ਫਾਜ਼ਿਲਕਾ (ਸਮਾਜ ਵੀਕਲੀ): ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦਾ ਅੱਜ ਪਹਿਲਾ ਦਿਨ ਸੀ ਅਤੇ ਅਜੇ ਤੱਕ ਵੀ ਵਿਧਾਨ ਸਭਾ ਹਲਕਾ ਫਾਜ਼ਿਲਕਾ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਇਸ ਕਰਕੇ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਪਛੜੀ ਹੋਈ ਨਜ਼ਰ ਆ ਰਹੀ ਹੈ। ਫ਼ਾਜ਼ਿਲਕਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰੀ ਲਈ ਅੱਧੀ ਦਰਜਨ ਦੇ ਕਰੀਬ ਇਥੋਂ ਦੇ ਕਾਂਗਰਸੀ ਆਗੂਆਂ ਵੱਲੋਂ ਕਾਂਗਰਸ ਹਾਈਕਮਾਨ ਨੂੰ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਮੌਜੂਦਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਪ੍ਰਤੀ ਕਈ ਤਰ੍ਹਾਂ ਦੀਆਂ ਪੋਸਟਾਂ ਪਾ ਕੇ ਗਲਤ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਕਾਂਗਰਸ ਦੇ ਪ੍ਰਧਾਨ ਰੰਜਮ ਕਾਮਰਾ ਵੱਲੋਂ ਦਾਅਵਾ ਜਤਾਇਆ ਜਾ ਰਿਹਾ ਹੈ ਕਿ ਇਸ ਵਾਰ ਉਹੀ ਫਾਜ਼ਿਲਕਾ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਨਗੇ।
ਰਾਏ ਸਿੱਖ ਬਰਾਦਰੀ ਨਾਲ ਸਬੰਧ ਰੱਖਣ ਵਾਲੇ ਫ਼ਾਜ਼ਿਲਕਾ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਕੌਸ਼ਲ ਬੂਕ ਵੀ ਉਮੀਦਵਾਰੀ ਦੀ ਕਤਾਰ ਵਿੱਚ ਲੱਗੇ ਹੋਏ ਹਨ। ਫਾਜ਼ਿਲਕਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੇਰੀ ਮੌਕੇ ਵਿਧਾਇਕ ਘੁਬਾਇਆ ਦਾ ਵਿਰੋਧ ਵੀ ਕੀਤਾ ਗਿਆ ਸੀ । ਰਾਏ ਸਿੱਖ ਬਰਾਦਰੀ ਦੇ ਆਗੂ ਡਾ. ਸਤਨਾਮ ਸਿੰਘ ਵੀ ਫਾਜ਼ਿਲਕਾ ਤੋਂ ਕਾਂਗਰਸੀ ਉਮੀਦਵਾਰੀ ਲਈ ਦਾਅਵੇਦਾਰ ਹਨ। ਇਸ ਤੋਂ ਇਲਾਵਾ ਵੀ ਕੁਝ ਹੋਰ ਕਾਂਗਰਸੀ ਆਗੂਆਂ ਵੱਲੋਂ ਟਿਕਟ ਲੈਣ ਲਈ ਆਪਣੀ ਅਰਜ਼ੀ ਦਾਖ਼ਲ ਕੀਤੀ ਹੋਈ ਹੈ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰਪਾਲ ਸਿੰਘ ਸਭਨਾਂ ਨੇ ਆਪਣੀ ਚੋਣ ਮੁਹਿੰਮ ਨੂੰ ਸਭ ਨਾਲੋਂ ਵੱਧ ਭਖਾ ਦਿੱਤਾ ਹੈ। ਅਕਾਲੀ ਦਲ ਦੇ ਉਮੀਦਵਾਰ ਹੰਸਰਾਜ ਜੋਸਨ ਵੀ ਆਪਣੀ ਚਾਲ ਚੱਲੇ ਹੋਏ ਹਨ ਦੂਜੇ ਪਾਸੇ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਨੀ ਵੀ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਚੁੱਕੇ ਹਨ, ਪਰ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਵਿਕਾਸ ਦੇ ਨਾਂ ’ਤੇ ਚੋਣ ਰੈਲੀਆਂ ਤਾਂ ਕਰ ਰਹੇ ਹਨ ਪਰ ਉਹ ਇਸ ਭੰਬਲਭੂਸੇ ਵਿੱਚ ਹਨ ਕਿ ਉਸ ਨੂੰ ਟਿਕਟ ਮਿਲੇਗੀ ਜਾਂ ਨਹੀਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly