ਹਾਸ ਵਿਅੰਗ/ਇਹ ਦੁਨੀਆ ਪਾਗਲਖਾਨਾ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)

ਪਾਗਲਪਨ ਦਿਮਾਗ ਦੀ ਇਕ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਆਦਮੀ ਅਸਧਾਰਨ ਤਰੀਕੇ ਨਾਲ ਵਿਹਾਰ ਕਰਦਾ ਹੈ। ਉਹ ਖੁਦ ਨੂੰ ਤਾਂ ਠੀਕ ਠਾਕ ਸਮਝਦਾ ਹੈ ਅਤੇ ਦੂਜਿਆਂ ਨੂੰ ਪਾਗਲ ਸਮਝਦਾ ਹੈ। ਜਿਵੇਂ ਤੁਸੀਂ ਇੱਕ ਸਾਈਕਲ ਚਲਾਣ ਦੀ ਕੋਸ਼ਿਸ਼ ਕਰੋ ਜਿਸ ਦੇ ਕੁੱਤੇ ਫੇਲ ਹੋ ਗਏ ਹੋਣ, ਬਰੇਕ ਕੰਮ ਨਾ ਕਰਦੀ ਹੋਵੇ, ਤੁਸੀਂ ਗੱਦੀ ਤੇ ਬੈਠ ਕੇ ਪੈਡਲ ਚਲਾਉਂਦੇ ਜਾਓ ਅਤੇ ਘੰਟੀ ਵਜਾਂਦੇ ਜਾਓ, ਤੁਹਾਡੇ ਹਿਸਾਬ ਨਾਲ ਤਾਂ ਸਾਈਕਲ ਚੱਲ ਰਿਹਾ ਹੈ ਲੇਕਿਨ ਅਸਲ ਵਿੱਚ ਸਾਈਕਲ ਚਲੇਗਾ ਨਹੀਂ। ਇਹੀ ਸਥਿਤੀ ਪਾਗਲ ਦੀ ਹੈ। ਅੰਗਰੇਜ਼ੀ ਦੇ ਸਾਹਿਤਕਾਰ Shakespeare ਨੇ ਕਿਹਾ ਸੀ everybody is a fool ਅਤੇ ਗੱਲ ਵੀ ਠੀਕ ਹੈ। ਅਸੀਂ ਸਾਰੇ ਕਦੇ ਨਾ ਕਦੇ ਕਿਸੇ ਨਾ ਕਿਸੇ ਤਰੀਕੇ ਨਾਲ ਪਾਗਲ ਦੀ ਤਰਾਂ ਵਰਤਾਵ ਕਰਦੇ ਹੀ ਹਾਂ। ਉਹ ਵੱਖਰੀ ਗੱਲ ਹੈ ਇਹ ਪਾਗਲਪਨ ਸਾਨੂੰ ਆਪਣੇ ਵਿੱਚ ਨਹੀਂ ਬਲਕਿ ਦੂਜਿਆਂ ਵਿੱਚ ਹੀ ਦਿਖਾਈ ਦਿੰਦਾ ਹੈ। ਪਾਗਲ ਕਿਹੋ ਜਿਹਾ ਹੁੰਦਾ ਹੈ। ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਮਰਹੂਮ, ਸੰਜੀਵ ਕੁਮਾਰ ਦੀ ਫਿਲਮ,, ਖਿਲੋਨਾ,, ਦੇਖੀ ਹੋਵੇ ਤੇ ਉਸ ਨੂੰ ਸੰਜੀਵ ਕੁਮਾਰ ਦਾ ਕਿਰਦਾਰ ਯਾਦ ਹੋਵੇ ਤਾਂ ਉਹ ਚੰਗੀ ਤਰਾਂ ਸਮਝ ਸਕਦਾ ਹੈ ਕਿ ਪਾਗਲ ਕਿਹੋ ਜਿਹਾ ਹੁੰਦਾ ਹੈ। ਇੱਕ ਵਾਰ ਮੈਨੂੰ ਪਾਗਲਖਾਨੇ ਜਾਣ ਦਾ ਮੌਕਾ ਮਿਲਿਆ। ਇਕ ਮਰੀਜ਼ ਮੈਨੂੰ ਪਾਗਲ ਤਾਂ ਨਹੀਂ ਲੱਗ ਰਿਹਾ ਸੀ ਲੇਕਿਨ ਪਾਗਲ ਹੈਗਾ ਜਰੂਰ ਸੀ। ਮੇਰੇ ਮਨ ਵਿੱਚ ਉਥਲ ਪੁਥਲ ਹੋਈ ਅਤੇ ਮੈਂ ਉਹਨੂੰ ਪੁੱਛੇ ਬਿਨਾ ਰਹਿ ਨਹੀਂ ਸਕਿਆ,,,, ਭਾਈ ਸਾਹਿਬ! ਤੁਸੀਂ ਪਾਗਲ ਕਿਉਂ ਹੋ? ਤਾਂ ਉਸ ਨੇ ਜਵਾਬ ਦਿੱਤਾ,,, ਮੈਂ ਪਾਗਲ ਇਸ ਵਾਸਤੇ ਹਾਂ ਕਿਉਂਕਿ ਮੈਨੂੰ ਚੱਪਲਾਂ ਪਸੰਦ ਹਨ,,,,। ਉਸਨੂੰ ਮੈਂ ਜਵਾਬ ਦਿੱਤਾ,,,,, ਚੱਪਲਾਂ ਤਾਂ ਮੈਨੂੰ ਵੀ ਪਸੰਦ ਹਨ। ਇਹ ਸੁਣ ਕੇ ਉਹ ਆਦਮੀ ਬਹੁਤ ਜ਼ੋਰ ਦੀ ਹਸਿਆ ਅਤੇ ਕਹਿਣ ਲੱਗਿਆ,,, ਬਹੁਤ ਖੁਸ਼ੀ ਦੀ ਗੱਲ ਹੈ। ਪਰ ਸਾਹਿਬ ਜੀ ਇਹ ਦੱਸੋ ਕਿ ਤੁਹਾਨੂੰ ਕਿਹੋ ਜਿਹੀਆਂ ਚਪਲਾਂ ਪਸੰਦ ਹਨ,,,, ਭੁੰਨੀਆ ਹੋਈਆਂ , ਉਬਲੀਆਂ ਹੋਈਆਂ ਜਾਂ ਤਲੀਆਂ ਹੋਈਆਂ,,,,। ਇਹ ਸੁਣ ਕੇ ਮੈਂ ਤੁਰੰਤ ਸਮਝ ਗਿਆ ਕਿ ਇਹ ਬੰਦਾ ਪਾਗਲ ਕਿਉਂ ਹੈ। ਸਾਡੇ ਦੇਸ਼ ਵਿੱਚ ਪਾਗਲਾਂ ਦੀ ਕਮੀ ਨਹੀਂ ਹੈ। ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਮੁਹੰਮਦ ਤੁਗਲਕ ਨੇ ਆਪਣੇ ਵੱਲੋਂ ਕਈ ਸੁਧਾਰਵਾਦੀ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਫੇਰ ਵੀ ਉਸ ਨੂੰ ਤਗਮਾ ਮਿਲਿਆ,,, ਪਾਗਲ,,, ਦਾ। ਮੀਰਾ ਬਾਈ ਕ੍ਰਿਸ਼ਨ ਜੀ ਦੇ ਪ੍ਰੇਮ ਵਿੱਚ ਪਾਗਲ ਹੋ ਕੇ ਜਹਿਰ ਦਾ ਪਿਆਲਾ ਪੀ ਗਈ। ਰਾਮ ਚਰਿਤ ਮਾਨਸ ਗ੍ਰੰਥ ਲਿਖਣ ਤੋਂ ਪਹਿਲਾਂ, ਤੁਲਸੀਦਾਸ ਵੀ ਆਪਣੀ ਪਤਨੀ ਦੇ ਪ੍ਰੇਮ ਵਿੱਚ ਅੰਨਾ ਹੋ ਕੇ ਰਾਤ ਨੂੰ ਆਪਣੇ ਸਹੁਰਿਆਂ ਘਰ ਪਹੁੰਚ ਗਿਆ ਅਤੇ ਸੱਪ ਨੂੰ ਰਸੀ ਸਮਝ ਕੇ ਉਹਨੂੰ ਫੜ ਕੇ ਉਸ ਕਮਰੇ ਵਿੱਚ ਜਾ ਪਹੁੰਚਿਆ ਜਿੱਥੇ ਉਹਦੀ ਪਤਨੀ ਸੌਂ ਰਹੀ ਸੀ। ਅੱਜ ਕੱਲ ਦੇ ਸਮੇਂ ਵਿੱਚ ਕੁਝ ਸਮਾਂ ਪਹਿਲਾਂ ਡੀ ਆਈ ਜੀ ਪੁਲਿਸ,ਡੀ ਕੇ ਪੰਡਾਂ ਪੁਲਿਸ ਦੀ ਨੌਕਰੀ ਛੱਡ ਕੇ,,,, ਦੂਜੀ ਰਾਧਾ,, ਦੀ ਤਰ੍ਹਾਂ ਵਿਹਾਰ ਕਰਨ ਲੱਗਿਆ। ਉਸ ਦੀਆਂ ਰਾਧਾ ਵਰਗੀਆਂ ਹਰਕਤਾਂ ਦੇਖ ਕੇ ਲੋਕ ਉਸ ਦਾ ਮਜ਼ਾਕ ਵੀ ਕਰਦੇ ਹੁੰਦੇ ਸਨ ਲੇਕਿਨ ਇਸ ਬੰਦੇ ਨੇ ਕਦੇ ਵੀ,,, ਦੂਜੀ ਰਾਧਾ,, ਦੀ ਤਰ੍ਹਾਂ ਵਿਹਾਰ ਕਰਨਾ ਬੰਦ ਨਹੀਂ ਕੀਤਾ।
ਅੱਜ ਕੱਲ ਹਰ ਆਦਮੀ ਪਾਗਲ ਹੋ ਰਿਹਾ ਹੈ। ਇੱਕ ਵਾਰ ਮੈਂ ਆਪਣੇ ਡਾਕਟਰ ਮਿੱਤਰ ਨਾਲ ਪਾਗਲਖਾਨੇ ਗਿਆ ਜੋ ਕਿ ਵਾਰਡ ਵਿੱਚ ਮਰੀਜ਼ਾਂ ਨੂੰ ਦੇਖਣ ਵਾਸਤੇ ਰਾਉਂਡ ਤੇ ਸੀ। ਜਿਵੇਂ ਹੀ ਅਸੀਂ ਇੱਕ ਬੈਡ ਕੋਲ ਪਹੁੰਚੇ, ਉਸ ਉਤੇ ਬੈਠਾ ਇਕ ਆਦਮੀ ਕਿਤਾਬ ਖੋਲ ਕੇ ਬੈਠਾ ਸੀ ਅਤੇ ਕੁਝ ਬੋਲ ਰਿਹਾ ਸੀ,,, ਰਾਮ ਪਿਆਰੀ! ਤੂੰ ਕਿੱਥੇ ਹੈਂ? ਤੇਰੇ ਬਿਨਾ ਉੱਠਣਾ, ਬੈਠਣਾ, ਖਾਣਾ, ਪੀਣਾ, ਸੌਣਾ ਸਭ ਬੇਕਾਰ ਹੈ,,,,,। ਮੈਂ ਆਪਣੇ ਡਾਕਟਰ ਮਿੱਤਰ ਨੂੰ ਪੁੱਛਿਆ,,,, ਇਸ ਬੰਦੇ ਦਾ ਕੀ ਮਾਮਲਾ ਹੈ? ਤਾਂ ਮੇਰੇ ਮਿੱਤਰ ਡਾਕਟਰ ਨੇ ਮੈਨੂੰ ਜਵਾਬ ਵਿੱਚ ਕਿਹਾ,, ਇਹ ਬੰਦਾ ਕਿਸੇ ਰਾਮ ਪਿਆਰੀ ਦੇ ਨਾਲ ਇਸ਼ਕ ਮੁਹੱਬਤ ਕਰਦਾ ਹੁੰਦਾ ਸੀ ਅਤੇ ਉਸ ਦਾ ਵਿਆਹ ਕਿਸੇ ਹੋਰ ਨਾਲ ਹੋ ਗਿਆ ਅਤੇ ਇਹ ਇਸ ਸਦਮੇ ਨੂੰ ਸਹਿਣ ਨਹੀਂ ਕਰ ਸਕਿਆ ਅਤੇ ਪਾਗਲ ਹੋ ਗਿਆ ਹੈ,,,,। ਜਿਵੇਂ ਹੀ ਅਸੀਂ ਅਗਲੇ ਬੈਡ ਤੇ ਪਹੁੰਚੇ ਤਾਂ ਜੰਗਲੀ ਜਿਹਾ ਦਿਖਣ ਵਾਲਾ ਅਤੇ ਸੰਗਲਾਂ ਨਾਲ ਬਨਿਆ ਹੋਇਆ ਇੱਕ ਆਦਮੀ, ਜਿਸ ਦੇ ਦੇ ਵੱਡੇ ਵੱਡੇ ਵਾਲ ਅਤੇ ਦਾੜੀ ਸੀ ਅਤੇ ਅੱਖਾਂ ਵਿੱਚੋਂ ਖੂਨ ਦੀ ਤਰਾਂ ਲਾਲੀ ਸਪਸ਼ਟ ਦਿਖ ਰਹੀ ਸੀ , ਸਾਨੂੰ ਦੇਖਦੇ ਹੀ ਉਹ ਦਹਾੜਦੇ ਹੋਏ ਸਾਡੇ ਵੱਲ ਝਪਟਿਆ ਅਤੇ ਜੋਰ ਨਾਲ ਆਵਾਜ਼ ਕੱਢੀ,,,,ਉਂ,,, ਹੂੰ,,,। ਮੈਂ ਆਪਣੇ ਡਾਕਟਰ ਮਿੱਤਰ ਨੂੰ ਪੁੱਛਿਆ,,,, ਇਸ ਬੰਦੇ ਦਾ ਕੀ ਕੇਸ ਹੈ,,,,? ਮੇਰੀ ਗੱਲ ਸੁਣ ਕੇ ਮੇਰਾ ਮਿੱਤਰ ਡਾਕਟਰ ਕਹਿਣ ਲੱਗਿਆ,,,,,, ਇਹ ਉਹ ਬੰਦਾ ਹੈ ਜਿਸ ਦਾ ਰਾਮ ਪਿਆਰੀ ਦੇ ਨਾਲ ਵਿਆਹ ਹੋ ਗਿਆ ਸੀ,,,,। ਅੱਜ ਕੱਲ ਹਰ ਸੜਕ, ਦਫਤਰ, ਸਕੂਲ, ਕਾਲਜ, ਆਦੀ ਥਾਵਾਂ ਤੇ ਤੁਹਾਨੂੰ ਪਾਗਲ ਕਿਸੇ ਨਾ ਕਿਸੇ ਰੂਪ ਵਿੱਚ ਮਿਲ ਜਾਣਗੇ। ਜਿਨਾਂ ਰਾਜ ਨੇਤਾਵਾਂ ਨੂੰ ਅਸੀਂ ਚੁਣ ਕੇ ਵਿਧਾਨ ਸਭਾ ਜਾਂ ਪਾਰਲੀਮੈਂਟ ਵਿੱਚ ਭੇਜਦੇ ਹਾਂ ਉਥੇ ਉਹਨਾਂ ਦੇ ਅਜੀਬੋ ਗਰੀਬ ਵਿਵਹਾਰ ਨੂੰ ਦੇਖ ਕੇ ਅਸੀਂ ਉਹਨਾਂ ਨੂੰ ਪਾਗਲ ਨਹੀਂ ਤਾਂ ਹੋਰ ਕੀ ਕਹਾਂਗੇ? ਹਰ ਘਰ ਵਿੱਚ ਮਾਰ ਕੁੱਟ, ਗਾਲਾਂ ਕੱਢਣਾ, ਰੌਲਾ ਰੱਪਾ, ਭਾਂਡਿਆਂ ਦਾ ਟੁੱਟਣਾ ਅਤੇ ਉੱਚੀਆਂ ਉੱਚੀਆਂ ਆਵਾਜ਼ਾਂ ਸੁਣ ਕੇ ਅਜਿਹੇ ਘਰ ਨੂੰ ਅਸੀਂ ਪਾਗਲ ਖਾਨਾ ਨਹੀਂ ਤਾਂ ਹੋਰ ਕੀ ਕਹਾਂਗੇ? ਮੈਂ ਤਾਂ ਇਹ ਕਹਾਂਗਾ ਅਜਿਹੇ ਘਰ ਦੇ ਬਾਹਰ ਲਿਖ ਦੇਣਾ ਚਾਹੀਦਾ ਹੈ,,,,, ਪਾਗਲਖਾਨਾ,,,,,। ਬਿਹਾਰ ਸਰਕਾਰ ਨੇ ਪਟਨਾ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਪਾਗਲਖਾਨਾ ਬੰਦ ਕਰਨ ਦਾ ਜੋ ਫੈਸਲਾ ਕੀਤਾ ਹੈ, ਸੁਣ ਕੇ ਬਹੁਤ ਅਜੀਬ ਲੱਗਦਾ ਹੈ। ਪਾਗਲਖਾਨਾ ਬੰਦ ਕਰਨਾ ਅਤੇ ਉਹ ਵੀ ਬਿਹਾਰ ਵਿੱਚ,,,,,। ਸਾਡੇ ਦੇਸ਼ ਵਿੱਚ ਜਿਸ ਤੇਜੀ ਨਾਲ ਪਾਗਲਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਉਸ ਤੋਂ ਇਹੀ ਲੱਗਦਾ ਹੈ ਕਿ ਵਰਤਮਾਨ ਸਮੇਂ ਵਿੱਚ ਜਿਹੜੇ ਪਾਗਲਖਾਨੇ ਹਨ ਉਹ ਬਹੁਤ ਹੀ ਜਰੂਰਤ ਦੇ ਮੁਤਾਬਿਕ ਘੱਟ ਰਹਿਣਗੇ। ਅਸਲ ਵਿੱਚ ਸਾਡੀ ਸਰਕਾਰ ਨੂੰ ਦੇਸ਼ ਵਿੱਚ ਯੁੱਧ ਸਤਰ ਤੇ ਪਾਗਲ ਖਾਨਿਆਂ ਦਾ ਨਿਰਮਾਣ ਤੇਜ਼ ਕਰ ਦੇਣਾ ਚਾਹੀਦਾ ਹੈ। ਇਹ ਸਾਰੀਆਂ ਗੱਲਾਂ ਦੇਖਣ ਤੋਂ ਬਾਅਦ ਤਾਂ ਮੈਨੂੰ ਅਜਿਹਾ ਲੱਗਦਾ ਹੈ,,,,, ਇਹ ਦੁਨੀਆ ਪਾਗਲਖਾਨਾ,,,,,।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ-124001(ਹਰਿਆਣਾ) 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਵਿਅੰਗ/ ਕੀਹਦੇ ਗਲ਼ ਲੱਗ ਰੋਵੇਗਾ?
Next articleਚੇਤੇ ਕਰਕੇ ਚੁਰਾਸੀ