(ਸਮਾਜ ਵੀਕਲੀ) ਦਸੰਬਰ 2024 ਤੋਂ ਬਾਅਦ ਮੇਰਾ #ਕੌਫ਼ੀ_ਵਿਦ ਦਾ ਪ੍ਰੋਗਰਾਮ ਕੁਝ ਮੱਠਾ ਪੈ ਗਿਆ ਸੀ। ਘਰੇਲੂ ਪ੍ਰੇਸ਼ਾਨੀਆਂ ਨੇ ਉਲਝਾ ਲਿਆ ਸੀ। ਆਪਣੇ ਰੂਟੀਨ ਨੂੰ ਦੁਬਾਰਾ ਸ਼ੁਰੂ ਕਰਦੇ ਹੋਏ ਮੈਂ ਬਠਿੰਡਾ ਦੇ ਨਾਮੀ ਆਰਟਿਸਟ ਸ੍ਰੀ ਅਮਰਜੀਤ ਸਿੰਘ ਜੀ ਨੂੰ ਕੌਫ਼ੀ ਦੇ ਕੱਪ ਲਈ ਸੱਦਾ ਦਿੱਤਾ। ਇਹ੍ਹਨਾਂ ਨੂੰ ਸਾਰੇ ਅਮਰਜੀਤ ਸਿੰਘ ਪੇਂਟਰ ਦੇ ਨਾਮ ਨਾਲ ਜਾਣਦੇ ਹਨ। ਸ਼ਹਿਰ ਦੀ ਜਾਣੀ ਪਹਿਚਾਣੀ ਸਖਸ਼ੀਅਤ ਹੈ ਸ੍ਰੀ ਅਮਰਜੀਤ ਪੇਂਟਰ। ਮੇਰੀ ਅੱਜ ਦੀ ਕੌਫ਼ੀ ਦਾ ਮਹਿਮਾਨ ਬਣਨ ਦਾ ਮਤਲਬ ਉਹ ਸਮਝਦੇ ਸਨ। ਸੋ ਉਹ ਘੜੀ ਦੀਆਂ ਸੂਈਆਂ ਦੇ ਬੰਧਨ ਤੋਂ ਮੁਕਤ ਹੋਕੇ ਮੇਰੇ ਕੋਲ੍ਹ ਆਏ ਸਨ। ਹੁਣ ਸਾਡੇ ਦਰਮਿਆਨ ਫੋਨ ਦੀ ਘੰਟੀ ਵੀ ਨਹੀਂ ਸੀ। ਬਠਿੰਡਾ ਦੇ ਜੰਮਪਲ ਸ੍ਰੀ ਸਿੰਘ ਜੀ ਨੇ ਬਚਪਨ ਤੋਂ ਆਪਣੇ ਮਾਨਸਾ ਰਹਿੰਦੇ ਮਾਮਿਆਂ ਦਾ ਸ਼ਗਿਰਦ ਬਣਕੇ ਪੇਟਿੰਗ ਨੂੰ ਆਪਣਾ ਪੇਸ਼ਾ ਅਤੇ ਸ਼ੋਂਕ ਬਣਾਉਣ ਲਈ ਆਪਣੀ ਜਨਮਭੂਮੀ ਛੱਡਕੇ ਨਾਨਕੇ ਜਾ ਡੇਰੇ ਲਾਏ। ਇਹ੍ਹਨਾਂ ਨੇ ਅੱਠਵੀਂ ਵਿੱਚ ਹੀ ਸਕੂਲ ਛੱਡ ਦਿੱਤਾ ਸੀ। ਆਪਣੇ ਬਾਪ ਕੋਲ ਬੈਠਕੇ ਸਿਲਾਈ ਮਸ਼ੀਨ ਚਲਾਉਣੀ ਸਿੱਖਣ ਦੀ ਬਜਾਇ ਬੁਰਸ਼ ਪਕੜਕੇ ਰੰਗਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਇਹ ਕੁਦਰਤ ਦੀ ਕ੍ਰਿਪਾ ਕਹਿ ਲਵੋ ਜਾਂ ਸ੍ਰੀ ਅਮਰਜੀਤ ਸਿੰਘ ਦਾ ਜਨੂੰਨ, ਇਸ ਨੇ ਆਪਣੇ ਮਾਮਿਆਂ ਨੂੰ ਸ਼ਰਮਿੰਦਾ ਨਹੀਂ ਹੋਣ ਦਿੱਤਾ ਅਤੇ ਗੁਰੂ ਨਾਲੋਂ ਚੇਲਾ ਅੱਗੇ ਨਿਕਲ ਗਿਆ। ਜਿਵੇਂ ਕਹਿੰਦੇ ਹਨ ਕਿ ਨਾਨਕੇ ਰਹਿਕੇ ਜੁਆਕ ਵਿਗੜ ਜਾਂਦੇ ਹਨ ਪਰ ਅਮਰਜੀਤ ਜੀ ਨੇ ਇਸ ਮਿਥ ਨੂੰ ਵੀ ਝੂਠਾ ਪਾ ਦਿੱਤਾ। ਅੱਜ ਤੋਂ ਪੰਜਾਹ ਸਾਲ ਪਹਿਲ਼ਾਂ ਮਾਨਸਾ ਵਰਗੇ ਪਿੱਛੜੇ ਇਲਾਕੇ ਵਿੱਚ ਮਾਮਿਆਂ ਦੇ ਚਿੱਤਰਾਂ ਦੀ ਨੁਮਾਇਸ਼ ਲੱਗਦੀ ਸੀ। ਇਹ ਅਚੰਭੇ ਵਾਲ਼ੀ ਗੱਲ ਹੈ। ਸ੍ਰੀ ਅਮਰਜੀਤ ਜੀ ਨੇ ਦੱਸਿਆ ਕਿ ਉਸਨੇ ਆਪਣੇ ਕੰਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ। ਇਹ੍ਹਨਾਂ ਅਨੁਸਾਰ ਪਹਿਲ਼ਾਂ ਹਿੱਸਾ ਕਮਰਸ਼ੀਅਲ ਆਰਟ ਸੀ ਜਿਥੋਂ ਰੋਜ਼ੀ ਰੋਟੀ ਚਲਦੀ ਸੀ। ਪਰਿਵਾਰ ਚਲਾਉਣਾ ਅਤੇ ਬੱਚੇ ਸੈੱਟ ਕਰਨੇ ਸਨ। ਇਸ ਵਿੱਚ ਇਹ ਪੂਰੀ ਤਰ੍ਹਾਂ ਸਫਲ ਰਹੇ। ਅੱਜ ਇੱਕ ਬੇਟਾ ਇੰਜੀਨੀਅਰ ਹੈ ਤੇ ਦੂਜਾ ਦਿੱਲੀ ਵਿੱਚ ਆਰਟਿਸਟ ਹੈ। ਉਸਨੇ ਐਮ ਐਫ ਏ ਕੀਤੀ ਹੋਈ ਹੈ ਅਤੇ ਦਿੱਲੀ ਵਿੱਚ ਆਪਣਾ ਸਟੂਡੀਓ ਚਲਾ ਰਿਹਾ ਹੈ। ਉਸਦੀਆਂ ਕਲਾਕ੍ਰਿਤੀਆਂ ਲੱਖਾਂ ਰੁਪਏ ਵਿੱਚ ਵਿਕਦੀਆਂ ਹਨ। ਵੱਡੀਆਂ ਕੰਪਨੀਆਂ ਨਾਲ ਜੁੜਿਆ ਹੋਇਆ ਹੈ। ਉਹ ਪਿਤਾ ਦੀ ਕਲਾ ਨੂੰ ਅੱਗੇ ਵਧਾ ਰਿਹਾ ਹੈ। ਸ੍ਰੀ ਅਮਰਜੀਤ ਸਿੰਘ ਦੇ ਕੰਮ ਦਾ ਦੂਜਾ ਹਿੱਸਾ ਫ੍ਰੀ ਆਰਟ ਸੀ ਜਿਸ ਨਾਲ ਉਸਨੇ ਆਪਣਾ ਨਾਮ ਕਮਾਉਣਾ ਸੀ ਅਤੇ ਆਪਣੀ ਕਲਾ ਨੂੰ ਵਿਕਸਿਤ ਕਰਨਾ ਸੀ। ਇਸ ਖੇਤਰ ਵਿੱਚ ਇਹ੍ਹਨਾਂ ਨੇ ਨਿੱਠ ਕੇ ਕੰਮ ਕੀਤਾ। ਸਾਹਿਤਕਾਰਾਂ ਦੀ ਸੀਰੀਜ਼ ਤੇ ਕੰਮ ਕਰਨ ਦੇ ਨਾਲ ਨਾਲ ਇਹ੍ਹਨਾਂ ਨੇ ਪਵਿੱਤਰ ਗੁਰਬਾਣੀ ਦੇ ਸ਼ਲੋਕਾਂ ਨੂੰ ਆਧਾਰ ਬਣਾਕੇ ਕੰਮ ਕਰਨਾ ਸ਼ੁਰੂ ਕੀਤਾ। ਇਹ ਇੱਕ ਕਦੇ ਨਾਮੁਕਣ ਵਾਲਾ ਪ੍ਰੋਜੈਕਟ ਹੈ। ਸ਼ਲੋਕ ਦੇ ਸ਼ਬਦ ਅਤੇ ਉਸਦੇ ਅਰਥਾਂ ਨੂੰ ਚਿੱਤਰਾਂ ਦੇ ਰੂਪ ਵਿੱਚ ਪ੍ਰਗਟਾਉਣਾ, ਸਮਝਾਉਣਾ ਕੋਈਂ ਛੋਟਾ ਕੰਮ ਨਹੀਂ ਹੈ। ਇਸ ਲਈ ਗੁਰਬਾਣੀ ਦਾ ਗਹਿਨ ਅਧਿਐਨ ਕਰਨ ਦੀ ਜਰੂਰਤ ਹੁੰਦੀ ਹੈ। ਸ੍ਰੀ ਅਮਰਜੀਤ ਸਿੰਘ ਨੇ ਇਸ ਪਾਸੇ ਡੱਟਕੇ ਮੇਹਨਤ ਕੀਤੀ ਅਤੇ ਖਰਾ ਵੀ ਉਤਰਿਆ। ਇਹ ਚਿੱਤਰ ਸਿੱਖ ਜਗਤ ਦੀਆਂ ਨਾਮਵਰ ਹਸਤੀਆਂ ਕੋਲ੍ਹ ਪਾਹੁੰਚੇ ਅਤੇ ਉਹਨਾਂ ਨੇ ਇਸ ਕੰਮ ਦੀ ਭਰਪੂਰ ਸ਼ਲਾਘਾ ਵੀ ਕੀਤੀ। ਇਸੇ ਕਲਾ ਰਾਹੀਂ ਸ੍ਰੀ ਅਮਰਜੀਤ ਜੀ ਦੀ ਆਪਣੀ ਪਹਿਚਾਣ ਬਣੀ ਤੇ ਅੱਜ ਇਹ੍ਹਨਾਂ ਦੀ ਦੋਸਤੀ ਦਾ ਵਿਸ਼ਾਲ ਦਾਇਰਾ ਹੈ। ਪੜ੍ਹੇ ਲਿਖੇ, ਪ੍ਰੋਫੈਸਰ, ਵਕੀਲ ਅਤੇ ਡਾਕਟਰ ਵੀ ਉਸ ਦਾਇਰੇ ਵਿੱਚ ਸ਼ਾਮਿਲ ਹਨ। ਪੈਂਟਰ ਅਮਰਜੀਤ ਜੀ ਦੇ ਕੰਮ ਦਾ ਤੀਸਰਾ ਭਾਗ ਵੀ ਨਿਰਾਲਾ ਹੈ ਉਹ ਆਪਣੀ ਕਲਾ ਨੂੰ ਵੰਡਕੇ ਦੂਸਰਿਆਂ ਨੂੰ ਰੋਜਗਾਰ ਨਾਲ ਜੋੜਨਾ ਚਾਹੁੰਦਾ ਹੈ। ਇਸ ਵਿੱਚ ਉਹ ਸਫਲ ਵੀ ਹੋਇਆ ਹੈ। ਰਾਹ ਜਾਂਦੇ ਨੂੰ ਪੈਰੀਂ ਪੈਣਾ ਕਰਨ ਵਾਲੇ ਅਕਸਰ ਹੀ ਮਿਲ ਜਾਂਦੇ ਹਨ। ਕਈਆਂ ਨੂੰ ਰੋਜ਼ਗਾਰ ਅਤੇ ਨੌਕਰੀ ਦਿਵਾਉਣ ਵਿੱਚ ਅਮਰਜੀਤ ਦਾ ਹੱਥ ਰਿਹਾ ਹੈ। ਆਪਣੀ ਕਲਾ ਦੇ ਦਮ ਤੇ ਨਾਮਣਾ ਖੱਟ ਚੁੱਕਿਆ ਅਮਰਜੀਤ ਅਕਸਰ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਂਦਾ ਹੈ। ਦੇਸ਼ ਦੇ ਨਾਮੀ ਆਰਟਿਸਟਾਂ ਨੂੰ ਮਿਲਣਾ ਓਹਨਾ ਕੋਲੋੰ ਸਿੱਖਣਾ ਅਜੇ ਵੀ ਜਾਰੀ ਹੈ। ਸ੍ਰੀ ਅਮਰਜੀਤ ਸਿੰਘ ਨੂੰ ਆਪਣੇ ਖੇਤਰ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਕਰਕੇ ਸੈਂਕੜੇ ਪੁਰਸਕਾਰ ਇਨਾਮ ਮਿਲੇ। ਬਹੁਤ ਸਨਮਾਨ ਮਿਲੇ। ਇਸ ਤੋਂ ਵੱਧ ਵੱਡੀਆਂ ਸਖਸ਼ੀਅਤਾਂ ਦੁਆਰਾ ਪ੍ਰਸ਼ੰਸ਼ਾ ਵਿੱਚ ਬੋਲੇ ਗਏ ਸ਼ਬਦ ਹੀ ਅਨਮੋਲ ਖਜ਼ਾਨਾ ਹੈ। ਇਸ ਵਿੱਚ ਸੂਬੇ ਦੇ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਸਟੇਟ ਐਵਾਰਡ ਵੀ ਸ਼ਾਮਿਲ ਹੈ। ਸ੍ਰੀ ਅਮਰਜੀਤ ਸਿੰਘ ਨੇ ਆਪਣੇ ਸਹਿਯੋਗੀ ਆਰਟਿਸਟਾਂ ਨਾਲ ਮਿਲਕੇ ਸ੍ਰੀ ਸ਼ੋਭਾ ਸਿੰਘ ਯਾਦਗਾਰੀ ਚਿੱਤਰਕਾਰ ਸੁਸਾਇਟੀ ਵੀ ਬਣਾਈ ਗਈ ਹੈ। ਜੋ ਹਰ ਸਾਲ ਆਪਣੇ ਪ੍ਰੋਗਰਾਮ ਕਰਵਾਉਂਦੀ ਹੈ। ਸ੍ਰੀ ਅਮਰਜੀਤ ਸਿੰਘ ਜੀ ਦੇ ਦੱਸਣ ਮੁਤਾਬਿਕ ਬਠਿੰਡਾ ਵਿੱਚ ਕਈ ਨਾਮੀ ਆਰਟਿਸਟ ਹਨ ਜੋ ਇਸ ਖੇਤਰ ਵਿੱਚ ਬਹੁਤ ਸੋਹਣਾ ਕੰਮ ਕਰ ਰਹੇ ਹਨ। ਸ੍ਰੀ ਅਮਰਜੀਤ ਸਿੰਘ ਇੱਕ ਆਰਟਿਸਟ ਹੋਣ ਦੇ ਨਾਲ ਨਾਲ ਇੱਕ ਵਧੀਆ ਪਾਠਕ ਵੀ ਹਨ। ਸਾਹਿਤ ਵਿੱਚ ਬਹੁਤ ਰੁਚੀ ਹੋਣ ਕਰਕੇ ਬਹੁਤਾਂ ਸਮਾਂ ਪੜ੍ਹਨ ਵਿੱਚ ਲਾਉਂਦੇ ਹਨ। ਭਾਵੇਂ ਖੁਦ ਵੀ ਕਲਮ ਝਰੀਟ ਲੈਂਦੇ ਹਨ ਰੁਬਾਈਆਂ ਅਤੇ ਮਿੰਨੀ ਕਹਾਣੀਆਂ ਵਿੱਚ ਕਦੇ ਕਦੇ ਹੱਥ ਅਜਮਾਉਂਦੇ ਹਨ ਪਰ ਸਾਹਿਤਿਕ ਸਮਾਰੋਹਾਂ ਵਿੱਚ ਹਾਜ਼ਰੀ ਲਵਾਉਣੀ ਨਹੀਂ ਭੁੱਲਦੇ। ਟੀਚਰਜ਼ ਹੋਮ ਵਿੱਚ ਪ੍ਰੋਗਰਾਮਾਂ ਵਿੱਚ ਮਸਤ ਹੋਕੇ ਸੁਣਨ ਦਾ ਆਨੰਦ ਮਾਣਦੇ ਦੇਖੇ ਜਾ ਸਕਦੇ ਹਨ। ਜਿੰਦਗੀ ਦੇ ਅੱਠ ਦਹਾਕਿਆਂ ਦੇ ਨੂੰ ਢੁੱਕਣ ਵਾਲੇ ਸ੍ਰੀ ਸਿੰਘ ਦੇ ਚੇਹਰੇ ਤੇ ਅੱਜ ਵੀ ਲਾਲੀ ਝਲਕਦੀ ਹੈ। ਹੱਸਮੁੱਖ ਚੇਹਰਾ ਅਤੇ ਬੇਫਿਕਰੀ ਵਾਲਾ ਫਕੀਰੀ ਆਲਮ ਨਜ਼ਰ ਆਉਂਦਾ ਹੈ। ਇਹ ਹੀ ਸੰਤੁਸ਼ਟ ਜਿੰਦਗੀ ਦੀ ਨਿਸ਼ਾਨੀ ਹੈ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj