ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਅੱਜ ਇਥੇ ਮੀਟਿੰਗ ਹੋਈ, ਜਿਸ ਵਿੱਚ ਪੰਜ ਰਾਜਾਂ ਦੀਆਂ ਅਗਾਮੀ ਅਸੈਂਬਲੀ ਚੋਣਾਂ ਲਈ ਰਣਨੀਤੀ ਘੜੀ ਗਈ। ਪਾਰਟੀ ਵਿਚਲੇ ਸਿਖਰਲੇ ਸੂਤਰਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਸੈਂਬਲੀ ਲਈ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ‘ਸੰਭਾਵੀ ਉਮੀਦਵਾਰਾਂ’ ਦੇ ਨਾਵਾਂ ’ਤੇ ਚਰਚਾ ਕੀਤੀ ਗਈ। ਸੂਤਰਾਂ ਮੁਤਾਬਕ ਪਾਰਟੀ ਨੇ 150 ਅਸੈਂਬਲੀ ਸੀਟਾਂ ਲਈ ਸੰਭਾਵੀ ਉਮੀਦਵਾਰਾਂ ’ਤੇ ਨਜ਼ਰਸਾਨੀ ਕਰਨ ਮਗਰੋਂ 50 ਨਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਨ੍ਹਾਂ ਬਾਰੇ ਐਲਾਨ ਅਗਲੇ ਹਫ਼ਤੇ ਕੀਤਾ ਜਾ ਸਕਦਾ ਹੈ।
ਇਸ ਦੌਰਾਨ 78 ਅਸੈਂਬਲੀ ਹਲਕਿਆਂ ਵਿੱਚ ਚੋਣ ਰਣਨੀਤੀ ਤੇ ਹੋਰਨਾਂ ਸਰਗਰਮੀਆਂ ਲਈ ਕੰਟਰੋਲ ਰੂਮ ਸਥਾਪਤ ਕਰਨ ਬਾਰੇ ਵੀ ਵਿਚਾਰਾਂ ਹੋਈਆਂ। ਜਿਨ੍ਹਾਂ ਉਮੀਦਵਾਰਾਂ ਨੂੰ ਹਰੀ ਝੰਡੀ ਮਿਲੀ ਹੈ, ਉਨ੍ਹਾਂ ਨੂੰ ਚੋਣ ਤਿਆਰੀਆਂ ਲਈ ਮੈਦਾਨ ਵਿੱਚ ਨਿੱਤਰਨ ਲਈ ਵੀ ਆਖ ਦਿੱਤਾ ਗਿਆ ਹੈ। ਮੀਟਿੰਗ ਵਿੱਚ ਪਾਰਟੀ ਦੀ ਜਨਰਲ ਸਕੱਤਰ ਤੇ ਯੂਪੀ ਲਈ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਤੇ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਵੀ ਮੌਜੂਦ ਸਨ। ਸੂਤਰਾਂ ਨੇ ਇਕ ਪਾਰਟੀ ਆਗੂ ਦੇ ਹਵਾਲੇ ਨਾਲ ਕਿਹਾ, ‘‘ਭਾਵੇਂ ਅਜੇ ਤੱਕ ਚੋਣ ਤਰੀਕਾਂ ਦਾ ਐਲਾਨ ਨਹੀਂ ਹੋਇਆ, ਪਰ ਅਸੀਂ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਵਚਨਬੱਧ ਹਾਂ। ਇਹੀ ਵਜ੍ਹਾ ਹੈ ਕਿ ਅਸੀਂ ਸਮੇਂ ਤੋਂ ਪਹਿਲਾਂ ਹੀ (ਉਮੀਦਵਾਰਾਂ ਦੀ) ਸੂਚੀ ਤਿਆਰ ਕਰ ਲਈ ਹੈ ਤਾਂ ਕਿ ਉਨ੍ਹਾਂ ਨੂੰ ਵੋਟਰਾਂ ਤੱਕ ਰਸਾਈ ਲਈ ਵਾਧੂ ਸਮਾਂ ਮਿਲ ਸਕੇ।’’ ਯੂਪੀ ਅਸੈਂਬਲੀ ਚੋਣਾਂ ਅਗਲੇ ਸਾਲ ਹੋਣੀਆਂ ਹਨ।
ਇਸ ਦੌਰਾਨ ਕਾਂਗਰਸ ਨੇ 26 ਅਕਤੂਬਰ ਨੂੰ ਸਵੇਰੇ ਸਾਢੇ ਦਸ ਵਜੇ ਪਾਰਟੀ ਹੈੱਡਕੁਆਰਟਰ ’ਤੇ ਮੀਟਿੰਗ ਸੱਦੀ ਹੈ, ਜਿਸ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ, ਇੰਚਾਰਜ ਤੇ ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਮੁਖੀ ਸ਼ਾਮਲ ਹੋਣਗੇ। ਸੂਤਰਾਂ ਨੇ ਕਿਹਾ ਕਿ ਏਆਈਸੀਸੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਵੱਲੋਂ ਭੇਜੇ ਚਿੱਠੀ ਪੱਤਰ ਵਿੱਚ ਮੀਟਿੰਗ ਦੌਰਾਨ ਮੈਂਬਰਸ਼ਿਪ ਮੁਹਿੰਮ ਤੇ ਜਨ ਜਾਗਰਣ ਅਭਿਆਨ ਦੀਆਂ ਤਿਆਰੀਆਂ ਤੇ ਤਜਵੀਜ਼ਤ ਸਿਖਲਾਈ ਪ੍ਰੋਗਰਾਮ ਨੂੰ ਜਾਰੀ ਰੱਖਣ ਬਾਰੇ ਚਰਚਾ ਹੋਵੇਗੀ। ਪਾਰਟੀ ਆਗੂਆਂ ਵੱਲੋਂ ਪੰਜ ਰਾਜਾਂ- ਪੰਜਾਬ, ਯੂਪੀ, ਉੱਤਰਾਖੰਡ, ਗੋਆ ਤੇ ਮਨੀਪੁਰ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਬਾਰੇ ਵੀ ਰਣਨੀਤੀ ਘੜੀ ਜਾਵੇਗੀ। ਇਸ ਦੌਰਾਨ ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਕਿਹਾ ਕਿ ਪਾਰਟੀ ਮੈਂਬਰਸ਼ਿਪ ਲੈਣ ਵਾਲਿਆਂ ਨੂੰ ਸ਼ਰਾਬ ਅਤੇ ਨਸ਼ਿਆਂ ਤੋਂ ਦੂਰੀ ਬਣਾਉਣ ਅਤੇ ਪਾਰਟੀ ਦੀ ਜਨਤਕ ਤੌਰ ’ਤੇ ਨਿੰਦਾ ਨਾ ਕਰਨ ਦਾ ਹਲਫ਼ਨਾਮਾ ਵੀ ਦੇਣਾ ਪਵੇਗਾ। ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਪਹਿਲੀ ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ ਇਹ ਅਗਲੇ ਸਾਲ 31 ਮਾਰਚ ਤੱਕ ਜਾਰੀ ਰਹੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly