ
ਜੇ ਹੰਕਾਰ ਨਾਂ ਮਾਰਿਆ ਬੰਦਿਆ ਮਰ ਜਾਂਣਾ ਤੇਰਾ ਧੰਦਾ
ਸੋਚ ਕਦੇ ਨਾਂ ਮਰਦੀ ਹੁੰਦੀ ਸਦਾ ਸਰੀਰ ਨਾਂ ਜਿਉਂਦੇ
ਮਰ ਗਈ ਜਦੋਂ ਜ਼ਮੀਰ ਬੰਦੇ ਦੀ ਸਮਝੋ ਮਰ ਗਿਆ ਬੰਦਾ
ਰਾਹ ਤੱਕ ਕੇ ਤਕਦੀਰਾਂ ਦੇ ਕਦੇ ਹੁੰਦੀ ਨਹੀਂ ਤਰੱਕੀ
ਕੀ ਫਾਇਦੇ ਤਕਰਾਰਾਂ ਦੇ ਗੱਲ ਤਰਕ ਨਾਲ ਨਾਂ ਰੱਖੀ
ਤਕਰੀਰਾਂ ਤਖ਼ਤ ਹਿਲਾ ਦਿੰਦੀਆਂ ਨੇ ਬਿਨ ਫੜਿਆਂ ਹੀ ਡੰਡਾ
ਮਰ ਗਈ ਜਦੋਂ ਜ਼ਮੀਰ ਬੰਦੇ ਦੀ ਸਮਝੋ ਮਰ ਗਿਆ ਬੰਦਾ
ਆਕੜਾਂ ਨਾਲ ਨਾਂ ਆੜੀ ਜੁੜਦੇ ਅੜੀਆਂ ਪੌਣ ਅੜਿੱਕੇ
ਔਕੜਾਂ ਅੱਗੇ ਅੜਨਾਂ ਪੈਂਦਾ ਅੜਕੇ ਹੀ ਰਣ ਜਿੱਤੇ
ਔੜ ਪੈਣ ਤੇ ਆੜ੍ਹਤੀਆ ਹੀ ਬਣੇ ਜੱਟ ਦਾ ਕੰਧਾ
ਮਰ ਗਈ ਜਦੋਂ ਜ਼ਮੀਰ ਬੰਦੇ ਦੀ ਸਮਝੋ ਮਰ ਗਿਆ ਬੰਦਾ
ਰਾਜਾ ਕਾਹਦਾ ਰਾਜ ‘ਚ ਜੀਦ੍ਹੇ ਰੋਜ ਰੋਜ ਦੇ ਰੋਜੇ
ਮਨ ਨਾਂ ਰਾਜੀ ਬੰਦਾ ਕਿੱਦਾਂ ਰਜਾ ‘ਚ ਰਾਜੀ ਹੋਜੇ
ਜਦ ਰਜਵਾੜੇ ਖੋਹਣ ਰੋਜੀਆਂ ਚੱਕਣਾ ਪੈਂਦਾ ਝੰਡਾ
ਮਰ ਗਈ ਜਦੋਂ ਜ਼ਮੀਰ ਬੰਦੇ ਦੀ ਸਮਝੋ ਮਰ ਗਿਆ ਬੰਦਾ
ਬਾਠ ਬਲਵੀਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly