HOME ਆ ਵੇਖ ਬਾਬਾ ਨਾਨਕਾ 

ਆ ਵੇਖ ਬਾਬਾ ਨਾਨਕਾ 

ਗੁਰੂ ਨਾਨਕ ਸਾਹਿਬ
ਗੁਰਜਿੰਦਰ ਸਿੰਘ ਸਾਹਦੜਾ

 (ਸਮਾਜ ਵੀਕਲੀ)   ਸਿੱਖ ਧਰਮ ਦੇ ਮੋਢੀ ਤੇ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਇਆ ਤੇ ਹਰ ਵਾਰ ਦੀ ਤਰਾਂ ਇਸ ਸਾਲ ਵੀ ਪੂਰੀ ਸ਼ਰਧਾ ਤੇ ਸੇਵਾ ਭਾਵਨਾ ਨਾਲ ਮਨਾਇਆ ਗਿਆ। ਵੱਖ-ਵੱਖ ਥਾਵਾਂ ਤੇ ਨਗਰ ਕੀਰਤਨ ਸਜਾਏ ਗਏ ਤੇ ਗੁਰਦੁਆਰਿਆਂ ਵਿੱਚ ਸ਼੍ਰੀ ਆਖੰਡ ਪਾਠ ਸਾਹਿਬਾਨਾਂ ਦੇ ਭੋਗ ਪਾਏ ਗਏ। ਕੀਰਤਨੀ ਜੱਥਿਆਂ ਨੇ ਕੀਰਤਨ ਕਰੇ ਤੇ ਢਾਡੀ ਸਿੰਘਾਂ ਨੇ ਵਾਰਾਂ ਗਾਈਆਂ। ਸਪੀਕਰਾਂ ਚ ਗੁਰੂਆਂ ਦੇ ਸ਼ਬਦ ਗੂੰਜੇ ਤੇ ਲੋਕਾਂ ਨੇ ਇਹਨਾਂ ਦਾ ਰੱਜ-ਰੱਜ ਆਨੰਦ ਮਾਣਿਆ। ਸਭ ਕੁਝ ਉਵੇਂ ਹੀ ਹੋਇਆ, ਜਿਵੇਂ ਕਿ ਹੁਣ ਤੱਕ ਹੁੰਦਾ ਆਇਆ ਏ।  ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਬਾਬੇ ਦਾ ਜਨਮ ਦਿਨ ਜਾਂ ਪ੍ਰਕਾਸ਼ ਪੁਰਬ ਤਾਂ ਅਸੀਂ ਪੂਰੀ ਧੂਮ-ਧਾਮ ਨਾਲ ਮਨਾ ਲੈਂਦੇ ਹਾਂ। ਕੀ ਕਦੀ ਬਾਬੇ ਦੀਆਂ ਕਹੀਆਂ ਗੱਲਾਂ ਤੇ ਅਮਲ ਵੀ ਕਰਿਆ ਹੈ? ਕੀ ਕਦੀ ਬਾਬੇ ਦੀਆਂ ਸਿੱਖਿਆਵਾਂ ਤੇ ਵੀ ਚੱਲਿਆ ਹੈ? ਮਾਫ ਕਰਨਾ ਗੁਰੂ ਦੀ ਥਾਂ ਬਾਬਾ ਸ਼ਬਦ ਵਰਤ ਰਿਹਾ ਹਾਂ। ਕਿਉਂਕਿ ਮੇਰੇ ਹਿਸਾਬ ਨਾਲ ਗੁਰੂ ਉਹ ਹੁੰਦਾ ਏ ਜਿਸ ਤੋਂ ਅਸੀਂ ਕੁਝ ਸਿੱਖਦੇ ਹਾਂ ਪਰ ਅਸੀਂ ਤਾਂ ਉਨ੍ਹਾਂ ਕੋਲੋਂ ਕੁਝ ਸਿੱਖਿਆ ਹੀ ਨੀ। ਤੇ ਜਦੋਂ ਕੁਝ ਸਿੱਖਿਆ ਹੀ ਨੀ ਫਿਰ ਅਸੀਂ ਉਨ੍ਹਾਂ ਨੂੰ ਗੁਰੂ ਕਿਸ ਤਰਾਂ ਕਹਿ ਸਕਦੇ ਹਾਂ?  ਦੂਜੇ ਸ਼ਬਦਾਂ ਚ ਚਲੋ ਅਸੀਂ ਤਾਂ ਬਾਬੇ ਨੂੰ ਗੁਰੂ ਕਹਿ ਵੀ ਦਿੰਦੇ ਹਾਂ, ਕੋਈ ਫਰਕ ਨੀ ਪਰ ਕੀ ਅਸੀਂ ਗੁਰੂ ਦੇ ਚੇਲੇ ਕਹਾਉਣ ਦੇ ਹੱਕਦਾਰ ਹਾਂ? ਵਿਚਾਰ ਖੁਦ ਕਰ ਲਓ।  ਉਸ ਮਹਾਂਪੁਰਖ ਨੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਨੂੰ ਸਮਝਾਉਣ ਚ ਲਾ ਦਿੱਤੀ। ਚਾਰਾਂ ਦਿਸ਼ਾਵਾਂ ਚ ਚਾਰ ਵੱਡੀਆਂ ਯਾਤਰਾਵਾਂ ਕੀਤੀਆਂ। ਵੱਡੇ-ਵੱਡੇ ਗੁਣੀ ਗਿਆਨੀਆਂ ਨਾਲ ਗੋਸ਼ਟੀਆਂ ਕਰੀਆਂ। ਇਸ ਦੌਰਾਨ ਕੁਝ ਮੂਰਖਾਂ ਨਾਲ ਵੀ ਵਾਹ ਪਿਆ ਪਰ ਬਾਬੇ ਨੇ ਆਪਣੀ ਬੁੱਧੀ ਤੇ ਤਰਕ ਨਾਲ ਹਰ ਕਿਸੇ ਨੂੰ ਸੰਤੁਸ਼ਟ ਕਰਿਆ ਤੇ ਵਿਗੜਿਆਂ-ਕਿਹੜਿਆਂ ਨੂੰ ਉਪਦੇਸ਼ ਨਾਲ ਸਿੱਧੇ ਰਾਹੇ ਪਾਇਆ। ਬਹੁਤ ਸਿੱਖਿਆਵਾਂ ਨੇ ਬਾਬੇ ਦੀਆਂ। ਮੋਟੇ ਤੌਰ ਤੇ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਦੋ ਮੁੱਖ ਸਿੱਖਿਆਵਾਂ ਨੇ-

 ੧ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ।
੨ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ।
ਪਹਿਲੀ ਸਿੱਖਿਆ ਚ ਉਨ੍ਹਾਂ ਨੇ ਸਾਨੂੰ ਇਮਾਨਦਾਰੀ ਨਾਲ ਕਿਰਤ ਕਰਨ, ਅਕਾਲ ਪੁਰਖ ਦਾ ਨਾਮ ਜਪਣ ਤੇ ਆਪਸ
ਚ ਵੰਡ ਛਕਣ ਦਾ ਸੰਦੇਸ਼ ਦਿੱਤਾ ਹੈ। ਪਰ ਅਸੀਂ ਕੀ ਕਰਦੇ ਹਾਂ ਸਾਰੀ ਜ਼ਿੰਦਗੀ ਠੱਗੀ-ਠੋਰੀ ਨਾਲ ਮਾਇਆ ਇਕੱਠੀ ਕਰਨ ਚ ਲਗਾ ਦਿੰਦੇ ਹਾਂ। ਨਾਮ ਜਪਦੇ ਤਾਂ ਹਾਂ ਪਰ ਸਿਰਫ ਰਟਦੇ ਹਾਂ, ਅਸਰ ਕੋਈ ਨੀ ਕਰਦੇ। ਰਹੀ ਵੰਡ ਛਕਣ ਦੀ ਗੱਲ ਤਾਂ ਆਪਣੇ ਟੱਬਰ ਚ ਹੀ ਵੰਡ ਕੇ ਛਕ ਲੈਂਦੇ ਹਾਂ। ਕਿਸੇ ਗਰੀਬ-ਗੁਰਬੇ ਦੀ ਮਦਦ ਕਰਾਂਗੇ ਵੀ ਤਾਂ ਆਪਣਾ ਲਾਹਾ ਤੱਕ ਕੇ। ਆਪਣੇ ਕਿਸੇ ਕਾਰਜ ਚ ਲੰਗਰ ਲਗਾਉਂਦੇ ਹਾਂ ਤਾਂ ਰਿਸ਼ਤੇਦਾਰਾਂ ਤੇ ਸੱਜਣਾਂ-ਮਿੱਤਰਾਂ (ਜਿਨ੍ਹਾਂ ਤੋਂ ਸ਼ਗਨ ਮਿਲਿਆ ਹੁੰਦਾ ਹੈ) ਨੂੰ ਛਕਾ ਕੇ ਵਿਹਲੇ ਹੋ ਜਾਂਦੇ ਹਾਂ। ਹਾਲ ਇਹ ਹੋ ਗਿਆ ਹੈ ਕਿ ਬਾਬੇ ਦੀ ਇਸ ਸਭ ਤੋਂ ਵੱਡੀ ਸਿੱਖਿਆ ਨੂੰ ਸਮਝਾਉਣ ਵਾਲੇ ਲੋਕਾਂ ਨੂੰ ਤਾਂ ਇਸ ਤੇ ਚੱਲਣ ਦੀ ਪ੍ਰੇਰਣਾ ਦਿੰਦੇ ਨੇ ਪਰ ਆਪ ਅਮਲਾਂ ਤੋ ਕਿਤੇ ਪਰੇ ਨੇ। ਚਲੋ ਇਹ ਤਾਂ ਬਾਬੇ ਦੀ ਮੁੱਢਲ਼ੀ ਸਿੱਖਿਆ ਸੀ ਤੇ ਸਾਡੇ ਚੋਂ ਤਕਰੀਬਨ ਹਰ ਇੱਕ ਨੇ ਸੁਣੀ ਹੀ ਹੋਈ ਹੈ।
ਆਪਣੀ ਦੂਜੀ ਅਹਿਮ ਸਿੱਖਿਆ ਚ ਬਾਬੇ ਨੇ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਪਰ ਅਸੀਂ ਕੀ ਕਰਿਆ? ਗੁਰੂ ਮੰਨਣਾ ਤਾਂ ਦੂਰ ਦੀ ਗੱਲ, ਅਸੀਂ ਤਾਂ ਹਵਾ ਨੂੰ ਪਲੀਤ ਕਰ ਕੇ ਰੱਖ ਦਿੱਤਾ ਹੈ। ਥਾਂ-ਥਾਂ ਅੱਗਾ ਲਾ ਕੇ ਧੂੰਆਂ ਕਰ ਕੇ ਹਵਾ ਦਾ ਨਾਸ਼ ਮਾਰ ਕੇ ਰੱਖ ਦਿੱਤਾ ਏ। ਇੰਨਾ ਪ੍ਰਦੂਸ਼ਣ ਪੈਦਾ ਕਰ ਕੇ ਰੱਖ ਦਿੱਤਾ ਕਿ ਸਾਹ ਲੈਣਾ ਔਖਾ ਹੋ ਗਿਆ ਏ। ਹਵਾ ਗੰਧਲੀ ਹੋ ਗਈ ਏ ਜਿਸ ਵਜ੍ਹਾ ਨਾਲ ਕਈ ਗੰਭੀਰ ਤੇ ਲਾਇਲਾਜ ਬਿਮਾਰੀਆਂ ਪੈਦਾ ਹੋ ਗਈਆਂ ਨੇ। ਆਪਣੀ ਖੁਸ਼ੀ ਤੇ ਸੁੱਖ ਚ ਇਹ ਵੀ ਭੁੱਲ ਜਾਂਦੇ ਹਾਂ ਕਿ ਆਂਢ-ਗੁਆਂਢ ਚ ਕਿਸੇ ਬਿਮਾਰ ਨੂੰ ਤਾਂ ਨੀ ਕੋਈ ਤਕਲੀਫ਼ ਹੋ ਰਹੀ। ਸਪੀਕਰਾਂ, ਡੀ. ਜੇ. ਤੇ ਉੱਚੀ ਸ਼ੋਰ ਕਰ ਕੇ ਆਵਾਜ਼ ਪ੍ਰਦੂਸ਼ਣ ਨਾਲ ਸਮੁੱਚੀ ਮਨੁੱਖ ਜਾਤੀ ਸਮੇਤ ਪਸ਼ੂ-ਪੰਛੀਆਂ ਤੇ ਹੋਰ ਜੀਵ-ਜੰਤੂਆਂ ਦੇ ਵੀ ਕੰਨ ਪਾੜ ਕੇ ਰੱਖ ਦਿੰਦੇ ਹਾਂ। ਹੋਰ ਤਾਂ ਹੋਰ ਇਸੇ ਬਾਬੇ ਦੇ ਜਨਮ ਦਿਨ ਤੇ ਠਾਹ-ਠਾਹ ਪਟਾਕੇ ਕੇ ਆਤਿਸ਼ਬਾਜ਼ੀਆਂ ਚਲਾ ਕੇ ਬਾਬੇ ਦੇ ਬਚਨ ਦੀ ਰੱਜ ਕੇ ਤੌਹੀਨ ਕਰਦੇ ਹਾਂ। ਪਾਣੀ ਦੀ ਗੱਲ ਕਰੀਏ ਤਾਂ ਬਹੁਤੇ ਤਾਂ ਆਪਣੇ ਸਕੇ ਪਿਓ ਨੂੰ ਪਿਓ ਨੀ ਸਮਝਦੇ ਪਾਣੀ ਨੂੰ ਕੀ ਸਮਝਣਾ। ਨਾਜਾਇਜ਼ ਵਰਤੋਂ ਤੇ ਬਰਬਾਦੀ ਤੋਂ ਇਲਾਵਾ ਜ਼ਹਿਰਾਂ ਮਿਲਾ ਕੇ ਪਾਣੀ ਨੂੰ ਗੰਧਲਾ ਕਰਨ ਚ ਵੀ ਅਸੀਂ ਕੋਈ ਕਸਰ ਬਾਕੀ ਨੀ ਛੱਡੀ। ਹਾਲ ਇਹ ਹੋ ਗਿਆ ਏ ਕਿ ਅੱਜ ਕੁਦਰਤੀ ਸੋਮਿਆਂ ਤੋਂ ਵੀ ਸ਼ੁੱਧ ਪਾਣੀ ਨੀ ਮਿਲ ਰਿਹਾ। ਇਹੀ ਹਾਲ ਧਰਤੀ ਮਾਂ ਦਾ ਹੈ। ਭੁੱਲ ਗਏ ਹਾਂ ਕਿ ਧਰਤੀ ਤੇ ਇਕੱਲਾ ਸਾਡੀ ਹੀ ਅਧਿਕਾਰ ਨੀ, ਸਗੋਂ ਇਹ ਇੱਥੇ ਪੈਦਾ ਹੋਏ ਹਰ ਜੀਵ-ਜੰਤੂ ਦੀ ਮਾਂ ਹੈ। ਧਰਤੀ ਦਾ ਚੱਪਾ-ਚੱਪਾ ਮਿਣ ਕੇ ਅਸੀਂ ਮੱਲ ਲਿਆ ਹੈ। ਕੁਦਰਤੀ ਖੇਤੀ ਨੂੰ ਖਤਮ ਕਰੇ ਕੇ, ਵਾਧੂ ਉਪਜ ਲੈਣ ਲਈ, ਬੇਲੋੜੀਆਂ ਖਾਦਾਂ, ਜ਼ਹਿਰਾਂ ਤੇ ਦਵਾਈਆਂ ਮਿਲਾ ਕੇ ਧਰਤੀ ਮਾਂ ਦੀ ਕੁੱਖ ਨੂੰ ਦਿਨੋ-ਦਿਨ ਬੰਜਰ ਕੀਤਾ ਜਾ ਰਿਹਾ ਹੈ। ਧਰਤੀ ਦਾ ਸ਼ਿੰਗਾਰ ਜੰਗਲਾਂ ਤੇ ਦਰਖੱਤਾਂ ਨੂੰ ਕੱਟ-ਵੱਢ ਕੇ ਖ਼ਤਮ ਕੀਤਾ ਜਾ ਰਿਹਾ ਏ, ਕੁਦਰਤੀ ਪਹਾੜ ਢਾਏ ਜਾ ਰਹੇ ਨੇ ਤੇ ਉਨ੍ਹਾਂ ਦੀ ਥਾਂ ਤੇ ਕੰਕਰੀਟ ਦੇ ਜੰਗਲ ਤੇ ਪਹਾੜ ਉਗਾਏ/ਲਗਾਏ ਜਾ ਰਹੇ ਨੇ।
ਅੱਗੇ ਗੱਲ ਕਰੀਏ ਤਾਂ ਗੁਰੂ ਸਾਹਬ ਨੇ ਜਿਸ ਇਸਤਰੀ ਜਾਤੀ ਲਈ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” ਜਿਹੇ ਸ਼ਬਦ ਵਰਤੇ, ਉਸ ਨੂੰ ਸ਼ਰੇ ਬਾਜ਼ਾਰ ਨੰਗਿਆਂ ਕਰਨ ਚ ਮਿੰਟ ਨੀ ਲਗਾਉਂਦੇ ਅਸੀਂ। ਕਦੀ ਮਾਂ, ਕਦੀ ਧੀ ਤੇ ਕਦੀ ਭੈਣਾਂ ਦੇ ਸਰੀਰ ਨੂੰ ਨਿੱਤ ਗੰਦੀਆਂ ਗਾਲਾਂ ਚ ਪੁਣਦੇ ਹਾਂ। ਸ਼ਰੇਆਮ ਗੰਦ ਬਕਦੇ ਹਾਂ। ਕਦੀ ਕੁੱਖਾਂ ਚ ਮਾਰ, ਕਦੀ ਜਨਮ ਵੇਲੇ ਗਲ ਘੁੱਟ, ਕਦੀ ਜ਼ਹਿਰ ਦੇ ਤੇ ਕਦੀ ਦਾਜ ਖਾਤਰ ਮਾਰਦੇ ਆਏ ਹਾਂ। ਕੀ ਕੁਝ ਨੀ ਕਰਿਆ ਅਸੀਂ? ਇਹ ਤਾਂ ਭਲਾ ਹੋਵੇ ਬਾਹਰਲੇ ਮੁਲਕਾਂ ਦਾ ਜਿਨ੍ਹਾਂ ਦੀ ਵਜ੍ਹਾ ਨਾਲ ਜਾਂ ਫਿਰ ਮੁੰਡੇ ਨਸ਼ਈ ਤੇ ਨਿਕੰਮੇ ਨਿਕਲਣ ਕਰਕੇ ਕੁੜੀਆਂ ਦੀ ਕਦਰ ਪੈਣ ਲੱਗੀ। ਨਹੀਂ ਅਸੀਂ ਤਾਂ ਕੋਈ ਕਸਰ ਬਾਕੀ ਨੀ ਸੀ ਛੱਡੀ।
ਹੋਰ ਸੁਣੋ ਬਾਬੇ ਨੇ ਤਾਂ ਮੂਰਤੀ ਪੂਜਾ ਦਾ ਖੰਡਨ ਕਰਿਆ ਸੀ ਪਰ ਅਸੀਂ ਉਸੇ ਦੀਆਂ ਹੀ ਮੂਰਤਾਂ ਤੇ ਤਸਵੀਰਾਂ (ਉਹ ਵੀ ਕਲਪਿਤ) ਬਣਾ ਕੇ ਪੂਜਣੀਆਂ ਸ਼ੁਰੂ ਕਰ ਦਿੱਤੀਆਂ।
ਹੋਰ ਕੀ ਕੀ ਗੱਲ ਕਰੀਏ ਅਸੀਂ ਤਾਂ ਅੱਜ ਤੱਕ ਉਸ ਮਹਾਂਪੁਰਖ ਦੇ ਦਰਸਾਏ ਮੂਲ ਮੰਤਰ ਦੇ ਅਰਥਾਂ ਨੂੰ ਹੀ ਨੀ ਪੱਲੇ ਬੰਨ੍ਹ ਸਕੇ। ਜਿਸ ਦਿਨ ਅਸੀਂ ਉਸ ਦੀਆਂ ਸਿੱਖਿਆਵਾਂ ਤੇ ਚੱਲਣ ਯੋਗ ਹੋ ਗਏ, ਉਹ ਸਾਡਾ ਗੁਰੂ ਹੋਵੇਗਾ ਤੇ ਅਸੀਂ ਉਹਦੇ ਸਿੱਖ ਤੇ ਇਸ ਤੋਂ ਇਲਾਵਾ ਬਾਕੀ ਸਭ ਕਰਨ ਕਾਂਡ ਤੇ ਦਿਖਾਵਾ ਹੀ ਮੰਨਿਆ ਜਾਵੇਗਾ।
ਗੁਰਜਿੰਦਰ ਸਿੰਘ ਸਾਹਦੜਾ✍️
9815302341
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article ਅਰੋਗ ਮਨ ਖੁਸ਼ੀ ਦਾ ਆਧਾਰ
Next article*ਲਸਣ – ਇੱਕ ਲਾਜਵਾਬ ਕੁਦਰਤੀ ਦਾਤ-ਤਰਕਸ਼ੀਲ