(ਸਮਾਜ ਵੀਕਲੀ)
ਪੜ੍ਹੇ ਲਿਖੇ ਝੋਨਾ ਲਾਉਣ ਲਈ ਹਰ ਸਾਲ ਮਜ਼ਬੂਰ
ਪਿਛਲੀ ਵਾਰ ਜਦੋਂ ਕਾਂਗਰਸ ਨੇ ਪੰਜਾਬ ਵਿੱਚ ਚੋਣਾਂ ਲੜੀਆਂ ਸਨ ਤਾਂ ਅਨੇਕਾਂ ਵਾਅਦੇ ਕੀਤੇ। ਇਨ੍ਹਾਂ ਵਿੱਚੋਂ ਬੇਰੁਜ਼ਗਾਰਾਂ ਨਾਲ ਇੱਕ ਬਹੁਤ ਵੱਡਾ ਵਾਅਦਾ ਕੀਤਾ ਗਿਆ ਸੀ ਕਿ ਪੜ੍ਹੇ ਲਿਖੇ ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਘਰ ਘਰ ਨੌਕਰੀ ਦਿੱਤੀ ਜਾਵੇਗੀ।ਕਾਂਗਰਸ ਨੇ ਇਸ ਵੇਲੇ ਪੰਜਾਬ ਵਿੱਚ ਆਪਣੇ ਰਾਜ ਕਾਲ ਦੇ ਪੰਜ ਸਾਲ ਪੂਰੇ ਕਰ ਹੀ ਲਏ ਹਨ। ਕਾਂਗਰਸ ਨੇ ਸਰਕਾਰ ਬਣਾਉਣ ਵੇਲੇ ਪੰਜਾਬ ਵਾਸੀਆਂ ਨਾਲ ਜੋ ਵਾਅਦੇ ਕੀਤੇ
ਉਨ੍ਹਾਂ ਵਿੱਚੋਂ ਕਿੰਨੇ ਕੁ ਪੂਰੇ ਹੋ ਗਏ ਹਨ ਇਹ ਬਹੁਤ ਵੱਡਾ ਸਵਾਲ ਹੈ ? ਹੋਰ ਵਾਅਦਿਆਂ ਨੂੰ ਛੱਡ ਆਪਾਂ ਗੱਲ ਕਰੀਏ ਤੇ ਪੰਜਾਬ ਦੇ ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਸੱਚਮੁੱਚ ਹੀ ਘਰ ਘਰ ਵਿਚ ਨੌਕਰੀ ਮਿਲ ਗਈ ਹੈ ਇਸ ਗੱਲ ਦਾ ਜਵਾਬ ਬਹੁਤ ਹੀ ਨਿਰਾਸ਼ਾਜਨਕ ਹੈ ਕਿਉਂਕਿ ਪੰਜਾਬ ਸਰਕਾਰ ਨੇ ਨੌਕਰੀਆਂ ਦੇਣ ਦੀ ਥਾਂ ਨੌਕਰੀਆਂ ਮੰਗ ਰਹੇ ਨੌਜਵਾਨ ਮੁੰਡੇ ਕੁੜੀਆਂ ਨੂੰ ਡੰਗਰਾਂ ਵਾਂਗ ਜ਼ਰੂਰ ਕੁੱਟਿਆ ਹੈ। ਨੌਕਰੀ ਦੇਣੀ ਤਾਂ ਦੂਰ ਦੀ ਗੱਲ।ਹਾਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਵੱਡੇ ਵੱਡੇ ਸਿਆਸੀ ਨੇਤਾਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੋ ਆਮ ਨੌਜਵਾਨ ਮੁੰਡੇ ਕੁੜੀਆਂ ਦੇ ਜ਼ਖ਼ਮਾਂ ਉੱਤੇ ਲੂਣ ਲਾਣ ਬਰਾਬਰ ਹੈ।ਝੂਠ ਬੋਲਣਾ ਤਾਂ ਸਿਆਸੀ ਲੋਕਾਂ ਦੇ ਲਹੂ ਵਿਚ ਪੂਰੀ ਤਰ੍ਹਾਂ ਰਚਿਆ ਹੋਇਆ ਹੈ ਪਰ ਏਡੇ ਏਡੇ ਵੱਡੇ ਝੂਠ ਬੋਲਣੇ ਇਹ ਨਹੀਂ ਪਤਾ ਸੀ।
ਪੰਜਾਬ ਦੇ ਮੁੱਖ ਮੰਤਰੀ ਤੇ ਹੋਰ ਮੰਤਰੀ ਸੰਤਰੀ ਅੰਕੜੇ ਪੇਸ਼ ਕਰਕੇ ਕਹਿੰਦੇ ਹਨ ਕਿ ਅਸੀਂ ਇੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ ਪਰ ਸਮਝ ਨਹੀਂ ਆ ਰਹੀ ਜੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਵੇ ਤਾਂ ਪੜ੍ਹੇ ਲਿਖੇ ਮੁੰਡੇ ਕੁੜੀਆਂ ਡਾਂਗਾਂ ਖਾਣ ਤੇ ਨਿਗੂਣੀਆਂ ਤਨਖ਼ਾਹਾਂ ਉੱਤੇ ਕਿਉਂ ਕੰਮ ਕਰਨ ? ਜਦੋਂ ਹਰ ਸਾਲ ਝੋਨੇ ਦਾ ਸੀਜ਼ਨ ਆਉਂਦਾ ਹੈ ਤਾਂ ਅਖ਼ਬਾਰਾਂ ਆਦਿ ਦੀਆਂ ਸੁਰਖੀਆਂ ਵਿੱਚ ਅਕਸਰ ਹੀ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਆਉਂਦੇ ਹਨ।ਇਹ ਨੌਜਵਾਨ ਮੁੰਡੇ ਕੁੜੀਆਂ ਕਿਸੇ ਖ਼ਾਸ ਪ੍ਰਾਪਤੀ ਲਈ ਅਖ਼ਬਾਰੀ ਸੁਰਖੀਆਂ ਵਿਚ ਨਹੀਂ ਆਉਂਦੇ ਸਿਰਫ ਇਸ ਲਈ ਕਿ ਬੇਰੁਜ਼ਗਾਰੀ ਦੇ ਭੰਨੇ ਹੋਏ ਗ਼ਰੀਬ ਘਰਾਂ ਦੇ ਪਡ਼੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਖੇਤਾਂ ਵਿੱਚ ਝੋਨਾ ਲਾਉਣ ਲਈ ਮਜਬੂਰ ਹਨ। ਝੋਨਾ ਲਾਉਂਦੇ ਸਮੇਂ ਉਹ ਇਕ ਤਾਂ ਆਪਣੀ ਗ਼ਰੀਬੀ ਤੇ ਕਿਸਮਤ ਨੂੰ ਕੋਸਦੇ ਹਨ ਉੱਪਰੋਂ ਸਰਕਾਰਾਂ ਨੂੰ, ਪੁੱਛਦਾ ਕੋਈ ਵੀ ਨਹੀਂ।
ਅੱਜਕੱਲ੍ਹ ਝੋਨੇ ਦੇ ਸੀਜ਼ਨ ਵਿੱਚ ਹੀ ਅਜਿਹੀ ਖ਼ਬਰ ਬਹੁਤ ਫੈਲੀ ਹੋਈ ਹੈ।ਜ਼ਿਲ੍ਹਾ ਮਾਨਸਾ ਦੇ ਪਿੰਡ ਗੁਰਨੇ ਕਲਾਂ ਦੀ ਪੜ੍ਹੀ ਲਿਖੀ ਨੌਜਵਾਨ ਖਿਡਾਰਨ ਹਰਦੀਪ ਕੌਰ ਜਿਸ ਨੇ ਕਰਾਟੇ ਖੇਡਣ ਵਿਚ ਦੇਸ਼ ਵਿਦੇਸ਼ ਵਿਚ ਨਾਮਣਾ ਖੱਟ ਕੇ ਭਾਰਤ ਦਾ ਨਾਮ ਉੱਚਾ ਕੀਤਾ ਹੈ।ਇਸ ਹੋਣਹਾਰ ਲੜਕੀ ਨੇ ਹੁਣ ਤਕ ਜਿੱਥੇ ਆਪਣੀ ਖੇਡ ਦਾ ਪ੍ਰਦਰਸ਼ਨ ਸ਼ਾਨਦਾਰ ਕੀਤਾ ਹੈ ਉਥੇ ਵੀਹ ਦੇ ਕਰੀਬ ਮੈਡਲ ਜਿੱਤੇ ਹਨ।ਉਸ ਲੜਕੀ ਦਾ ਕਹਿਣਾ ਹੈ ਕਿ ਜਦੋਂ ਇੰਟਰਨੈਸ਼ਨਲ ਨੈਸ਼ਨਲ ਕਰਾਟੇ ਚ ਉਸਦਾ ਵੱਡੇ ਖਿਡਾਰੀਆਂ ਨਾਲ ਮੁਕਾਬਲਾ ਹੋਇਆ ਤੇ ਉਹ ਜੇਤੂ ਰਹੀ।
ਦੇਸ਼ ਪਰਤਣ ਉੱਤੇ ਉਸ ਦਾ ਸਵਾਗਤ ਕੀਤਾ ਗਿਆ ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ।ਇਸ ਵੇਲੇ ਪੰਜਾਬ ਵਿੱਚ ਕਾਂਗਰਸ ਦੀ ਹੀ ਸਰਕਾਰ ਹੈ ਤੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਹੀ ਹਨ ਪਰ ਹਾਲੇ ਤੱਕ ਇਸ ਲੜਕੀ ਨੂੰ ਨੌਕਰੀ ਸੰਬੰਧੀ ਕੋਈ ਵੀ ਖੁਰਾ ਖੋਜ ਨਹੀਂ ਮਿਲਿਆ। ਆਪਣੇ ਘਰ ਦੀ ਹਾਲਤ ਤੇ ਅੱਗੇ ਪੜ੍ਹਨ ਲਈ ਖ਼ਰਚੇ ਆਦਿ ਨੂੰ ਚੁੱਕਣ ਲਈ ਇਹ ਲੜਕੀ ਖੁਦ ਖੇਤਾਂ ਵਿੱਚ ਝੋਨਾ ਲਗਾ ਰਹੀ ਹੈ। ਹਰਦੀਪ ਕੌਰ ਨੌਕਰੀ ਪ੍ਰਾਪਤ ਕਰਨ ਲਈ ਪਤਾ ਨਹੀਂ ਕਿੰਨੇ ਕੁ ਗੇੜੇ ਚੰਡੀਗਡ਼੍ਹ ਮਾਰ ਗਈ।ਅਖੀਰ ਨੂੰ ਲਾਰਿਆਂ ਤੋਂ ਤੰਗ ਆ ਕੇ ਉਸਨੇ ਖਹਿੜਾ ਹੀ ਛੱਡ ਦਿੱਤਾ ਇਸੇ ਹੀ ਗੱਲ ਦੀ ਸਮਝ ਨਹੀਂ ਆ ਰਹੀ ਕਿ ਘਰ ਘਰ ਨੌਕਰੀਆਂ ਦੇਣ ਵਾਲੀ ਸਰਕਾਰ ਇੱਕ ਵਧੀਆ ਖਿਡਾਰਨ ਲੜਕੀ ਨੂੰ ਹੀ ਨੌਕਰੀ ਨਹੀਂ ਦੇ ਸਕੀ ਹੋਰਨਾਂ ਨੂੰ ਇੱਥੋਂ ਨੌਕਰੀ ਮਿਲਣੀ ਹੈ।
ਅੱਜ ਕੱਲ੍ਹ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਗ਼ਰੀਬ ਮਾਪੇ ਬੜੀ ਮੁਸ਼ਕਿਲ ਨਾਲ ਆਪਣੇ ਬੱਚਿਆਂ ਨੂੰ ਪਡ਼੍ਹਾਈ ਆਦਿ ਕਰਵਾਉਂਦੇ ਹਨ। ਉੱਚ ਪੜ੍ਹਾਈ ਤੇ ਨੌਕਰੀ ਆਦਿ ਪ੍ਰਾਪਤ ਕਰਨ ਲਈ ਅਨੇਕਾਂ ਤਰ੍ਹਾਂ ਦੀਆਂ ਵੱਡੀਆਂ ਫੀਸਾਂ ਭਰਨੀਆਂ ਬਹੁਤ ਮੁਸ਼ਕਿਲ ਹਨ।ਪੜ੍ਹਿਆ ਲਿਖਿਆ ਬੱਚਿਆਂ ਨੂੰ ਜਦੋਂ ਨੌਕਰੀ ਆਦਿ ਨਹੀਂ ਮਿਲਦੀ ਤਾਂ ਉਹ ਮਜਬੂਰੀ ਵੱਸ ਖੇਤਾਂ ਵਿੱਚ ਆਏ ਸਾਲ ਝੋਨਾ ਲਾਉਣ ਜਾਂ ਹੋਰ ਛੋਟੇ ਮੋਟੇ ਕੰਮ ਕਰਨ ਤਕ ਹੀ ਸੀਮਤ ਰਹਿ ਜਾਂਦੇ ਹਨ।ਅਨੇਕਾਂ ਮੁੰਡੇ ਕੁੜੀਆਂ ਅਧਿਆਪਕ ਲਾਈਨ ਵਿੱਚ ਜਾਣ ਲਈ ਈਟੀਟੀ ਟੈੱਟ ਨੈੱਟ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਟੈਸਟ ਪਾਸ ਕਰ ਕਰੀ ਫਿਰਦੇ ਹਨ ਬਹੁਤਿਆਂ ਦੀ ਤਾਂ ਨੌਕਰੀ ਦੀ ਉਮਰ ਵੀ ਬੀਤ ਚੁੱਕੀ ਹੈ ਪਰ ਅਖੀਰ ਨੂੰ ਆਪਣੇ ਪਰਿਵਾਰ ਤੇ ਪੇਟ ਨੂੰ ਪਾਲਣ ਲਈ ਪੜ੍ਹੇ ਲਿਖੇ ਮੁੰਡੇ ਕੁੜੀਆਂ ਇਹੋ ਜਿਹੇ ਕੰਮ ਕਰਨ ਲਈ ਮਜਬੂਰ ਹਨ ਜੋ ਇਕ ਅਨਪੜ੍ਹ ਬੰਦਾ ਕਰਦਾ ਹੈ।
ਇਸ ਵੇਲੇ ਝੋਨਾ ਲਗਾ ਰਹੇ ਕੁਝ ਮੁੰਡੇ ਕੁੜੀਆਂ ਨਾਲ ਜਦੋਂ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਜੇ ਅਸੀਂ ਪੜ੍ਹ ਲਿਖ ਤੇ ਵੱਡੇ ਕੋਰਸ ਕਰਕੇ ਮਜ਼ਦੂਰੀ ਹੀ ਕਰਨੀ ਹੈ ਤਾਂ ਫਿਰ ਵੱਡੀਆਂ ਪੜ੍ਹਾਈਆਂ ਦਾ ਕੀ ਫ਼ਾਇਦਾ ? ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਅਸੀਂ ਹਾਂ ਜੋ ਪੜ੍ਹੇ ਲਿਖੇ ਝੋਨੇ ਦੇ ਖੇਤਾਂ ਵਿੱਚ ਕੰਮ ਕਰਦੇ ਹਾਂ ਤੇ ਸਾਡੇ ਨਾਲ ਹੀ ਉਹ ਬਿਹਾਰ ਯੂ ਪੀ ਆਦਿ ਦੇ ਪਰਵਾਸੀ ਮਜ਼ਦੂਰ ਹਨ ਕੰਮ ਕਰਦੇ ਹਨ ਜੋ ਬਿਲਕੁਲ ਅਨਪਡ਼੍ਹ ਹਨ ਫਿਰ ਉਨ੍ਹਾਂ ਤੇ ਸਾਡੇ ਵਿੱਚ ਕੀ ਫ਼ਰਕ ਰਹਿ ਗਿਆ ? ਉਨ੍ਹਾਂ ਨੇ ਮੌਜੂਦਾ ਸਮੇਂ ਦੀਆਂ ਸਰਕਾਰਾਂ ਉੱਤੇ ਗੁੱਸਾ ਜ਼ਾਹਰ ਕਰਦਿਆਂ ਹੋਇਆਂ ਕਿਹਾ ਹੈ ਕਿ ਸਰਕਾਰਾਂ ਦੀ ਗਲਤ ਸੋਚ ਤੇ ਨਲਾਇਕੀ ਕਾਰਨ ਹੀ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਰੁਲ਼ ਕੇ ਮਰਨ ਲਈ ਮਜਬੂਰ ਹਨ।
7009107300
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly