ਅਧਿਆਪਨ ਤੇ ਸਾਹਿਤ ਦਾ ਸੁਮੇਲ ਪਰਵੀਨ ਕੌਰ ਸਿੱਧੂ

(ਸਮਾਜ ਵੀਕਲੀ)

ਲਿਖਾਰੀਆਂ ਨਾਲ ਜਾਣ ਪਹਿਚਾਣ ਵਿੱਚ ਆਪ ਸਭ ਲਿਖਾਰੀਆਂ ਤੇ ਪਾਠਕਾਂ ਦਾ ਨਿੱਘਾ ਸਵਾਗਤ ਹੈ । ਅੱਜ ਦੇ ਕਾਲਮ ਦੇ ਵਿੱਚ ਜਾਣਾਂਗੇ ਲੇਖਿਕਾ ‘ਪਰਵੀਨ ਕੌਰ ਸਿੱਧੂ’ ਜੀ ਦੇ ਬਾਰੇ ।ਇਹਨਾਂ ਦਾ ਜਨਮ 13 ਜਨਵਰੀ 1976 ਨੂੰ ਪਿੰਡ ਧੀਰਾ, ਤਹਿਸੀਲ ਬਟਾਲਾ, ਜਿਲ਼ਾ ਗੁਰਦਾਸਪੁਰ ਵਿੱਚ ਮਾਤਾ- ਸ੍ਰੀਮਤੀ ਜਸਬੀਰ ਕੌਰ ਅਤੇ ਪਿਤਾ ਸ: ਹਰਜਿੰਦਰ ਸਿੰਘ ਦੇ ਘਰ ਹੋਇਆ। ਬਚਪਨ ਤੋਂ ਹੀ ਦਾਦਾ ਜੀ ਦਾ ਵੀ ਭਰਪੂਰ ਪਿਆਰ ਅਤੇ ਸਾਥ ਮਿਲਿਆ। ਉਹਨਾਂ ਨੇ ਹੀ ਇਸ ਦਾ ਨਾਂ ਰੱਖਿਆ। ਲਿਖਣ ਦੀ ਚੇਟਕ‌ ਤਾਂ ਦਸਵੀਂ ਤੋਂ ਹੀ ਲੱਗ ਗਈ ਸੀ, ਪਰ ਪ੍ਰੇਰਨਾ ਕਾਲਜ ਜਾ ਕੇ ਪ੍ਰੋ: ਸਾਹਿਬਾਨ ਜੀ ਹੱਲਾਸ਼ੇਰੀ ਨਾਲ ਮਿਲੀ।

ਪੜ੍ਹਾਈ ਵਿੱਚ ਵਧੀਆ ਹੋਣ ਕਰਕੇ ਅਤੇ ਪਰਿਵਾਰਕ ਸਾਥ ਮਿਲਣ ਕਲਕੇ 22 ਸਾਲ ਦੀ ਉਮਰ ਵਿੱਚ ਇਹਨਾਂ ਨੇ ਐਮ. ਏ. ਬੀ. ਐੱਡ ਕਰ ਲਈ ਸੀ । ਕਾਲਜ ਵਿੱਚ ਸਭ ਪ੍ਰੋਫ਼ੈਸਰਾਂ ਦੀ ਚਹੇਤੀ ਵਿਦਿਆਰਥਣ ਰਹਿਣ ਵਾਲੀ ਪਰਵੀਨ ਨੂੰ ਮੈਥ ਵਾਲੇ ਪ੍ਰੋਫੈਸਰ ‘ਬਲਕਾਰ ਸਿੰਘ ਢਿੱਲੋ’ ਹਮੇਸ਼ਾਂ ਲਿਖਣ ਲਈ ਹੱਲਾਸ਼ੇਰੀ ਦਿੰਦੇ ਰਹੇ। ਉਹ ਅੱਜ ਵੀ ਇਹਨਾਂ ਨਾਲ ਜੁੜੇ ਹੋਏ ਹਨ। ਜੁੱਡੋ ਪਲੇਅਰ, ਚਾਰ ਸੌ ਮੀਟਰ ਰੇਸ, ਤੇ ਹੋਰ ਖੇਡਾਂ ਵਿੱਚ ਵੀ ਵਧ ਚੜ ਕੇ ਹਿੱਸਾ ਲੈਂਦੇ ਰਹੇ । ਇਹਨਾਂ ਵੱਲੋਂ ਕਾਲਜ ਦੇ ਕਿਸੇ ਵੀ ਸਮਾਗਮ ਮੌਕੇ ਗਿੱਧੇ ਦੀ ਪੇਸ਼ਕਾਰੀ ਵੀ ਬਹੁਤ ਸੋਹਣੇ ਢੰਗ ਨਾਲ ਕੀਤੀ ਜਾਂਦੀ ਰਹੀ।

ਅਧਿਆਪਕ ਹੋਣ ਦੇ ਨਾਤੇ ਇਹ ਆਪਣੀਆਂ ਟੀਮਾਂ ਨੂੰ ਨਾਲ ਲੈ ਕੇ ਮੁਕਾਬਲੇ ਵਿੱਚ ਭਾਗ ਲੈਣ ਵੀ ਜਾਂਦੇ ਰਹੇ ਅਤੇ ਇਨਾਮ ਪ੍ਰਾਪਤ ਕਰਦੇ ਰਹੇ। ਇਹਨਾਂ ਕਦੀ ਹਿੰਮਤ ਨਹੀਂ ਹਾਰੀ। ਰੱਬ ਉੱਤੇ ਇਹਨਾਂ ਦਾ ਹਮੇਸ਼ਾਂ ਅਟੁੱਟ ਵਿਸ਼ਵਾਸ ਰਿਹਾ ਹੈ। ਬੀ.ਏ. ਫਾਈਨਲ ਵਿੱਚ ਇਹਨਾਂ ਸੱਤ ਇਨਾਮ ਸਟੇਜ ਤੋਂ ਪ੍ਰਾਪਤ ਕੀਤੇ ਤਾਂ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਸ ਵੇਲੇ ਡੀ. ਪੀ. ਅਧਿਆਪਕ ਸਪੈਸ਼ਲ ਇਹਨਾਂ ਦੇ ਪਿਤਾ ਜੀ ਨੂੰ ਮਿਲੇ ਸਨ। ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜੀਣ ਦੀ ਚਾਹਵਾਨ, ਹਰ ਮੁਸ਼ਕਲ ਨੂੰ ਹੌਂਸਲੇ ਨਾਲ ਨਜਿੱਠਦੀ ਹੈ। ਦੂਸਰਿਆਂ ‘ਗਿਲੇ ਕਰਨ ਦੀ ਥਾਂ ‘ਤੇ ਆਪਣੇ ਆਪ ਨੂੰ ਸਹੀ ਰਹਿਣ‌ ਲਈ ਆਪ ਹੀ ਪ੍ਰੇਰਿਤ ਕਰਦੀ ਹੈ।

ਉਸ ਦਾ ਕਹਿਣਾ ਹੈ ਕਿ ਹੋਰਾ‌ ਕੋਲੋਂ ਪਿਆਰ ਅਤੇ ਸਾਥ ਦੀ ਚਾਹ ਨਾਲੋਂ ਆਪਣੇ ਆਪ ਨਾਲ ਆਪ ਪਿਆਰ ਕਰੋ। ਆਪਣੀਆਂ ਰੀਝਾਂ ਆਪ ਪੂਰੀਆਂ ਕਰੋ। ਸਦਾ ਖੁਸ਼ ਰਹੀਏ ਦੀ ਕੋਸ਼ਸ਼ ਕਰੋ।‌ ਮੁਸ਼ਕਲ ਸਮੇ‌ਂ‌ ਹਿੰਮਤ ਢਾਹੁਣ ਦੀ ਥਾਂ ਹਿੰਮਤ ਤੋਂ ਕੰਮ ਲੈ‌ਕੇ ਮੁਸੀਬਤਾਂ ਨੂੰ ਸਰ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਵਿਆਹ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਥੋੜੀ ਬਦਲ ਜਿਹੀ ਗਈ । ਕਵਿਤਾ ਤੇ ਲੇਖ ਜ਼ਿੰਮੇਵਾਰੀਆਂ ਵਿੱਚ ਗਵਾਚ ਗਏ । ਫਿਰ ਵੀ ਇਹਨਾਂ ਕਦੀ ਕਦੀ ਲਿਖਣਾ ਜਾਰੀ ਰੱਖਿਆ । ਇਹਨਾਂ ਦੇ ਹਮਸਫ਼ਰ ਸ੍ਰ: ਹੀਰਾ ਸਿੰਘ ਜੀ ਨੇ ਹਮੇਸ਼ਾਂ ਇਹਨਾਂ ਦਾ ਸਾਥ ਦਿੱਤਾ। ਇਹ ‘ਮੇਰੀ ਕਵਿਤਾ’ ਦੇ ਸਿਰਲੇਖ ਹੇਠ ਲਿਖਦੇ ਹਨ:-
“ਮੇਰੀ ਕਵਿਤਾ ਕਦੀ ਛਿੱਪ ਜਾਂਦੀ ਏ,
ਕੰਮਾਂ ਦੇ ਝਮੇਲਿਆਂ ਵਿੱਚ,
ਤੇ ਕਦੀ-ਕਦੀ ਇਹ ਵਿਚਾਰੀ,
ਰਿੱਝ ਜਾਂਦੀ ਹੈ, ਸ਼ਬਜੀ ਦੇ ਵਿੱਚ,
ਗੁੱਝ ਜਾਂਦੀ ਹੈ ਆਟੇ ਦੇ ਵਿੱਚ,
ਤੇ ਖਾਧੀ ਜਾਂਦੀ ਹੈ ਰੋਟੀਆਂ ਬਣ,
ਉਬਾਲਾ ਖਾ ਜਾਂਦੀ ਹੈ ਚਾਹ ਵਾਂਗ,
ਤੇ ਸੋਚੇ ਹੋਏ ਸ਼ਬਦ….
ਉਲਟ ਪੁਲਟ ਹੋ ਜਾਂਦੇ ਹਨ”

ਇਹਨਾਂ ਐਮ. ਏ. ਬੀ.ਐੱਡ ਕਰਕੇ ਦੋ ਸਾਲ ਪ੍ਰਿੰਸੀਪਲ ਦੀ ਸੇਵਾ ਨਿਭਾਈ, ਫਿਰ ਬੇਟੇ ਕਰਕੇ ਨੌਕਰੀ ਛੱਡ ਦਿੱਤੀ ਅਤੇ ਢਾਈ ਸਾਲ ਘਰ ਹੀ ਰਹੇ । ਇਸ ਤੋਂ ਬਾਅਦ ਪਤੀ ਸ: ਹੀਰਾ ਸਿੰਘ ਜੋ ਕਿ ਪੰਜਾਬੀ ਅਧਿਆਪਕ ਹਨ। ਉਹਨਾਂ ਦੀ ਹਿੰਮਤ ਸਦਕਾ ਡੀ. ਏ. ਵੀ. ਸੰਸਥਾ ਜੁਆਇੰਨ ਕੀਤੀ । 2006 ਤੋਂ ਹੁਣ ਤੱਕ ਇਸੇ ਸੰਸਥਾ ਨਾਲ ਜੁੜੇ ਹੋਏ ਹਨ । ਇਹ ਦੱਸਦੇ ਨੇ ਕਿ ਆਏ ਤਾਂ ਸੀ ਗਣਿਤ ਅਧਿਆਪਕਾ ਬਣਨ ਪਰ ਬਣ ਗਏ ਪੰਜਾਬੀ ਅਧਿਆਪਕ । ਇਹ ਕਿੱਸਾ ਵੀ ਇਹਨਾਂ ਜਲਦ ਹੀ ਸਾਂਝਾ ਕਰਨ ਦਾ ਵਾਅਦਾ ਕੀਤਾ ਹੈ ।

ਲਿਖਣ ਦਾ ਕੁੱਝ ਸ਼ੌਕ ਸਕੂਲ ਵਿੱਚ ਹੀ ਸੀ, ਫਿਰ ਕਾਲਜ ਟਾਈਮ ਵੀ ਇਹਨਾਂ ਨੇ ਬਹੁਤ ਲਿਖਿਆ। ਇੱਕ ਦੋ ਅਖ਼ਬਾਰਾਂ ਵਿੱਚ ਇਹਨਾਂ ਦੇ ਲੇਖ ਅਤੇ ਕਵਿਤਾਵਾਂ ਛਪੀਆਂ। ਇਹ ਪਿਆਰ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ ਦੇ ਚਾਹਵਾਨ ਹਨ । ਸੋਹਣੀਆਂ ਅੱਖੀਆਂ ਬਾਰੇ ਲਿਖਦੇ ਹਨ:-
“ਰੋਂਦੀਆਂ ਨੇ ਅੱਖੀਆਂ,ਹਸਾਉਂਦੀਆਂ ਨੇ ਅੱਖੀਆਂ,
ਡੂੰਘੇ ਭੇਦ ਦਿਲਾਂ ਵਾਲੇ ਸਮਝਾਉਂਦੀਆਂ ਨੇ ਅੱਖੀਆਂ,
ਦੀਵੇ ਤੇ ਚਿਰਾਗਾਂ ਵਾਂਗ ਜਗਮਗਾਉਂਦੀਆਂ ਨੇ ਅੱਖੀਆਂ,
ਸੱਜਣਾ ਦੀ ਤਾਂਘ ਵਿੱਚ ਸਦਾ ਰਹਿੰਦੀਆਂ ਨੇ ਅੱਖੀਆਂ,
ਆਪਣੇ ਪਰਾਏ ਦਾ ਭੇਦ ਸਿਖਾਉਂਦੀਆਂ ਨੇ ਅੱਖੀਆਂ,
ਨੀਵੀਂ ਪਾ ਕੇ ਜਦ ਕਦੀਂ ਲੰਘਦੀਆਂ ਨੇ ਅੱਖੀਆਂ”

ਪਰਵੀਨ ਜੀ ਦੱਸਦੇ ਨੇ ਕਿ ਇਹਨਾਂ ਦਾ ਪਹਿਲਾਂ ਲੇਖ ‘ਕੀ ਅਸੀਂ ਇਨਸਾਨ ਹਾਂ?’ ਛਪਿਆ ਸੀ । ਜਿਸ ਵਿਚ ਇਹਨਾਂ ਨੇ ਔਰਤ ਨਾਲ ਹੁੰਦੀਆਂ ਵਧੀਕੀਆਂ ,ਬਲਾਤਕਾਰ ਅਤੇ ਨੂੰਹਾਂ ਨੂੰ ਮਾਰਨ ਵਰਗੇ ਸੰਜੀਦਾ ਵਿਸ਼ਿਆਂ ਉੱਪਰ ਲਿਖਿਆ ਸੀ । ਉਦੋਂ ਕੁ ਹੀ ਤੰਦੂਰ ਕਾਂਢ ਹੋਇਆ ਸੀ ਅਤੇ ਇਹਨਾਂ ਦਾ ਦੂਸਰਾ ਲੇਖ ਪਿਆਰ ਅਤੇ ਜ਼ਿੰਦਗੀ ਛਪਿਆ ਸੀ। ਇਹ ਦੋਵੇਂ ਲੇਖ ਪਾਠਕਾਂ ਵੱਲੋ ਬਹੁਤ ਪਸੰਦ ਕੀਤੇ ਗਏ ਸਨ ।
ਇਹਨਾਂ ਦੀ ਬੇਟੀ ਸ਼ਹਿਨਾਜਪ੍ਰੀਤ ਕੌਰ ਅਤੇ ਬੇਟਾ ਹਿਰਦੇਪਾਲ ਨੂੰ ਅਥਾਹ ਪਿਆਰ ਦਿੰਦੇ ਅਤੇ ਚੰਗੇ ਸੰਸਕਾਰਾਂ ਦੇ ਧਾਰਨੀ ਬਣਾਉਣ ਵਿੱਚ ਬਣਦਾ ਯੋਗਦਾਨ ਪਾ ਰਹੇ ਹਨ। ਬੇਟੀ ਦੇ ਪਿਆਰ ਵਿੱਚ ਲਿਖਦੇ ਹਨ:-
(ਸਾਡੀ ਪਰੀ ਸਾਡੀ ਨਾਜ਼)
“ਪਰੀਆਂ ਵਰਗੀ ਧੀ ਇੱਕ,
ਸਾਡੇ ਹਿੱਸੇ ਵੀ ਆਈ ਹੈ।
ਰੱਬ ਦੀ ਸੱਚੀ ਦੁਆਂ ਵਰਗੀ,
ਮੇਰੀ ਲਾਡੋ ਰਾਣੀ ਹੈ।
ਉਹ ਹੱਸੇ ਤਾਂ ਸਾਰੇ ਹੱਸਦੇ,
ਕਿਸਮਤ ਬਣ ਸਾਡੀ ਆਈ ਹੈ।
ਫੁੱਲਾਂ ਵਰਗੀ, ਸੋਹਣੀ-ਨਾਜ਼ੁਕ,
ਹੱਸ ਕੇ ਬਰਕਤਾਂ ਲਿਆਈ ਹੈ।”

ਇਵੇਂ ਹੀ ਇਹਨਾਂ ਨੇ ਸਮਾਜ ਅਤੇ ਵਧੀਆ ਜ਼ਿੰਦਗੀ ਜਿਊਣ ਲਈ ਪ੍ਰੇਰਨਾ ਦਿੰਦੇ ਵਿਸ਼ਿਆਂ ਨੂੰ ਵੀ ਛੂਹਿਆ ਹੈ, ਕਈ ਮੁੱਦਿਆਂ ‘ਤੇ ਲੇਖ ਵੀ ਲਿਖੇ ਹਨ
ਜਿਵੇਂ:- ਸ਼ਿਕਾਰੀ ਆਵੇਗਾ, ਮਿੱਟੀ ਦੀ ਖੂਸਬੂ ਅਤੇ ਮੋਹ,੍ਰ ਜ਼ਿੰਦਗੀ ਦੀ ਰਵਾਨੀ, ਇੱਕ ਮਨੁੱਖ ਇੱਕ ਰੁੱਖ ਆਦਿ ਕਈ ਵਿਸ਼ਿਆਂ ‘ਤੇ ਲਗਭਗ ਸੌ ਦੇ ਕਰੀਬ ਲੇਖ ਲਿਖੇ ਹਨ।

ਜਵਾਨ ਹੋ ਰਹੇ ਬੱਚਿਆਂ ਵੱਲ ਖ਼ਾਸ ਧਿਆਨ ਦੇਣ ਲਈ ਕਹਿੰਦੇ ਹਨ। ਉਹਨਾਂ ਦੀ ਹਿੰਮਤ ਬਣ ਕੇ ਸਮਾਜ ਦੇ ਚੰਗੇ ਨਾਗਰਿਕ ਬਣਾਉਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।ਇਸੇ ਸੰਦਰਭ ਵਿੱਚ ਇਹਨਾਂ ਨੇ ਲੇਖ ਲਿਖਿਆ ਹੈ:- ‘ਆਪਣੇ ਬੱਚਿਆਂ ਦੀ ਹਿੰਮਤ ਬਣੋ ਨਾ ਕਿ ਪੈਰਾ ਦੀਆ ਬੇੜੀਆਂ’ ਕਿਤਾਬਾਂ ਨਾਲ ਅਥਾਹ ਮੋਹ ਹੋਣ ਕਰਕੇ ਇਹ ਕਿਤਾਬਾਂ ਪੜ੍ਹਦੇ ਵੀ ਹਨ ਅਤੇ ਬੱਚਿਆਂ ਨੂੰ ਪੜ੍ਹਨ ਲਈ ਉਤਸ਼ਾਹਿਤ ਵੀ ਕਰਦੇ ਹਨ।

(ਕਿਤਾਬਾਂ)
“ਦੁੱਖ, ਦਰਦ, ਤੇ ਗਿਲੇ ਸ਼ਿਕਵੇ,
ਕੁਝ ਹੰਝੂਆਂ ਦੀਆਂ ਬਾਤਾਂ ਨੇ।

ਜ਼ਿੰਦਗੀ ਦੇ ਕੱਟੇ ਦਿਨਾਂ ਦੀਆਂ,
ਕੁਝ ਖ਼ੂਬਸੂਰਤ ਯਾਦਾਂ ਨੇ।

ਰੰਗਾਂ ‘ਚ ਰੰਗੀਆਂ ਮਹਿਫਲਾਂ,
ਤੇ ਕੁਝ ਕੀਮਤੀ ਸੌਗਾਤਾਂ ਨੇ।”

ਇਹ ਅਧਿਆਪਕਾਂ ਦੀ ਵਰਕਸ਼ਾਪ ਲਗਾਉਣ ਲਈ ਰਿਸੋਰਸ ਪਰਸਨ ਦੇ ਨਾਤੇ ਕਈ ਸੰਸਥਾਵਾਂ ਵਿੱਚ ਜਾਂਦੇ ਰਹਿੰਦੇ ਹਨ । ਵੀਰ ‘ਹਰਸਿਮਰਨ ਸਿੰਘ ਸਿੱਧੂ’ ਦੀ ਹੱਲਾਸ਼ੇਰੀ ਅਤੇ ਪਿਆਰ ਦੇ ਸਦਕਾ ਇਹਨਾਂ ਨੇ ਫਿਰ ਲਿਖਣਾ ਸ਼ੁਰੂ ਕੀਤਾ ਹੈ । ਉਹਨਾਂ ਨੇ ਹੀ ਪਰਵੀਨ ਨੂੰ ‘ਕਲਮ 5ਆਬ ਦੀ’ ਗਰੁੱਪ ਨਾਲ ਜੋੜਿਆ ਸੀ । ਪਰਵੀਨ ਦਾ ਕਹਿਣਾ ਹੈ ਕਿ ਇਸ ਗਰੁੱਪ ਨਾਲ ਜੁੜ ਕੇ ਮੇਰੀ ਮੋਈ ਆਤਮਾ ਨੂੰ ਜਿੰਦਗੀ ਵਰਗਾ ਉਤਸ਼ਾਹ ਮਿਲਿਆ ਹੈ।

ਕੁਦਰਤ ਨਾਲ ਅਥਾਹ ਪਿਆਰ ਕਰਦੇ ਹਨ। ਘਰ ਵਿੱਚ ਵੀ ਰੁੱਖ ਪੌਦੇ ਲਗਾਉਂਦੇ ਹਨ ਅਤੇ ਆਪਣੇ ਸਕੂਲ ਦੇ ਬੱਚਿਆਂ ਨੂੰ ਵੀ ਪ੍ਰੇਰਤ ਕਰਦੇ ਹਨ। ਕੁਦਰਤ ਨੂੰ ਰੱਜ ਕੇ ਮਾਨਣ ਦੇ ਇਛੁੱਕ ਹਨ। ਰੁੱਖ, ਪੌਦੇ, ਪੰਛੀ, ਆਸਮਾਨ, ਸੂਰਜ ,ਚੰਦ ,ਸਿਤਾਰੇ ,ਪਹਾੜ, ਦਰਿਆ, ਸਭ ਇਹਨਾਂ ਨੂੰ ਮੋਹਦੇ ਹਨ।
“ਕੁਦਰਤ!….. ਤੂੰ ਕਿੰਨੀ ਸੋਹਣੀ ਹੈ?
ਤੈਨੂੰ ਦੇਖ ਦੇਖ ਜੀਅ ਮੇਰਾ ਰੱਜਦਾ ਨਹੀਂ।
ਇੱਕ ਵਾਰ ਤੱਕਿਆਂ ਤਾਂ ਤੱਕਦੀ ਹੀ ਜਾਵਾਂ,
ਜੀਅ ਤੱਕ-ਤੱਕ ਤੈਨੂੰ, ਮੇਰਾ ਰੱਜਦਾ ਨਹੀਂ।
ਗੱਲ ਰੁੱਖਾਂ-ਬੂਟਿਆਂ ਤੇ ਪਾਣੀਆਂ ਦੀ ਕਰਾ,
ਤੇਰੀ ਸੁੰਦਰਤਾ ਦਾ ਕੋਈ ਵੀ ਸਾਨੀ ਨਹੀਂ।”

ਮਾਤ ਭਾਸ਼ਾ ਨਾਲ ਅੰਤਾਂ ਦਾ ਮੋਹ ਹੋਣ ਕਰਕੇ ਇਸ ਨੂੰ ਉੱਪਰ ਚੁੱਕਣ ਲਈ ਜੋਂ ਵੀ ਹੀਲਾ ਕਰ ਸਕਦੇ ਹਨ ਉਹ ਕਰਦੇ ਹਨ।
(ਮੇਰੀ ਮਾਂ ਭਾਸ਼ਾ)
“ਪੰਜਾਬੀ ਭਾਸ਼ਾ ਲੱਗੇ ਮੈਨੂੰ ਮੇਰੀ ਮਾਂ ਵਰਗੀ,
ਬਾਬੇ ਨਾਨਕ ਜੀ ਦੇ ਨਿੱਘੇ ਸੁਭਾਅ ਵਰਗੀ।
ਜਪੁਜੀ ਸਾਹਿਬ ਜੀ ਦੇ ਮਿੱਠੇ ਸ਼ਬਦਾਂ ਵਰਗੀ,
ਬਾਬੇ ਨਾਨਕ ਜੀ ਦੀ ਦਿੱਤੀ ਅਵਾਜ਼ ਵਰਗੀ।”.

ਸਿੱਧੂ ਜੀ ਕਵਿਤਾ ਅਤੇ ਵਾਰਤਕ ਦੋਨਾਂ ਵਿਚ ਬਹੁਤ ਵਧੀਆ ਮੁਹਾਰਤ ਰੱਖਦੇ ਹਨ! ਇਹਨਾਂ ਦੀਆਂ ਕਵਿਤਾਵਾਂ ਮਨੋਰੰਜਨ ਦੇ ਨਾਲ-ਨਾਲ ਬਹੁਤ ਵਧੀਆ ਸਿੱਖਿਆ ਵੀ ਦਿੰਦੀਆਂ ਹਨ! ਇਹਨਾਂ ਦੇ ਲੇਖ ਖਾਸ ਮੁੱਦੇ ਦੇ ਉਪਰ ਲਿਖੇ ਹੁੰਦੇ ਹਨ ਜੋ ਕੇ ਮਸਲੇ ਦਾ ਹੱਲ ਕਰਦੇ ਹਨ!ਇਹਨਾਂ ਦੀਆਂ ਰਚਨਾਵਾਂ ਸਮਾਜ ਵੀਕਲੀ,ਸਾਡੇ ਲੋਕ, ਡੇਲੀ ਹਮਦਰਦ ਵਿੱਚ ਛਪਦੀਆ ਹਨ!ਪਾਠਕ ਇਨ੍ਹਾਂ ਦੀਆਂ ਰਚਨਾਵਾਂ ਨੂੰ ਬਹੁਤ ਪਸੰਦ ਕਰਦੇ ਹਨ!ਇਹਨਾਂ ਦੀ ਕਲਮ ਬਹੁਤ ਤੇਜੀ ਨਾਲ ਚੱਲ ਰਹੀ ਹੈ ਉਹ ਦਿਨ ਦੂਰ ਨਹੀਂ ਜਦੋਂ ਆ ਕੇ ਸਹਿਤਕਾਰਾ ਦੀ ਪਹਿਲੀ ਲਾਈਨ ਵਿਚ ਆ ਕੇ ਖੜ੍ਹੇ ਹੋ ਜਾਣਗੇ!ਉਮੀਦ ਹੈ ਕਿ ਪਰਵੀਨ ਕੌਰ ਸਿੱਧੂ ਪਾਠਕਾਂ ਨਾਲ ਲਫਜ਼ਾਂ ਦੀ ਸਾਂਝ ਪਾਉਦੇ ਰਹਿਣਗੇ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹਿਣਗੇ ।

ਰਮੇਸ਼ਵਰ ਸਿੰਘ

ਸੰਪਰਕ-9914880392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਿੜਦੇ ਫੁੱਲ
Next articleਅਤੀਤ