(ਸਮਾਜ ਵੀਕਲੀ)- ਜਲੰਧਰ, ਫਿਲੌਰ, ਗੋਰਾਇਆ (ਜੱਸੀ):-ਸਦੀਆਂ ਤੋਂ ਦਰੜੇ, ਸਾਧਨ-ਵਿਹੁਣੇ, ਸਮਾਜ ਸਿਰਜਕ ਮਿਹਨਤਕਸ਼ ਲੋਕਾਂ ਦੇ ਮਸੀਹਾ ਲਾਹੌਰੀ ਰਾਮ ਬਾਲੀ 6 ਜੁਲਾਈ 2023 ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਨੂੰ ਅੰਤਿਮ ਵਿਦਾਇਗੀ 9 ਜੁਲਾਈ ਦਿਨ ਐਤਵਾਰ ਇੱਕ ਵਜੇ ਆਬਾਦਪੁਰਾ ਸ਼ਮਸ਼ਾਨ ਘਾਟ ਜਲੰਧਰ ਵਿਖੇ ਦਿੱਤੀ ਜਾਏਗੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੰਗਾਮੀ ਸ਼ੋਕ ਬੈਠਕ ਕਰਕੇ ਲਾਹੌਰੀ ਰਾਮ ਬਾਲੀ ਦੇ ਵਿਛੋੜੇ ‘ਤੇ ਪਰਿਵਾਰ, ਸਾਕ-ਸਬੰਧੀਆਂ ਅਤੇ ਉਹਨਾਂ ਦੇ ਸੰਗੀ ਸਾਥੀਆਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।
20 ਜੁਲਾਈ 1930 ਨੂੰ ਜਨਮੇ ਲਾਹੌਰੀ ਰਾਮ ਬਾਲੀ ਦੇ 93 ਵਰ੍ਹੇ ਦੇ ਰਚਨਾ ਸੰਸਾਰ ਅਤੇ ਸੰਘਰਸ਼ਾਂ ਦੇ ਪਿੜ੍ਹ ਉਪਰ ਝਾਤ ਮਾਰਦਿਆਂ ਸ਼ੋਕ ਸਭਾ ‘ਚ ਗੰਭੀਰ ਵਿਚਾਰਾਂ ਹੋਈਆਂ। ਰੂਸ ਅੰਦਰ ਮਜ਼ਦੂਰ ਕਰਾਂਤੀ ਦੇ ਮਹਾਨ ਆਗੂ ਲੈਨਿਨ ਸਟਾਇਲ ਕਰਕੇ ਜਾਣੀ ਜਾਂਦੀ ਟੋਪੀ; ਹੱਥ ‘ਚ ਹਰ ਪਲ ਕਿਤਾਬ ਅਤੇ ਕਲਮ ਰੱਖਣ ਵਾਲੇ ਲਾਹੌਰੀ ਰਾਮ ਬਾਲੀ ਗੰਭੀਰ ਚਿੰਤਕ, ਲੇਖਕ, ਬੇਬਾਕ ਆਲੋਚਕ, ਜਾਤ-ਪਾਤੀ ਅਤੇ ਜਮਾਤੀ ਦੋਵੇਂ ਤਰ੍ਹਾਂ ਦੇ ਦਾਬੇ, ਵਿਤਕਰੇ, ਲੁੱਟ ਅਤੇ ਜ਼ਬਰ ਜ਼ੁਲਮ ਦੀਆਂ ਹਰ ਵੰਨਗੀ ਦੀਆਂ ਮਾਰਾਂ ਤੋਂ ਮੁਕੰਮਲ ਮੁਕਤੀ ਦੇ ਮੁਦਈ ਸਨ।
ਉਹ 1958 ਤੋਂ ‘ਭੀਮ ਪੱਤ੍ਰਿਕਾ’ ਪੂਰੀ ਲਗਨ ਨਾਲ ਤਿਆਰ ਕਰਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚਦੀ ਕਰਦੇ ਆਏ। ਉਹ ਡਾ. ਅੰਬੇਦਕਰ ਭਵਨ ਟ੍ਰਸਟ ਜਲੰਧਰ ਦੇ ਬਾਨੀ ਟ੍ਰਸਟੀ ਸਨ। ਉਹ ਜ਼ਿੰਦਗੀ ਭਰ ਇਹ ਕਹਿੰਦੇ ਰਹੇ ਕਿ ‘ਜਾਤੀ ਅਤੇ ਜਮਾਤੀ’ ਗ਼ੁਲਾਮੀ ਦੀ ਕੰਡਿਆਲੀ ਥੋਹਰ ਦੀ ਜੜ੍ਹ ਵੱਢਣ ਲਈ ਮਜ਼ਦੂਰਾਂ ਦੀ ਰਹਿਨੁਮਾਈ ‘ਚ ਲੋਕ ਮੁਕਤੀ ਲਹਿਰ ਹੀ ਇਕੋ ਇੱਕ ਸਹੀ ਰਾਹ ਹੈ।
ਦੇਸ਼ ਭਗਤ ਯਾਦਗਾਰ ਹਾਲ ‘ਚ ਲੱਗਦਾ ਗ਼ਦਰੀ ਬਾਬਿਆਂ ਦਾ ਮੇਲਾ, ਸਥਾਪਨਾ ਦਿਵਸ, ਹੋਰ ਸਰਗਰਮੀਆਂ ਵਿੱਚ ਉਹ ਸ਼ਿਰਕਤ ਕਰਦੇ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਰਹੇ। ਜਦੋਂ ਮੁਲਕ ਦੇ ਨਾਮਵਰ ਖੋਜੀ ਵਿਦਵਾਨ ਡਾ. ਅਨੰਦ ਤੇਲਤੁੰਬੜੇ ਗ਼ਦਰੀ ਬਾਬਿਆਂ ਦੇ ਮੇਲੇ ‘ਤੇ ਮੁੱਖ ਵਕਤਾ ਵਜੋਂ ਆਏ ਤਾਂ ਲਾਹੌਰੀ ਰਾਮ ਬਾਲੀ ਅਤੇ ਉਹਨਾਂ ਦੇ ਸਾਥੀ ਡਾ. ਅੰਬੇਦਕਰ ਭਵਨ ਵੀ ਲੈ ਕੇ ਗਏ। ਤੇਲਤੁੰਬੜੇ ਤੇ ਮੜ੍ਹੇ ਝੂਠੇ ਕੇਸ ਮੌਕੇ ਵੀ ਉਹਨਾਂ ਆਵਾਜ਼ ਉਠਾਈ। ਇਸ ਵਰ੍ਹੇ ਡਾ. ਅੰਬੇਦਕਰ ਹੋਰਾਂ ਦੇ ਜਨਮ ਦਿਹਾੜੇ ਨੂੰ ਸਮਰਪਤ ਡਾ. ਅੰਬੇਦਕਰ ਭਵਨ ਵਿਖੇ ਹੋਏ ਸਮਾਗਮ ਮੌਕੇ ਡਾ. ਸਾਹਿਬ ਸਿੰਘ ਦੇ ਨਾਟਕ ‘ਲੱਛੂ ਕਬਾੜੀਆਂ’ ਮੌਕੇ ਵੀ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਲਾਹੌਰੀ ਰਾਮ ਬਾਲੀ ਦੇ ਜੀਵਨ ਸਫ਼ਰ ਬਾਰੇ ਚਰਚਾ ‘ਚ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਔਲਖ ਤੋਂ ਇਲਾਵਾ ਲਾਇਬ੍ਰੇਰੀ, ਮਿਊਜ਼ੀਅਮ, ਇਤਿਹਾਸ ਆਦਿ ਕਮੇਟੀਆਂ ਦੇ ਮੁਖੀਆਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਹੈ। ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਅਮਰੀਕਾ ਤੋਂ ਸ਼ੋਕ ਸੁਨੇਹਾ ਭੇਜਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly