(ਸਮਾਜ ਵੀਕਲੀ)
ਗੁਰੀਏ ਦੀ ਮਜ਼ਦੂਰੀ ਕਰਦਿਆਂ ਪੈੜ ਤੋਂ ਡਿੱਗਣ ਕਾਰਨ ਟੁੱਟੀ ਲੱਤ ਬੇਸ਼ੱਕ ਦੁਬਾਰਾ ਜੁੜ ਗਈ ਪਰ ਸਰੀਰ ਮੁੜ ਦਿਹਾੜੀ ਕਰਨ ਦੇ ਕਾਬਲ ਸ਼ਾਇਦ ਹੀ ਕਦੇ ਹੋਵੇ। ਜਿਸ ਕਾਰਨ ਉਹਦੇ ਅੱਲੜ੍ਹ ਉਮਰ ਦੇ ਮੁੰਡੇ ਜੰਗੇ ਅਤੇ ਧੀ ਪ੍ਰੀਤੋ ਲਈ ਪੱਕੇ ਤੌਰ ਤੇ ਬੰਦ ਹੋ ਗਿਆ ਹੈ ਸਕੂਲ ਵਾਲਾ ਲਾਂਘਾ।
ਸੱਚ..! ਬੁੱਢੀ ਬੇਬੇ ਨੂੰ ਵੀ ਤਿੰਨ ਕੁ ਮਹੀਨੇ ਪਹਿਲਾਂ ਲਿਖੀ ਸੀ ਅੱਖਾਂ ਦੇ ਮਾਹਿਰ ਡਾਕਟਰ ਨੇ ਨਿਗਾਹ ਲਈ ਐਨਕ ਪਰ ਉਹਦੀ ਕੀਮਤ ਲਈ ਜੁੜਨ ਵਿੱਚ ਹੀ ਨਹੀਂ ਆ ਰਹੇ ਛੇ ਸੌ ਰੁਪਏ ਤੇ ਬੇਬੇ ਲਈ ਵੀ ਐਨਕ-ਸ਼ਾਜ ਵਾਲੀ ਦੁਕਾਨ ਨੂੰ ਜਾਂਦਾ ਲਾਂਘਾ ਜਿਵੇਂ ਬੰਦ ਹੀ ਪਿਆ ਹੈ।
ਸੋ ਵਿਰਾਸਤ ਵਿੱਚ ਮਿਲੀ ਗਰੀਬੀ ਤੇ ਅਚਾਨਕ ਪਈ ਵਕਤ ਦੀ ਮਾਰ ਦਾ ਪੀੜਿਆ ਪਰਿਵਾਰ ਤੱਕ ਰਿਹਾ ਹੈ ਆਸ ਕਿ ਸ਼ਾਇਦ ਬਹੁੜੇ ਕੋਈ ਬਾਬੇ ਨਾਨਕ ਦਾ ਸ਼ਰਧਾਲੂ ਸਰਦਾਰ ਬਹਾਦਰ ਜਾਂ ਨਾਨਕ ਪੀਰ ਦਾ ਮੁਰੀਦ ਖਾਨ ਸਾਹਬ ਤੇ ਧਰੇ ਧਿਆਨ:-
‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚ।।
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।’
ਦੇ ਉੱਤੇ ਤੇ ਖੁੱਲ੍ਹਵਾਵੇ ਅਜਿਹੇ ਲਾਂਘੇ ਜੋ ਬੰਦ ਪਏ ਹਨ ਬਿਨਾਂ ਕਿਸੇ ਕੰਡਿਆਲੀ ਤਾਰ ਜਾਂ ਵਾੜ ਤੋਂ ਵੀ।
ਰੋਮੀ ਘੜਾਮੇਂ ਵਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly