(ਸਮਾਜ ਵੀਕਲੀ)
ਜਿੰਨਾਂ ਚਿਰ ਅਸੀਂ ਕਿਸੇ ਮਨੁੱਖ,ਸੰਸਥਾ,ਦਲ ਜਾਂ ਧਰਮ ਨਾਲ ਨਹੀਂ ਵਿਚਰਦੇ ਸਾਨੂੰ ਕਿਸੇ ਦੇ ਆਖੇ ਅਖਾਏ,ਆਪਣੇ ਵਿਚਾਰ ਨਹੀਂ ਬਣਾਉਣੇ ਚਾਹੀਦੇ। ਸਾਨੂੰ ਆਪਣੇ ਵਿਚਾਰ ਆਜ਼ਾਦ ਤੌਰ ‘ਤੇ ਇਹਨਾਂ ਸੰਸਥਾਵਾਂ ਵਿਚ ਵਿਚਰ ਕੇ ਹੀ ਬਣਾਉਣੇ ਚਾਹੀਦੇ ਹਨ ਤਾਂ ਜੋ ਪਤਾ ਲੱਗੇ ਕਿ ਅਸੀਂ ਕਿਸੇ ਦੇ ਕਹੇ ਜਾਂ ਸੁਣੇ ਸੁਣਾਏ ਆਧਾਰ ‘ਤੇ ਨਹੀਂ ਲਿਖ ਰਹੇ।
ਬਹੁਤ ਵਾਰ ਦੇਖਿਆ ਹੈ ਜਦੋਂ ਕੋਈ ਰਚਨਾ ਕਿਸੇ ਦੇ ਪ੍ਰਭਾਵ ਦੇ ਅਧੀਨ ਲਿਖੀ ਜਾਂਦੀ ਹੈ,ਉਸ ਰਚਨਾ ਦਾ ਮੂਲ ਸਵਰੂਪ ਖ਼ਤਮ ਹੋ ਜਾਂਦਾ ਹੈ ਤੇ ਇਹ ਵਰਤਾਰਾ ਸਾਨੂੰ ਇੱਕ ਪਾਸੜ ਧੱਕ ਕੇ ਲੈ ਜਾਂਦਾ ਹੈ। ਇਹ ਵੀ ਸੱਚ ਹੈ ਕਿ ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਸੁਆਦੀ ਹਨ। ਕੋਈ ਮਨੁੱਖ/ ਸੰਸਥਾ/ ਦਲ ਹਰੇਕ ਦੇ ਲਈ ਚੰਗਾ ਜਾਂ ਮਾੜਾ ਨਹੀਂ ਹੋ ਸਕਦਾ। ਮੈਂ ਆਪਣੀਆਂ ਜਿੰਨੀਆਂ ਵੀ ਰਚਨਾਵਾਂ ਕਿਸੇ ਦਾ ਪ੍ਰਭਾਵ ਕਬੂਲ ਕੇ ਲਿਖੀਆਂ ਹਨ ਉਹ ਦੂਜਿਆਂ ਦੇ ਮਨ ‘ਤੇ ਤਾਂ ਕੀ,ਮੇਰੇ ਮਨ ‘ਤੇ ਵੀ ਪ੍ਰਭਾਵ ਨਹੀਂ ਬਣਾ ਸਕੀਆਂ।
ਇਹ ਵੀ ਸੱਚ ਹੈ ਕਿ ਕੋਈ ਵੀ ਰਚਨਾ ਭਾਵਨਾਵਾਂ ਤਹਿਤ ਹੀ ਲਿਖੀ ਜਾਂਦੀ ਹੈ ਪਰ ਇਹਨਾਂ ਭਾਵਨਾਵਾਂ ਦਾ ਵੇਗ ਐਨਾ ਤੇਜ਼ ਨਹੀਂ ਹੋਣਾ ਚਾਹੀਦਾ ਕਿ ਉਹ ਤੁਹਾਡੀ ਮੂਲ ਰਚਨਾ ਦਾ ਸੰਕਲਪ ਹੀ ਰੋੜ੍ਹ ਕੇ ਲੈ ਜਾਵੇ।
ਜਦੋਂ ਤੱਕ ਤੁਹਾਡਾ ਮਨ,ਦਿਲ ਸਾਫ਼ ਨਹੀਂ, ਉਦੋਂ ਤੱਕ ਤੁਹਾਡੇ ਦੁਆਰਾ ਪੈਦਾ ਹੋਈ ਰਚਨਾ ਤੋਂ ਟੀਸੀ ਦੀ ਆਸ ਨਾ ਕਰੋ। ਇਹ ਰਚਨਾ ਤਾਂ ਰਹੇਗੀ ਪਰ ਇਸ ਦਾ ਹਾਲ ਮੇਲੇ ਵਿਚ ਗੁੰਮ ਹੋਏ ਬੱਚੇ ਦੀ ਤਰ੍ਹਾਂ ਹੋਵੇਗਾ।
ਜਦੋਂ ਤੁਹਾਡੀ ਰਚਨਾ ਨੂੰ ਪੜ੍ਹ ਕੇ, ਕੋਈ ਸ਼ਖਸ ਇਹ ਕਹਿੰਦਾ ਹੈ ਕਿ ਇਸ ਰਚਨਾ ਵਿੱਚੋਂ ਫਲਾਣੇ ਲੇਖਕ,ਕਵੀ,ਨਾਟਕਕਾਰ ਦੀ ਝਲਕ ਮਿਲਦੀ ਹੈ ਤਾਂ ਤੁਸੀਂ ਸਮਝ ਜਾਓ ਕਿ ਤੁਸੀਂ ਆਪਣੀ ਕਿਰਤ ਕਰਨ ਵਿਚ ਫੇਲ਼ ਹੋ। ਇਸ ਵਿਚ ਤੁਹਾਡਾ ਅੰਸ਼ ਮਾਤਰ ਵੀ ਸ਼ਾਮਲ ਨਹੀਂ।
ਲੇਖਣੀ ਦਾ ਕਾਰਜ ਜਿੱਥੇ ਉੱਚਾ ਹੋਣਾ ਚਾਹੀਦਾ ਹੈ ਉੱਥੇ ਸੁੱਚਾ ਵੀ ਹੋਣਾ ਚਾਹੀਦਾ ਹੈ। ਕਿਸੇ ਰਚਨਾ ਨੂੰ ਪੜ੍ਹਦੇ, ਜਦੋਂ ਪਾਠਕ ਨੂੰ ਇਹ ਅਹਿਸਾਸ ਹੋਣ ਲੱਗ ਜਾਵੇ ਕਿ ਇਹ ਰਚਨਾ ਤਾਂ ਸਮਾਜ ਵਿੱਚੋਂ ਲਈ ਗਈ ਹੈ ਕਿ ਮੇਰੀ ਕਿਸੇ ਘਟਨਾ ਨਾਲ ਵੀ ਮੇਲ ਖਾਂਦੀ ਹੈ ਉਹ ਰਚਨਾ ਸੱਚ ਮੁੱਚ ਪ੍ਰਵਾਨ ਚੜ੍ਹ ਜਾਂਦੀ ਹੈ। ਰਚਨਾ ਕਰਨ ਤੋਂ ਪਹਿਲਾਂ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਇਸ ਦੇ ਸਮਾਜ ਤੇ ਮਾੜੇ ਪ੍ਰਭਾਵ ਕਿੰਨੇ ਪੈ ਸਕਦੇ ਹਨ।
ਕਈ ਲੇਖਕਾਂ ਵਿਚ ਪੱਤਰਕਾਰਤਾ ਦੇ ਅੰਸ਼ ਆ ਜਾਂਦੇ ਹਨ ਇਹ ਸਾਹਿਤ ਦੀ ਸਿਹਤ ਲਈ ਠੀਕ ਨਹੀਂ। ਧਿਆਨ ਰੱਖਣਾ ਚਾਹੀਦਾ ਹੈ ਕਿ ਸਾਹਿਤ ਗਿਣਤੀਆਂ ਮਿਣਤੀਆਂ ਦੀ ਲਪੇਟ ਵਿਚ ਨਹੀਂ ਆਉਣਾ ਚਾਹੀਦਾ। ਸਾਹਿਤ ਰਚਨਾ ਤੇ ਪੱਤਰਕਾਰਤਾ ਅਲੱਗ ਅਲੱਗ ਵਿਸ਼ੇ ਹਨ।
ਤੁਹਾਡੀ ਰਚਨਾ ਦਾ ਪ੍ਰਵਾਹ ਇੰਨਾਂ ਤੇਜ਼ ਹੋਣਾ ਚਾਹੀਦਾ ਹੈ ਕਿ ਉਹ ਦਿਲ,ਦਿਮਾਗ਼ ‘ਤੇ ਪਹਿਲੇ ਸੱਟੇ ਹੀ ਚੋਟ ਕਰੇ।
ਅੱਜ ਕੱਲ ਪਾਠਕ ਕੋਲ ਲੰਮੀ ਗੱਲਬਾਤ ਪੜ੍ਹਨ ਦਾ ਸਮਾਂ ਨਹੀਂ ਲੇਖਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਭਾਵਪੂਰਤ ਸ਼ਬਦਾਂ ਵਿਚ ਆਪਣਾ ਸੁਨੇਹਾ ਲਾਉਣ ਦੀ ਕੋਸ਼ਿਸ਼ ਕਰੇ । ਰਚਨਾ ਜਿੰਨੀ ਛੋਟੀ ਅਤੇ ਪਾਏਦਾਰ ਹੋਵੇਗੀ,ਅੱਜ ਦੇ ਯੁਗ ਵਿਚ ਪਾਠਕ ਉਸ ਦਾ ਓਨਾ ਹੀ ਆਨੰਦ ਮਾਨੇਗਾ।
ਧੰਨਵਾਦ ਪਿਆਰਿਓ !
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly