ਜਲੰਧਰ (ਸਮਾਜ ਵੀਕਲੀ) : ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਨੇੜੇ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਪੁਲੀਸ ਨਾਲ ਲੰਮਾ ਸਮਾਂ ਧੱਕਾ-ਮੁੱਕੀ ਹੁੰਦੀ ਰਹੀ। ਅਧਿਆਪਕਾਂ ਨੇ ਕਈ ਦਿਨ ਪਹਿਲਾਂ ਹੀ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਹੋਇਆ ਸੀ। ਪੁਲੀਸ ਨੇ ਅਧਿਆਪਕਾਂ ਨੂੰ ਕੋਠੀ ਦੇ ਨੇੜੇ ਨਾ ਆਉਣ ਦੇਣ ਲਈ ਮੁੱਖ ਸੜਕ `ਤੇ ਹੀ ਬੈਰੀਕੇਡ ਲਾ ਕੇ ਅਧਿਆਪਕਾਂ ਨੂੰ ਰੋਕੀ ਰੱਖਿਆ। ਇੱਕ ਪਾਸੇ ਪੁਲੀਸ ਵਾਲੇ ਤੇ ਦੂਜੇ ਪਾਸੇ ਅਧਿਆਪਕ ਬੈਰੀਕੇਡਾਂ ਨੂੰ ਧੱਕਾ ਲਾ ਰਹੇ ਸਨ। ਇਹ ਜ਼ੋਰ-ਅਜ਼ਮਾਈ ਕਾਫ਼ੀ ਸਮਾਂ ਚੱਲਦੀ ਰਹੀ। ਕਈ ਪਾਸਿਆ ਤੋਂ ਅਧਿਆਪਕ ਬੈਰੀਕੇਡਾਂ ਦੀਆਂ ਵਿਰਲਾਂ ਰਾਹੀ ਨਿਕਲਦੇ ਰਹੇ ਜਿਨ੍ਹਾਂ ਨੂੰ ਪੁਲੀਸ ਵਾਲੇ ਹੁੱਝਾਂ ਮਾਰ-ਮਾਰ ਪਿੱਛੇ ਧੱਕਦੇ ਰਹੇ।
ਅਧਿਆਪਕ ਉਦੋਂ ਸ਼ਾਂਤ ਹੋਏ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ 24 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪਰਗਟ ਸਿੰਘ ਵਿਚਕਾਰ ਮੀਟਿੰਗ ਹੋਵੇਗੀ ਜਿਸ ਵਿੱਚ ਫੈਸਲਾ ਹੋਣ ਦੀ ਸੰਭਾਵਨਾ ਹੈ। ਜੱਥੇਬੰਦੀ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਕੋਈ ਫੈਸਲਾ ਨਾ ਹੋਇਆ ਤਾਂ ਮੁੜ ਉਹ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਲਾ ਦੇਣਗੇ। ਇਸ ਤੋਂ ਪਹਿਲਾਂ ਬੇਰੁਜ਼ਗਾਰ ਵੱਡੀ ਗਿਣਤੀ ਵਿਚ ਜਲੰਧਰ ਬੱਸ ਸਟੈਂਡ ਦੀ ਟੈਂਕੀ ਕੋਲ ਇਕੱਠੇ ਹੋਏ ਤੇ ਉਥੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਵੱਲ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਰੋਸ ਮਾਰਚ ਕੀਤਾ।
ਬੇਰੁਜ਼ਗਾਰ ਅਧਿਆਪਕ ਜਦੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਅੱਗੇ ਪਹੁੰਚੇ ਤਾਂ ਪੁਲੀਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਦੀ ਕੋਠੀ ਤੋਂ ਅੱਗੇ ਸੜਕ `ਤੇ ਹੀ ਰੋਕਣ ਦੇ ਲਈ ਬੈਰੀਕੇਡਿੰਗ ਕੀਤੀ ਹੋਈ ਸੀ। ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਦੇ ਬੇਰੁਜ਼ਗਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ ਪਰ ਪੰਜਾਬ ਸਰਕਾਰ ਆਪਣੀਆਂ ਅਸਫ਼ਲਤਾਵਾਂ ਤੇ ਪਰਦਾ ਪਾਉਣ ਲਈ ਬੇਰੁਜ਼ਗਾਰਾਂ ਨਾਲ ਅਜਿਹਾ ਵਰਤਾਅ ਕਰ ਰਹੀ ਹੈ ਤੇ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਮਨੀਸ਼ ਫ਼ਾਜ਼ਿਲਕਾ ਅਤੇ ਜਸਵੰਤ ਘੁਬਾਇਆ 28 ਅਕਤੂਬਰ ਤੋਂ ਜਲੰਧਰ ਬੱਸ ਸਟੈਂਡ ਵਿਖੇ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਹੋਏ ਹਨ ਅਤੇ ਟੈਂਕੀ ਹੇਠਾਂ ਵੱਡੀ ਗਿਣਤੀ ਵਿੱਚ ਬੇਰੁਜ਼ਗਾਰਾਂ ਦਾ ਰੁਜ਼ਗਾਰ ਪ੍ਰਾਪਤੀ ਲਈ ਧਰਨਾ ਲਗਾਤਾਰ ਜਾਰੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly