ਸਿੱਧੂ ਲਈ ਸੰਦੇਸ਼ ਰਿਕਾਰਡ ਕਰਨ ਮਗਰੋਂ ਕਾਂਗਰਸੀ ਆਗੂ ਵੱਲੋਂ ਖ਼ੁਦਕੁਸ਼ੀ

ਗੁਰੂਸਰ ਸੁਧਾਰ (ਸਮਾਜ ਵੀਕਲੀ): ਹਲਕਾ ਦਾਖਾ ਦੇ ਸੀਨੀਅਰ ਕਾਂਗਰਸੀ ਆਗੂ ਦਲਜੀਤ ਸਿੰਘ ਉਰਫ਼ ਹੈਪੀ ਬਾਜਵਾ ਨੇ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੰਬੋਧਨ ਹੋ ਕੇ ਇਕ ਸੰਦੇਸ਼ ਰਿਕਾਰਡ ਕਰਨ ਮਗਰੋਂ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਪੋਰਟਸ ਐਂਡ ਕਲਚਰਲ ਸੈੱਲ ਕਾਂਗਰਸ ਹਲਕਾ ਦਾਖਾ ਦੇ ਕੋਆਰਡੀਨੇਟਰ ਹੈਪੀ ਬਾਜਵਾ ਨੇ ਪਿੰਡ ਜਾਂਗਪੁਰ ਵਿੱਚ ਇੱਕ ਪਲਾਟ ਸਬੰਧੀ ਵਿਵਾਦ ਦੇ ਮਾਮਲੇ ਵਿੱਚ ਇਨਸਾਫ਼ ਨਾ ਮਿਲਦਾ ਦੇਖ ਖ਼ੁਦਕੁਸ਼ੀ ਕੀਤੀ ਹੈ। ਉਧਰ, ਘਟਨਾ ਸਬੰਧੀ ਜਾਣਕਾਰੀ ਮਿਲਣ ’ਤੇ ਨਵਜੋਤ ਸਿੰਘ ਸਿੱਧੂ, ਹੈਪੀ ਬਾਜਵਾ ਦੇ ਘਰ ਪੁੱਜੇ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਪੁਲੀਸ ਨੂੰ ਮਾਮਲੇ ’ਚ ਕਾਰਵਾਈ ਕਰਨ ਲਈ ਆਖਿਆ। ਸੂਤਰਾਂ ਅਨੁਸਾਰ ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਕੇ ਕੁਝ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਪਰ ਪੁਲੀਸ ਨੇ ਉਨ੍ਹਾਂ ਦੇ ਨਾਂ ਨਸ਼ਰ ਨਹੀਂ ਕੀਤੇ।

ਦੱਸਣਯੋਗ ਹੈ ਕਿ ਵੱਖ-ਵੱਖ ਰਾਜਾਂ ਦੀਆਂ ਚੋਣਾਂ ਮੌਕੇ ਆਲ ਇੰਡੀਆ ਕਾਂਗਰਸ ਵੱਲੋਂ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਹੈਪੀ ਬਾਜਵਾ ਨੇ ਪਿੰਡ ਹਿੱਸੋਵਾਲ ਜਾ ਕੇ ਵ੍ਹਟਸਐਪ ਰਿਕਾਰਡਿੰਗ ਰਾਹੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੰਬੋਧਨ ਹੋ ਕੇ ਕਿਹਾ, ‘ਮੈਂ ਕਾਂਗਰਸ ਪਾਰਟੀ ਦਾ ਨਿਮਾਣਾ ਵਰਕਰ ਸੀ, ਪਰ ਕਾਂਗਰਸ ਦੇ ਰਾਜ ਵਿੱਚ ਇਨਸਾਫ਼ ਨਾ ਮਿਲਦਾ ਦੇਖ ਪਲਾਟ ਵਿਵਾਦ ਵਿੱਚ ਉਲਝ ਕੇ ਮਰਨ ਲਈ ਮਜਬੂਰ ਹਾਂ।’ ਹੈਪੀ ਬਾਜਵਾ ਦਾ ਆਪਣੇ ਗੁਆਂਢੀ ਨਾਲ ਪਿੰਡ ਜਾਂਗਪੁਰ ਵਿੱਚ ਇੱਕ ਪਲਾਟ ਸਬੰਧੀ ਵਿਵਾਦ ਸੀ, ਜਿਸ ਦੀ ਜਾਂਚ ਲੁਧਿਆਣਾ ਦਿਹਾਤੀ ਦੀ ਪੁਲੀਸ ਕਰ ਰਹੀ ਸੀ। ਹੈਪੀ ਬਾਜਵਾ ਦੀ ਮੌਤ ’ਤੇ ਕਾਂਗਰਸੀ ਆਗੂ ਗੁਰਦੇਵ ਸਿੰਘ ਲਾਪਰਾਂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ, ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੁੱਖ ਪ੍ਰਗਟਾਇਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਸਰਕਾਰ ਦੇ ਵਿਭਾਗਾਂ ਵਿੱਚ 8.72 ਲੱਖ ਅਸਾਮੀਆਂ ਖਾਲੀ
Next articleਸੁਰੱਖਿਆ ਨੂੰ ਲੈ ਕੇ ਹਾਕਮ ਤੇ ਵਿਰੋਧੀ ਧਿਰ ਮਿਹਣੋ-ਮਿਹਣੀ