(ਸਮਾਜ ਵੀਕਲੀ)
“ਨਾਮ ਦੇ ਅਨੁਸਾਰ ਹੀ ਹਰਿ ਦੇ ਨਾਮ ਦਾ ਸਿਮਰਨ ਕਰਨ ਵਾਲੀ ਹਰਸਿਮਰਤ ਕੌਰ ਕਹਿੰਦੀ ਕਿ ਉਹ ਪਾਠ ਪੂਜਾ ਨਹੀਂ ਕਰਦੀ,ਪਰ ਇੱਕ ਅਪਰਮਪਾਰ ਸ਼ਕਤੀ ਨੂੰ ਪ੍ਰਣਾਮ ਕਰਦੀ ਹੈ ਜੋ ਇਸ ਸਮੁੱਚੀ ਸ਼੍ਰਿਸ਼ਟੀ ਨੂੰ ਚਲਾ ਰਿਹਾ ਹੈ।ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਕਰਮ ਥਿਊਰੀ ਉੱਪਰ ਵਿਸ਼ਵਾਸ਼ ਰੱਖਦੀ ਆਪਣੇ ਰਾਹ ਤੁਰੀ ਜਾ ਰਹੀ ਹੈ।ਹਰਸਿਮਰਤ ਕੌਰ ਐਡਵੋਕੇਟ ਸ਼ਾਇਰਾ,ਸਮਾਜ ਸੇਵਿਕਾ,ਅਤੇ ਕੁਦਰਤ ਨੂੰ ਪਿਆਰ ਕਰਨ ਵਾਲੀ ਵਿਲੱਖਣ ਸਖਸ਼ੀਅਤ ਹੈ।ਜਿਸ ਦੀ ਝਲਕ ਉਸਦੇ ਕਿਰਦਾਰ ਅਤੇ ਉਸਦੀਆਂ ਕਵਿਤਾਵਾਂ ਵਿੱਚੋਂ ਵੇਖਣ ਨੂੰ ਮਿਲਦੀ ਹੈ ।ਮੈਂ ਕੁੱਝ ਸਮਾਂ ਪਹਿਲਾਂ ਹੀ ਉਸਨੂੰ ਉਸਦੀਆਂ ਕਵਿਤਾਵਾ ਰਾਹੀਂ ਜਾਨਣ ਲੱਗਿਆ। ਜਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਪਿਤਾ ਸ.ਗੁਰਮੁੱਖ ਸਿੰਘ ਅਤੇ ਮਾਤਾ ਦਰਸ਼ਨ ਕੌਰ ਦੇ ਘਰ ਜਨਮੀ ਹਰਸਿਮਰਤ ਕੌਰ ਨੇ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਮਾਹਣਾ ਸਿੰਘ ਰੋਡ ਵਿੱਚ ਹਾਸਲ ਕੀਤੀ ਹੈ ।
ਜਿੱਥੇ ਉਸਦੀ ਮਾਤਾ ਬਤੌਰ ਅਧਿਆਪਕਾ ਸੇਵਾ ਨਿਭਾਂਦੇ ਸਨ ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿੰਤਸਰ ਤੋਂ ਲਾਅ ਦੀ ਡਿਗਰੀ ਹਾਸਿਲ ਕਰਨ ਉਪਰੰਤ,ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੱਤਰਕਾਰਤਾ ਦਾ ਡਿਪਲੋਮਾ ਹਾਸਿਲ ਕੀਤਾ, ਪੱਤਰਕਾਰਤਾ ਦੀ ਪੜਾਈ ਦੌਰਾਨ ਉਸਦਾ ਵਿਆਹ ਸ.ਦਰਸ਼ਨ ਸਿੰਘ ਜੋ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ,ਪੋਂਗ ਡੈਮ ਵਿੱਚ ਬਤੌਰ ਐੱਸ ਡੀ ਓ ਆਪਣੀਂ ਸੇਵਾਵਾਂ ਨਿਭਾਅ ਰਹੇ ਸਨ ,ਨਾਲ ਹੋਇਆ।ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਰਹਿਕੇ ਹਰਸਿਮਰਤ ਦੇ ਘਰ ਇੱਕ ਬੇਟੀ ਅਤੇ ਬੇਟੇ ਨੇ ਜਨਮ ਲਿਆ।ਉਹ ਕਹਿੰਦੀ ਕਿ ਉਸਨੇ ਆਪਣੇ ਬੱਚਿਆਂ ਦੇ ਬਚਪਨ ਨੂੰ ਖੂਬ ਮਾਣਿਆ ਹੈ ।ਇਸੇ ਲਈ ਉਸਨੇ ਵਿਆਹ ਦੇ ਅੱਠ ਸਾਲ ਬਾਅਦ ਵਕਾਲਤ ਸ਼ੁਰੂ ਕੀਤੀ । ਜਿੰਦਗੀ ਦੇ ਹਰ ਪਲ ਨੂੰ ਰੱਜਕੇ ਮਾਣਨ ਵਾਲੀ ਹਰਸਿਮਰਤ ਕੌਰ ਸੂਖਮ ਬਿਰਤੀਆਂ ਵਾਲੀ ਸਖਸ਼ੀਅਤ ਦੀਆਂ ਅੱਖਾਂ ਝੱਟ ਹੀ ਕਿਸੇ ਦਾ ਦੁੱਖ ਦੇਖ ਨਮ ਹੋ ਜਾਂਦੀਆਂ ਹਨ, ਇਸੇ ਹੀ ਟੁੱਟ ਭੱਜ ਵਿਚੋਂ ਉਹ ਸਿਰਜਦੀ ਹੈ ਸਮਾਜ ਸੇਵੀ ਸੰਸਥਾ ਵਰਗੀ ਕਵਿਤਾ…
ਸਿਖਰ ਦੁਪਹਿਰੇ
ਵਿਹੜੇ ਦੇ
ਤਪਦੇ ਫਰਸ਼ ‘ਤੇ
ਨਿੱਕੇ ਨਿੱਕੇ ਹੱਥਾਂ ਨਾਲ
ਝਾੜੂ ਪੋਚਾ ਕਰਦੀ,
ਮਾਂ ਨਾਲ ਆਂਦੀ
ਹੱਥ ਵਟਾਉਂਦੀ
ਪਾਰੋ….
ਦੇਖ ਮੈਨੂੰ ਤਰਸ ਆਂਦਾ
ਮੇਰੀਆਂ ਅੱਖਾਂ ਨਮ ਨੇ
ਏ.ਸੀ ਵਾਲਾ ਕਮਰਾ ਬਹੁਤ ਠੰਡਾ
ਆਪਣੀ ਧੀ ‘ਤੇ ਏਸੀ ਬਲੈਂਕੇਟ ਪਾਉਂਦੀ,
ਕੰਬਦਿਆ ਹੱਥਾਂ ਨਾਲ
ਲੀਰੋ ਲੀਰ
ਕਰ ਦੇਨੀ ਹਾਂ ਮੈਂ
ਆਪਣੀ ਸਮਾਜ ਸੇਵੀ
ਸੰਸਥਾ ਦਾ ਬੈਨਰ….!!”
ਹਰਮਸਿਮਰਤ ਸਮਾਜ ਦੀਆਂ ਇਨਾਂ ਵਧੀਕੀਆਂ ਅਤੇ ਕੁਰੀਤੀਆਂ ਨੂੰ ਪੇਸ਼ ਕਰਦੀ ਦੱਸਦੀ ਹੈ ਕਿ ਲਿਖਣਾ ਤਾਂ ਉਸਨੇ ਸਕੂਲ ਦੇ ਦਿਨਾਂ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ,ਪਰ ਕੁੱਝ ਸੰਭਾਲ਼ ਕੇ ਨਹੀਂ ਰੱਖਿਆ,ਕਾਪੀ ਦੇ ਅਖੀਰਲੇ ਪੰਨੇ ਉੱਪਰ ਲਿਖੀ ਕੋਈ ਕਵਿਤਾ ,ਕਲਾਸ ਬਦਲਦਿਆਂ ਹੀ ਉਹ ਕਾਪੀ ਰੱਦੀ ਵਿੱਚ ਚਲੀ ਜਾਂਦੀ ।ਨਾਂ ਹੀ ਉਹ ਕਦੇ ਕਿਸੇ ਸਾਹਿਤਕ ਸੱਥ ,ਰਸਾਲੇ ਅਖਬਾਰ ਜਾਂ ਕਵੀ ਸੰਮੇਲਨਾਂ ਪੰ ਦਾ ਹਿੱਸਾ ਬਣੀ।ਉਹ ਦੱਸਦੀ ਕਿ ਉਹ ਆਪਣੀਆਂ ਕਵਿਤਾਵਾਂ ਆਪਣੇ ਵਕੀਲ ਸਾਥੀਆਂ ਨੂੰ ਸਾਲ ‘ਚ 2-3 ਕੁ ਵਾਰ ਸੁਣਾ ਦਿੰਦੀ।
ਇੱਕ ਜਦੋਂ ਨਵੇਂ ਸਾਲ ਦਾ ਕੋਈ ਪ੍ਰੋਗਰਾਮ ਹੁੰਦਾ ਤੇ ਦੂਸਰਾ ਲੋਹੜੀ ਦੇ ਮੌਕੇ।ਜਾਂ ਆਪਣੇ ਕਾਲਜ,ਯੂਨੀਵਰਸਿਟੀ ਦੇ ਦੋਸਤਾਂ ਨਾਲ ਉਨ੍ਹਾਂ ਦੇ ਵਟਸਐਪ ਗਰੁੱਪ ਦੇ ਵਿੱਚ ਸਾਂਝੀਆਂ ਕਰ ਦਿੰਦੀ।ਇਸ ਤੋਂ ਪਹਿਲਾਂ ਉਸਦੀ ਕਲਮਬੱਧ ਇੱਕ ਕਹਾਣੀ ‘ਅੰਕਲ’ ਅਤੇ 2 ਦੋ ਕੁ ਕਵਿਤਾਵਾਂ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਛਪੀਆਂ ਸਨ,ਪਰ ਕਛੂਏ ਦੀ ਚਾਲ ਤੁਰਦਾ ਕਛੂਆ ਜਿਵੇਂ ਰਾਹ ਵਿੱਚ ਹੀ ਸੌਂ ਗਿਆ ਹੋਵੇ,ਉਹ ਉਦਾਂ ਹੀ ਸੋ ਗਈ।ਹਰਸਿਮਰਤ ਦੱਸਦੀ ਕਿ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਪ੍ਰਕਾਸ਼ਕ ਸ਼੍ਰੀ ਸਤੀਸ਼ ਗੁਲਾਟੀ ਜੀ ਨੇ ਚੇਤਨਾ ਪ੍ਰਕਾਸ਼ਨ ਦਾ ਇੱਕ ਵੱਟਸਐਪ ਗਰੁੱਪ ਬਣਾਇਆ ਹੈ।ਉਸ ਵਿੱਚ ਉਸਨੇ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ ।
ਗਰੁੱਪ ਦੇ ਮੈਂਬਰਾਂ ਵਿੱਚ ਇੱਕ ਗੁਰਦੀਪ ਕੌਰ ਨੇ ਹਰਸਿਮਰਤ ਦੀ ਇੱਕ ਕਵਿਤਾ ਜੋ ਕਿਸਾਨ ਮੋਰਚੇ ਸਬੰਧੀ ਲਿਖੀ ਗਈ ਸੀ,ਜਸਵੀਰ ਰਾਣਾ ਕਹਾਣੀਕਾਰ ਨੂੰ ਭੇਜੀ ਤਾਂ ਉਹਨਾਂ ਨੇ ਕਵਿਤਾ ਦੀ ਸਰਾਹਨਾ ਕਰਦਿਆਂ ਇੱਕ ਲੰਬਾ ਚੌੜਾ ਮੈਸਜ ਹਰਸਿਮਰਤ ਨੂੰ ਭੇਜਿਆ।ਤੇ ਇਸ ਸਰਾਹਨਾ ਬਾਅਦ ਹਰਸਿਮਰਤ ਦੇ ਖੰਬਾਂ ਨੂੰ ਜਿਵੇੰ ਉੱਡਣ ਲਈ ਅਸਮਾਨ ਮਿਲ ਗਿਆ,ਉਹ ਅਕਸਰ ਆਪਣੀਆਂ ਕਵਿਤਾਵਾਂ ਜਸਵੀਰ ਰਾਣਾ ਜੀ ਨਾਲ ਸਾਂਝੀਆਂ ਕਰਦੀ ਤਾਂ ਇੱਕ ਲੰਬਾ ਚੌੜਾ ਮੈਸਜ ਕਵਿਤਾ ਦੀ ਸਰਾਹਨਾ ਵਿੱਚ ਭੇਜਦੇ ।ਜਿਸ ਨਾਲ ਉਸਦੇ ਹੌਸਲਿਆਂ ਨੂੰ ਨਵੀਂ ਪਰਵਾਜ਼ ਮਿਲੀ ।ਕਿਸਾਨ ਮੋਰਚੇ ਸਬੰਧ ਵਿੱਚ ਲਿਖਦਿਆਂ ਉਸਨੇ ਕਿਹਾ ਕਿ :-
” ਅੱਜ ਲੋਹੜੀ ਮਨਾਉਣ ਨੂੰ ਜੀਅ ਨਹੀਂ ਕਰਦਾ
ਅੱਜ ਭੰਗੜੇ ਪਾਉਣ ਨੂੰ ਜੀਅ ਨਹੀਂ ਕਰਦਾ
ਮੇਰਾ ਬਾਪੂ ਬੈਠਾ ਰੜੇ ਮੈਦਾਨ
ਅੱਜ ਧੂਣੀ ਧੁਖਾਣ ਨੂੰ ਜੀਅ ਨਹੀਂ ਕਰਦਾ…;
ਕਦੇ ਫਾਹਾ ਲਾਕੇ
,ਕਦੇ ਸਲਫਾਸ ਖਾਕੇ
ਕਦੇ ਕੁਰਕੀ ਕਰਾਕੇ,
ਕਦੇ ਸਿਰ ਨਿਵਾਂ ਕੇ,
ਅੰਨ ਦਾਤਾ ਕਹਿਲਾਣ
ਵਾਲੇ ਦਾ,
ਹੁਣ ਵੋਟਾਂ ਪਾਉਣ ਨੂੰ ਜੀਅ ਨਹੀਂ ਕਰਦਾ…;
ਕਦੇ ਅੱਤਵਾਦ ਦਾ ਸੰਤਾਪ ਹੰਢਾ ਕੇ
ਕਦੇ ਚਿੱਟੇ ਦੇ ਲੜ ਜਵਾਨੀ ਲਾਕੇ
ਕਦੇ ਹਿੰਦੂ ਮੁਸਲਿਮ ਦਾ ਰਾਗ ਗਵਾਕੇ
ਲੋਕਤੰਤਰ ਦੇ ਇਸ ਛੜਯੰਤਰ ਵਿੱਚ
ਹੁਣ ਗਿੱਧਾ ਪਾਉਣ ਨੂੰ ਜੀਅ ਨਹੀਂ ਕਰਦਾ ,
ਅੱਜ ਲੋਹੜੀ ਮਨਾਉਣ ਨੂੰ ਜੀਅ ਨਹੀਂ ਕਰਦਾ….!!”
ਇਸ ਤਰ੍ਹਾਂ ਕਵਿਤਾਵਾਂ ਉਹ ਅਕਸਰ ਲਿਖਦੀ ਅਤੇ ਸਮਾਜ ਦੇ ਇਸ ਹਾਸ਼ੀਏ ਨੂੰ ਅਕਸਰ ਆਪਣੇ ਲਫ਼ਜ਼ਾਂ ਰਾਹੀਂ ਬਿਆਨ ਕਰਦੀ।ਸਮੇਂ ਨੇ ਕਰਵਟ ਲਈ,ਤਾਂ ਜਸਵੀਰ ਰਾਣਾ ਦਾ ਫੋਨ ਆਇਆ ਕਿ 7ਮਾਰਚ,2021 ਨੂੰ ਤੁਸੀਂ ਪ੍ਰਧਾਨਗੀ ਮੰਡਲ ਵਿੱਚ ਬੈਠਣਾ ਹੈ।ਜਿਸ ਵਿੱਚ ਪੰਜਾਬੀ ਲੇਖਕ ਸਭਾ ਲੁਧਿਆਣਾ, ਅਤੇ ਪੰਜਾਬੀ ਸੱਥ ਮੈਲਬੋਰਨ ਵੱਲੋਂ ਸਾਂਝਾ ਨਾਰੀ ਕਾਵਿ ਸੰਗ੍ਰਹਿ ‘ਜਦੋਂ ਔਰਤ ਸ਼ਾਇਰ ਹੁੰਦੀ ਹੈ’ ਦਾ ਲੋਕ ਅਰਪਣ ਸਮਾਰੋਹ ਸੀ ।
ਇਸ ਪ੍ਰੋਗਰਾਮ ਵਿੱਚ ਵੱਡੇ ਲੇਖਕਾਂ,ਕਵੀਆਂ ਨਾਲ ਹੋਈ ਮੁਲਾਕਾਤ ਅਤੇ ਜਸਵੀਰ ਰਾਣਾ ਜੀ ਦੀ ਹੌਂਸਲਾ ਅਫ਼ਜ਼ਾਈ ਸਦਕਾ ਉਸਨੇ ਆਪਣੀਆਂ ਕਵਿਤਾਂਵਾਂ ਦੀ ਡਾਇਰੀ ਜੋ ਉਸਨੇ ਸੰਭਾਲ ਕੇ ਰੱਖੀ ਸੀ, ਕੱਢੀ ਤੇ ਹਰ ਰੋਜ ਫੇਸਬੁੱਕ ਉੱਪਰ ਅਪਣੀ ਕਵਿਤਾ ਪੋਸਟ ਕਰਨ ਲੱਗੀ।ਦਿਨਾਂ ਵਿੱਚ ਹੀ ਉਸਦੀ ਕਵਿਤਾ ਬਾਰਡਰ ਪਾਰ ਕਰ ਗਈ ਅਤੇ ਐੱਮ ਆਸਿਫ਼ ਵੱਲੋਂ ਕੱਢੇ ਜਾਂਦੇ ਰਸਾਲੇ ‘ਆਪਣੀ ਆਵਾਜ਼’ ਦਾ ਸ਼ਿੰਗਾਰ ਬਣੀ ।ਉਸਦੀ ਕਵਿਤਾ ਦੀ ਸਾਹਿਤਕ ਜਗਤ ਵਿੱਚ ਬਹੁਤ ਤਰੀਫ ਹੋਈ। ਉਸ ਸਮਾਜਿਕ ਰਿਸ਼ਤਿਆਂ ਦੀ ਗੱਲ ਲਿਖਦੀ
ਭਾਵਕ ਹੋ ਜਾਂਦੀ, ਓਹਦੀ ਇੱਕ ਕਵਿਤਾ ਮਾਂ ਕੁੱਝ ਇਸ ਤਰ੍ਹਾਂ ਹੈ
– ਮਾਂ –
ਘਰ ਦੀ ਹਰ ਚੀਜ਼ ਦਾ
ਅਪਣਾ ਟਿਕਾਣਾ
ਨਾਲੇ ਪਾਉਣੀ
ਸੂਈ ਧਾਗਾ
ਨੇਲ ਕੱਟਰ
ਤੇਲ ਦੀ ਸ਼ੀਸ਼ੀ
ਕੈਂਚੀ
ਸਭ ਦੀ ਪੱਕੀ ਜਗ੍ਹਾ
ਕਦੇ ਕੋਈ ਚੀਜ਼
ਗਵਾਚਦੀ ਨਾ
ਓਹ ਕਹਿੰਦੀ……..
ਤੁਸੀਂ ਹੱਸਦੀਆਂ ਓ ਸ਼ੁਦੈਣੋ
ਪੱਕੀਆਂ ਥਾਂਵਾਂ ਦੇਖ……
ਵਕਤ ਖ਼ਰਾਬ ਨਹੀਂ ਹੁੰਦਾ
ਪੱਕੀ ਥਾਂ ਪਈ ਲੱਭ ਜਾਂਦੀ
ਹਰ ਚੀਜ਼…..
ਵਕਤ ਨੂੰ ਸੰਭਾਲਦੀ
ਪੱਕੀਆਂ ਥਾਂਵਾਂ ਬਣਾਉਂਦੀ
ਗਵਾਚ ਗਈ……..ਮਾਂ
ਪਰ….
ਨਾਲੇ ਪਾਉਣੀ
ਸੂਈ ਧਾਗਾ
ਨੇਲ ਕੱਟਰ
ਤੇਲ ਦੀ ਸ਼ੀਸ਼ੀ
ਕੈਂਚੀ
ਅੱਜ ਵੀ
ਉਸੇ ਜਗ੍ਹਾ ਨੇ
ਜਿਥੇ ਮਾਂ ਨੇ ਰੱਖੇ ਸੀ…!!
ਉਹ ਸੋਸਲ ਮੀਡੀਆ ਦਾ ਧੰਨਵਾਦ ਕਰਦੀ ਆਖਦੀ ਕਿ ਇਹ ਸੋਸਲ ਮੀਡੀਆ ਹੀ ਹੈ ਜਿਸਨੇ ਉਸਨੂੰ ਸਾਹਿਤਕ ਜਗਤ ਨਾਲ ਜੋੜਿਆ ਹੈ ।ਉਹ ਆਪਣੀ ਕਵਿਤਾਂਵਾਂ ਵਾਲੀ ਡਾਇਰੀ ਕੱਢਦੀ ਅਤੇ ਆਪਣੀ ਕਵਿਤਾਂਵਾਂ ਸਾਂਝੀਆਂ ਕਰਦੀ ਰਹਿੰਦੀ।।
ਰਸ਼ਕ
****
ਤੜੱਕ ਕਰਕੇ
ਟੁੱਟ ਗਈ
ਸੰਗਮਰਮਰ ਦੀ
ਸ਼ਵੇਤ ਮੂਰਤ
ਜਦ ਸੰਗਤਰਾਸ਼ ਨੇ
ਪਸੰਦ ਨਾ ਆਣ ਤੇ
ਠੇਡਾ ਮਾਰਿਆ
ਚੱਕਨਾਚੂਰ ਹੋਈ
ਧਰਾਤਲ ‘ਤੇ
ਖਿਲ੍ਹਰੀ ਪਈ ਏ
ਠੇਡੇ ਨੇ ਮੂਰਤ ਦਾ
ਅਸਤਿਤੱਵ ਹੀ ਖ਼ਤਮ ਕਰਤਾ
ਦੱਸ ਮੈਂ ਕੀ ਕਰਾਂ
ਮੈਂ ਰੋਜ਼
ਚਕਨਾਚੂਰ ਹੁੰਦੀ ਹਾਂ
ਜੁੜਦੀ ਹਾਂ
ਟੁੱਟਦੀ ਹਾਂ
ਮੈਨੂੰ ਰਸ਼ਕ ਹੈ
ਸੰਗਮਰਮਰ ਦੀ
ਮੂਰਤ ਨਾਲ
ਓਹ ਧਰਾਤਲ ‘ਤੇ ਪਈ
ਮਿੱਟੀ ਨਾਲ ਮਿੱਟੀ
ਹੋ ਗਈ
ਪਰ…….
ਮੇਰੇ ਟੁੱਕੜੇ
ਖੰਡਰ ਹੋ ਗਏ ।
ਇਹ ਕਵਿਤਾਵਾਂ ਸਮਾਜ ਦਾ ਸੱਚ ਬਿਆਨ ਕਰਦੀਆਂ ਹਨ,ਲੋਕਾਈ ਦਾ ਦਰਦ ਪੇਸ਼ ਕਰਦੀਆਂ ਹਨ। ਲੋਕ ਕਵਿਤਰੀ ਹਰਸਿਮਰਤ ਜਲਦ ਹੀ ਆਪਣੀ ਪਲੇਠੀ ਕਿਤਾਬ ਸਾਹਿਤ ਜਗਤ ਦੀ ਝੋਲੀ ਪਾਵੇਗੀ । ਉਸਦੀਆਂ ਕਵਿਤਾਵਾਂ ਰੋਮਾਂਸਵਾਦੀ ਨਾ ਹੋਕੇ ਯਦਾਰਥਵਾਦੀ ਹਨ,ਜੋ ਸਮੇ ਦਾ ਸੱਚ ਬਿਆਨ ਕਰਦੀਆਂ ,ਸਰਕਾਰਾਂ ਦੀਆਂ ਵਧੀਕੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦੀਆਂ ,ਉਹ ਨੀਤੀ ਘਾੜਿਆਂ ਦੀਆਂ ਗਲਤ ਨੀਤੀਆਂ ਕਾਰਨ ਹੋ ਰਹੀ ਬਰਬਾਦੀ ਨੂੰ ਬਿਆਨ ਕਰਦੀ ਆਖਦੀ ਹੈ ਕਿ….
ਹਰੇ ਕਚੂਰ ਰੁੱਖ
ਗੱਡੀ ਜੋ ਕਦੇ
ਰੇਲ ਸੀ
ਅੱਜ ਪਟੜੀ ਤੋਂ
ਲਹਿ ਗਈ ਏ
ਸ਼ੋਰ ਸ਼ਰਾਬਾ ਸੀ
ਲੰਗੋਟਾਂ
ਨਿੱਕਰਾਂ
ਡੰਡਿਆਂ ਵਾਲੀਆਂ
ਸਵਾਰੀਆਂ ਦਾ
ਜਦ ਉਤਰੀਆਂ
ਤਾਂ………
ਚਿੱਟੇ ਕੁੜਤੇ ਪਜਾਮੇ
ਚਿੱਟੇ ਸਾਫੇ ਪਾ
ਉਤਰੀਆਂ
ਗੱਡੀ ਹੁਣ
ਪਟੜੀ ‘ਤੇ ਨਹੀਂ
ਸੜਕ ‘ਤੇ ਚੱਲ ਰਹੀ ਸੀ
ਹਰੇ ਕਚੂਰ ਰੁੱਖ
ਸੜਕ ਚੌੜੀ ਕਰਨ ਲਈ
ਕਟਵਾਏ ਜਾ ਰਹੇ ਨੇ …!!”
ਉਸਨੇ ਸਰਕਾਰੀ ਨੀਤੀਆਂ ਤਹਿਤ ਕਿਸਾਨਾਂ ਦੇ ਹੱਕਾਂ ਦੇ ਹੋ ਰਹੇ ਘਾਣ ਉੱਪਰ ਸਖਤ ਸ਼ਬਦਾਂ ਰਾਹੀਂ ਆਪਣਾ ਤੰਜ ਕਸਿਆ ਹੈ।ਹਰਸਿਮਰਤ ਆਪਣੇ ਆਪ ਨੂੰ ਸ਼ਾਇਰ ਬਣਾਉਣ ਲਈ ਸੋਸ਼ਲ ਮੀਡੀਆ ਅਤੇ ਜਸਵੀਰ ਰਾਣਾ ਜੀ ਦਾ ਧੰਨਵਾਦ ਕਰਦਿਆਂ ਨਹੀਂ ਥੱਕਦੀ। ਸ਼ਾਇਰਾ ਪੇਸ਼ੇ ਤੋਂ ਹੱਟਕੇ ਆਪਣੇ ਵਕੀਲ ਹੋਣ ਬਾਰੇ ਦੱਸਦੀ ਹੈ ਕਿ ਓਹ ਵਕੀਲੀ ਪੇਸ਼ੇ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੀ ਹੈ।ਅਤੇ ਬਹੁਤ ਸਾਰੀਆਂ ਗਰੀਬ ਕੁੜੀਆਂ ਦੇ ਕੇਸ ਉਹ ਅਕਸਰ ਮੁਫ਼ਤ ਲੜਦੀ ਹੈ।ਉਸਦੀ ਆਪਣੀ ਇੱਕ ਸਮਾਜ ਸੇਵੀ ਸੰਸਥਾ ਹੈ ਜਿਸਦਾ ਨਾਮ ‘ਮਿਰਾਜ਼ ਫਾਊਂਡੇਸ਼ਨ’ ਹੈ ।
ਹਰਸਿਮਰਤ ਦੱਸਦੀ ਹੈ ਕਿ 2018 ‘ਚ ਜਿਲ੍ਹਾ ਕਨੂੰਨੀ ਸੇਵਾ ਅਥਾਰਟੀ ਨੇ ਗੁਰੂ ਨਾਨਕ ਭਵਨ ਲੁਧਿਆਣਾ ਵਿੱਚ ਥਰਡ ਜੈਂਡਰ ਬਾਰੇ ਇੱਕ ਪ੍ਰੋਗਰਾਮ ਕਰਵਾਇਆ।ਜਿਸ ਵਿੱਚ ਲੱਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਹਿਜ਼ਰਿਆ ਨੇ ਹਿੱਸਾ ਲਿਆ।ਉਸ ਵਿੱਚ ਇੱਕ ਹਿਜੜੇ ਨੇ ਸਟੇਜ ਉੱਪਰ ਭਾਸ਼ਣ ਦਿੰਦਿਆ ਕਿਹਾ ਕਿ ਤੁਸੀਂ ਲੋਕ ਜੋ ਇਹ ਪ੍ਰੋਗਰਾਮ ਕਰਵਾ ਰਹੇ ਜੋ,ਸਿਰਫ ਗੱਲਾਂ ਹੀ ਕਰਦੇ ਹੋ,ਰੋਂਦੇ ਹੋਏ ਉਸ ਹਿਜੜੇ ਨੇ ਕਿਹਾ ਕਿ ਤੁਹਾਡੇ ਵਿੱਚੋਂ ਕੋਈ ਵੀ ਸਾਨੂੰ ਗਲ ਨਾਲ ਨਹੀਂ ਲਾਵੇਗਾ ।ਖਚਾ ਖਚ ਭਰੇ ਹੋਏ ਉਸ ਆਡੀਟੋਰੀਅਮ ਵਿਚੋਂ ਸਿਰਫ ਹਰਸਿਮਰਤ ਹੀ ਉੱਠੀ ਅਤੇ ਉਸਨੇ ਉਸ ਹਿਜੜੇ ਨੂੰ ਕਲਾਵੇ ਵਿੱਚ ਲਿਆ,ਅਤੇ ਅੱਜ ਜਿਲ੍ਹਾ ਲੁਧਿਆਣਾ ਵਿੱਚੋਂ ਜਦੋਂ ਵੀ ਕਿਸੇ ਹਿਜੜੇ ਉੱਪਰ ਕੋਈ ਮੁਸੀਬਤ ਆਉਂਦੀ ਹੈ,ਉਦੋਂ ਸਭ ਤੋਂ ਪਹਿਲਾਂ ਹਰਸਿਮਰਤ ਨੂੰ ਫੋਨ ਕਰਦੇ ਹਨ ।
ਕਦੇ ਦੀਦੀ ,ਮੈਡਮ ਅਤੇ ਗੁਰੂਮਾਂ ਕਹਿ ਕੇ ਸੰਬੋਧਨ ਕਰਦੇ।ਉਹ ਦੱਸਦੀ ਹੈ ਕਿ ਗੰਗਾ ਫਾਊਂਡੇਸ਼ਨ ਅਤੇ ਮਨਸਾ ਫਾਉਂਡੇਸ਼ਨ ਜੋ ਕਿ ਥਰਡ ਜੈਂਡਰ ਲਈ ਕੰਮ ਕਰਦੀਆਂ ਹਨ,ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਉਹ ਜੁੜੀ ਹੋਈ ਹੈ।ਜਿੱਥੇ ਬੈਠਕੇ ਹਿਜੜੇ ਉਸ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ,ਦੁੱਖ ਸਾਂਝੇ ਕਰਦੇ ਹਨ ਅਤੇ ਆਪਣੀਆਂ ਮੁਸੀਬਤਾਂ ਦਾ ਹੱਲ ਲੱਭਣ ਲਈ ਉਸ ਤੱਕ ਪਹੁੰਚ ਕਰਦੇ ਹਨ ।ਉਹ ਦੱਸਦੀ ਹੈ ਕਿ ਇਹੋ ਉਸਦਾ ਪਾਠ ਅਤੇ ਪੂਜਾ ਹੈ।
ਕਾਨੂੰਨਦਾਨ ਦੇ ਹੱਥ ਜੇ ਕਲਮ ਆ ਜਾਵੇ ਤਾਂ ਦੁਨੀਆਂ ਨੂੰ ਬਹੁਤ ਵੱਡੀ ਸੇਧ ਦੇ ਜਾਂਦੀ ਹੈ l ਇਹੀ ਕੁੱਝ ਹਰਸਿਮਰਤ ਦੀ ਕਲਮ ਵਿੱਚ ਹੈ ਲੋਸਦੀ ਕਵਿਤਾ, ਕਹਾਣੀ ਜਾਂ ਕੋਈ ਵੀ ਲਿਖਤ ਹੋਵੇ ਸਮਾਜ ਨੂੰ ਇੱਕ ਸੇਧ ਦੇ ਜਾਂਦੀ ਹੈ lਹਰਸਿਮਰਤ ਲੋੜਵੰਦਾਂ ਦੀ ਕਾਨੂੰਨੀ ਸਹਾਇਤਾ ਤਾਂ ਕਰ ਹੀ ਰਹੀ ਹੈ ਹੁਣ ਸਾਹਿਤ ਦੀ ਸੇਵਾ ਨਾਲ ਜੁੜ ਕਿ ਕਾਨੂੰਨ ਤੇ ਸਾਹਿਤ ਦਾ ਸੁਮੇਲ ਬਣ ਗਈ ਹੈ “ਹਰਸਿਮਰਤ ਕੌਰ ਐਡਵੋਕੇਟ ”
ਦੋਨੋਂ ਸੇਵਾਂਵਾਂ ਬਹੁਤ ਸੋਹਣੇ ਤਰੀਕੇ ਨਾਲ ਨਿਭਾ ਰਹੀ ਹੈ
ਆਸ ਕਰਦਾਂ ਹਾਂ ਕਿ ਏਹ ਲੜੀ ਜਾਰੀ ਰਹੇਗੀ। ਕਨੂੰਨਦਾਨ ਹੱਥ ਕਲਮ ਆ ਜਾਵੇ ਤਾਂ ਉਸ ਦੀ ਸੋਚ ਵਿੱਚੋਂ ਕਾਨੂੰਨ ਦੀ ਵਿਆਖਿਆ ਤੇ ਰਚਨਾ ਉਤਪੰਨ ਹੁੰਦੀ ਹੈ।ਕਾਨੂੰਨਾਂ ਦੀ ਵਿਆਖਿਆ ਨਾਲ ਉਹ ਜੱਜ ਦੇ ਦਿਮਾਗ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ।ਜੇ ਸਾਹਿਤ ਵੱਲ ਆ ਜਾਵੇ ਤਾਂ ਲੋਕਾਂ ਨੂੰ ਸੇਧ ਦਾ ਸਹੀ ਰਸਤਾ ਦੇਣਾ ਉਨ੍ਹਾਂ ਦਾ ਮੁੱਖ ਫ਼ਰਜ਼ ਬਣ ਜਾਂਦਾ ਹੈ,ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਜੋ ਲਿਖ ਰਹੇ ਹਾਂ ਇਹ ਸਹੀ ਹੈ ਕਿ ਗ਼ਲਤ।ਬੀਬਾ ਵਕਾਲਤ ਦੇ ਨਾਲ ਜਦੋਂ ਕਲਮ ਫੜ ਕੇ ਬੈਠ ਗਈ,ਤਾਂ ਸਾਹਿਤ ਦੇ ਕਿਸੇ ਰੂਪ ਵਿੱਚ ਵੀ ਲਿਖੇ ਪਾਠਕਾਂ ਨੂੰ ਇਕ ਰਸਤਾ ਦੇ ਜਾਂਦੀ ਹੈ।ਹਰਸਿਮਰਤ ਕੌਰ ਕਨੂੰਨ ਤੇ ਸਾਹਿਤ ਦਾ ਸੁਮੇਲ ਦੋਨਾਂ ਪੱਖਾਂ ਤੋਂ ਸਹੀ ਨਿਭਾਅ ਰਿਹਾ ਹੈ ਤੇ ਨਿਭਾਉਂਦਾ ਰਹੇਗਾ।ਆਮੀਨ
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly