ਕੀ ਸੀ ਅੱਜ ਦਾ ਵਿਦਾਇਗੀ ਸਮਾਗਮ ???
(ਸਮਾਜ ਵੀਕਲੀ) ਭਾਸ਼ਾ ਵਿਭਾਗ ਵਿੱਚ ਅੱਜ ਪੰਜਾਬੀ ਮਾਹ ਦਾ ਆਖਰੀ ਸਮਾਗਮ ਕਰਵਾਇਆ ਗਿਆ। ਇਸ ਨੂੰ ਵਿਦਾਇਗੀ ਸਮਾਗਮ ਕਿਹਾ ਗਿਆ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਮਾਗਮ ਵਿੱਚ ਸਾਹਿਤਕਾਰਾਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਸੀ। ਕੁੱਲ ਮਿਲਾ ਕੇ ਕੋਈ 10 ਤੋਂ 15 ਹੀ ਸਾਹਿਤਕਾਰ ਇਸ ਵਿੱਚ ਸ਼ਾਮਿਲ ਹੋਏ। ਨਿਰਦੇਸ਼ਕ ਜਸਵੰਤ ਸਿੰਘ ਜ਼ਫਰ ਜੀ ਵੱਲੋਂ ਸਾਹਿਤਕਾਰਾਂ ਨੂੰ ਬਤੌਰ ਡੈਲੀਗੇਟ ਬੁਲਾਉਣ ਤੇ 250 ਰੁਪਏ ਦੇਣਾ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸਾਹਿਤਕਾਰਾਂ ਦਾ ਭਾਸ਼ਾ ਵਿਭਾਗ ਨਾਲ ਮੋਹ ਭੰਗ ਹੋ ਗਿਆ ਹੈ। ਗੱਲ ਪੈਸਿਆਂ ਦੀ ਨਹੀਂ ਮਾਣ ਦੀ ਸੀ। ਡੈਲੀਗੇਟ ਨੂੰ ਮਾਣ ਭੱਤਾ ਦੇਣ ਦੀ ਪ੍ਰਥਾ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਨਿਰਦੇਸ਼ਕ ਸਾਹਿਬ ਨੇ ਇਕਦਮ ਇਸ ਨੂੰ ਬੰਦ ਕਰ ਦਿੱਤਾ। ਸਾਹਿਤਕਾਰਾਂ ਨੂੰ ਉਮੀਦ ਸੀ ਕਿ ਲੇਖਕ ਦੇ ਨਿਰਦੇਸ਼ਕ ਬਣਨ ਨਾਲ ਉਹਨਾਂ ਦੇ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇਗਾ। ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਕਵੀ ਤੇ ਲੇਖਕ ਜਸਵੰਤ ਜ਼ਫਰ ਨੇ ਉਹਨਾਂ ਦਾ ਮਾਣ ਭੱਤਾ ਉੱਕਾ ਹੀ ਬੰਦ ਕਰ ਦਿੱਤਾ। ਸਾਹਿਤਕਾਰਾਂ ਵਿੱਚ ਇਸ ਪ੍ਰਤੀ ਨਿਰਾਸ਼ਾ ਦਾ ਆਲਮ ਹੈ। ਇਸ ਕਾਰਨ ਉਨਾਂ ਦੀ ਸਮਾਗਮਾਂ ਵਿੱਚ ਸ਼ਮੂਲੀਅਤ ਵੀ ਲਗਾਤਾਰ ਘੱਟ ਰਹੀ ਹੈ। ਭਾਸ਼ਾ ਵਿਭਾਗ ਨੇ ਕੋਈ ਰਜਿਸਟਰੇਸ਼ਨ ਵੀ ਨਹੀਂ ਕੀਤੀ ਜਿਸ ਤੋਂ ਕਿ ਪਤਾ ਲੱਗ ਸਕੇ ਕਿ ਕਿੰਨ੍ਹੇ ਲੋਕ ਇਸ ਵਿੱਚ ਹਾਜ਼ਰ ਸਨ। ਅੱਜ ਦੇ ਸਮਾਗਮ ਵਿੱਚ ਤਾਂ ਸਕੂਲ ਦੇ ਵਿਦਿਆਰਥੀ ਬਿਠਾ ਕੇ ਹੀ ਬੰਦੇ ਪੂਰੇ ਕੀਤੇ ਗਏ। ਪਤਾ ਨਹੀਂ ਕਿਉਂ ਵਿਭਾਗ ਨੇ ਆਉਣ ਵਾਲਿਆਂ ਦੀ ਰਜਿਸਟਰੇਸ਼ਨ ਬੰਦ ਕਰ ਦਿੱਤੀ ਹੈ ਨਹੀਂ ਤਾਂ ਹਰ ਸਮਾਗਮ ਵਿੱਚ ਪਹਿਲਾਂ ਰਜਿਸਟਰੇਸ਼ਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਸੀ। ਜਿਸ ਨਾਲ ਇਹ ਵੀ ਪਤਾ ਲੱਗਦਾ ਸੀ ਕਿ ਖਾਣੇ ਤੇ ਕਿੰਨ੍ਹਾਂ ਖਰਚ ਆਇਆ ਤੇ ਕਿੰਨ੍ਹੇ ਲੋਕਾਂ ਨੇ ਖਾਣਾ ਖਾਧਾ। ਹੁਣ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ। ਜਿੰਨੇਂ ਜੀ ਕਰੇ ਬੰਦੇ ਲਿਖੇ ਜਾ ਸਕਦੇ ਹਨ। ਇਹ ਸਾਰੀਆਂ ਬੇਨਿਯਮੀਆਂ ਅਦਾਰੇ ਦੀ ਇੱਜ਼ਤ ਨੂੰ ਢਾਹ ਲਾਉਣ ਵਾਲੀਆਂ ਹਨ। ਸਾਹਿਤਕਾਰ ਤਾਂ ਇਸ ਉਮੀਦ ਵਿੱਚ ਸਨ ਕਿ ਉਨਾਂ ਦਾ ਮਾਣ ਭੱਤਾ ਵਧਾ ਕੇ ਦੁਗਣਾ ਕੀਤਾ ਜਾਵੇਗਾ। ਇਸੇ ਲਈ ਉਹ ਲਗਾਤਾਰ ਇਹ ਮੰਗ ਕਰਦੇ ਰਹੇ ਕਿ ਕਿਸੇ ਲੇਖਕ ਨੂੰ ਅਦਾਰੇ ਦਾ ਨਿਰਦੇਸ਼ਕ ਲਾਇਆ ਜਾਵੇ ਤਾਂ ਜੋ ਉਹਨਾਂ ਦੀਆਂ ਜਰੂਰਤਾਂ ਵੱਲ ਧਿਆਨ ਦਿੱਤਾ ਜਾਵੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ।
ਸਾਹਿਤਕਾਰ ਵਰਗ ਵੱਲੋਂ ਇਸ ਗੱਲ ਦੀ ਮੰਗ ਕੀਤੀ ਗਈ ਕਿ ਉਨਾਂ ਦਾ ਬਤੌਰ ਡੈਲੀਗੇਟ ਮਾਣ ਭੱਤਾ ਦੁਬਾਰਾ ਬਹਾਲ ਕੀਤਾ ਜਾਵੇ। ਅੱਜ ਦੇ ਸਮਾਗਮ ਵਿੱਚ ਜੋ ਮੁੱਖੀ ਸਨ ਉਹ ਸਾਰੇ ਸਰਕਾਰ ਤੋਂ ਜਸਵੰਤ ਸਿੰਘ ਜ਼ਫ਼ਰ ਨੂੰ ਤਨਖਾਹ ਦੇਣ ਦੀਆਂ ਗੱਲਾਂ ਕਰ ਰਹੇ ਸੀ ਪੰਜਾਬੀ ਭਾਸ਼ਾ ਲਈ ਕੀ ਕੀਤਾ ਕੀ ਹੋਣਾ ਚਾਹੀਦਾ ਹੈ, ਇਸ ਸਬੰਧੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਭਰੋਸੇ ਯੋਗ ਵਸੀਲੇ ਤੋਂ ਪਤਾ ਲੱਗਿਆ ਹੈ ਕਿ ਸਰਦਾਰ ਜਸਵੰਤ ਸਿੰਘ ਜ਼ਫ਼ਰ ਨਿਰਦੇਸ਼ਕ ਬਣਨ ਲਈ ਸਰਕਾਰੀ ਤੌਰ ਤੇ ਕੋਈ ਮਾਨਤਾ ਪ੍ਰਾਪਤ ਪੱਤਰ ਨਹੀਂ ਲੈ ਕੇ ਆਏ ਜਦੋਂ ਕਿਸੇ ਕੋਲ ਆਪਣੀ ਨੌਕਰੀ ਦਾ ਪ੍ਰਮਾਣ ਪੱਤਰ ਹੀ ਨਹੀਂ ਹੋਵੇਗਾ ਉਸ ਨੂੰ ਤਨਖਾਹ ਦੇਣ ਦਾ ਪੂਰੀ ਦੁਨੀਆ ਵਿੱਚ ਕੋਈ ਰਾਹ ਨਹੀਂ ਹੈ। ਪੰਜਾਬੀ ਮਾਹ ਭਾਸ਼ਾ ਵਿਭਾਗ ਵੱਲੋਂ ਇਸ ਮਹੀਨੇ ਦਾ ਨਾਂ ਦਿੱਤਾ ਗਿਆ ਮਾਹ ਸ਼ਬਦ ਕਿਸ ਕੋਸ਼ ਵਿੱਚ ਦਰਜ ਹੈ।ਭਾਸ਼ਾ ਵਿਭਾਗ ਪੰਜਾਬ ਪਤਾ ਨਹੀਂ ਕਿਹੜੇ ਸ਼ਬਦ ਕੋਸ਼ ਵਿੱਚੋਂ ਸਬਦ ਲੈ ਕੇ ਕੋਈ ਨਵੀਂ ਖ਼ੋਜ ਕੀਤੀ ਜਾ ਰਹੀ ਹੈ? ਵਿਦਾਇਗੀ ਸਮਾਗਮ ਨਾਮ ਇਸ ਲਈ ਦਿੱਤਾ ਗਿਆ ਕਿ ਲੇਖਕਾਂ ਤੇ ਸਾਹਿਤ ਸਭਾਵਾਂ ਨੂੰ ਵਿਦਾਈ ਦੇ ਦਿੱਤੀ ਗਈ ਹੈ। ਪੂਰਾ ਮਹੀਨਾ ਥਾਂ ਥਾਂ ਤੇ ਕਵੀ ਦਰਬਾਰ ਹੁੰਦੇ ਰਹੇ ਪੰਜਾਬੀ ਭਾਸ਼ਾ ਕਿੱਧਰ ਨੂੰ ਜਾ ਰਹੀ ਹੈ ਇਸ ਲਈ ਕੀ ਕਰਨਾ ਚਾਹੀਦਾ ਹੈ ਕੋਈ ਪ੍ਰੋਗਰਾਮ ਨਹੀਂ ਕੀਤਾ ਗਿਆ। ਸ਼੍ਰੋਮਣੀ ਪੁਰਸ਼ਕਾਰ ਕਚਹਿਰੀ ਵਿੱਚ ਰੁਲ ਰਹੇ ਹਨ ਉਸ ਲਈ ਕੋਈ ਸਹੀ ਉਪਰਾਲਾ ਨਹੀਂ ਕੀਤਾ ਜਾ ਰਿਹਾ। ਭਾਸ਼ਾ ਵਿਭਾਗ ਦਾ ਪਹਿਲਾ ਮੁੱਖ ਕੰਮ ਭਾਸ਼ਾ ਵਿੱਚ ਹਰ ਤਰ੍ਹਾਂ ਦਾ ਸੁਧਾਰ ਕਰਨਾ ਹੁੰਦਾ ਹੈ। ਭਾਸ਼ਾ ਵਿਭਾਗ ਦਾ ਮੁੱਖੀ ਨਿਰਦੇਸ਼ਕ ਹੁੰਦਾ ਹੈ ਪਰ ਇਹ ਡਾਇਰੈਕਟਰ ਲਿਖ ਕੇ ਪਤਾ ਨਹੀਂ ਕਿਹੜੀ ਸ਼ਾਨ ਵਧਾ ਰਹੇ ਹਨ ? ਅੱਜ ਦਾ ਸਮਾਗਮ ਵਿਦਾਇਗੀ ਪਤਾ ਨਹੀਂ ਲੇਖਕਾਂ ਤੇ ਸਾਹਿਤਕਾਰਾਂ ਨੂੰ ਦੇ ਰਿਹਾ ਸੀ ਜਾਂ ਫਿਰ ਕਿਤੇ ਕੋਈ ਨਵਾਂ ਚੰਦ ਤਾਂ ਨਹੀਂ ਚੜ੍ਹ ਜਾਵੇਗਾ ???
ਰਮੇਸ਼ਵਰ ਸਿੰਘ ਸੰਪਰਕ-9914880392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly