ਆਓ ! ਭੋਜਨ ਦੀ ਬੇਕਦਰੀ ਕਰਨ ਤੋਂ ਬਚੀਏ……”

(ਸਮਾਜ ਵੀਕਲੀ)- ਅਨਾਜ ਨੂੰ ਪਰਮਾਤਮਾ ਦਾ ਦੂਜਾ ਰੂਪ ਮੰਨਿਆ ਗਿਆ ਹੈ। ਅਨਾਜ ਹੀ ਹਰ ਜੀਵ – ਜੰਤੂ ਤੇ ਪ੍ਰਾਣੀ ਦੇ ਜੀਵਨ ਦਾ ਮੂਲ ਆਧਾਰ ਹੈ। ਜਦੋਂ ਵੀ ਫ਼ਸਲ ਘਰ ਆਉਂਦੀ ਹੈ ਤਾਂ ਕਿਸਾਨ ਆਪਣੇ – ਆਪਣੇ ਢੰਗ ਤਰੀਕੇ ਅਨੁਸਾਰ ਅਨਾਜ ਦੇਣ ਲਈ ਪਰਮਾਤਮਾ ਦਾ ਦਿਲੋਂ ਸ਼ੁਕਰਾਨਾ ਕਰਦੇ ਹਨ ; ਕਿਉਂਕਿ ਇਹ ਕਿਸਾਨ ਦੀ ਲੰਬੇ ਸਮੇਂ ਤੱਕ ਕੀਤੀ ਗਈ ਅਣਥੱਕ ਮਿਹਨਤ ਦਾ ਹੀ ਫਲ ਹੁੰਦਾ ਹੈ। ਇਹ ਅਨਾਜ ਹੀ ਹੈ ਜੋ ਸਭ ਪ੍ਰਾਣੀਆਂ , ਮਾਨਵ ਜਾਤੀ ਅਤੇ ਪਸ਼ੂ – ਪੰਛੀਆਂ ਨੂੰ ਜੀਵਨ ਪ੍ਰਦਾਨ ਕਰਦਾ ਹੈ।

ਅਨਾਜ ਤੋਂ ਬਿਨਾਂ ਮਾਨਵ ਜਾਤੀ ਦੀ ਕਲਪਨਾ ਕਰਨਾ ਵੀ ਮੁਸ਼ਕਿਲ ਹੈ , ਪਰ ਵਿਆਹਾਂ – ਸ਼ਾਦੀਆਂ , ਵੱਡੀਆਂ – ਵੱਡੀਆਂ ਪਾਰਟੀਆਂ , ਮੇਲਿਆਂ , ਮੀਟਿੰਗਾਂ , ਦੁੱਖ – ਸੁੱਖ ਦੇ ਪ੍ਰੋਗਰਾਮਾਂ ਆਦਿ ਵਿੱਚ ਅਨਾਜ /ਭੋਜਨ ਦੀ ਬੇਕਦਰੀ ਅਤੇ ਦੁਰਵਰਤੋਂ ਆਮ ਦੇਖੀ ਜਾਂਦੀ ਹੈ। ਜੋ ਕਿ ਜਾਣੇ – ਅਣਜਾਣੇ ਵਿੱਚ ਕੀਤਾ ਜਾ ਰਿਹਾ ਬਹੁਤ ਵੱਡਾ ਅਪਰਾਧ ਜਾਂ ਪਾਪ ਹੈ। ਸਾਨੂੰ ਆਪਣੇ ਘਰ ਵਿੱਚ ਜਾਂ ਹੋਰ ਬਾਹਰਲੇ ਫੰਕਸ਼ਨਾਂ , ਪਾਰਟੀਆਂ , ਲੰਗਰਾਂ ਜਾਂ ਵਿਆਹਾਂ ਆਦਿ ਵਿੱਚ ਆਪਣੀ ਥਾਲੀ ਵਿੱਚ ਜ਼ਰੂਰਤ ਅਨੁਸਾਰ ਹੀ ਭੋਜਨ ਪਾਉਣਾ ਚਾਹੀਦਾ ਹੈ ਅਤੇ ਵਾਧੂ / ਜ਼ਿਆਦਾ ਭੋਜਨ ਥਾਲੀ ਵਿੱਚ ਪਾ ਕੇ ਬਾਅਦ ਵਿੱਚ ਇੱਧਰ – ਉੱਧਰ ਸੁੱਟਣ ਤੋਂ ਬਚਣਾ ਚਾਹੀਦਾ ਹੈ ।

ਨਵੇਂ ਭੋਜਨ ਪਦਾਰਥ ਖ਼ਰੀਦਣ ਤੋਂ ਪਹਿਲਾਂ ਘਰ ਵਿੱਚ ਪਏ ਹੋਏ ਭੋਜਨ ਪਦਾਰਥ ਦੇਖ ਲੈਣੇ ਚਾਹੀਦੇ ਹਨ ਤਾਂ ਜੋ ਬੇਲੋੜੀ ਖ਼ਰੀਦਦਾਰੀ ਤੋਂ ਵੀ ਬਚਿਆ ਜਾ ਸਕੇ ਅਤੇ ਸਾਡੇ ਸਮੇਂ ਤੇ ਧਨ ਦੀ ਬੱਚਤ ਹੋ ਸਕੇ। ਵਾਧੂ ਪਿਆ/ ਬਣਿਆ ਭੋਜਨ ਕਿਸੇ ਲੋੜਵੰਦ , ਭੁੱਖੇ ਜਾਂ ਦੁਖੀ ਵਿਅਕਤੀ ਨੂੰ ਦੇ ਕੇ ਉਸ ਦੀ ਭੁੱਖ ਮਿਟਾ ਕੇ ਸੰਤੁਸ਼ਟੀ ਕਰ ਦੇਣੀ ਚਾਹੀਦੀ ਹੈ। ਭੋਜਨ ਖਾ ਲੈਣ ਤੋਂ ਬਾਅਦ ਜੇਕਰ ਕਿਸੇ ਕਾਰਨ ਸਦਕਾ ਥਾਲ਼ੀ ਵਿੱਚ ਜੂਠਾ /ਵਾਧੂ ਭੋਜਨ ਬਚ ਜਾਵੇ ਤਾਂ ਗਲੀਆਂ , ਨਾਲੀਆਂ , ਕੂੜੇਦਾਨਾਂ ਵਿੱਚ ਜਾਂ ਇੱਧਰ – ਉੱਧਰ ਸੁੱਟਣ ਦੇਣ ਦੀ ਥਾਂ ਦਰੱਖਤਾਂ ਆਦਿ ਦੇ ਹੇਠਾਂ ਜਾਂ ਵਿਰਾਨ ਥਾਵਾਂ ਦੇ ਕੋਲ਼ ਰੱਖ ਦੇਣਾ ਚਾਹੀਦਾ ਹੈ ਤਾਂ ਜੋ ਪਸ਼ੂ – ਪੰਛੀ ਪ੍ਰਾਣੀ ਆਦਿ ਉਸ ਦੀ ਸਹੀ ਵਰਤੋਂ ਕਰ ਸਕੇ। ਭਾਵੇਂ ਕਿ ਇਹ ਇੱਕ ਛੋਟੀ ਜਿਹੀ ਗੱਲ ਨਜ਼ਰ ਆਉਂਦੀ ਹੈ , ਪਰ ਜੇਕਰ ਅਸੀਂ ਸਾਰੇ ਥੋੜ੍ਹਾ ਜਿਹਾ ਇਸ ਪਾਸੇ ਧਿਆਨ ਦੇਈਏ ਤਾਂ ਇਸ ਨਾਲ ਕਈ ਕੁਇੰਟਲ ਅਨਾਜ ਬਚ ਸਕੇਗਾ , ਦੇਸ਼ ਵਿਚੋਂ ਭੁੱਖਮਰੀ ਦੀ ਸਮੱਸਿਆ ਵੀ ਦੂਰ ਹੋ ਸਕਦੀ ਹੈ ਤੇ ਬਿਨਾਂ ਕੁੱਝ ਵੱਖਰਾ ਖਰਚ ਕੀਤੇ ਜੀਵ – ਜੰਤੂਆਂ ਤੇ ਪੰਛੀਆਂ ਦਾ ਭਲਾ ਵੀ ਹੋ ਸਕਦਾ ਹੈ। ਲੋੜ ਹੈ ਇਸ ਵੱਲ ਇੱਕ ਕਦਮ ਵਧਾਉਣ ਦੀ…….

 

ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਚਿਓ ! ਆਓ ਗਿਆਨ ਵਧਾਈਏ….
Next articleਮੇਰੀ ਸੋਚ