(ਸਮਾਜ ਵੀਕਲੀ)
ਮੈਂ ਉਸ ਦੇਸ਼ ਦਾ ਵਾਸੀ ਹਾਂ,
ਜਿੱਥੇ ਆਸ਼ਰਮਾਂ ਵਿੱਚ ਮਾਵਾਂ ਰੋਂਦੀਆਂ ਨੇ l
ਧਾਰਮਿਕ ਅਸਥਾਨਾਂ ਤੇ ਲੋਕੀਂ ਦਾਨ ਕਰਨ,
ਸਕੂਲਾਂ ਦੀਆਂ ਛੱਤਾਂ ਚੋਂਦੀਆਂ ਨੇ l
ਬਜ਼ੁਰਗਾਂ ਦੀ ਸੇਵਾ ਕਰਨ ਦੀ ਥਾਂ ਤੇ,
ਬੀਬੀਆਂ ਡੇਰਿਆਂ ਤੇ ਭਾਂਡੇ ਧੋਂਦੀਆਂ ਨੇ l
ਅਖੌਤੀ ਰੱਬ ਨਾਲ ਬਿਰਤੀ ਜੋੜ ਲੈਣ,
ਅੱਖਾਂ ਬੰਦ ਕਰ ਖਲੋਂਦੀਆਂ ਨੇ l
ਲਾਈਲੱਗ ਬੱਚੇ ਬਣੇ ਰਹਿਣ ਸਦਾ,
ਸ਼ਾਇਦ ਇਹੀ ਮਾਤਾਵਾਂ ਚਾਹੁੰਦੀਆਂ ਨੇ l
ਅਗਲੀ ਪੀੜ੍ਹੀ ਨੂੰ ਗੁਲਾਮ ਕਰਨ ਲਈ,
ਬਾਬਿਆਂ ਤੋਂ ਹੱਥ ਸਿਰ ਫਿਰਵਾਉਂਦੀਆਂ ਨੇ l
ਤਰਕਸ਼ੀਲਤਾ ਦੀ ਜਦ ਗੱਲ ਚੱਲੇ,
ਬੱਚਿਆਂ ਨੂੰ ਪਰੇ ਹਟਾਉਂਦੀਆਂ ਨੇ l
ਜਨਮ ਤੋਂ ਮਰਨ ਤੱਕ ਇਹੀ ਕੰਮ ਚੱਲੇ,
ਖੁਦ ਨੂੰ ਜਾਣ ਬੁੱਝ ਲੁੱਟਵਾਉਂਦੀਆਂ ਨੇ l
ਸਿਰ ਚੁੱਕਣ ਦੀ ਜਾਚ ਭੁੱਲ ਗਈ,
ਡੇਰਿਆਂ ਵਿੱਚ ਮੱਥੇ ਰਗੜਾਉਂਦੀਆਂ ਨੇ l
ਸ਼ਰਧਾ ਵਿੱਚ ਸਿਰ ਝੁੱਕ ਜਾਵੇ ਹਰ ਥਾਂ,
ਤਰੱਕੀ ਲਈ ਨਾ ਦਿਮਾਗ ਚਲਾਉਂਦੀਆਂ ਨੇ l
ਵਿਗਿਆਨਿਕ ਸਹੂਲਤਾਂ ਨਿੱਤ ਵਰਤਣ,
ਗੁਣ ਬਾਬਿਆਂ ਦੇ ਹੀ ਗਾਉਂਦੀਆਂ ਨੇ l
ਸੱਚੀ ਗੱਲ ਨਾ ਘਰ ਆ ਦੱਸਣ,
ਡੇਰਿਆਂ ਦੇ ਰਾਜ ਛਪਾਉਂਦੀਆਂ ਨੇ l
ਘਰ ਵਾਲੇ ਮਜ਼ਬੂਰੀ ਵਿੱਚ ਚੁੱਪ ਬੈਠੇ,
ਪਤਨੀਆਂ ਭਾਵੇਂ ਖੂਬ ਸਤਾਉਂਦੀਆਂ ਨੇ l
ਸੱਚ ਤਾਂ ਪੂਰਾ ਜਾਣਦੀਆਂ ਨੇ,
ਕਬੂਲਣ ਤੋਂ ਹੀ ਘਬਰਾਉਂਦੀਆਂ ਨੇ l
ਸਾਧਾਂ ਤੋਂ ਭੂਤ ਚੁੜੇਲ੍ਹਾਂ ਨਾ ਭੱਜਣ ਤਾਂ,
ਇਲਾਜ ਤਰਕਸ਼ੀਲਾਂ ਤੋਂ ਕਰਵਾਉਂਦੀਆਂ ਨੇ l
ਅਵਤਾਰ ਦਿਮਾਗ ਵਰਤੋਂ ਦੀ ਗੱਲ ਕਰੇ ਤਾਂ,
ਖੁਰਦਪੁਰੀਏ ਤੋਂ ਕੰਨੀਂ ਕਤਰਾਉਂਦੀਆਂ ਨੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147