ਕਰਨਲ ਬਾਠ ਦੀ ਕੁੱਟਮਾਰ ਵਿਰੁੱਧ ਸਾਬਕਾ ਫੌਜੀਆਂ ਦਾ ਗੁੱਸਾ , ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਪੁਲਸ ਦੀ ਬੁਰਛਾਗਰਦੀ ਨੂੰ ਨੱਥ ਪਾਓ-ਖਹਿਰਾ, ਤੂਰ

(ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਸਾਬਕਾ ਫੌਜੀਆਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀ ਸੈਨਿਕ ਜਥੇਬੰਦੀ ਦੇ ਸੂਬਾ ਪ੍ਰਧਾਨ ਦਫੇਦਾਰ ਹਰਜਿੰਦਰ ਸਿੰਘ ਖਹਿਰਾ ਅਤੇ ਮੀਤ ਪ੍ਰਧਾਨ ਹੌਲਦਾਰ ਮੁਖਤਿਆਰ ਸਿੰਘ ਤੂਰ (ਕਲਬੁਰਛਾਂ) ਪ੍ਰੈਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਗੌਰਵ ਯਾਦਵ ਡੀ ਜੀ ਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਪੰਜਾਬ ਪੁਲਸ ਵਿੱਚ ਮਾੜੇ ਅਨਸਰਾਂ ਨੂੰ ਜਲਦੀ ਤੋਂ ਜਲਦੀ ਨਕੇਲ ਪਾਈ ਜਾਵੇ। ਦਫੇਦਾਰ ਹਰਜਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਪਟਿਆਲਾ ਪੁਲਸ ਦੀ ਵਾਗਡੋਰ ਦੋ ਅਜਿਹੇ ਪੁਲਸ ਅਧਿਕਾਰੀਆਂ ਦੇ ਹੱਥ ਵਿੱਚ ਹੈ। ਜਿਹਨਾਂ ਨੂੰ ਪੁਲਸ ਮਹਿਕਮਾ ਹੀ ਨਹੀਂ, ਸਗੋਂ ਸਮਾਜ ਵਿਚ ਵੀ ਉਹਨਾਂ ਦਾ ਨਾਂ ਆਮ ਲੋਕਾਂ ਵੱਲੋਂ ਬੜੀ ਇੱਜਤ ਨਾਲ ਲਿਆ ਜਾਂਦਾ ਹੈ। ਸ਼੍ਰ ਮਨਦੀਪ ਸਿੰਘ ਸਿੱਧੂ ਡੀ ਆ ਜੀ ਪਟਿਆਲਾ ਰੇਂਜ ਨੂੰ ਇੱਕ ਨੇਕ ਦਿਲ ਇਨਸਾਨ ਅਤੇ ਸਮਾਜ ਸੇਵੀ ਵਜੋਂ ਜਾਣਿਆ ਜਾਂਦਾ ਹੈ। ਜਦ ਕਿ ਐਸ ਐਸ ਪੀ ਪਟਿਆਲਾ ਡਾਕਟਰ ਨਾਨਕ ਸਿੰਘ ਜੀ ਦੀ ਪਹਿਚਾਣ ਇੱਕ ਸਿਆਣੇ  ਅਤੇ ਕਾਬਲ ਅਧਿਕਾਰੀ ਵਜੋਂ ਪੰਜਾਬ ਵਿੱਚ ਬਣੀ ਹੋਈ ਹੈ। ਹੈਰਾਨੀ ਅਤੇ ਅਫਸੋਸ ਦੀ ਗੱਲ ਹੈ ਕਿ ਪਟਿਆਲਾ ਪੁਲਸ ਦੀ ਵਾਗਡੋਰ ਐਨੇ ਸਾਊ ਸਿਆਣੇ ਪੜ੍ਹੇ-ਲਿਖੇ ਅਤੇ ਸਮਝਦਾਰ ਹੱਥਾਂ ਵਿੱਚ ਹੋਣ ਦੇ ਬਾਵਜੂਦ ਵੀ ਪੁਲਸ ਦੇ ਹੇਠਲੇ ਅਤੇ ਜੁੰਮੇਵਾਰ ਰੈਂਕ ਦੇ ਅਧਿਕਾਰੀਆਂ ਵੱਲੋਂ ਸ਼ਰੇਆਮ ਬੁਰਛਾਗਰਦੀ ਕੀਤੀ ਜਾ ਰਹੀ ਹੈ ਤੇ ਐੱਸ ਐੱਸ ਪੀ ਡਾਕਟਰ ਨਾਨਕ ਸਿੰਘ ਜੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਜਗ੍ਹਾ, ਅਜੇ ਵੀ ਦੋਸ਼ੀ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਬਚਾਉਣ ਲਈ ਜੱਦੋ ਜਹਿਦ ਕਰ ਰਹੇ ਹਨ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪਟਿਆਲਾ ਵਿਖੇ ਭਾਰਤੀ ਫੌਜ ਵਿੱਚ ਦੇਸ਼ ਦੀ ਸੇਵਾ ਕਰ ਰਹੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਸਾਬ ਅਤੇ ਉਨ੍ਹਾਂ ਦੇ ਨੌਜਵਾਨ ਪੁੱਤਰ ਨਾਲ ਪੰਜਾਬ ਪੁਲਸ ਦੇ ਚਾਰ ਅਫਸਰਾਂ ਅਤੇ ਉਨ੍ਹਾਂ ਦੇ ਗੰਨਮੈਨਾਂ ਨੇ ਬਹੁਤ ਹੀ ਬੁਰੀ ਤਰ੍ਹਾਂ ਅਣਮਨੁੱਖੀ ਵਿਵਹਾਰ ਕਰਦਿਆਂ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ। ਪੁਲਸ ਦੀ ਇਸ ਜਿਆਦਤੀ ਦਾ ਜਿੱਥੇ ਸਾਰੇ ਪੰਜਾਬ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਥੇ ਹੀ ਸੈਨਿਕ ਜਥੇਬੰਦੀਆਂ ਵਿੱਚ ਵੀ ਭਾਰੀ ਰੋਹ ਪਾਇਆ ਜਾ ਰਿਹਾ ਹੈ। ਜਿਸ ਕਾਰਨ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਬੈਨਰ ਹੇਠ ਜਥੇਬੰਦੀ ਦੇ ਪ੍ਰਧਾਨ ਹੌਲਦਾਰ ਪਰਗਟ ਸਿੰਘ ਦੀ ਅਗਵਾਈ ਹੇਠ ਅਤੇ ਸੇਵਾ ਪੰਜਾਬ ਦੇ ਸਹਿਯੋਗ , ਐਕਸ ਆਰਮੀ ਵੈਲਫੇਅਰ ਸੁਸਾਇਟੀ ਪੰਜਾਬ,  ਐਕਸ ਸਰਵਿਸਮੈਨ ਵੈਲਫੇਅਰ ਯੂਨੀਅਨ ਪੰਜਾਬ ਬਠਿੰਡਾ, ਯੂਨਾਇਟਿਡ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ ਬਰਨਾਲਾ, ਐਕਸ ਸਰਵਿਸਮੈਨ ਵੈਲਫੇਅਰ ਯੂਨੀਅਨ ਖੰਨਾ ਤੋਂ ਇਲਾਵਾ ਸੰਯੁਕਤ ਜਵਾਨ ਮੋਰਚੇ ਦੀਆਂ ਵੱਖ ਵੱਖ ਜਥੇਬੰਦੀਆਂ ਵੀ 22 ਮਾਰਚ ਸ਼ਨੀਵਾਰ ਨੂੰ ਪਟਿਆਲਾ ਵਿਖੇ ਸ਼ਾਂਤਮਈ ਢੰਗ ਨਾਲ  10 ਤੋਂ 3 ਵਜੇ ਤੱਕ ਸੰਕੇਤਕ ਰੋਸ ਪ੍ਰਦਰਸ਼ਨ ਕਰਕੇ ਡੀ ਸੀ ਪਟਿਆਲਾ ਨੂੰ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਮੰਗ ਪੱਤਰ ਵੀ ਸੋਂਪਣਗੀਆਂ। ਇਸ ਰੋਸ ਪ੍ਰਦਰਸ਼ਨ ਵਿੱਚ ਸਾਰੇ ਸਾਬਕਾ ਸੈਨਿਕਾਂ ਅਤੇ ਇਨਸਾਫ ਪਸੰਦ ਲੋਕਾਂ ਅਤੇ ਵੱਖ ਵੱਖ ਸਮਾਜਿਕ ਜਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਕਿ ਭਾਰੀ ਗਿਣਤੀ ਵਿੱਚ ਪਹੁੰਚੋ। ਤਾਂ ਜੋ ਦੇਸ਼ ਦੇ ਰਾਖਿਆਂ ਤੇ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਹੱਥ ਚੁੱਕਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਸਮੂਹ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਪਸੀ ਵਿਚਾਰ ਵਿਮਰਸ਼ ਕਰਕੇ ਪਟਿਆਲਾ ਵਿਖੇ ਪੱਕਾ ਮੋਰਚਾ ਵੀ ਲਾਇਆ ਜਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਕੈਰੀਅਰ ਕਾਉਂਸਲਿੰਗ ਸੈਸ਼ਨ
Next articleਸ਼ਹੀਦੀ ਦਿਨ ਤੇ ਪ੍ਰਵਾਜ਼ ਰੰਗ ਮੰਚ ਵੱਲੋ ਖੇਡਿਆ ਨਾਟਕ ਮੈਂ ਫਿਰ ਆਵਾਂਗਾ ਅਮਿਟ ਯਾਦਾਂ ਛੱਡ ਗਿਆ