(ਸਮਾਜ ਵੀਕਲੀ)
ਪ੍ਰਦੂਸ਼ਣ ਇਨਸਾਨ ਦੇ ਅੰਦਰ ਹੋਵੇ ਜਾਂ ਬਾਹਰ, ਹੁੰਦਾ ਹੈ ਹਾਨੀਕਾਰਕ : ਵਿਧਾਇਕ ਰੰਧਾਵਾ
ਡੇਰਾਬੱਸੀ, 26 ਫਰਵਰੀ (ਸੰਜੀਵ ਸਿੰਘ ਸੈਣੀ, ਮੋਹਾਲੀ)- ਸੰਤ ਨਿਰੰਕਾਰੀ ਮਿਸ਼ਨ ਵੱਲੋਂ ਐਤਵਾਰ ਨੂੰ ‘ਪ੍ਰੋਜੈਕਟ ਅੰਮ੍ਰਿਤ’ ਤਹਿਤ ‘ਸਵੱਛ ਜਲ ਸਵੱਛ ਮਨ’ ਅਭਿਆਨ ਸ਼ੁਰੂ ਕੀਤਾ ਗਿਆ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ‘ਪਾਣੀ ਦੀ ਸੰਭਾਲ’ ਅਤੇ ਇਸ ਦੀ ਸੁਰੱਖਿਆ ਲਈ ਅਪਣਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਦੀ ਯੋਜਨਾ ਬਣਾਉਣਾ ਅਤੇ ਲਾਗੂ ਕਰਨਾ ਹੈ। ਇਸ ਪ੍ਰੋਜੈਕਟ ਰਾਹੀ ਜਿੱਥੇ ਜਲ ਸਰੋਤਾਂ ਨੂੰ ਸਾਫ਼ ਕੀਤਾ ਗਿਆ ਉਥੇ ਸਥਾਨਕ ਲੋਕਾਂ ਨੂੰ ‘ਜਾਗਰੂਕ ਕੀਤਾ ਗਿਆ। ਇਸੇ ਲੜੀ ਤਹਿਤ ਅੱਜ ਡੇਰਾਬੱਸੀ ਖੇਤਰ ਅਧੀਨ ਪੈਂਦੇ ਘੱਗਰ, ਨਦੀਆਂ ਤੇ ਬਰਸਾਤੀ ਚੋਆਂ ਵਿਚ ਸਫ਼ਾਈ ਅਭਿਆਨ ਚਲਾਕੇ ਮਿਸ਼ਨ ਵੱਲੋਂ ਗੰਦਗੀ ਨੂੰ ਸਾਫ਼ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਨਿਰੰਕਾਰੀ ਮਿਸ਼ਨ ਵੱਲੋਂ ਸ਼ੁਰੂ ਕੀਤੇ ਨਵੇਕਲੀ ਕਿਸਮ ਦੇ ਅਭਿਆਨ ਦੀ ਖੂਬ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਇਨਸਾਨ ਦੇ ਅੰਦਰ ਹੋਵੇ ਜਾਂ ਬਾਹਰ ਹਾਨੀਕਾਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ 1100 ਥਾਵਾਂ ਤੇ ਜੋ ਸਵੱਛਤਾ ਅਭਿਆਨ ਚਲਾਇਆ ਜਾ ਰਿਹਾ ਹੈ ਉਹ ਕਾਬਿਲ-ਏ-ਤਾਰੀਫ਼ ਹੈ।
ਉਨ੍ਹਾਂ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਹਮੇਸ਼ਾ ਸਮਾਜ ਸੇਵੀ ਕੰਮਾਂ ਵਿਚ ਮੌਢੀ ਰਿਹਾ ਹੈ। ਲੋਕ ਸੇਵਾ ਲਈ ਜਦ ਵੀ ਮਿਸ਼ਨ ਨੂੰ ਬੇਨਤੀ ਕੀਤੀ ਗਈ, ਉਨਾਂ ਵਲੋ ਵਧ ਚੜ ਕੇ ਯੋਗਦਾਨ ਦਿਤਾ ਗਿਆ । ਇਸ ਮੌਕੇ ਡੇਰਾ ਬੱਸੀ ਦੇ ਸੰਯੋਜਕ ਸ੍ਰੀਮਤੀ ਗੁਰਚਰਨ ਕੌਰ ਜੀ ਨੇ ਵਿਧਾਇਕ ਰੰਧਾਵਾ ਨੂੰ ਗੁਲਦੱਸਤਾ ਭੇਂਟ ਕੀਤਾ ਤੇ ਉਹਨਾਂ ਦਾ ਦਿਲੋਂ ਸ਼ੁਕਰਾਨਾ ਕੀਤਾ।