(ਸਮਾਜ ਵੀਕਲੀ)
ਦੁਨੀਆਂ ਭਰ ਵਿੱਚ ਕਿਸੇ ਖਾਸ ਵਿਸ਼ੇ, ਵਰਗ, ਘਟਨਾ, ਕਲਾ ਆਦਿ ਨੂੰ ਸਮਰਪਿਤ ਕਰਕੇ ਮਨਾਏ ਜਾਂਦੇ ਦਿਨਾਂ ਵਿੱਚ ਇੱਕ 8 ਮਾਰਚ ਦਾ ਦਿਨ। ਜੋ ਕਿ ਕੁੱਲ ਦੁਨੀਆਂ ਦੀਆਂ ਤੀਵੀਆਂ ਦੇ ਨਾਂ ਮਨਾਇਆ ਜਾਂਦਾ ਹੈ। ਕੌਮਾਂਤਰੀ ਹੋਣ ਕਾਰਨ ਇਸਦਾ ਨਾਂ ਇੰਟਰਨੈਸ਼ਨਲ ਵੂਮੈਨ ਡੇਅ ਜਿਆਦਾ ਪ੍ਰਸਿੱਧ ਹੈ ਤੇ ਭਾਰਤ ਵਿੱਚ ਕੌਮੀ ਭਾਸ਼ਾ ਹਿੰਦੀ ਕਾਰਨ ਔਰਤ ਜਾਂ ਇਸਤਰੀ ਦਿਵਸ ਵਜੋਂ। ਅੱਗੇ ਰਾਜ ਪੱਧਰ ਤੇ ਇਹਦੇ ਆਪੋ-ਆਪਣੀਆਂ ਮਾਂ-ਬੋਲੀਆਂ ‘ਤੇ ਆਧਾਰਿਤ ਨਾਮ ਹਨ।
ਕਦੋਂ ਤੋਂ, ਕਿਉਂ ਤੇ ਕਿਵੇਂ ਮਨਾਇਆ ਜਾਂਦਾ ਬਾਰੇ ਤੁਹਾਨੂੰ ਅੱਜ ਹੋਰ ਬਹੁਤ ਸਾਰੀਆਂ ਰਚਨਾਵਾਂ ਪੜ੍ਹਨ ਸੁਣਨ ਨੂੰ ਮਿਲ ਜਾਣਗੀਆਂ ਪਰ ਆਉ ਆਪਾਂ ਇੱਕ ਖ਼ਾਸ ਮੁੱਦਾ ਵਿਚਾਰੀਏ। ਜਿਹੜਾ ਅੱਜ ਸਵੇਰ ਤੋਂ ਹੀ ਮੇਰੇ ਵਾਂਗ ਤੁਹਾਡੇ ਵੀ ਵਾਰ ਵਾਰ ਮੱਥੇ ਲੱਗ ਰਿਹਾ ਹੋਵੇਗਾ। ਉਹ ਹੈ ਕਿ ਇਸ ਦਿਹਾੜੇ ਨਾਲ਼ ਸਬੰਧਤ ਪੰਜਾਬੀਆਂ ਵੱਲੋਂ ਵੀ ਅੰਤਰ-ਰਾਸ਼ਟਰੀ ਔਰਤ ਦਿਵਸ ਮੁਬਾਰਕ, ਅੰਤਰ-ਰਾਸ਼ਟਰੀ ਔਰਤ ਦਿਵਸ ਮੁਬਾਰਕ ਕਰਕੇ ਪੋਸਟਾਂ ਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ ਜਦਕਿ ਅੰਤਰ-ਰਾਸ਼ਟਰੀ, ਔਰਤ ਤੇ ਦਿਵਸ ਤਿੰਨੇ ਹੀ ਪੰਜਾਬੀ ਦੇ ਸ਼ਬਦ ਨਹੀਂ।
ਪਤਾ ਨਹੀਂ ਕਿਉਂ ਅਸੀ ਐਨੇ ਮੜ੍ਹਕਦੇ, ਬੜ੍ਹਕਦੇ ਤੇ ਖੜਕਦੇ ਸ਼ਬਦਾਂ ਵਿੱਚ ਤੀਵੀਆਂ ਦੇ ਕੌਮਾਂਤਰੀ ਦਿਨ ਦੀਆਂ ਵਧਾਈਆਂ ਕਿਉਂ ਨਹੀਂ ਦੇ ਰਹੇ। ਸੋ ਭਾਈ ਦਿਨ, ਤਿਉਹਾਰ ਤੇ ਮੇਲੇ ਜਿੰਨੇ ਮਰਜੀ ਪਏ ਮਨਾਈਏ ਪਰ ਨਾਲ਼ ਨਾਲ਼ ਇਹਨਾਂ ਛੋਟੀਆਂ ਛੋਟੀਆਂ ਪਰ ਬਹੁਤ ਵੱਡੀ ਅਹਿਮੀਅਤ ਰੱਖਦੀਆਂ ਗੱਲਾਂ ਦਾ ਧਿਆਨ ਜਰੂਰ ਰੱਖੀਏ। ਚੇਤੇ ਰਹੇ ਕਿ ਮੈਂ ਇਸ ਗੱਲ ਤੋਂ ਬਿਲਕੁੱਲ ਵੀ ਮੁਨਕਰ ਨਹੀਂ ਕਿ ਦੁਨੀਆ ਦੀ ਕੋਈ ਵੀ ਬੋਲੀ ਖਾਲਸ ਨਹੀਂ ਜਾਂ ਕਹਿ ਲਓ ਖਾਲਸ ਹੋ ਹੀ ਨਹੀਂ ਸਕਦੀ ਪਰ ਸ਼ਬਦਾਂ ਦਾ ਭੰਡਾਰ ਹੋਣ ਦੇ ਬਾਵਜੂਦ ਵੀ ਕਿਸੇ ਹੋਰ ਭਾਸ਼ਾ ਦੇ ਸ਼ਬਦ ਵਰਤਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਮਸਲਨ ਮੈਂ ਉੱਪਰ ਪੋਸਟਾਂ ਸ਼ਬਦ ਵਰਤਿਆ ਹੈ ਨਾ ਕਿ ਡਾਕਾਂ। ਹੁਣ ਕਿਉਂਕਿ ਡਾਕ ਦੀ ਥਾਂ ਪੋਸਟ ਸ਼ਬਦ ਜਿਆਦਾ ਪ੍ਰਵਾਨ ਹੋ ਚੁੱਕਿਆ ਹੈ ਤੇ ਕੁਦਰਤੀ ਢੁੱਕਵਾਂ ਵੀ ਹੈ ਪਰ ਤੀਵੀਂ ਦੀ ਥਾਂ ਪੰਜਾਬ ਦੀ ਲੋਕ ਭਾਸ਼ਾ ਵਿੱਚ ਔਰਤ ਸ਼ਬਦ ਕਿਤੇ ਵੀ ਪ੍ਰਵਾਨ ਨਹੀਂ। ਕਦੇ ਸੁਣਿਆਂ “ਵਿਆਹ ਵਿਆਹ ਵਿੱਚ ਔਰਤਾਂ ਨੇ ਗਿੱਧਾ ਪਾਇਆ”, “ਫਲਾਣੇ ਦੀ ਔਰਤ” ਜਾਂ “ਢਿਮਕਾਣੇ ਟੱਬਰ ਦੀਆਂ ਔਰਤਾਂ ਬਹੁਤ ਕੰਮ ਕਰਦੀਆਂ।” ਹਾਂ ਤੀਵੀਂ ਜਾਂ ਤੀਵੀਆਂ ਜਰੂਰ ਸੁਣਿਆ ਹੋਊ। ਸੋ ਭਾਈ ਇੱਕ ਵਾਰ ਫਿਰ ਤੋਂ ਤੀਵੀਆਂ ਦੇ ਕੌਮਾਂਤਰੀ ਦਿਨ ਦੀਆਂ ਢੇਰ ਸਾਰੀਆਂ ਵਧਾਈਆਂ ਹੋਣ ਜੀ ਸਾਰਿਆਂ ਨੂੰ।
ਰਣਬੀਰ ਕੌਰ ਬੱਲ
ਯੂ.ਐੱਸ.ਏ.
+1 (510) 861-6871
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly