ਵੈਦ ਬਲਵਿੰਦਰ ਸਿੰਘ ਢਿੱਲੋ
(ਸਮਾਜ ਵੀਕਲੀ) ਲੋਕ ਕਹਿੰਦੇ ਨੇ ਕਿ ਤੂੰ ਅਪਣੇ ਹੀ ਧਰਮ ਦੇ ਖਿਲਾਫ ਬੋਲਦਾ ਹੈ। ਜਦੋਂ ਮੇਰੇ ਆਪਣੇ ਘਰ ਦੀਆਂ ਪੌੜੀਆਂ ਮੈਲੀਆਂ ਹਨ ਤਾਂ ਮੈਂ ਗੁਆਂਢੀਆਂ ਦੀ ਛੱਤ ‘ਤੇ ਪਈ ਗੰਦਗੀ ਦੀ ਆਲੋਚਨਾ ਕਰ ਹੀ ਨਹੀਂ ਸਕਦਾ।ਮੈਂ ਕਿਸੇ ਧਰਮ ਖਿਲਾਫ ਨਹੀਂ ਬਲਕਿ ਧਾਰਮਿਕ ਪੱਖ ਤੋਂ ਕੀਤੇ ਜਾਂਦੇ ਪਾਖੰਡਾਂ ਦੇ ਖਿਲਾਫ ਹਾਂ। ਆਪਾਂ ਕਿਉਂ ਕਹੀਏ ਕਿ ਦੂਜੇ ਧਰਮ ਮਾੜੇ ਹਨ। ਹਾਂ ਜਿਹੜੇ ਪਾਖੰਡ ਕਰਦੇ ਹਨ, ਉਹ ਗਲਤ ਹੋ ਸਕਦੇ ਹਨ। ਆਪਾਂ ਕਿਉਂ ਕਹੀਏ ਕਿ ਯਿਸ਼ੂ ਨੇ ਰੱਬ ਨੂੰ ਉਲਾਂਭਾ ਦਿੱਤਾ ਸੀ। ਕੀ “ਏਤੀ ਮਾਰ ਪਈ ਕੁਰਲਾਣੈ, ਤੈਂ ਕੀ ਦਰਦੁ ਨਾ ਆਇਆ” ਰੱਬ ਨੂੰ ਉਲਾਂਭਾ ਨਹੀਂ ਸੀ??? ਅਸੀਂ ਕਿਉਂ ਕਹੀਏ ਕਿ ਇਹ ਗੱਲ ਵਿੱਚ ਲੌਕਟ ਪਾਉਂਦੇ ਹਨ। ਕੀ ਖੰਡੇ ਅਤੇ ਏਕ ਓਂਕਾਰ ਦੇ ਲੌਕਟ ਅਤੇ ਟੈਟੂਆਂ ਤੋਂ ਆਪਾਂ ਵਾਂਝੇ ਰਹੇ ਹਾਂ??? ਅਸੀਂ ਨਹੀਂ ਕਹਿ ਸਕਦੇ ਕਿ ਤੁਸੀਂ ਪਾਖੰਡ ਕਰਦੇ ਹੋ। ਕੀ ਅਸੀਂ ਪਾ ਕੇ ਗਾਤਰੇ ਪੁੱਛਾਂ ਦੇਣ ਵਾਲਿਆਂ ਸਾਧਾਂ-ਪਾਖੰਡੀਆਂ ਕੋਲ ਨਹੀਂ ਜਾਂਦੇ??? ਅਸੀਂ ਕਿਹੜੇ ਮੂੰਹ ਨਾਲ ਬੇਅਦਬੀ ਦੀਆਂ ਗੱਲਾਂ ਕਰ ਸਕਦੇ ਹਾਂ। ਕੀ ਪਿੰਡਾਂ ਦਿਆਂ ਡੇਰਿਆਂ ਵਿੱਚ ਬੇਅਦਬੀਆਂ ਨਹੀਂ ਹੋ ਰਹੀਆਂ? ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਸਾਧ-ਪਾਖੰਡੀ ਨੂੰ ਪੂਜਣਾ ਬੇਅਦਬੀ ਨਹੀਂ??? ਯਿਸ਼ੂ ਨੂੰ ਮੰਨਣ ਵਾਲੇ ਪ੍ਰਮੇਸ਼ਵਰ ਨੂੰ (pray) ਅਰਦਾਸ ਕਰਦੇ ਹਨ ਕਿ ਸਾਡੀ ਇਹ ਇੱਛਾ ਪੂਰੀ ਹੋ ਜਾਵੇ। ਕੀ ਆਪਾਂ 51 ਜਾਂ 101 ਰੁਪਏ ਦੀ ਦੇਗ ਸੁੱਖ ਕੇ ਅਰਦਾਸਾਂ ਨਹੀਂ ਕਰਵਾਉਂਦੇ??? ਆਪਾਂ ਪਾਠਾਂ ਦੀਆਂ ਲੜੀਆਂ ਚਲਾ ਦਿੰਦੇ ਹਾਂ, ਸਹਿਜ ਪਾਠ ਰਖਵਾ ਲੈਂਦੇ ਹਾਂ, ਕੀ ਅਸੀਂ ਕਦੇ ਕੋਲ ਬਹਿ ਕੇ ਸੁਣਦੇ ਹਾਂ??? ਆਰਕੈਸਟਰਾ ਵਾਲੀ ‘ਤੇ ਆਪਾਂ ਨੋਟਾਂ ਦੀ ਬੌਛਾੜ ਕਰ ਦਿੰਦੇ ਹਾਂ ਤੇ ਕੀ ਅਰਦਾਸ ਕਰਨ ਵਾਲੇ ਭਾਈ ਜੀ ਨਾਲ ਆਪਾਂ ਬਾਰਗੇਨਿੰਗ ਨਹੀਂ ਕਰਦੇ???
ਨਾ ਹੀ ਆਪਾਂ ਹਿੰਦੂ ਧਰਮ ਨੂੰ ਮਾੜਾ ਬੋਲ ਸਕਦੇ ਹਾਂ। ਤੁਸੀਂ ਕਰੋ ਗੱਲ ਕਿ ਮੂਰਤੀਆਂ ਪੂਜਦੇ ਹਨ। ਕੀ ਮੂਰਤੀਆਂ ਦਾ ਖੰਡਨ ਕਰਨ ਵਾਲੀ ਪਹਿਲੀ ਪਾਤਸ਼ਾਹੀ ਦੀਆਂ ਮੂਰਤੀਆਂ ਸ਼ਰੇਆਮ ਨਹੀਂ ਵੇਚੀਆਂ-ਖਰੀਦੀਆਂ ਜਾ ਰਹੀਆਂ??? ਮੂਰਤੀਆਂ ਨੂੰ ਦੁੱਧ ਪਿਆਉਣ ਦੀ ਗੱਲ ਕਰਦੇ ਹਾਂ ਅਸੀਂ। ਕੀ ਅਸੀਂ ਦੁੱਧ ਜਾਂ ਕੱਚੀ ਲੱਸੀ ਨਾਲ ਗੁਰੂ ਅਸਥਾਨ ਨੂੰ ਨਹੀਂ ਧੋਂਦੇ??? ਜੇ ਆਪਣੇ ਲਈ ਹਾਲੇਲੁਈਆ, ਰਾਮ, ਅਲਾੱਹ ਮਾੜਾ ਹੈ ਤਾਂ ਉਹਨਾਂ ਨੂੰ ਕਿਵੇਂ ਕਹਿ ਦਈਏ ਕਿ ਸਾਡੇ ਵਾਹਿਗੁਰੂ ਨੂੰ ਚੰਗਾ ਹੀ ਕਹੋ ਮਾੜਾ ਨਾ ਕਹੋ। ਉਹ ਤੀਰਥਾਂ ‘ਤੇ ਜਾਂਦੇ ਵੀ ਆਪਾਂ ਨੂੰ ਚੁੱਭਦੇ ਹਨ, ਤੇ ਕੀ ਆਪਾਂ ਹਜ਼ੂਰ ਸਾਹਿਬ, ਹੇਮਕੁੰਟ ਨਹੀਂ ਜਾਂਦੇ??? ਉਹਨਾਂ ਦੇ ਜਨੇਉ ਤੇ ਬੋਦੀਆਂ ਆਪਾਂ ਨੂੰ ਪਸੰਦ ਨਹੀਂ ਤਾਂ ਕਿਵੇਂ ਕਹਿ ਦਈਏ ਕਿ ਸਾਡੇ ਗਾਤਰੇ ਤੇ ਜੂੜੇ ਦੀ ਇੱਜ਼ਤ ਕਰੋ। ਉਹਨਾਂ ਦੀਆਂ ਬਲੀਆਂ ਵੇਲੇ ਸਾਨੂੰ ਜੀਵ ਹੱਤਿਆ ‘ਤੇ ਤਰਸ ਆਉਂਦੈ ਤਾਂ ਕੀ ਆਪਾਂ ਹਜ਼ੂਰ ਸਾਹਿਬ ਬੱਕਰੇ ਨਹੀਂ ਝੱਟਕਾਉਂਦੇ??? ਅਸੀਂ ਸਰੋਵਰ ‘ਚ ਇਸ਼ਨਾਨ ਕਰੀਏ ਤਾਂ ਅਸੀਂ ਰੋਗ ਮੁਕਤ ਹੋ ਜਾਂਦੇ ਹਾਂ, ਸਾਡੀਆਂ ਅੱਖਾਂ ਦੀ ਰੌਸ਼ਨੀ ਵਾਪਿਸ ਆ ਜਾਂਦੀ ਐ ਤਾਂ ਇਹੀ ਚਮਤਕਾਰ ਜਦੋਂ ਦੂਜੇ ਕਰਨ ਤਾਂ ਆਪਾਂ ਨੂੰ ਤਕਲੀਫ ਕਿਉਂ ਹੁੰਦੀ ਹੈ??? ਕਿਸੇ ਗੁਰੂ ਸਾਹਿਬਾਨ ਨੇ ਇਹ ਨਹੀਂ ਕਿਹਾ ਕਿ ਜੇ ਤੁਹਾਡੇ ਕਿਸੇ ਨਾਲ ਵਿਚਾਰਕ ਮੱਤਭੇਦ ਹਨ ਤਾਂ ਉਸਨੂੰ ਮਾਂ-ਭੈਣ ਦੀਆਂ ਗਾਲ੍ਹਾਂ ਕੱਢੋ ਜਾਂ ਹਥਿਆਰ ਚੁੱਕ ਲਵੋ। ਕੌਮ ਖਾਤਿਰ ਤਲਵਾਰਾਂ ਚੁੱਕੋ ਪਰ ਪਹਿਲਾਂ ਆਪਣੀ ਕੌਮ ਨੂੰ ਇੱਕ ਤਾਂ ਕਰ ਲਵੋ। ਦੂਜਿਆਂ ਨੂੰ ਆਪਣੇ ਧਰਮ ਨਾਲ ਜੋੜਨ ਤੋਂ ਪਹਿਲਾਂ ਖੁੱਦ ਆਪਣੇ ਧਰਮ ਵਿੱਚ ਆਏ ਪਾਖੰਡਾਂ ਨੂੰ ਤਾਂ ਖਤਮ ਕਰ ਲਈਏ।
ਤੁਹਾਡੇ ਗਾਤਰੇ, ਬਾਣੀ ਅਤੇ ਬਾਣੇ, ਕਰੌਸ ਵਾਲੇ ਲੌਕਟ, ਮੂਰਤੀ ਪੂਜਾ, ਜਾਂ ਕੋਈ ਵੀ ਧਾਰਮਿਕ ਰਿਵਾਜ਼ ਉਦੋਂ ਤੱਕ ਸਿਰਫ ਡਰਾਮਾ ਅਤੇ ਬੇਤੁਕਾ ਹੈ, ਜਦੋਂ ਤੱਕ ਤੁਹਾਨੂੰ ਇਨਸਾਨੀਅਤ ਬਾਰੇ ਹੀ ਨਹੀਂ ਪਤਾ। ਤੁਹਾਡੇ ਵਿੱਚ ਸਬਰ-ਸੰਤੋਖ ਨਹੀਂ, ਤੁਹਾਨੂੰ ਦੂਜਿਆਂ ਨਾਲ ਗੱਲ ਕਰਨ ਦੀ ਲਿਆਕਤ ਨਹੀਂ, ਤੁਸੀਂ ਇੱਕ ਚੰਗੇ ਅਤੇ ਇਮਾਨਦਾਰ ਇਨਸਾਨ ਨਹੀਂ ਤਾਂ ਲਾਹਨਤ ਹੈ ਤੁਹਾਡੇ ਧਾਰਮਿਕ ਹੋਣ ‘ਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly