ਦੀਵਾਲੀ ਤੋਂ ਬਾਅਦ ਆਬੋ-ਹਵਾ ਨੇ ਵਿਗਾੜੀ ਦੇਸ਼ ਦੀ ਸਿਹਤ

ਚੰਡੀਗੜ੍ਹ/ਦਿੱਲੀ (ਸਮਾਜ ਵੀਕਲੀ):  ਦੀਵਾਲੀ ਵਾਲੇ ਦਿਨ ਪਾਬੰਦੀ ਦੇ ਬਾਵਜੂਦ ਆਤਿਸ਼ਬਾਜ਼ੀ ਚਲਾਏ ਜਾਣ ਕਾਰਨ ਅੱਜ ਸਵੇਰੇ ਦਿੱਲੀ-ਐੱਨਸੀਆਰ, ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਹੋਰ ਹਿੱਸਿਆਂ ’ਚ ਹਵਾ ਪ੍ਰਦੂਸ਼ਣ ਫੈਲ ਗਿਆ। ਦਿੱਲੀ-ਐੱਨਸੀਆਰ ’ਚ ਅੱਜ ਸਵੇਰੇ ਅਚਾਨਕ ਹੀ ਆਬੋ-ਹਵਾ ’ਚ ਧੂੰਏਂ (ਸਮੌਗ) ਦੀ ਮੋਟੀ ਪਰਤ ਛਾ ਗਈ। ਵੀਰਵਾਰ ਰਾਤ ਪਟਾਕੇ ਚਲਾਉਣ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਦਿੱਲੀ-ਐੱਨਸੀਆਰ ’ਚ ਹਵਾ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਜ਼ੋਨ ’ਚ ਪਹੁੰਚ ਗਿਆ। ਦਿੱਲੀ-ਐੱਨਸੀਆਰ ਦੇ ਕਈ ਹਿੱਸਿਆਂ ’ਚ ਲੋਕਾਂ ਨੇ ਗਲੇ ’ਚ ਖਰਾਸ਼ ਅਤੇ ਅੱਖਾਂ ’ਚੋਂ ਪਾਣੀ ਵਗਣ ਦੀ ਸ਼ਿਕਾਇਤ ਕੀਤੀ।

ਦਿੱਲੀ ’ਚ ਬੀਤੀ ਰਾਤ ਹਵਾ ਗੁਣਵੱਤਾ ਇੰਡੈਕਸ ‘ਗੰਭੀਰ’ ਜ਼ੋਨ ’ਚ ਪਹੁੰਚ ਗਿਆ ਸੀ ਜੋ ਅੱਜ ਸ਼ਾਮ ਤੱਕ 463 ਤੱਕ ਪਹੁੰਚ ਗਿਆ। ਫਰੀਦਾਬਾਦ (464), ਗਰੇਟਰ ਨੌਇਡਾ (441), ਗਾਜ਼ੀਆਬਾਦ (461), ਗੁਰੂਗ੍ਰਾਮ (470) ਅਤੇ ਨੌਇਡਾ (471) ’ਚ ਵੀ ਹਵਾ ਗੁਣਵੱਤਾ ਬਹੁਤ ਮਾੜੀ ਰਹੀ। ਅੱਜ ਸਵੇਰੇ ਦਿੱਲੀ-ਐੱਨਸੀਆਰ ’ਚ ਧੁੰਦ ਦਾ ਜ਼ੋਰ ਰਿਹਾ ਜਿਸ ਕਾਰਨ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਅਤੇ ਸਫ਼ਦਰਜੰਗ ਏਅਰਪੋਰਟ ’ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਫਿਕਰਮੰਦ ਨਾਗਰਿਕਾਂ ਅਤੇ ਵਾਤਾਵਰਨ ਕਾਰਕੁਨਾਂ ਨੇ ਲੋਕਾਂ ਵੱਲੋਂ ਪਟਾਕੇ ਚਲਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦਿਆਂ ਸਰਕਾਰ ਦੀ ਪਾਬੰਦੀ ਨੂੰ ਕੋਝਾ ਮਜ਼ਾਕ ਕਰਾਰ ਦਿੱਤਾ। ਇਕ ਵਿਅਕਤੀ ਨੇ ਟਿੱਪਣੀ ਕੀਤੀ ਕਿ ਕੱਲ ਸਵੇਰ ਦਿੱਲੀ ਬਿਲਕੁਲ ਬੰਦ ਹੋ ਜਾਣੀ ਚਾਹੀਦੀ ਹੈ।

ਕਿਸੇ ਨੂੰ ਕੋਈ ਫਿਕਰ ਨਹੀਂ ਹੈ ਜਦਕਿ ਬਹੁਤੇ ਲੋਕਾਂ ਨੂੰ ਖੰਘ ਅਤੇ ਸਿਰ ਪੀੜ ਸ਼ੁਰੂ ਹੋ ਚੁੱਕੀ ਹੈ। ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਦੀ ਹਵਾ ਗੁਣਵੱਤਾ ਪਰਾਲੀ ਸਾੜਨ ਅਤੇ ਦੀਵਾਲੀ ਮੌਕੇ ਆਤਿਸ਼ਬਾਜ਼ੀ ਕਾਰਨ ਵਿਗੜੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਲੋਕਾਂ ਨੂੰ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਲਈ ਉਤਸਾਹਿਤ ਕੀਤਾ। ਭੂ ਵਿਗਿਆਨ ਮੰਤਰਾਲੇ ਦੀ ਹਵਾ ਗੁਣਵੱਤਾ ਬਾਰੇ ਏਜੰਸੀ ‘ਸਫ਼ਰ’ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ ’ਚ ਵਿਗੜੇ ਮੌਸਮ ਦੇ ਮਿਜ਼ਾਜ ’ਚ 36 ਫ਼ੀਸਦੀ ਯੋਗਦਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਰਿਹਾ।

ਗੁਆਂਢੀ ਸੂਬੇ ਪੰਜਾਬ ’ਚ ਵੀ ਹਵਾ ਗੁਣਵੱਤਾ ’ਤੇ ਮਾੜਾ ਅਸਰ ਪਿਆ। ਲੁਧਿਆਣਾ ’ਚ ਹਵਾ ਗੁਣਵੱਤਾ ਇੰਡੈਕਸ 300, ਜਲੰਧਰ ’ਚ 348 ਅਤੇ ਪਟਿਆਲਾ ’ਚ 200 ਰਿਹਾ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਇੰਡੈਕਸ 152 ਰਿਹਾ। ਸਿਫਰ ਤੋਂ 50 ਤੱਕ ਦੇ ਹਵਾ ਗੁਣਵੱਤਾ ਇੰਡੈਕਸ ਨੂੰ ‘ਵਧੀਆ’ ਸਮਝਿਆ ਜਾਂਦਾ ਹੈ ਜਦਕਿ 100 ਨੂੰ ਤਸੱਲੀਬਖਸ਼, 100 ਤੋਂ 200 ਵਾਲੇ ਨੂੰ ਦਰਮਿਆਨਾ, 200 ਤੋਂ 300 ਵਾਲੇ ਨੂੰ ਮਾੜਾ, 301 ਤੋਂ 400 ਵਾਲੇ ਨੂੰ ਬਹੁਤ ਮਾੜਾ ਅਤੇ 401 ਤੋਂ 500 ਵਾਲੇ ਨੂੰ ਗੰਭੀਰ ਕਰਾਰ ਦਿੱਤਾ ਜਾਂਦਾ ਹੈ। ਹਰਿਆਣਾ ਸਰਕਾਰ ਨੇ ਐੱਨਸੀਆਰ ਅੰਦਰ ਪੈਂਦੇ 14 ਜ਼ਿਲ੍ਹਿਆਂ ’ਚ ਹਰ ਤਰ੍ਹਾਂ ਦੀ ਆਤਿਸ਼ਬਾਜੀ ਦੀ ਵਿਕਰੀ ਜਾਂ ਉਸ ਨੂੰ ਚਲਾਉਣ ’ਤੇ ਪਾਬੰਦੀ ਲਗਾਈ ਹੋਈ ਸੀ ਪਰ ਇਸ ਦੇ ਬਾਵਜੂਦ ਦੀਵਾਲੀ ਵਾਲੇ ਦਿਨ ਦੇਰ ਰਾਤ ਤੱਕ ਪਟਾਕੇ ਚੱਲਦੇ ਰਹੇ। ਪੰਜਾਬ ’ਚ ਮੰਡੀ ਗੋਬਿੰਦਗੜ੍ਹ ਅਤੇ ਜਲੰਧਰ ’ਚ ਪਟਾਕੇ ਚਲਾਉਣ ’ਤੇ ਮੁਕੰਮਲ ਪਾਬੰਦੀ ਸੀ। ਇਸ ਦੇ ਬਾਵਜੂਦ ਹਵਾ ਗੁਣਵੱਤਾ ਇੰਡੈਕਸ ‘ਮਾੜੀ’ ਸ਼੍ਰੇਣੀ ’ਚ ਰਿਹਾ। ਉਂਜ ਪੰਜਾਬ ਦੇ ਹੋਰ ਸ਼ਹਿਰਾਂ ’ਚ ਦੋ ਘੰਟਿਆਂ 8 ਤੋਂ 10 ਵਜੇ ਤੱਕ ਲਈ ਸਿਰਫ਼ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article5 dead, 12 injured in Maha hospital ICU blaze
Next articleNCB DDG Sanjay Singh starts probe in Aryan Khan drug case