(ਸਮਾਜ ਵੀਕਲੀ)- ਸਾਰੇ ਮਿੱਤਰ ਇਸ ਗੱਲ ਨੂੰ ਜ਼ਰਾ ਗਹੁ ਨਾਲ਼ ਸਮਝਣ, ਇਸ ਵਰਤਾਰੇ ਨੂੰ ਰਤਾ ਕੁ ਅਲੱਗ ਨਜ਼ਰੀਏ ਤੋਂ ਵਾਚਣ, ਜਾਂਚਣ ਦਾ ਯਤਨ ਕਰਨ।
ਕੋਈ ਵੀ ਕਲਾਕਾਰ ਜੋ ਸਾਨੂੰ ਪਸੰਦ ਹੈ (ਚਿੱਤਰਕਾਰ, ਗੀਤਕਾਰ, ਗਾਇਕ, ਅਦਾਕਾਰ ਆਦਿ) ਉਹ ਸਾਨੂੰ ਉਸ ਦੀ ਕਲਾ ਕਰਕੇ ਪਸੰਦ ਹੈ।
ਇੱਕ ਕਲਾਕਾਰ ਸਪੱਸ਼ਟ ਰੂਪ ਵਿੱਚ ਦੋ ਸ਼ਖ਼ਸੀਅਤਾਂ ਦਾ ਧਾਰਨੀ ਹੁੰਦਾ ਹੈ,
ਪਹਿਲੀ ਇੱਕ ਕਲਾਕਾਰ ਵਜੋਂ
ਦੂਜੀ ਇੱਕ ਜਨ ਸਧਾਰਨ ਵਜੋਂ
ਅਸੀਂ ਇੱਕ ਕਲਾਕਾਰ ਦੀ ਪਹਿਲੀ ਪਛਾਣ ਨਾਲ਼ ਜੁੜੇ ਹੁੰਦੇ ਹਾਂ, ਉਸ ਨੂੰ ਹੀ ਪਿਆਰਦੇ–ਸਤਿਕਾਰਦੇ ਹਾਂ।
(ਮਾਰਕਸਵਾਦੀ ਨਜ਼ਰੀਏ ਤੋਂ ਸਮੱਸਿਆ ਇੱਥੇ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਕਿਸੇ ਕਲਾਕਾਰ ਨੂੰ ਅਤੇ ਉਸ ਦੇ ਨਿੱਜੀਤਵ ਦੋਹਾਂ ਨੂੰ ਰਲ਼ਗੱਡ ਕਰ ਕੇ ਸਮਝਦੇ ਅਤੇ ਪ੍ਰਵਾਨ ਕਰਦੇ ਹਾਂ। ਇਸੇ ਲਈ ਮਾਰਕਸਵਾਦੀ ਆਦਰਸ਼ਵਾਦੀ ਸਾਹਿਤਕਾਰ ਕੋਲ਼ੋਂ ਅਸਲ ਅਤੇ ਨਿੱਜੀ ਜ਼ਿੰਦਗੀ ਵਿੱਚ ਵੀ ਉਸ ਆਦਰਸ਼ਕ ਰਵੱਈਏ ਦੀ ਆਸ ਕਰਦੇ ਹਨ ਜੋ ਉਸ ਨੇ ਲਿਖਿਆ, ਕਿਹਾ, ਦਿਖਾਇਆ ਹੁੰਦਾ ਹੈ। ਇਹੋ ਬਖੇੜੇ ਦੀ ਜੜ੍ਹ ਹੈ।)
– ਇੱਕ ਸਿੰਗਰ ਜੋ ਫੋਕੀਆਂ ਫੜ੍ਹਾਂ ਮਾਰਦਾ ਹੈ, ਸਾਨੂੰ ਉਸ ਦੀਆਂ ਫੜ੍ਹਾਂ ਪਸੰਦ ਆਉਂਦੀਆਂ ਹਨ, ਅਸੀਂ ਉਨ੍ਹਾਂ ਫੜ੍ਹਾਂ ਤੋਂ ਵਾਰੇ ਵਾਰ ਜਾਂਦੇ ਹਾਂ, ਕੋਈ ਸਮੱਸਿਆ ਨਹੀਂ ਹੈ। ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਉਸ ਸਿੰਗਰ ਦੁਆਰਾ ਗਾਈਆਂ ਫੜ੍ਹਾਂ ਨੂੰ ਉਸ ਸਿੰਗਰ ਦੀ ਅਸਲ ਤਾਕਤ, ਅਸਲ ਰੂਪ ਸਮਝ ਬੈਠਦੇ ਹਾਂ। ਸਿੰਗਰ ਨੇ ਜੋ ਗਾਇਆ ਉਹ ਵੱਖ ਹੈ, ਨਿੱਜੀ ਸ਼ਖ਼ਸੀਅਤ ਵਜੋਂ ਉਹ ਵੱਖ ਹੈ।
– ਇੱਕ ਅਦਾਕਾਰ ਫ਼ਿਲਮ ਜਾਂ ਮੰਚ ‘ਤੇ ਬੇਮਿਸਾਲ ਤਾਕਤ ਦਾ ਪ੍ਰਦਰਸ਼ਨ ਕਰਦਾ ਹੈ, ਇਹ ਉਹਦਾ ਚਰਿੱਤ੍ਰਕ ਰੂਪ ਹੈ, ਜੋ ਸਾਨੂੰ ਪਸੰਦ ਆਉਂਦਾ ਹੈ। ਵਧੀਆ ਗੱਲ ਹੈ। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਉਸ ਚਰਿਤ੍ਰਕ ਬੇਮਿਸਾਲ ਤਾਕਤ ਨੂੰ ਉਸ ਅਦਾਕਾਰ ਦੀ ਨਿੱਜੀ ਤਾਕਤ ਸਮਝ ਬੈਠਦੇ ਹਾਂ।
– ਹੋਰ ਸਮਝੋ। ਇੱਕ ਅਦਾਕਾਰ ਬੇਹਤਰੀਨ ਅਦਾਕਾਰ ਹੈ। ਸਾਨੂੰ ਉਸ ਦੀ ਅਦਾਕਾਰੀ ਪਸੰਦ ਹੈ। ਵਧੀਆ ਗੱਲ ਹੈ ਪਰ ਉਸ ਅਦਾਕਾਰੀ ਪ੍ਰੋਫ਼ੈਸ਼ਨ ਨਾਲ਼ੋਂ ਉਸ ਦੀ ਇੱਕ ਵੱਖਰੀ ਜ਼ਿੰਦਗੀ ਹੈ, ਵੱਖਰੀ ਸ਼ਖ਼ਸੀਅਤ ਹੈ। ਅਸੀਂ ਦੋਹਾਂ ਨੂੰ ਰਲ਼ਗੱਡ ਕਰ ਕੇ ਕਚੀਰਾ ਕਰ ਬੈਠਦੇ ਹਾਂ। ਇੱਕ ਅਭਿਨੇਤਾ ਮੰਚ ‘ਤੇ, ਸਕਰੀਨ ‘ਤੇ ਆਦਰਸ਼ਵਾਦੀ ਹੋ ਸਕਦਾ ਹੈ, ਅਸਲ ਜ਼ਿੰਦਗੀ ਵਿੱਚ ਨਹੀਂ ਹੋ ਸਕਦਾ। ਸਾਨੂੰ ਉਸ ਅਦਾਕਾਰ ਦੇ ਸਕਰੀਨੀ, ਮੰਚੀ ਰੂਪ ਦੀ ਕਦਰ ਕਰਨੀ ਚਾਹੀਦੀ ਹੈ ਨਾ ਕਿ ਉਸ ਅਦਾਕਾਰ ਦੀ ਨਿੱਜੀ ਸ਼ਖ਼ਸੀਅਤ ਨੂੰ ਵੀ ਉਸੇ ਤੁੱਲ ਗਿਣਨਾ ਚਾਹੀਦਾ ਹੈ।
ਆਮ ਦਮਾਗਾਂ ਦੇ ਲਈ ਉਦਾਹਰਨ : ਪਰੇਸ਼ ਰਾਵਲ, ਅਨੁਪਮ ਖੇਰ, ਅਕਸ਼ੈ ਕੁਮਾਰ, ਸੰਨੀ ਦਿਓਲ, ਕਿਰਨ ਖੇਰ ਮੇਰੇ ਪਸੰਦੀਦਾ ਅਦਾਕਾਰ ਹਨ। ਪਹਿਲਾਂ ਵੀ ਸਨ, ਹੁਣ ਵੀ ਹਨ। ਪਰ ਮੇਰੀ ਪਸੰਦ ਸਿਰਫ਼ ਤੇ ਸਿਰਫ਼ ਸਕਰੀਨ ਤੱਕ ਮਹਿਦੂਦ ਹੈ। ਇਹ ਜਦੋਂ ਆਫ਼ ਸਕਰੀਨ ਹਨ ਮੇਰੇ ਲਈ ਜਨ ਸਧਾਰਨ ਹਨ। ਕੱਲ੍ਹ ਨੂੰ ਇਨ੍ਹਾਂ ਵਿੱਚੋਂ ਕੋਈ ਵੀ ਕੁਕਰਮ ਕਰਦਾ ਹੈ ਤਾਂ ਮੈਂ ਇਨ੍ਹਾਂ ਦੀ ਆਲੋਚਨਾ ਕਰਾਂਗਾ, ਸਿਰਫ਼ ਇਸ ਲਈ ਨਹੀਂ ਰੁਕਾਂਗਾ ਕਿਉਂਕਿ ਇਹ ਮੈਨੂੰ ਸਕਰੀਨੀ ਤੌਰ ‘ਤੇ ਪਸੰਦ ਹਨ। ਸਕਰੀਨ ਅੱਡ ਗੱਲ ਹੈ, ਅਸਲ ਜ਼ਿੰਦਗੀ ਅੱਡ ਗੱਲ ਹੈ। (ਜੇ ਅਜੇ ਵੀ ਕਿਸੇ ਦੇ ਦਿਮਾਗ਼ ਵਿੱਚ ਇਹ ਨੁਕਤੇ ਨਹੀਂ ਪਏ ਤਾਂ ਕਿਰਪਾ ਕਰ ਕੇ ਹੁਣ ਤੋਂ ਜੋ ਪੜ੍ਹਿਆ, ਸਿੱਖਿਆ, ਗੁਣਿਆ ਹੈ, ਉਸ ਨੂੰ ਮੁੜ ਵਿਚਾਰੋ)
(ਅਸੀਂ ਹੀ ਪੰਪ ਦੇ ਦੇ ਕੇ ਚੜ੍ਹਾ ਵੀ ਦਿੰਦੇ ਹਾਂ ਮਰਵਾ ਵੀ ਦਿੰਦੇ ਹਾਂ। ਸਿੰਗਰ ਦੀਆਂ ਫੋਕੀਆਂ ਫੜਾਂ ਨਾਲ਼ ਅਸੀਂ ਉਨ੍ਹਾਂ ਨੂੰ ਤਾਕਤਵਰ, ਨਾ ਹਰਨ ਵਾਲ਼ੇ, ਨਾ ਦਬਣ ਵਾਲ਼ੇ ਸਮਝ ਕੇ ਉਨ੍ਹਾਂ ਦੀ ਪੂਜਾ ਅਰਾਧਨਾ ਕਰਦੇ ਹਾਂ। ਸਿੰਗਰ ਵਿਚਾਰੇ ਵੀ ਫਸ ਜਾਂਦੇ ਹਨ ਭਗਤਾਂ ਵਿੱਚ ਸੋ ਜੋ ਗਾਉਂਦੇ ਹਨ ਉਸ ਦੀ ਲਾਜ ਰੱਖਣ ਲਈ ਵਿਖਾਵੇ ਕਰਦੇ ਹਨ, ਰਗੜੇ ਜਾਂਦੇ ਹਨ। ਜਿਵੇ ਸਪਾਈਡਰ ਮੈਨ ਬਣਿਆ ਹੀਰੋ ਹੁਣ ਸੱਚੀਓਂ ਕੋਠੇ ਤੋਂ ਛਾਲ਼ ਮਾਰ ਦੇਵੇ ਤੇ ਉਹਦੇ ਜਾਲ਼ੇ ਜੇ ਨਾ ਨਿਕਲਣ। ਸ਼ਕਤੀਮਾਨ ਅਸਲ ਵਿੱਚ ਸੱਚਮੁੱਚ ਗੰਗਾਧਰ ਹੈ। ਗੰਗਾਧਰ ਉਸ ਦਾ ਅਸਲ ਯਥਾਰਥ ਹੈ, ਸ਼ਕਤੀਮਾਨ ਹੋਣਾ ਉਸ ਦਾ ਇੱਛਤ ਯਥਾਰਥ ਹੈ।
ਸਵਾਮੀ ਸਰਬਜੀਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly