(ਸਮਾਜ ਵੀਕਲੀ)
ਬੀਤੇ ਦੀਆਂ ਗੱਲਾਂ ਤੇ ਜਦੋਂ ਮੈਂ ਵਿਚਾਰ ਕਰਦਾ,
ਸ਼ਰਾਰਤੀ ਮਨ, ਸਾਰਾ ਢੇਰ, ਮੇਰੇ ਮੂਹਰੇ ਲਿਆ ਧਰਦਾ।
ਜਿਹੜੀਆਂ ਚਲਾਕੀਆਂ, ਫੁਰਤੀਆਂ, ਅਸੀਂ ਸੀ ਕਰਦੇ,
ਉਹਨਾਂ ਪਿੱਛੇ ਅੱਜ ਦੇ ਜਮਾਨੇ ਚ ਬੰਦਾ ਵੱਢ ਧਰਦੇ।
ਆਵਾਜਾਈ ਲਈ ਲੋਕਾਂ ਕੋਲ, ਸਾਈਕਲ ਵੀ ਨ੍ਹੀਂ ਸੀ ਹੁੰਦੇ,
ਪੈਦਲ ਯਾਤਰਾ ਨਾਲ ਹੀ, ਵਾਟਾਂ ਮੁਕਾਉਂਦੇ ਸੀ ਮੁੰਡੇ।
ਬੁੱਢੇ ਤਾਂ ਵਿਚਾਰੇ ਹਥਾਈ ‘ਚ ਬੈਠ ਗੱਲਾਂ ਸੀ ਕਰਦੇ,
ਖੁੰਡਾਂ ਉੱਤੇ ਬੈਠ, ਦਿਲ ਦੀ ਭੜਾਸ ਕੱਢਦੇ।
ਖੇਡਣ ਲਈ ਲੁਕਾ-ਛੁਪਾਈ ਕੋਟਲਾ-ਛਪਾਕੀ ਸੀ ਖੇਡਦੇ,
ਕੌਡੀ-ਬਾਡੀ, ਘੋਲਾਂ ਦੇ ਅਖਾੜੇ ਸੀ ਭੇੜਦੇ।
ਗੁਆਂਢੀ ਪਿੰਡਾਂ ਦੇ ਭਲਵਾਨ ਕੋਚ ਸੀ ਬਣਦੇ,
ਦਾਓ-ਪੇਚ ਸਿਖਾਉਂਦੇ ਕਦੇ ਨਾ ਤਣਦੇ।
ਲਾਲਚ ਬਹੁਤ ਸੀ ਘੱਟ,ਸਬਰ ਦਾ ਪੀਂਦੇ ਸੀ ਘੁੱਟ,
ਸਾਂਸੀ ਜਾਤੀ ਦਾ ਕਬੀਲਾ ਕਰਦਾ ਸੀ ਛੋਟੀ ਮੋਟੀ ਲੁੱਟ।
ਖਜੂਰ ਦੇ ਨੀਚੇ ਖੜ, ਕਰਦੇ ਸੀ ਰੱਬਾ! ਰੱਬਾ! ਖਜੂਰਾਂ ਦੇ ਝਾੜ,
ਵੱਡਾ ਬੰਦਾ ਕੋਈ ਆ ਕੇ, ਸਾਡੇ ਲਈ ਰੋੜੇ ਮਾਰ, ਖਜੂਰਾਂ ਦਿੰਦਾ ਝਾੜ।
ਦੋ-ਤਿੰਨ ਬਾਗ ਹੁੰਦੇ ਸੀ, ਦੁਨੀਆਂ ਭਰ ਦੇ ਫਲਾਂ ਦੇ,
ਚੋਰੀ ਛਿਪੇ ਵੜ ਕੇ ਅੰਜੀਰ ਚੀਕੂ ਅਮਰੂਦ ਅੰਬ ਸੀ ਚੁਰਾਂਦੇ।
ਮਾਲਕ ਡਰਾਉਣਾ, ਕਿੱਕਰ ਦੇ ਥੱਲੇ, ਕੀੜਿਆਂ ਦੇ ਭੌਣ ਤੇ ਬੰਨਣਾ,
ਅਸੀਂ ਛੱਡਣੀਂਆ ਕਿਲਕਾਰੀਆਂ, ਫਿਰ ਖੋਲ ਕੇ ਸਾਨੂੰ ਥੰਮਣਾ।
ਕੰਨਾਂ ਨੂੰ ਹੱਥ ਲਾਉਣੇ, ਕੱਢਣੀਆਂ ਨੱਕ ਨਾਲ ਲਕੀਰਾਂ, ਚੋਰੀ ਹੁਣ ਨ੍ਹੀਂ ਕਰਦੇ,
ਅਗਲੇ ਦਿਨ, ਫਿਰ ਨਵੇਂ ਮਿਸ਼ਨ ਤੇ ਜਾਣੋ ਨਾ ਡਰਦੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639