ਹੱਕੀ ਮੰਗਾਂ ਖਾਤਰ ਸਰਕਾਰਾਂ ਦੇ ਜਬਰ ਨਾਲ ਜੂਝਦੇ ਕੰਪਿਊਟਰ ਅਧਿਆਪਕ

(ਸਮਾਜ ਵੀਕਲੀ) – ਡੇਢ ਦਹਾਕੇ ਤੋਂ ਮੰਗਾਂ ਮਨਾਉਣ ਹਿੱਤ ਸ਼ੰਘਰਸ਼ਾਂ ਦੇ ਰਾਹ ਤੇ ਤੁਰਨ ਲਈ ਮਜਬੂਰ : ਯੂਨੀਅਨ ਆਗੂ ਗੁਰਵਿੰਦਰ ਸਿੰਘ ਤਰਨਤਾਰਨ
ਅਜੋਕੇ ਮਲਟੀਮੀਡੀਆ ਯੁੱਗ ਵਿੱਚ ਕੰਪਿਊਟਰ ਸਿੱਖਿਆ ਸਕੂਲੀ ਪਾਠਕ੍ਰਮ ਦਾ ਹੀ ਨਹੀਂ ਬਲਕਿ ਜਿੰਦਗੀ ਦਾ ਹਿੱਸਾ ਬਣ ਚੁੱਕੀ ਹੈ।ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕੰਪਿਊਟਰ ਸਿੱਖਿਆ ਨੂੰ ਲਾਜਮੀ ਕਰ ਦਿੱਤਾ ਗਿਆ ਹੈ।ਵਿਵਸਾਇਕ ਪੱਖ ਤੋਂ ਵੀ ਇਸ ਵਿਸ਼ੇ ਦੇ ਡਿਪਲੋਮੇ ਅਤੇ ਡਿਗਰੀਆਂ ਵਿੱਚ ਨੌਜਵਾਨ ਵਰਗ ਖੂਬ ਰੁਚੀ ਵਿਖਾ ਰਿਹਾ ਹੈ।ਕਿਸੇ ਵੀ ਕਿੱਤੇ ਨੂੰ ਅਪਨਾਉਣ ਲਈ ਕੰਪਿਊਟਰ ਦੀ ਮੁਹਾਰਤ ਨੂੰ ਲਾਜਮੀ ਯੋਗਤਾ ਦਾ ਅੰਗ ਮੰਨਿਆ ਜਾਂਦਾ ਹੈ।
“ਕੰਪਿਊਟਰ ਸਿੱਖਿਆ” ਅਤਿ ਜਰੂਰੀ ਵਿਸ਼ਾ ਬਣ ਚੁੱਕਾ ਹੈ।ਕੋਈ ਵੀ ਘਰ,ਦਫਤਰ ਜਾਂ ਸੰਸਥਾ ਕੰਪਿਊਟਰ ਤੋਂ ਬਿਨ੍ਹਾਂ ਇੰਝ ਜਾਪਣ ਲੱਗਦੀ ਹੈ ਜਿਵੇਂ ਰੂਹ ਤੋਂ ਬਗੈਰ ਸਰੀਰ।ਪਰ ਜਦੋਂ ਅਜਿਹੇ ਅਹਿਮ ਤੇ ਮਹੱਤਵਪੂਰਣ ਵਿਸ਼ੇ ਦੀ ਸਿੱਖਿਆ ਦੇਣ ਵਾਲੇ ਅਧਿਆਪਕਾਂ ਦੀ ਤ੍ਰਾਸਦੀ ਦੀ ਗੱਲ ਤੁਰਦੀ ਹੈ ਤਾਂ ਮਨ ਪਸੀਜਿਆ ਜਾਂਦਾ ਹੈ।
ਲਗਭਗ ਡੇਢ ਦਹਾਕਾ ਪਹਿਲਾਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਵਿਸੇ ਨੂੰ ਪਾਠਕ੍ਰਮ ਦਾ ਹਿੱਸਾ ਬਣਾਇਆ ਗਿਆ ਤਾਂ ਸਰਕਾਰ ਨੂੰ ਕੰਪਿਊਟਰ ਅਧਿਆਪਕਾਂ ਪੜ੍ਹੇ ਲਿਖੇ,ਉੱਚ ਤਕਨੀਕੀ ਯੋਗਤਾਵਾਂ ਪ੍ਰਾਪਤ ਕੰਪਿਊਟਰ ਅਧਿਆਪਕਾਂ ਦੀ ਲੋੜ ਵੀ ਮਹਿਸੂਸ ਹੋਈ।ਸਰਕਾਰੀ ਰੈਗੂਲਰ ਸੇਵਾਵਾਂ ਪ੍ਰਾਪਤ ਅਧਿਆਪਕਾਂ ਦੀ ਭਰਤੀ ਤੋਂ ਬਿਲਕੁੱਲ ਵੱਖਰੇ ਢੰਗ ਨਾਲ ਸਰਕਾਰ ਨੇ ਪੰਜਾਬ ਆਈ.ਸੀ.ਟੀ. ਐਜੂਕੇਸ਼ਨ ਸੁਸਾਇਟੀ (ਪਿਕਟਸ ) ਦੇ ਨਾਮ ਹੇਠ ਬਕਾਇਦਾ ਭਰਤੀ ਪ੍ਰੀਖਆ ਰਾਹੀਂ ਬੱਝਵੀਆਂ ਅਤੇ ਨਿਗੂਣੀਆ ਤਨਖਾਹਾਂ ‘ਤੇ ਬੀ.ਸੀ.ਏ, ਪੀ.ਜੀ.ਡੀ.ਐਮ.ਸੀ .ਏ, ਐੱਮ.ਸੀ.ਏ ਅਤੇ ਸਾਫਟਵੇਅਰ ਦੀਆਂ ਉੱਚ ਡਿਗਰੀਆ ਪ੍ਰਾਪਤ ਇੰਨ੍ਹਾਂ ਅਧਿਆਪਕਾਂ ਨੂੰ ਮਹਿਕਮੇ ਵਿੱਚ ਠੇਕਾ ਅਧਾਰਿਤ ਨਿਯੁਕਤ ਕੀਤਾ।
ਸਿੱਖਿਆ ਮਹਿਕਮੇ ਨੇ ਸਕੂਲਾਂ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਨਾ ਕੇਵਲ ਕੰਪਿਊਟਰ ਸਿੱਖਿਆ ਮੁਹੱਈਆ ਕਰਨ ਤੱਕ ਸੀਮਤ ਰੱਖਿਆ ਬਲਕਿ ਹਰ ਪ੍ਰਕਾਰ ਦੀ ਆਨਲਾਈਨ ਡਾਕ ਮਹੁੱਈਆ ਕਰਵਾਉਣ ਦੇ ਵੀ ਪਾਬੰਦ ਕੀਤਾ।ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਈ-ਪੰਜਾਬ, ਈ. ਐਚ. ਆਰ. ਐੱਮ. ਐੱਸ ਵੈਬਸਾਈਟਾਂ ਦੇ ਅਪਰੇਸ਼ਨ ਤੱਕ ਹੀ ਨਹੀਂ ਬਲਕਿ ਕਈ ਕੰਪਿਊਟਰ ਅਧਿਆਪਕ ਤਾਂ ਮੁਲਾਜਮਾਂ ਤੇ ਅਧਿਆਪਕਾਂ ਦੀੌਆਂ ਤਨਖਾਹਾਂ ਦੇ ਬਿੱਲ ਵੀ ਆਨਲਾਈਨ ਕਰਨ ਦੇ ਪਾਬੰਦ ਹਨ। ਇਹ ਅਧਿਆਪਕ ਇੱਕੋ ਸਮੇਂ ਕਲਰਕ,ਡਾਕ ਬਾਬੂ ਅਤੇ ਕੰਪਿਊਟਰ ਅਧਿਆਪਕ ਦੀ ਡਿਊਟੀ ਨਿਭਾਉਣ ਹਿੱਤ ਮਜਬੂਰ ਹੋ ਕੇ ਰਹਿ ਗਏ।
ਬਦਲਦੇ ਸਮਿਆਂ ਅਤੇ ਹਾਲਾਤਾਂ,ਮਹਿੰਗਾਈ ਦੀ ਮਾਰ, ਰੈਗੂਲਰ ਅਤੇ ਪੱਕੀਆਂ ਅਸਾਮੀਆਂ ਤੇ ਕੰਮ ਕਰਦੇ ਅਧਿਆਪਕਾਂ ਦੇ ਮੁਕਾਬਲਤਨ ਕਿਤੇ ਘੱਟ ਤਨਖਾਹਾਂ ਸਦਕਾ ਪ੍ਰੋਫੈਸ਼ਨਲ ਨੀਵੀਂ ਦਰਜਾਬੰਦੀ ਦੀ ਹੋਂਦ ਨੇ ਇੰਨ੍ਹਾਂ ਅਧਿਆਪਕਾਂ ਨੂੰ “ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ” ਦੇ ਸਾਂਝੇ ਪਲੇਟਫਾਰਮ ਤੇ ਇਕੱਠੇ ਹੋਕੇ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਵਾਸਤੇ ਸਰਕਾਰਾਂ ਖਿਲਾਫ ਆਪਣੀ ਰੋਹ ਭਰਪੂਰ ਅਵਾਜ ਬੁਲੰਦ ਕਰਨ ਲਈ ਮਜਬੂਰ ਕੀਤਾ।ਲਾਮਿਸਾਲ ਇਕੱਠਾਂ,ਬੁਲੰਦ ਅਵਾਜ ਅਤੇ ਜਥੇਬੰਦੀ ਦੇ ਏਕੇ ਸਦਕਾ ਇੱਕ ਦਹਾਕਾ ਪਹਿਲਾਂ ਸਰਕਾਰ ਨੇ ਨੋਟੀਫੀਕੇਸ਼ਨ ਜਾਰੀ ਕਰਦਿਆਂ ਇੰਨ੍ਹਾਂ ਅਧਿਆਪਕਾਂ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਵਲੀ ਅਧੀਨ ਰੈਗੂਲਰ ਕਰ ਦਿੱਤਾ ਅਤੇ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਰਿਪੋਰਟਾਂ ਨੂੂੰ ਲਾਗੂ ਕਰਨ ਦੇ ਹੁਕਮ ਵੀ ਕੀਤੇ ਪਰ ਫਿਰ ਵੀ ਇੰਨ੍ਹਾਂ ਅਧਿਆਪਕਾਂ ਨੂੰ ਸਲਾਨਾ ਪ੍ਰਵੀਨਤਾ ਤਰੱਕੀਆ(ਏ.ਸੀ.ਪੀ) ਤੋਂ ਵਾਂਝਾ ਰੱਖਿਆਂ ਗਿਆ।ਹੁਣ ਜਿੱਥੇ ਸਰਕਾਰ ਨੇ ਆਪਣੇ ਕਰਮਚਾਰੀਆ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਲਾਭ ਦਿੱਤੇ ਹਨ ਤਾਂ ਪਿਕਟਸ ਤਹਿਤ ਰੈਗੂਲਰ ਹੋਏ ਇੰਨ੍ਹਾਂ ਅਧਿਆਪਕਾਂ ਬਾਰੇ ਕੋਈ ਸਥਿਤੀ ਸ਼ਪੱਸਟ ਨਹੀਂ ਕੀਤੀ ਅਤੇ ਨਾ ਹੀ ਇੰਂਨ੍ਹਾਂ ਕੰਪਿਊਟਰ ਅਧਿਆਪਕਾਂ ਨੂੰ ਪੂਰਨ ਤੌਰ ਤੇ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਹੈ।
ਹੁਣ ਫਿਰ ਇਹ ਕੰਪਿਊਟਰ ਅਧਿਆਪਕ ਆਪਣੀਆਂ ਹੱਕੀ ਮੰਗਾਂ ਨੂੰ ਮਨਾਉਣ ਵਾਸਤੇ ਪੰਜਾਬ ਭਰ ਵਿੱਚ ਸੜਕਾਂ ਤੇ ੳੱਤਰਦਿਆਂ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਰੋਸ,ਪ੍ਰਦਰਸ਼ਨ,ਧਰਨੇ,ਮੁਜਾਹਰੇ ਕਰਦੇ ਹੋਏ ਪੁਲਿਸ ਦੀਆਂ ਡਾਂਗਾਂ,ਅਤਿ ਸਰਦੀ ਵਿੱਚ ਠੰਡੇ ਪਾਣੀ ਦੀਆਂ ਤਿੱਖੀਆਂ ਤੇ ਹੱਡ ਚੀਰਵੀਆਂ ਬੁਛਾੜਾਂ ਦੀ ਅਕਿਹ ਤੇ ਅਸਹਿ ਪੀੜਾ ਝੱਲਦਿਆਂ ਥਾਣੇ ਅਤੇ ਜੇਲਾਂ ਭਰਨ ਲਈ ਮਜਬੂਰ ਹਨ ਪਰ ਸਰਕਾਰੀ ਜਬਰ ਅਤੇ ਤਾਨਾਸ਼ਾਹੀ ਰਵੱਈਏ ਅੱਗੇ ਜੁਝਾਰੂ ਸਾਥੀਆਂ ਦਾ ਬੁਲੰਦ ਹੌਸਲਾ ਅਤੇ ਅਟੁੱਟ ਏਕਾ ਨਿਸ਼ਚੇ ਹੀ ਉਨ੍ਹਾਂ ਦੀ ਜਿੱਤ ਦਾ ਸਬੱਬ ਬਣੇਗਾ।

ਮਾਸਟਰ ਹਰਭਿੰਦਰ “ਮੁੱਲਾਂਪੁਰ”
ਸੰਪਰਕ:95308-20106

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly

Previous articleMamata to meet Sharad Pawar, India Inc in Mumbai
Next articleਮੁਬਾਰਕਬਾਦ