ਗ਼ਰੀਬ ਦਿਹਾੜੀਦਾਰ ਲੋਕਾਂ ਦਾ ਮੁਆਵਜ਼ਾ

(ਸਮਾਜ ਵੀਕਲੀ)-ਪਿਛਲੇ ਕਾਫੀ ਸਮੇਂ ਤੋਂ ਕਿਸਾਨ ਭਰਾਵਾ ਦੁਆਰਾ ਆਪਣੀਆਂ ਫਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਮੁਆਵਜ਼ੇ ਨੂੰ ਲੈ ਕੇ ਕਾਫੀ ਧਰਨੇ ਮੁਜ਼ਾਹਰੇ ਹੋ ਰਹੇ ਹਨ। ਕਈ ਜਗ੍ਹਾ ਤੇ ਨਵੀਂ ਸਰਕਾਰ ਨੇ ਫਸਲਾਂ ਦੇ ਮੁਆਵਜ਼ੇ ਦੇ ਵੀ ਦਿੱਤੇ ਹਨ।ਗੱਲ ਉਨ੍ਹਾਂ ਦੀ ਵੀ ਜਾਇਜ਼ ਹੈ ਕਿਉਂ ਕਿ ਪਿਛਲੀਆਂ ਸਰਕਾਰਾਂ ਦੀ ਨਲਾਇਕੀਆਂ ਕਰਕੇ ਮਾੜੇ ਬੀਜਾਂ , ਮਾੜੀਆਂ ਰੇਹਾਂ ਸਪਰੇਹਾਂ ਦੇ ਕਾਰਨ ਫਸਲਾਂ ਕੱਖੋਂ ਹੌਲੀਆਂ ਹੋ ਜਾਂਦੀਆਂ ਹਨ। ਚੰਗੇ ਸਰਦੇ ਪੁੱਜਦੇ ਜਿਮੀਂਦਾਰ ਨੂੰ ਤਾਂ ਬਾਹਲਾ ਫਰਕ ਨਹੀਂ ਪੈਂਦਾ ਪਰ ਜਿਹੜੇ ਸਾਵੀਆਂ ਸੱਟੀਆਂ ਜਾਂ ਠੇਕੇ ਹਿੱਸੇ ‘ਤੇੇ ਲੈਣ ਵਾਲੇ ਕਿਸਾਨ ਦਾ ਬਹੁਤ ਮਾੜਾ ਹਾਲ ਹੁੰਦਾ ਹੈ। ਉਹਦੇ ਕੋਲ ਸਰਕਾਰ ਕੋਲ ਗੁਹਾਰ ਲਗਾਉਣ ਤੋਂ ਸਵਾਏ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ।ਪਰ ਦੂਜੇ ਪਾਸੇ ਸੋਚਣ ਵਾਲੀ ਗੱਲ ਹੈ ਕਿ ਇੱਕ ਗਰੀਬ ਦਿਹਾੜੀਦਾਰ ਬੰਦਾ ਜੀਹਦੇ ਘਰ ਦਾ ਚੁੱਲ੍ਹਾ ਉਹਦੀ ਰੋਜ਼ਾਨਾ ਦੀ ਦਿਹਾੜੀ ਨਾਲ ਹੀ ਚੱਲਦਾ ਹੈ । ਉਹ ਕਿਹੜੇ ਖੂਹ ਵਿੱਚ ਜਾ ਕੇ ਡਿੱਗੇ।ਉਹਦੇ ਕੋਲ ਨਾ ਤਾਂ ਕੋਈ ਜ਼ਮੀਨ ਹੁੰਦੀ ਹੈ ਅਤੇ ਨਾ ਹੀ ਕੋਈ ਥਾਂ ਦੇ ਦਸ ਮਰਲੇ ਬਈ ਬੰਦਾ ਰਜ਼ਿਸਟਰੀ ਰੱਖੂ ਤੇ ਬੈਂਕ ਤੋਂ ਪੈਸੇ ਲੈ ਲਉ।ਉਹ ਆਪਣੇ ਕੁੱਤੀਆਂ ਦੇ ਘੋਰਿਆਂ ਵਰਗੇ ਘਰਾਂ ਵਿੱਚ ਰਹਿੰਦੇ ਹਨ ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰਦਾ। ਘਰਾਂ ਦੀਆਂ ਖੋਖਲੀਆਂ ਛੱਤਾਂ ਰਾਤ ਨੂੰ ਪਏ ਪਰਿਵਾਰਾਂ ਤੇ ਡਿੱਗ ਪੈਂਦੀਆਂ ਨੇ ਉਨ੍ਹਾਂ ਦਾ ਮੁਆਵਜਾਂ ਕਿਉਂ ਨਹੀਂ ? ਜੇ ਨਰਮੇ ਦਾ ਸੁੰਡੀ ਨਾਲ ਨੁਕਸਾਨ ਹੋ ਗਿਆ ਉਹਦਾ ਮੁਆਵਜਾਂ ਤਾਂ ਹੈ ਪਰ ਜਿਹੜੇ ਗਰੀਬ ਵਿਚਾਰੇ ਘਰ ਬਾਰ ਛੱਡ ਕੇ ਨਰਮਾਂ ਚੁਗਣ ਜਾਂਦੇ ਉਹ ਕਿਹੜਾ ਉੱਥੇ ਨਰਮਾ ਚੁਘ ਚੁੰਘ ਢੇਰ ਲਾ ਦਿੰਦੇ , ਉਹ ਵੀ ਵਿਚਾਰੇ ਨਾਲੇ ਜਵਾਕਾਂ ਦੀ ਪੜ੍ਹਾਈ ਖਰਾਬ ਕਰਦੇ ਨਾਲੇ ਪੱਲੇ ਕੱਖ ਨੀ ਪੈਂਦਾ , ਫਿਰ ਉਨ੍ਹਾਂ ਨੂੰ ਮੁਆਵਜ਼ਾ ਕਿਉਂ ਨਹੀਂ ਮਿਲਦਾ? ਗਰੀਬ ਦਿਹਾੜੀਦਾਰ ਦਾ ਇੱਕੋ-ਇੱਕ ਪੁੱਤ ਗਲਤ ਸੰਗਤ ਵਿੱਚ ਪੈ ਨਸ਼ੇ ਨਾਲ ਆਪਣੀ ਜਾਨ ਗੁਆ ਬੈਠਦਾ ਉਹਦਾ ਮੁਆਵਜਾ ਕਿਉਂ ਨਹੀਂ? ਚਾਰ ਧੀਆ ਦਾ ਗਰੀਬ ਪਿਉ ਜਿਹੜਾ ਸਕੂਲ ਦੇ ਕਮਰਿਆਂ ਦਾ ਲੈਂਟਰ ਪਾਉਂਦਿਆ ਪੈੜ ਤੋਂ ਡਿੱਗ ਕੇ ਮਰ ਜਾਂਦਾ ਹੈ ਉਹਦਾ ਮੁਆਵਜਾ ਕਿਉਂ ਨਹੀਂ ? ਮਨਰੇਗਾ ਦੀ ਦਿਹਾੜੀ ਕਰਦੀ ਬੇਬੇ ਸੀਤੋ ਸੱਪ ਲੜ੍ਹ ਕੇ ਮਰ ਜਾਂਦੀ ਹੈ ਉਹਦਾ ਮੁਆਵਜਾ ਕਿਉਂ ਨਹੀਂ ?ਕਿਉਂ ਕਿ ਗਰੀਬ ਬੰਦਾ ਤਾਂ ਕੋਈ ਸਿਹਤ ਬੀਮਾਂ ਵੀ ਨਹੀਂ ਕਰਵਾ ਸਕਦਾ , ਜਿਹੜਾ ਉਹਨੂੰ ਕੋਈ ਹੌਲ ਹੁਗਾਰਾ ਹੋ ਸਕੇ। ਸਾਡੀਆਂ ਸਰਕਾਰਾਂ ਨੂੰ ਇਸ ਪਾਸੇ ਵੱਲ ਧਿਆਨ ਦੀ ਲੋੜ ਹੈ ਕਿ ਜੇਕਰ ਕੁਦਰਤੀ ਆਫ਼ਤਾਂ ਨਾਲ ਤਬਾਹ ਹੋਈਆਂ ਫਸ਼ਲਾਂ ਦਾ ਮੁਆਵਜ਼ਾ ਮਿਲ ਸਕਦਾ ਹੈ ਤਾਂ ਫਿਰ ਕੁਦਰਤੀ ਕਹਿਰ ਨਾਲ ਹੋਏ ਜਾਨੀ ਮਾਲੀ ਨੁਕਸਾਨ ਦਾ ਮੁਆਵਾਜ਼ਾ ਗਰੀਬ ਦਿਹਾੜੀਦਾਰ ਬੰਦਿਆਂ ਨੂੰ ਵੀ ਮਿਲਣਾ ਚਾਹੀਦਾ ਹੈ।

ਸਤਨਾਮ ਸਮਾਲਸਰੀਆ
9914298580

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਹੁਤ ਸੌਖਾ ਹੈ ਨਿੰਦਣਾ ਯਾਰੋ!
Next articleਹਾਰਾਂ ਕਿਹੜਾ ਝੱਲੇ…?