ਪਲਕਪ੍ਰੀਤ ਕੌਰ ਬੇਦੀ
(ਸਮਾਜ ਵੀਕਲੀ) ਅਸੀਂ ਨਵੇਂ ਸਾਲ ਦੀ ਦਹਿਲੀਜ਼ ‘ਤੇ ਖੜ੍ਹੇ ਹਾਂ। ਇਹ ਸਮਾਂ ਸਿਰਫ਼ ਕੈਲੰਡਰ ਦੇ ਬਦਲਣ ਦਾ ਹੀ ਨਹੀਂ ਹੈ, ਸਗੋਂ ਜ਼ਿੰਦਗੀ ਦਾ ਇੱਕ ਨਵੀਂ ਦਿਸ਼ਾ ਵੱਲ ਵਧਣ ਦਾ ਸੰਕੇਤ ਵੀ ਹੈ। ਹਰ ਨਵਾਂ ਸਾਲ ਆਪਣੇ ਨਾਲ ਨਵੇਂ ਸੰਕਲਪ, ਨਵੇਂ ਮੌਕੇ ਅਤੇ ਨਵੀਆਂ ਉਮੀਦਾਂ ਲਿਆਉਂਦਾ ਹੈ। ਇਹ ਉਹ ਸਮਾਂ ਹੈ ਜਦੋਂ ਅਸੀਂ ਪਿਛਲੇ ਸਾਲ ਦੇ ਤਜਰਬਿਆਂ, ਚੁਣੌਤੀਆਂ ਅਤੇ ਸਫਲਤਾਵਾਂ ਤੋਂ ਸਿੱਖਦੇ ਹੋਏ ਭਵਿੱਖ ਦੀ ਰਚਨਾਂ ਕਰਨ ਲਈ ਦ੍ਰਿੜ੍ਹ ਸੰਕਲਪ ਕਰਦੇ ਹਾਂ। ਨਵਾਂ ਸਾਲ ਸਾਡੇ ਲਈ ਇੱਕ ਪ੍ਰੇਰਣਾਦਾਇਕ ਯਾਤਰਾ ਦੀ ਸ਼ੁਰੂਆਤ ਹੈ। ਅਸੀਂ ਆਪਣੇ ਅਤੀਤ ਦੀਆਂ ਗਲਤੀਆਂ ਅਤੇ ਅਸਫਲਤਾਵਾਂ ਨੂੰ ਪਿੱਛੇ ਛੱਡਕੇ ਨਵੀਆਂ ਦਿਸ਼ਾਵਾਂ ਵਿੱਚ ਅੱਗੇ ਵਧਦੇ ਹਾਂ। ਜਿਵੇਂ ਰੁੱਤਾਂ ਬਦਲਦੀਆਂ ਹਨ, ਠੀਕ ਉਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ‘ਚ ਵੀ ਇਸ ਦਿਨ ਨਵੀਆਂ ਉਮੀਦਾ ਦੇ ਰੰਗ ਭਰੇ ਜਾਂਦੇ ਹਨ। ਨਵਾਂ ਸਾਲ ਸਾਨੂੰ ਸਿਰਫ਼ ਗਿਣਤੀ ਦੇ ਦਿਨ ਹੀ ਨਹੀਂ ਦੇਂਦਾ, ਸਗੋਂ ਇੱਕ ਮੌਕਾ ਦੇਂਦਾ ਹੈ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ। ਇਹ ਸਾਡੇ ਅੰਦਰ ਦੇ ਅਣਗਿਣਤ ਸੁਪਨਿਆਂ ਨੂੰ ਜਗਾਉਂਦਾ ਹੈ ਅਤੇ ਸਾਨੂੰ ਹੌਸਲਿਆਂ ਦੀ ਉੱਡਾਨ ਭਰਨ ਲਈ ਤਿਆਰ ਕਰਦਾ ਹੈ। ਹਰ ਨਵਾਂ ਸਾਲ ਸਾਨੂੰ ਇੱਕ ਸੁੰਦਰ ਸੰਦੇਸ਼ ਦੇਂਦਾ ਹੈ ਕਿ ਜੀਵਨ ਵਿੱਚ ਹਮੇਸ਼ਾ ਅੱਗੇ ਵਧਦੇ ਰਹੋ। ਜੇਕਰ ਪਿਛਲੇ ਸਾਲ ਵਿੱਚ ਕੁਝ ਗਲਤੀਆਂ ਹੋਈਆਂ ਹਨ, ਤਾਂ ਇਹ ਸਮਾਂ ਹੈ ਉਨ੍ਹਾਂ ਤੋਂ ਸਿੱਖਣ ਦਾ, ਜੇਕਰ ਸਫਲਤਾਵਾਂ ਮਿਲੀਆਂ ਹਨ, ਤਾਂ ਉਹ ਸਾਡੀ ਉਮੀਦਾਂ ਨੂੰ ਹੋਰ ਉਚਾਈਆਂ ਤੱਕ ਲਿਜਾਣ ਲਈ ਪ੍ਰੇਰਿਤ ਕਰਦੀਆਂ ਹਨ। ਪਿਛਲੇ ਸਾਲ ਦੇ ਚੰਗੇ-ਬੁਰੇ ਤਜਰਬੇ ਸਾਨੂੰ ਨਵਾਂ ਰਾਹ ਦਿਖਾਉਂਦੇ ਹਨ ਅਤੇ ਸਾਨੂੰ ਬਿਹਤਰ ਬਣਾਉਂਦੇ ਹਨ। ਨਵੇਂ ਸਾਲ ਦੀ ਸ਼ੁਰੂਆਤ ਸਿਰਫ਼ ਇਕ ਜਸ਼ਨ ਮਨਾਉਣ ਦਾ ਮੌਕਾ ਹੀ ਨਹੀਂ, ਸਗੋਂ ਇੱਕ ਸੰਜੀਦਾ ਮੌਕਾ ਹੈ ਜਦੋਂ ਅਸੀਂ ਆਪਣੇ ਮਨ ਨੂੰ ਸ਼ਾਂਤੀ ਦਿੰਦੇ ਹੋਏ ਅਤੇ ਆਪਣੀਆਂ ਉਮੀਦਾ ਨੂੰ ਦੁਬਾਰਾ ਤਹਿ ਕਰਦੇ ਹਾਂ। ਇਹ ਸਮਾਂ ਹੈ ਆਪਣੇ ਮਨ ਨੂੰ ਮਜ਼ਬੂਤ ਬਣਾਉਣ ਦਾ, ਉਹ ਸਭ ਕੁਝ ਹਾਸਿਲ ਕਰਨ ਦਾ ਜੋ ਸਾਡੇ ਲਈ ਮਹੱਤਵਪੂਰਨ ਹੈ। ਨਵਾਂ ਸਾਲ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਦੀ ਹਰ ਘੜੀ ਕੀਮਤੀ ਹੈ ਅਤੇ ਹਰ ਦਿਨ ਵਿੱਚ ਕੋਈ ਨਾ ਕੋਈ ਖੂਬਸੂਰਤੀ ਲੁੱਕੀ ਹੋਈ ਹੈ। ਅਸੀਂ ਜਦੋਂ ਨਵੇਂ ਸਾਲ ਦੇ ਸਵਾਗਤ ਲਈ ਤਿਆਰੀ ਕਰਦੇ ਹਾਂ, ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ਼ ਵਾਅਦੇ ਕਰਨ ਨਾਲ ਕੁਝ ਨਹੀਂ ਬਦਲਦਾ। ਉਹ ਵਾਅਦੇ ਤਦ ਹੀ ਪੂਰੇ ਹੁੰਦੇ ਹਨ ਜਦੋਂ ਅਸੀਂ ਉਨ੍ਹਾਂ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਇਰਾਦਾ ਅਤੇ ਮਿਹਨਤ ਕਰਦੇ ਹਾਂ। ਨਵੇਂ ਸਾਲ ਦੀ ਆਮਦ ਸਾਨੂੰ ਇਹ ਮੌਕਾ ਦਿੰਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਸ਼ੁਕਰਗੁਜ਼ਾਰ ਹੋਈਏ, ਉਹਨਾਂ ਪਲਾਂ ਦੀ ਕਦਰ ਕਰੀਏ ਜਿਨ੍ਹਾਂ ਨੇ ਸਾਨੂੰ ਸਿਖਾਇਆ ਅਤੇ ਉਨ੍ਹਾਂ ਸਮਿਆਂ ਦਾ ਜਸ਼ਨ ਮਨਾਈਏ ਜਿਨ੍ਹਾਂ ਨੇ ਸਾਨੂੰ ਖੁਸ਼ੀਆਂ ਦਿੱਤੀਆਂ। ਸੋ ਆਉ, ਨਵੇਂ ਸਾਲ ਨੂੰ ਜੀ ਆਇਆਂ ਕਹਿੰਦੇ ਹੋਏ ਹੌਸਲੇ ਨਾਲ ਅੱਗੇ ਵਧੀਏ, ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰੀਏ, ਨਵੀਆਂ ਸਿੱਖਿਆਵਾਂ ਹਾਸਲ ਕਰੀਏ, ਅਤੇ ਆਪਣੀ ਜ਼ਿੰਦਗੀ ਨੂੰ ਅਜਿਹੀ ਬਣਾਈਏ ਕਿ ਹਰ ਦਿਨ ਇੱਕ ਨਵੇਂ ਸਫਰ ਵਾਂਗ ਲੱਗੇ। ਸਾਡੀ ਜ਼ਿਦੰਗੀ ‘ਚ ਨਵਾਂ ਸਾਲ ਸਿਰਫ਼ ਇੱਕ ਸ਼ੁਰੂਆਤ ਹੀ ਨਹੀਂ, ਸਗੋਂ ਇੱਕ ਨਵਾਂ ਸਬਕ ਵੀ ਹੈ।
ਪਲਕਪ੍ਰੀਤ ਕੌਰ ਬੇਦੀ ਕੇ,ਐਮ.ਵੀ. ਕਾਲਜੀਏਟ
ਸੀਨੀਅਰ ਸੈਕੰਡਰੀ ਸਕੂਲ, ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj