ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ਵੱਲੋਂ ਤੇਲ ਕੀਮਤਾਂ ਤੇ ਰਸੋਈ ਗੈਸ ਵਿੱਚ ਕੀਤੇ ਗਏ ਵਾਧੇ ਖ਼ਿਲਾਫ਼ ਲਾਏ ਰੋਸ ਧਰਨੇ ਵਿੱਚ ਅੱਜ ਇੱਥੇ ਕਾਂਗਰਸੀ ਆਗੂ ਹੀ ਆਪਸ ਵਿੱਚ ਹੀ ਭਿੜ ਪਏ। ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਧਰਨੇ ਵਿੱਚ ਚੰਗਿਆੜੀ ਬਣ ਕੇ ਉਭਰੀ, ਜਿਸ ਕਰਕੇ ਰੋਸ ਧਰਨਾ ਫਲਾਪ ਸ਼ੋਅ ਵਿੱਚ ਤਬਦੀਲ ਹੋ ਗਿਆ। ਮਾਹੌਲ ਵਿੱਚ ਬਣੀ ਕੁੜੱਤਣ ਨੂੰ ਦੇਖਦਿਆਂ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਦੀ ਘੇਰਾਬੰਦੀ ਲਈ ਲਾਏ ਧਰਨੇ ਮਗਰੋਂ ਕੀਤਾ ਜਾਣ ਵਾਲਾ ਰੋਸ ਮਾਰਚ ਵੀ ਰੱਦ ਕਰਨਾ ਪਿਆ।
ਪੰਜਾਬ ਕਾਂਗਰਸ ਵੱਲੋਂ ਇੱਥੇ ਕਾਂਗਰਸ ਭਵਨ ਦੇ ਸਾਹਮਣੇ ਮਹਿੰਗਾਈ ਖ਼ਿਲਾਫ਼ ਲਾਏ ਧਰਨੇ ਵਿੱਚ ਪਾਰਟੀ ਦੇ ਦਰਜਨਾਂ ਵਿਧਾਇਕ/ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਪੁੱਜੇ ਹੋਏ ਸਨ। ਧਰਨੇ ਵਿੱਚ ਉਭਰੇ ਕਾਟੋ-ਕਲੇਸ਼ ਤੋਂ ਇੰਝ ਜਾਪਿਆ ਜਿਵੇਂ ਕਾਂਗਰਸੀ ਨੇਤਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਕੋਈ ਸਬਕ ਲੈਣ ਦੇ ਰੌਂਅ ਵਿੱਚ ਨਹੀਂ ਹਨ। ਅੱਜ ਕਾਂਗਰਸ ਦੇ ਰੋਸ ਮਾਰਚ ਨੂੰ ਰੋਕਣ ਵਾਸਤੇ ਪੁਲੀਸ ਨੇ ਅਗੇਤੇ ਪ੍ਰਬੰਧ ਕੀਤੇ ਹੋਏ ਸਨ। ਜਦੋਂ ਰੋਸ ਧਰਨਾ ਹੀ ਬਿਖਰ ਗਿਆ ਤਾਂ ਪੁਲੀਸ ਦਾ ਕੰਮ ਸੁਖਾਲਾ ਹੋ ਗਿਆ।
ਧਰਨੇ ਵਿੱਚ ਅੱਜ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਤਿੱਖੇ ਤੇਵਰਾਂ ਨੇ ਕਾਂਗਰਸੀ ਆਗੂਆਂ ਵਿੱਚ ਤਿੱਖੀ ਬਹਿਸ ਦਾ ਮੁੱਢ ਬੰਨ੍ਹ ਦਿੱਤਾ। ਨਵਜੋਤ ਸਿੱਧੂ ਨੇ ਮਹਿੰਗਾਈ ਖ਼ਿਲਾਫ਼ ਕੇਂਦਰ ਖ਼ਿਲਾਫ਼ ਹੱਲਿਆਂ ਦੀ ਥਾਂ ਆਪਣੇ ਭਾਸ਼ਨ ਵਿੱਚ ਪੰਜਾਬ ’ਚ ਕਾਂਗਰਸੀ ਵਰਕਰਾਂ ਉੱਤੇ ਹੋ ਰਹੇ ਹਮਲਿਆਂ ’ਤੇ ਚਰਚਾ ਸ਼ੁਰੂ ਕਰ ਦਿੱਤੀ। ਉਨ੍ਹਾਂ ਆਗੂਆਂ ਨੂੰ ਨਸੀਹਤ ਦਿੱਤੀ ਕਿ ਇਸ ਮੌਕੇ ਪੀੜਤ ਵਰਕਰਾਂ ਦੀ ਬਾਂਹ ਫੜਨ ਦੀ ਲੋੜ ਹੈ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਹਾਰੀ ਹੈ ਪਰ ਮਰੀ ਨਹੀਂ।
ਮਾਹੌਲ ਉਦੋਂ ਤਲਖ਼ ਹੋ ਗਿਆ ਜਦੋਂ ਨਵਜੋਤ ਸਿੱਧੂ ਨੇ ਆਪਣੇ ਭਾਸ਼ਨ ਦਾ ਧੁਰਾ ਇਮਾਨਦਾਰੀ ਦੁਆਲੇ ਘੁੰਮਾ ਦਿੱਤਾ। ਸਿੱਧੂ ਨੇ ਕਿਹਾ ਕਿ ਇਮਾਨਦਾਰਾਂ ਨੂੰ ਅੱਗੇ ਆਉਣਾ ਪਵੇਗਾ ਤੇ ਸਾਰੇ ਹਲਕਿਆਂ ਦੀ ਕਮਾਨ ਇਮਾਨਦਾਰ ਆਗੂਆਂ ਦੇ ਹੱਥ ਦੇਣੀ ਹੋਵੇਗੀ। ਉਨ੍ਹਾਂ ਆਪਣੇ ਅੰਦਾਜ਼ ਵਿੱਚ ਕਿਹਾ ਕਿ ਲੋਕ ਸਭ ਜਾਣਦੇ ਹਨ। ਉਨ੍ਹਾਂ ਕਿਹਾ, ‘‘ਸਿੱਧੂ ਇਮਾਨਦਾਰਾਂ ਦੇ ਨਾਲ ਖੜ੍ਹਾ ਹੋਵੇਗਾ, ਜਿਨ੍ਹਾਂ ਦੇ ਘਰੋਂ ਪੈਸੇ ਨਿਕਲਣਗੇ, ਉਨ੍ਹਾਂ ਦਾ ਸਾਥ ਸਿੱਧੂ ਨਹੀਂ ਦੇਵੇਗਾ।’’ ਉਸ ਵਕਤ ਹੀ ਧਰਨੇ ਵਿੱਚ ਇੱਕ ਬੰਨ੍ਹਿਓ ਘੁਸਰ-ਮੁਸਰ ਸ਼ੁਰੂ ਹੋ ਗਈ।
ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਉਹ ਇਮਾਨਦਾਰ ਹੈ ਪਰ ਕਾਂਗਰਸ ਪਾਰਟੀ ਵਿੱਚ ਕੁਝ ਬੇਈਮਾਨ ਹਨ। ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਇਸ ਮੌਕੇ ਭੜਕ ਪਏ ਅਤੇ ਉਨ੍ਹਾਂ ਕਿਹਾ, ‘‘ਤੁਸੀਂ ਨਾਮ ਲੈ ਕੇ ਦੱਸੋ, ਬੇਈਮਾਨ ਕੌਣ ਹੈ।’’ ਨਵਜੋਤ ਸਿੱਧੂ ਨੇ ਨਾਮ ਲੈਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਬਰਿੰਦਰ ਢਿੱਲੋਂ ਨੇ ਮੁੜ ਕਿਹਾ, ‘‘ਤੁਸੀਂ ਜਾਂ ਤਾਂ ਗ਼ਲਤ ਬੋਲ ਰਹੇ ਹੋ ਜਾਂ ਫਿਰ ਨਾਮ ਲਵੋ, ਕੌਣ ਬੇਈਮਾਨ ਹੈ।’’ ਇਸ ਮਗਰੋਂ ਗੱਲ ਤੂੰ-ਤੂੰ ਮੈਂ-ਮੈਂ ਤੱਕ ਪੁੱਜ ਗਈ। ਦੋਵਾਂ ਆਗੂਆਂ ਦੇ ਸਮਰਥਕਾਂ ਨੇ ਆਪੋ-ਆਪਣੇ ਪੱਖ ਵਿੱਚ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ। ਸਿੱਧੂ ਇਸ ਰੌਲ਼ੇ-ਰੱਪੇ ਵਿੱਚ ਆਪਣਾ ਭਾਸ਼ਨ ਪੂਰਾ ਨਾ ਕਰ ਸਕੇ।
ਯੂਥ ਕਾਂਗਰਸ ਦੇ ਹੋਰ ਨੇਤਾ ਵੀ ਉੱਠ ਕੇ ਖੜ੍ਹੇ ਹੋ ਗਏ ਅਤੇ ਨਵਜੋਤ ਸਿੱਧੂ ਨਾਲ ਆਹਮੋ-ਸਾਹਮਣੇ ਹੋ ਗਏ। ਮਾਹੌਲ ਭਖ਼ਦਾ ਦੇਖ ਕਈ ਸੀਨੀਅਰ ਆਗੂ ਉਦੋਂ ਹੀ ਧਰਨੇ ਵਿੱਚੋਂ ਖਿਸਕਣ ਲੱਗੇ ਅਤੇ ਵਰਕਰ ਵੀ ਉੱਠ ਕੇ ਖੜ੍ਹੇ ਹੋ ਗਏ। ਅੱਜ ਧਰਨੇ ਵਿੱਚ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਪਰਗਟ ਸਿੰਘ ਸਮੇਤ ਦਰਜਨਾਂ ਆਗੂ ਮੌਜੂਦ ਸਨ। ਸੀਨੀਅਰ ਨੇਤਾ ਅੱਜ ਇਸ ਮਾਹੌਲ ਤੋਂ ਕਾਫ਼ੀ ਖਫ਼ਾ ਦਿੱਖੇ। ਦੋਵੇਂ ਆਗੂਆਂ ਨੇ ਅੱਜ ਕੇਂਦਰ ਖ਼ਿਲਾਫ਼ ਮੁਜ਼ਾਹਰੇ ਨੂੰ ਆਪਣੀ ਜੰਗ ਦਾ ਅਖਾੜਾ ਬਣਾ ਦਿੱਤਾ। ਕਾਂਗਰਸੀ ਵਰਕਰ ਅੱਜ ਨਿਰਾਸ਼ਾ ਝੋਲੀ ਪਾ ਕੇ ਘਰਾਂ ਨੂੰ ਮੁੜ ਗਏ।
ਪੰਜਾਬ ਕਾਂਗਰਸ ਨੇ ਧਰਨੇ ਮਗਰੋਂ ਕਾਂਗਰਸ ਭਵਨ ਵਿੱਚ ਮੀਟਿੰਗ ਕੀਤੀ, ਜਿਸ ਵਿਚ ਕੁੱਲ ਹਿੰਦ ਕਾਂਗਰਸ ਦੇ ਆਗੂ ਚੇਤਨ ਚੌਹਾਨ ਵੀ ਮੌਜੂਦ ਸਨ। ਆਗੂਆਂ ਨੇ ਦੱਸਿਆ ਕਿ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਸਬੰਧੀ ਇਹ ਮੀਟਿੰਗ ਕੀਤੀ ਗਈ ਹੈ।
ਹਾਰ ਤੋਂ ਸਬਕ ਨਹੀਂ ਸਿੱਖਿਆ: ਰੰਧਾਵਾ
ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਾਰਟੀ ਦੇ ਆਗੂਆਂ ਨੇ ਚੋੋਣਾਂ ਵਿੱਚ ਮਿਲੀ ਹਾਰ ਤੋਂ ਵੀ ਸਬਕ ਨਹੀਂ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਕਾਂਗਰਸ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ, ਜਿਨ੍ਹਾਂ ਦਾ ਆਪਣਾ ਜਨ ਆਧਾਰ ਕੋਈ ਨਹੀਂ ਹੈ, ਕੋਈ ਆਗੂ ਪਾਰਟੀ ਦਾ ਅਨੁਸ਼ਾਸਨ ਮੰਨਣ ਨੂੰ ਤਿਆਰ ਹੀ ਨਹੀਂ ਹੈ।
‘ਆਪ’ ਸਰਕਾਰ ਨਿਸ਼ਾਨੇ ਉੱਤੇ ਰਹੀ
ਬੇਸ਼ੱਕ ਅੱਜ ਮਹਿੰਗਾਈ ਸਬੰਧੀ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨਾ ਸੀ ਪਰ ਕਾਂਗਰਸੀ ਆਗੂਆਂ ਨੇ ‘ਆਪ’ ਸਰਕਾਰ ਦੀ ਘੇਰਾਬੰਦੀ ਕਰਨ ’ਤੇ ਜ਼ੋਰ ਲਾਇਆ। ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ’ਤੇ ਰੱਖਿਆ ਅਤੇ ਇਸੇ ਤਰ੍ਹਾਂ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਬੇਅਦਬੀ ਮਾਮਲੇ ਵਿੱਚ 24 ਘੰਟਿਆਂ ’ਚ ਮੁਲਜ਼ਮਾਂ ਨੂੰ ਫੜਨ ਦੀ ਗੱਲ ਕਰਨ ਵਾਲੇ ਕੇਜਰੀਵਾਲ 24 ਦਿਨਾਂ ਮਗਰੋਂ ਵੀ ਨਹੀਂ ਫੜ ਸਕੇ। ਇਸ ਤੋਂ ਇਲਾਵਾ ਅੱਜ ਗੁਰਪ੍ਰੀਤ ਸਿੰਘ ਜੀਪੀ ਅਤੇ ਨਵਤੇਜ ਚੀਮਾ ਨੇ ਨਵਜੋਤ ਸਿੱਧੂ ਦੇ ਪੱਖ ਵਿੱਚ ਉੱਤਰ ਕੇ ਕਮਾਨ ਸਿੱਧੂ ਨੂੰ ਸੌਂਪਣ ਦੀ ਗੱਲ ਆਖੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly