(ਸਮਾਜ ਵੀਕਲੀ)
ਪਹਿਲਾਂ ਵਰਗੀ ਰੌਣਕ ਹੈ ਨਹੀ
ਪਿੰਡ ਮੇਰੇ ਦੀਆਂ ਗਲੀਆਂ ਦੀ
ਹੁਣ ਨਹੀ ਸੁਣਦੀ ਮਿੱਠੀ ਬੋਲੀ
ਖੰਡ ਮਿਸ਼ਰੀ ਦੀਆਂ ਡਲੀਆਂ ਦੀ
ਗੁਜਰ ਗਿਆ ਉਹ ਭਲਾ ਜ਼ਮਾਨਾ
ਛਮ ਛਮ ਕਰਦੀਆਂ ਆਉਂਦੀਆਂ ਸੀ
ਲੈ ਲਓ ਕੋਈ ਤੱਕਲਾ ਖੁਰਚਣਾ
ਹੋਕਾ ਮਾਰ ਬੁਲਾਉਦੀਆਂ ਸੀ
ਭਲੀਆਂ ਉਹ ਵਣਜਾਰਣ ਕੁੜੀਆਂ
ਜਿਉਂਦੀ ਰਹਿ ਸਰਦਾਰਨੀਏ ਨੀ
ਪਿੰਡ ਦੀਏ ਲੰਬੜਦਾਰਨੀਏ ਨੀ
ਲੱਗੇ ਰਹਿਣ ਰੰਗ ਭਾਗ ਨੀ ਭੈਣੇ
ਜਿਉਂਦਾ ਰਹੇ ਸੁਹਾਗ ਨੀ ਭੈਣੇ
ਹਰ ਵੇਲੇ ਉਹ ਸਾਰੇ ਪਿੰਡ ਦੀ
ਰਹਿੰਦੀਆਂ ਸੁੱਖ ਮਨਾਉਂਦੀਆਂ ਸੀ
ਭਲੀਆਂ ਉਹ ਵਣਜਾਰਣ ਕੁੜੀਆਂ
ਕੋਮਲ ਹਿਰਦੇ ਪਰੀਆਂ ਵਰਗੀਆਂ
ਹੱਸਦੀਆਂ ਜਾਣ ਕਲੋਲਾਂ ਕਰਦੀਆਂ
ਹੁਸਨ ਦੀਆਂ ਸਰਕਾਰਾਂ ਸੀ ਉਹ
ਭਰ ਜੋਬਨ ਮੁਟਿਆਰਾਂ ਸੀ ਉਹ
ਕੱਦ ਸਰੂ ਦੇ ਬੂਟਿਆਂ ਵਰਗੇ
ਅੰਬਰੀਂ ਟਾਕੀ ਲਾਉਂਦੀਆਂ ਸੀ
ਭਲੀਆਂ ਉਹ ਵਣਜਾਰਣ ਕੁੜੀਆਂ
ਸੋਨੇ ਵਿੱਚ ਇੱਕ ਦੰਦ ਮੜ੍ਹਾਕੇ
ਰੱਖਣ ਮੱਥੇ ਤੇ ਚੰਦ ਖੁਣਵਾਕੇ
ਰੱਖਦੀਆਂ ਰੂਪ ਸਾਣ ਤੇ ਲਾਕੇ
ਪੂਰਾ ਹਾਰ ਸ਼ਿੰਗਾਰ ਲਗਾਕੇ
ਮਿਰਗ ਵਰਗੀਆਂ ਲੰਮੀਆਂ ਧੋਣਾ
ਤੁਰਦੀਆਂ ਲੱਕ ਮਟਕਾਉਦੀਆਂ ਸੀ
ਭਲੀਆਂ ਉਹ ਵਣਜਾਰਣ ਕੁੜੀਆਂ
ਇੱਜਤ ਮਾਣ ਸੰਭਾਲ ਕੇ ਰੱਖਦੀਆਂ
ਲੱਜ ਸ਼ਰਮ ਨੂੰ ਪਾਲ ਕੇ ਰੱਖਦੀਆਂ
ਪੌਣਾਂ ਵਰਗੀਆਂ ਤੇਜ ਤਰਾਰ ਉਹ
ਨਜ਼ਰਾਂ ਰੱਖਣ ਵਾਂਗ ਕਟਾਰ ਉਹ
ਐਰ ਗੈਰ ਨਾਲ ਦਿਲ ਨਾ ਲਾਵਣ
ਉਹ ਰਾਜਪੂਤ ਅਖਵਾਉਂਦੀਆਂ ਸੀ
ਭਲੀਆਂ ਉਹ ਵਣਜਾਰਣ ਕੁੜੀਆਂ
” ਸੁੱਖ ” ਕਹੇ ਦਿਨ ਮੁੜਕੇ ਆਵਣ
ਫਿਰ ਵਣਜਾਰਣਾ ਪੈਲਾਂ ਪਾਵਣ
ਹਰ ਪਿੰਡ ਆਵਣ ਫਿਰ ਵਣਜਾਰੇ
ਸ਼ਾਮਲਾਟ ਵਿੱਚ ਕਰਨ ਉਤਾਰੇ
ਹੋਵੇ ਸਾਂਝ ਪਿਆਰਾਂ ਦੀ ਫਿਰ
ਪੀੜ੍ਹੀਆਂ ਜਿਵੇਂ ਨਿਭਾਉਂਦੀਆਂ ਸੀ
ਭਲੀਆਂ ਉਹ ਵਣਜਾਰਣ ਕੁੜੀਆਂ
ਸੁਖਚੈਨ ਸਿੰਘ ਚੰਦ ਨਵਾਂ
9914973876
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly