ਵਿਦਿਅਕ ਅਦਾਰੇ ਬੰਦ; 15 ਤੱਕ ਰਾਤ ਦਾ ਕਰਫਿਊ

 

  • ਸਰਕਾਰੀ/ਪ੍ਰਾਈਵੇਟ ਦਫ਼ਤਰਾਂ ਅਤੇ ਸਨਅਤਾਂ ’ਚ ਸਟਾਫ ਲਈ ਟੀਕਾਕਰਨ ਲਾਜ਼ਮੀ ਕਰਾਰ
  • ਪਟਿਆਲਾ ਦੇ ਮੈਡੀਕਲ ਕਾਲਜ ’ਚ 100 ਤੇ ਲੁਧਿਆਣਾ ਜ਼ਿਲ੍ਹੇ ਦੇ ਨਰਸਿੰਗ ਕਾਲਜ ’ਚ 41 ਵਿਦਿਆਰਥੀ ਕਰੋਨਾ ਪਾਜ਼ੇਟਿਵ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਤੋਂ ਐਨ ਪਹਿਲਾਂ ਕੋਵਿਡ ਕੇਸਾਂ ਦੀ ਦਰ ’ਚ ਵਾਧੇ ਨੂੰ ਦੇਖਦਿਆਂ ਪੰਜਾਬ ਭਰ ਵਿਚ 15 ਜਨਵਰੀ ਤੱਕ ਰਾਤ ਦਾ ਕਰਫਿਊ ਅਤੇ ਨਵੀਆਂ ਕੋਵਿਡ ਬੰਦਿਸ਼ਾਂ ਲਗਾ ਦਿੱਤੀਆਂ ਹਨ। ਪੰਜਾਬ ਵਿੱਚ 9 ਜੁਲਾਈ 2021 ਨੂੰ ਕੋਵਿਡ ਦੀ ਦੂਸਰੀ ਲਹਿਰ ਮੱਠੀ ਪੈਣ ਮਗਰੋਂ ਰਾਤ ਦਾ ਕਰਫਿਊ ਹਟਾਇਆ ਗਿਆ ਸੀ ਅਤੇ ਹੁਣ ਕਰੀਬ ਛੇ ਮਹੀਨੇ ਮਗਰੋਂ ਕੋਵਿਡ ਕੇਸਾਂ ਦੇ ਪਾਸਾਰ ਕਰਕੇ ਮੁੜ ਰਾਤ ਦਾ ਕਰਫਿਊ ਲਾਉਣਾ ਪਿਆ ਹੈ। ਪੰਜਾਬ ’ਚ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ ਅਤੇ ਸ਼ਹਿਰਾਂ ਤੇ ਕਸਬਿਆਂ ਵਿਚ ਸਿਰਫ਼ ਜ਼ਰੂਰੀ ਵਸਤਾਂ ਦੀ ਹੀ ਆਮਦੋਰਫ਼ਤ ਦੀ ਇਜਾਜ਼ਤ ਹੋਵੇਗੀ। ਪਟਿਆਲਾ ਦੇ ਮੈਡੀਕਲ ਕਾਲਜ ਵਿਚ ਕਰੀਬ 142 ਵਿਦਿਆਰਥੀ ਅਤੇ ਲੁਧਿਆਣਾ ਜ਼ਿਲ੍ਹੇ ਦੇ ਡੀ.ਐੱਮ.ਸੀ ਕਾਲਜ ਆਫ਼ ਨਰਸਿੰਗ ਮਲਕਪੁਰ ਵਿਚ 41 ਵਿਦਿਆਰਥੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ਵਿਚ ਵੀ ਵਿਦਿਆਰਥੀ ਕੋਵਿਡ ਪਾਜ਼ੇਟਿਵ ਨਿਕਲ ਆਏ ਹਨ।

ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਕੋਵਿਡ ਦਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਖ਼ਬਰਦਾਰ ਕਰ ਦਿੱਤਾ ਸੀ। ਗ੍ਰਹਿ ਵਿਭਾਗ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਹੁਕਮ ਜਾਰੀ ਕਰ ਦਿੱਤੇ ਹਨ ਜਿਨ੍ਹਾਂ ਤਹਿਤ 15 ਜਨਵਰੀ ਤੱਕ ਰਾਜ ਭਰ ਵਿਚ ਸਕੂਲ, ਕਾਲਜ ਤੇ ਯੂਨੀਵਰਸਿਟੀ ਮੁੜ ਬੰਦ ਕਰ ਦਿੱਤੀਆਂ ਗਈਆਂ ਹਨ। ਸਿਰਫ਼ ਆਨ ਲਾਈਨ ਪੜ੍ਹਾਈ ਹੀ ਹੋਵੇਗੀ। ਮੈਡੀਕਲ ਅਤੇ ਨਰਸਿੰਗ ਅਦਾਰਿਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਰਾਜ ਭਰ ਦੇ ਸਰਕਾਰੀ/ਪ੍ਰਾਈਵੇਟ ਦਫ਼ਤਰਾਂ ਅਤੇ ਸਨਅਤਾਂ ’ਚ ਸਟਾਫ ਲਈ ਟੀਕਾਕਰਨ ਲਾਜ਼ਮੀ ਕਰ ਦਿੱਤਾ ਗਿਆ ਹੈ। ਹਦਾਇਤਾਂ ਅਨੁਸਾਰ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿਚ ‘ਨੋ ਮਾਸਕ, ਨੋ ਸਰਵਿਸ’ ਦਾ ਫ਼ਾਰਮੂਲਾ ਲਾਗੂ ਕੀਤਾ ਗਿਆ ਹੈ। ਜਨਤਕ ਥਾਵਾਂ ’ਤੇ ਵੀ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਨੂੰ ਜ਼ਰੂਰੀ ਕੀਤਾ ਗਿਆ ਹੈ।

ਇਸੇ ਤਰ੍ਹਾਂ ਹੀ ਸਿਨੇਮਾ ਘਰਾਂ, ਮਲਟੀਪਲੈਕਸ, ਬਾਰ, ਮੌਲਜ਼, ਸਪਾ, ਰੈਸਟੋਰੈਂਟ, ਮਿਊਜ਼ੀਅਮ ਅਤੇ ਚਿੜੀਆ ਘਰ ਵੀ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਹਦਾਇਤ ਕੀਤੀ ਗਈ ਹੈ ਅਤੇ ਸਬੰਧਤ ਸਟਾਫ ਦਾ ਟੀਕਾਕਰਨ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਪੋਰਟਸ ਕੰਪਲੈਕਸ, ਸਟੇਡੀਅਮ, ਸਵਿਮਿੰਗ ਪੂਲ ਅਤੇ ਜਿੰਮ ਵੀ 15 ਜਨਵਰੀ ਤੱਕ ਬੰਦ ਕਰ ਦਿੱਤੇ ਹਨ। ਏਸੀ ਬੱਸਾਂ ਵੀ 50 ਫੀਸਦੀ ਯਾਤਰੀਆਂ ਨਾਲ ਹੀ ਚੱਲ ਸਕਣਗੀਆਂ। ਸੂਬੇ ’ਚ ਅੱਜ ਕਰੋਨਾ ਦੇ ਇੱਕ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।ਇਕੱਲੇ ਪਟਿਆਲਾ ਤੇ ਪਠਾਨਕੋਟ ਜ਼ਿਲ੍ਹੇ ਵਿਚ ਕੋਵਿਡ ਕੇਸਾਂ ਦੀ ਗਿਣਤੀ ਬਾਕੀ ਪੰਜਾਬ ਦੇ ਮੁਕਾਬਲੇ ਪੰਜਾਹ ਫੀਸਦੀ ਹੈ। ਸਿਹਤ ਮੰਤਰੀ ਓ.ਪੀ.ਸੋਨੀ ਨੇ ਲੰਘੇ ਕੱਲ੍ਹ ਹੀ ਪੰਜਾਬ ਵਿੱਚ 15 ਤੋਂ 18 ਸਾਲ ਦੇ ਬੱਚਿਆਂ ਦੇ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲਤਾ ਦੀ ਲੋੜ ਕਿਉਂ –ਮਾਸਟਰ ਪਰਮ ਵੇਦ
Next articleਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਅੱਜ