ਮੁੰਬਈ (ਸਮਾਜ ਵੀਕਲੀ): ਮਹਾਰਾਸ਼ਟਰ ਦੀ ਮਹਾ ਵਿਕਾਸ ਅਗਾੜੀ ਗੱਠਜੋੜ ਸਰਕਾਰ ਵਿੱਚ ਅਹਿਮ ਭਾਈਵਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਪਾਰਟੀ ਆਗੂ ਤੇ ਸੂਬਾ ਸਰਕਾਰ ’ਚ ਮੰਤਰੀ ਨਵਾਬ ਮਲਿਕ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਨੂੰ ‘ਸੱਤਾ ਦੀ ਦੁਰਵਰਤੋਂ’ ਦੀ ਇਕ ਹੋਰ ਮਿਸਾਲ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਮਲਿਕ ਅਕਸਰ ਲੋਕਾਂ ਵੱਲੋਂ ਕੀਤੇ ਜਾਂਦੇ ਗ਼ਲਤ ਕੰਮਾਂ ਤੋਂ ਪਰਦਾ ਚੁੱਕਦੇ ਰਹਿੰਦੇ ਹਨ ਤੇ ਇਹ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਕੀਤੀ ਕਾਰਵਾਈ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਆਪਣੇ ਆਗੂ ਖਿਲਾਫ਼ ਅਜਿਹੀ ਕਿਸੇ ਕਾਰਵਾਈ ਦੀ ਪਹਿਲਾਂ ਤੋਂ ਉਮੀਦ ਸੀ ਕਿਉਂਕਿ ਮਲਿਕ ‘ਖੁੱਲ੍ਹ ਕੇ ਬੋਲਦੇ’ ਹਨ। ਸੂਬਾ ਸਰਕਾਰ ’ਚ ਭਾਈਵਾਲ ਸ਼ਿਵ ਸੈਨਾ ਤੇ ਕਾਂਗਰਸ ਨੇ ਵੀ ਮਲਿਕ ਦੀ ਹਮਾਇਤ ’ਚ ਨਿੱਤਰਦਿਆਂ ਕਿਹਾ ਕਿ ਵਿਰੋਧੀਆਂ ਨੂੰ ਖ਼ਾਮੋਸ਼ ਕਰਨ ਦੀਆਂ ਇਨ੍ਹਾਂ ਜੁਗਤਾਂ ਖਿਲਾਫ਼ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ।
ਉਧਰ ਭਾਜਪਾ ਨੇ ਕਿਹਾ ਕਿ ਈਡੀ ਦੀ ਕਾਰਵਾਈ ਨੂੰ ‘ਬਦਲੇ ਦੀ ਸਿਆਸਤ’ ਦਾ ਨਾਮ ਨਾ ਦਿੱਤਾ ਜਾਵੇ। ਜੇਕਰ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਲੱਗਦਾ ਹੈ ਕਿ ‘ਸੱਤਾ ਦੀ ਦੁਰਵਰਤੋਂ’ ਹੋਈ ਹੈ ਤਾਂ ਉਹ ਨਿਆਂ ਲਈ ਕੋਰਟ ਦਾ ਬੂਹਾ ਖੜਕਾ ਸਕਦੇ ਹਨ। ਮੁੱਖ ਵਿਰੋਧੀ ਪਾਰਟੀ ਨੇ ਮਲਿਕ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਗ੍ਰਿਫਤਾਰੀ ਮਗਰੋਂ ਮਲਿਕ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਈਡੀ ਦੀ ਕਾਰਵਾਈ ’ਤੇ ਆਪਣੇ ਪ੍ਰਤੀਕਰਮ ਵਿੱਚ ਪਵਾਰ ਨੇ ਕਿਹਾ, ‘‘ਉਹ ਹੁਣ ਕਿਹੜਾ ਕੇਸ ਖੋਦ ਰਹੇ ਹਨ? ਸਿੱਧੀ ਜਿਹੀ ਗੱਲ ਹੈ, ਉਨ੍ਹਾਂ ਦਾਊਦ ਦਾ ਨਾਮ ਲਿਆ ਹੈ, ਖਾਸ ਕਰਕੇ ਜੇਕਰ ਕੋਈ ਮੁਸਲਿਮ ਕਾਰਕੁਨ ਹੈ….ਇਸ ਕਾਰਕੁਨ ਤੇ ਅੰਡਰਵਰਲਡ ਦਰਮਿਆਨ ਕੋਈ ਸਬੰਧ ਨਹੀਂ ਹੈ, ਪਰ ਹੁਣ ਦਰਸਾ ਦਿੱਤਾ ਗਿਆ ਹੈ।’’ ਪਵਾਰ ਨੇ ਚੇਤੇ ਕਰਦਿਆਂ ਕਿਹਾ ਕਿ 90ਵਿਆਂ ਦੀ ਸ਼ੁਰੂਆਤ ਵਿੱਚ ਜਦੋਂ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਖਿਲਾਫ਼ ਵੀ ਅਜਿਹਾ ਮਾਹੌਲ ਸਿਰਜਿਆ ਗਿਆ ਸੀ। ਉਨ੍ਹਾਂ ਕਿਹਾ, ‘‘ਇਸ ਗੱਲ ਨੂੰ 25 ਸਾਲ ਹੋ ਗਏ ਹਨ। ਕੇਂਦਰ ਖਿਲਾਫ਼ ਸਟੈਂਡ ਲੈਣ ਵਾਲੇ ਲੋਕਾਂ ਨੂੰ ਬਦਨਾਮ ਤੇ ਪ੍ਰੇਸ਼ਾਨ ਕਰਨ ਅਤੇ ਸੱਤਾ ਦੀ ਦੁਰਵਰਤੋਂ ਲਈ ਇਸੇ ਤਰ੍ਹਾਂ ਅੰਡਰਵਰਲਡ ਦਾ ਨਾਂ ਲਿਆ ਗਿਆ ਸੀ।’’
ਐੱਨਸੀਪੀ ਦੀ ਲੋਕ ਸਭਾ ਮੈਂਬਰ ਸੁਪ੍ਰਿਆ ਸੂਲੇ ਨੇ ਕਿਹਾ ਕਿ ਮਹਾਰਾਸ਼ਟਰ ਨਾ ਤਾਂ ਪਹਿਲਾਂ ਕੇਂਦਰ ਅੱਗੇ ਝੁਕਿਆ ਸੀ ਤੇ ਨਾ ਕਦੇ ਝੁਕੇਗਾ। ਸੂਲੇ ਨੇ ਕਿਹਾ ਕਿ ਕੇਂਦਰ ਵੱਲੋਂ ਭਾਜਪਾ ਦੇ ਸਿਆਸੀ ਵਿਰੋਧੀਆਂ ਖਿਲਾਫ਼ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ, ‘‘ਇਕ ਵਾਰ ਤੁਸੀਂ ਆਪਣੀ ਪਾਰਟੀ ਛੱਡ ਕੇ ਉਨ੍ਹਾਂ ਨਾਲ ਜਾ ਰਲੋ, ਫਿਰ ਜਾਂਚ ਏਜੰਸੀਆਂ ਦੇ ਨੋਟਿਸ ਖ਼ੁਦ ਬਖੁ਼ਦ ਗਾਇਬ ਹੋ ਜਾਣਗੇ।
ਸੂਲੇ ਨੇ ਕਿਹਾ ਕਿ ਉਹ ਅਗਾਮੀ ਸੰਸਦੀ ਇਜਲਾਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਗੇ ਇਸ ਮਾਮਲੇ ਨੂੰ ਰੱਖਣਗੇ। ਐੱਨਸੀਪੀ ਵਰਕਰਾਂ ਨੇ ਦੱੱਖਣੀ ਮੁੰਬਈ ਵਿੱਚ ਈਡੀ ਦਫ਼ਤਰ ਦੇ ਬਿਲਕੁਲ ਨਾਲ ਪਾਰਟੀ ਹੈੱਡਕੁਆਰਟਰ ’ਤੇ ਰੋਸ ਵਜੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਈਡੀ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਧਰ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਈਡੀ ਵੱਲੋਂ ਮਲਿਕ ਤੋਂ ਕੀਤੀ ਪੁੱਛ-ਪੜਤਾਲ ਨੂੰ ‘ਬਦਲੇ’ ਦੀ ਕਾਰਵਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਜਦੋਂ ਸਿਆਸੀ ਵਿਰੋਧੀਆਂ ਖਾਮੋੋਸ਼ ਕਰਨ ਦੀਆਂ ਇਨ੍ਹਾਂ ਜੁਗਤਾਂ ਦਾ ਇਕਜੁੱਟ ਹੋ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਪਟੋਲੇ ਨੇ ਕਿਹਾ ਕਿ ਕਾਂਗਰਸ ਮਲਿਕ ਦੀ ਪਿੱਠ ’ਤੇ ਖੜ੍ਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly