(ਸਮਾਜ ਵੀਕਲੀ)
ਅੱਜ ਕੱਲ ਗਰਮੀ ਦਾ ਮੌਸਮ ਚੱਲ ਰਿਹਾ ਹੈ ਅਤੇ ਤਾਪਮਾਨ ਵੀ ਆਪਣੇ ਸਿਖਰਾਂ ‘ਤੇ ਹੈ । ਹਰ ਜੀਵ – ਜੰਤੂ ਤੇ ਪ੍ਰਾਣੀ ਗਰਮੀ ਤੋਂ ਪ੍ਰਭਾਵਿਤ ਹੋਇਆ ਪਿਆ ਹੈ । ਅਜਿਹੇ ਸਮੇਂ ਵਿੱਚ ਜੰਗਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਨ ਦਾ ਖਦਸ਼ਾ ਰਹਿੰਦਾ ਹੈ , ਜੋ ਕਿ ਬਹੁਤ ਹੀ ਮੰਦਭਾਗਾ ਵਰਤਾਰਾ ਹੈ ; ਕਿਉਂਕਿ ਜੰਗਲਾਂ ਨੂੰ ਅੱਗ ਲੱਗਣ ਨਾਲ ਜਿੱਥੇ ਤਾਪਮਾਨ ਵਿੱਚ ਹੋਰ ਜ਼ਿਆਦਾ ਵਾਧਾ ਹੋ ਜਾਂਦਾ ਹੈ , ਉੱਥੇ ਹੀ ਅੱਗ ਲੱਗਣ ਨਾਲ ਕਈ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ , ਕੁਦਰਤ ਦਾ ਨੁਕਸਾਨ ਹੁੰਦਾ ਹੈ ਤੇ ਨਾਲ ਹੀ ਕਈ ਤਰ੍ਹਾਂ ਦੀਆਂ ਜੀਵ – ਜੰਤੂਆਂ ਦੀਆਂ ਨਸਲਾਂ ਇਸ ਤੋਂ ਪ੍ਰਭਾਵਿਤ ਹੁੰਦੀਆਂ ਹਨ।
ਜੰਗਲਾਂ ਨੂੰ ਅਚਾਨਕ ਅੱਗ ਲੱਗਣ ਨਾਲ ਕਈ ਤਰ੍ਹਾਂ ਦੇ ਪੇੜ – ਪੌਦਿਆਂ ਨੂੰ ਭਾਰੀ ਨੁਕਸਾਨ ਹੁੰਦਾ ਹੈ । ਇੱਥੇ ਨਿਵਾਸ ਕਰਨ ਵਾਲੇ ਜੀਵ – ਜੰਤੂਆਂ ਨੂੰ ਵੀ ਮੌਤ ਦੇ ਮੂੰਹ ਵਿੱਚ ਜਾਣਾ ਪੈਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਦੁਰਗਮ ਪਰਸਥਿਤੀਆਂ ਦਾ ਸਾਹਮਣਾ ਮਜਬੂਰੀ ਵੱਸ ਕਰਨਾ ਪੈਂਦਾ ਹੈ । ਕਈ ਵਾਰ ਜਾਨੀ – ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਅਤੇ ਲੋਕਾਂ ਦੇ ਘਰ ਅੱਗ ਨਾਲ ਤਬਾਹ ਹੋ ਜਾਂਦੇ । ਜੰਗਲ , ਸੁੱਕੇ ਨਾੜ , ਸੁੱਕੇ ਦਰੱਖਤਾਂ, ਬੂਟਿਆਂ , ਝਾੜੀ ਬੂਟੀਆਂ ਆਦਿ ਨੂੰ ਅੱਗ ਲੱਗਣ ਨਾਲ ਬਹੁਤੇਰੇ ਜੀਵ – ਜੰਤੂ ਨਾ ਚਾਹੁੰਦੇ ਹੋਏ ਵੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਅਤੇ ਬਹੁਤ ਹੀ ਦੁੱਖ ਭਰੀ ਗੱਲ ਤਾਂ ਇਹ ਹੁੰਦੀ ਹੈ ਕਿ ਇਨ੍ਹਾਂ ਜੀਵ – ਜੰਤੂਆਂ , ਪੰਛੀ – ਪਰਿੰਦਿਆਂ ਦੇ ਅੰਡੇ ਜਾਂ ਛੋਟੇ – ਛੋਟੇ ਅੰਡਿਆਂ ਵਿੱਚੋਂ ਨਿਕਲੇ ਬੱਚੇ ਜਿਨ੍ਹਾਂ ਨੇ ਅਜੇ ਜ਼ਿੰਦਗੀ ਦੇ ਕੁਝ ਪਲ ਹੀ ਦੇਖੇ ਹੁੰਦੇ ਹਨ , ਉਨ੍ਹਾਂ ਉੱਤੇ ਅੱਗ ਮੌਤ ਦਾ ਕਹਿਰ ਵਰਾਉਂਦੀ ਹੋਈ ਆਉਂਦੀ ਹੈ ਅਤੇ ਇਹ ਕੋਮਲ , ਨਾਜ਼ੁਕ , ਬੇ ਆਸਰਾ , ਲਾਚਾਰ ਤੇ ਪ੍ਰੇਸ਼ਾਨ ਛੋਟੇ – ਛੋਟੇ ਪੰਛੀ ਪਰਿੰਦੇ ਅਤੇ ਜੀਵ – ਜੰਤੂਆਂ ਦੇ ਬੱਚੇ ਅਤੇ ਜੀਵ – ਜੰਤੂ ਲੱਗੀ ਹੋਈ ਅੱਗ ਵਿੱਚ ਦੇਖਦੇ ਹੀ ਦੇਖਦੇ ਮਿੰਟਾਂ – ਸਕਿੰਟਾਂ ਵਿੱਚ ਇਸ ਤਰ੍ਹਾਂ ਜਲ ਜਾਂਦੇ ਹਨ , ਜਿਵੇਂ ਭੱਠੀ ਵਿੱਚ ਦਾਣੇ ਭੁੰਨ ਹੋ ਜਾਂਦੇ ਹਨ ।
ਸਾਡੇ ਵੱਡੇ – ਵਡੇਰਿਆਂ ਤੇ ਮਹਾਂਪੁਰਖਾਂ ਨੇ ਇਹ ਸਿੱਖਿਆ ਦਿੱਤੀ ਹੈ ਕਿ ਜਾਣ – ਬੁੱਝ ਕੇ ਜੰਗਲਾਂ , ਝਾੜੀਆਂ , ਬੂਟੀਆਂ , ਸੁੱਕੇ ਦਰਖਤਾਂ ਆਦਿ ਨੂੰ ਅੱਗ ਲਗਾਉਣਾ ਕੇਵਲ ਪਾਪ ਹੀ ਨਹੀਂ , ਸਗੋਂ ਮਹਾਂਪਾਪ ਮਹਾਂਘੋਰ ਅਪਰਾਧ ਹੈ । ਜਿਸ ਦਾ ਖਮਿਆਜਾ ਕੁਦਰਤ ਵੱਲੋਂ ਮਨੁੱਖ ਨੂੰ ਭੁਗਤਣਾ ਹੀ ਪੈਂਦਾ ਹੈ । ਇਸ ਲਈ ਸਾਨੂੰ ਆਪਣੇ ਪੱਧਰ ‘ਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੰਗਲਾਂ , ਜੜੀ , ਬੂਟੀਆਂ, ਝਾੜੀਆਂ , ਘਾਹ ਆਦਿ ਨੂੰ ਅੱਗ ਲੱਗਣ ਦੀ ਨੌਬਤ ਹੀ ਨਾ ਆਵੇ । ਸਾਨੂੰ ਆਪਣੇ ਖੇਤਾਂ ਦੇ ਵਿਅਰਥ ਘਾਹ – ਫੂਸ , ਨਾੜ ਆਦਿ ਨੂੰ ਵੀ ਜਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਾਂ ਥੋੜ੍ਹੀ – ਬਹੁਤੀ ਅੱਗ ਲਗਾਉਣ ਸਮੇਂ ਵੀ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਅੱਗ ਨਾ ਫੈਲੇ । ਕਈ ਵਾਰ ਸਾਡੇ ਖੇਤਾਂ ਵਿੱਚ ਜਾਂ ਵਣ ਸੰਪਦਾ ਦੇ ਨੇੜੇ ਜਾਂ ਸੁੱਕੇ ਘਾਹ – ਫੂਸ ਦੇ ਕੋਲ ਕਈ ਵਾਰ ਬਿਜਲੀ ਦੀਆਂ ਤਾਰਾਂ ਵਿੱਚੋਂ ਰੌਸ਼ਨੀ ਨਿਕਲਦੀ ਨਜ਼ਰ ਆਉਂਦੀ ਹੈ ਜਾਂ ਬਿਜਲੀ ਦੀਆਂ ਤਾਰਾਂ ਵਿੱਚ ਕੁਝ ਹੋਰ ਨੁਕਸ ਨਜ਼ਰ ਆਉਂਦਾ ਹੈ ਤਾਂ ਸਾਨੂੰ ਫੌਰੀ ਤੌਰ ‘ਤੇ ਇਸ ਸੰਬੰਧੀ ਸੰਬੰਧਿਤ ਵਿਭਾਗ ਨੂੰ ਜਾਂ ਆਪਣੇ ਆਲੇ – ਦੁਆਲੇ ਦੇ ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ ।
ਆਪਣੇ ਮਨ ਦੀਆਂ ਭਾਵਨਾਵਾਂ ਅਨੁਸਾਰ ਅਸੀਂ ਕਈ ਵਾਰ ਖੇਤਾਂ ਵਿੱਚ ਖੂਹਾਂ ‘ਤੇ ਜਾਂ ਖੇਤਾਂ ਵਿੱਚ ਬਣਾਏ ਹੋਏ ਧਾਰਮਿਕ ਅਸਥਾਨਾਂ ‘ਤੇ ਦੀਵੇ ਜਾਂ ਧੂਪ ਆਦਿ ਜਗਾ ਦਿੰਦੇ ਹਾਂ , ਜੋ ਕਿ ਬਾਅਦ ਵਿੱਚ ਤੇਜ਼ ਹਨੇਰੀ ਚੱਲਣ ਆਦਿ ਨਾਲ ਆਲੇ – ਦੁਆਲੇ ਦੇ ਖੇਤਰ ਵਿੱਚ ਅੱਗ ਲੱਗਣ ਦਾ ਕਾਰਨ ਬਣ ਸਕਦਾ ਹੈ । ਇਸ ਬਾਰੇ ਵੀ ਜੇਕਰ ਅਸੀਂ ਥੋੜ੍ਹਾ ਧਿਆਨ ਰੱਖੀਏ ਤਾਂ ਕੋਈ ਵੀ ਮੰਦਭਾਗੀ ਘਟਨਾ ਨਹੀਂ ਵਾਪਰ ਸਕੇਗੀ । ਇਸ ਤੋਂ ਇਲਾਵਾ ਜੇਕਰ ਅਜਿਹੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਸਾਡੇ ਕੋਲ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਫਾਇਰ ਬ੍ਰਿਗੇਡ ਆਦਿ ਦਾ ਸੰਪਰਕ ਨੰਬਰ ਵੀ ਆਪਣੇ ਕੋਲ ਰੱਖਣਾ ਚਾਹੀਦਾ ਹੈ , ਤਾਂ ਜੋ ਮਾਨਵਤਾ ਦਿਖਾਉਂਦੇ ਹੋਏ ਅਸੀਂ ਬੇਲੋੜੀ ਲੱਗਣ ਵਾਲੀ ਅੱਗ ਤੋਂ ਆਪਣਾ , ਵਾਤਾਵਰਣ ਅਤੇ ਇਨ੍ਹਾਂ ਪੰਛੀ -ਪਰਿੰਦਿਆਂ ਅਤੇ ਜੀਵ – ਜੰਤੂਆਂ ਦਾ ਬਚਾਅ ਕਰ ਸਕੀਏ ।
ਇਸ ਵਿੱਚ ਹੀ ਸਾਡਾ ਤੇ ਵਾਤਾਵਰਨ ਦਾ ਭਲਾ ਹੋ ਸਕਦਾ ਹੈ । ਇਸ ਤੋਂ ਇਲਾਵਾ ਜੇਕਰ ਅਸੀਂ ਛੋਟੀਆਂ – ਛੋਟੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਵੀ ਸਾਡੇ ਆਲੇ – ਦੁਆਲੇ , ਜੰਗਲ , ਬੂਟੀ , ਆਦਿ ਨੂੰ ਅੱਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ। ਜਿਵੇਂ ਕਿ ਬੀੜੀ , ਸਿਗਰਟ ਆਦਿ ਪੀਣ ਵਾਲੇ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਉਹ ਬੀੜੀ – ਸਿਗਰਟ ਦਾ ਉਪਯੋਗ ਕਰਨ ਸਮੇਂ ਮਾਚਿਸ ਦੀ ਤੀਲੀ ਆਦਿ ਨੂੰ ਚੰਗੀ ਤਰ੍ਹਾਂ ਬੁਝਾ ਕੇ ਹੀ ਸੁੱਟਣ ਅਤੇ ਬੀੜੀ – ਸਿਗਰਟ ਦੀ ਵਰਤੋਂ ਕਰਨ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਬੁਝਾ ਕੇ ਹੀ ਸੁੱਟਣ। ਜਿਹੜੇ ਘਰਾਂ ਵਿੱਚ , ਹੋਟਲਾਂ , ਢਾਬਿਆਂ , ਦੁਕਾਨਾਂ ਆਦਿ ਵਿੱਚ ਕੋਲੇ, ਪੱਥਰ ਦੇ ਕੋਲੇ ਜਾਂ ਲੱਕੜ ਦੇ ਬਾਲਣ ਦਾ ਪ੍ਰਯੋਗ ਹੁੰਦਾ ਹੈ, ਉਨ੍ਹਾਂ ਨੂੰ ਇਹ ਧਿਆਨ ਰੱਖਣਾ ਬਣਦਾ ਹੈ ਕਿ ਗਰਮੀਆਂ ਵਿੱਚ ਹਨੇਰੀਆਂ ਕਾਫੀ ਆਉਂਦੀਆਂ ਹਨ , ਇਸ ਲਈ ਉਹ ਲੱਕੜ ਦੀ ਅੱਗ, ਕੋਲਿਆਂ ਦੀ ਅੱਗ ਨੂੰ ਉਪਯੋਗ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਢੱਕ ਕੇ ਰੱਖਣ ਖਾਸ ਤੌਰ ‘ਤੇ ਰਾਤ ਨੂੰ , ਤਾਂ ਜੋ ਹਨੇਰੀ ਆਦਿ ਆਉਣ ਦੀ ਸੂਰਤ ਵਿੱਚ ਇਹ ਅੱਗ ਉੱਡ ਕੇ ਨੇੜੇ – ਤੇੜੇ ਜੰਗਲ , ਬੂਟੀ , ਘਾਹ ਜਾਂ ਕਿਸੇ ਦੀ ਝੁੱਗੀ – ਝੌਂਪੜੀ , ਕੁੱਪ , ਕੁੰਨੂੰ ਆਦਿ ਨੂੰ ਨੁਕਸਾਨ ਨਾ ਪਹੁੰਚਾ ਸਕੇ।
ਇਸ ਤੋਂ ਇਲਾਵਾ ਆਪਣੇ ਆਲੇ – ਦੁਆਲੇ ਘਾਹ – ਬੂਟੀ ਆਦਿ ਨੂੰ ਸਾਫ਼ – ਸਫ਼ਾਈ ਦੇ ਤੌਰ ‘ਤੇ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ; ਕਿਉਂਕਿ ਗਰਮੀਆਂ ਦੇ ਦਿਨਾਂ ਵਿੱਚ ਸਾਫ਼ – ਸਫ਼ਾਈ ਦੇ ਤੌਰ ‘ਤੇ ਲਗਾਈ ਹੋਈ ਅੱਗ ਕਦੋਂ ਅਚਾਨਕ ਫੈਲ ਜਾਵੇ ਇਸ ਦਾ ਪਤਾ ਹੀ ਨਹੀਂ ਚੱਲਦਾ। ਸੋ ਬਿਹਤਰ ਇਹੋ ਹੋਵੇਗਾ ਕਿ ਕਿਸੇ ਵੀ ਦੁਰਘਟਨਾ ਲਈ ਦੂਸਰੇ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਪਹਿਲਾਂ ਅਸੀਂ ਆਪ ਸੁਚੇਤ ਹੋ ਜਾਈਏ ਅਤੇ ਉਸ ਦੇ ਬਚਾਅ ਦੇ ਲਈ ਯਥਾਸੰਭਵ ਉਪਰਾਲੇ ਕਰੀਏ ਅਤੇ ਮਾਨਵਤਾ ਧਰਮ ਨਿਭਾਈਏ । ਇਹੋ ਇਨਸਾਨੀਅਤ ਹੈ ਤੇ ਇਹੋ ਕੁਦਰਤ ਨਾਲ ਸੱਚਾ ਪਿਆਰ ਹੈ ।
ਸਟੇਟ ਅੇੈਵਾਰਡੀ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
( ਸਾਹਿਤ ਦੇ ਖੇਤਰ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ )
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly