(ਸਮਾਜ ਵੀਕਲੀ)
ਮਨਦੀਪ ਵਿਆਹ ਕੇ ਸਹੁਰੇ ਘਰ ਆਈ ਤਾਂ ਉਸ ਨੂੰ ਇਹ ਕੰਮ ਬਹੁਤ ਹੀ ਔਖਾ ਲੱਗਦਾ ਕਿ ਇੱਥੇ ਹਰ ਕੰਮ ਹੀ ਖ਼ੁਦ ਕਰਨਾ ਪੈਂਦਾ ਸੀ । ਕਿਸੇ ਵੀ ਕੰਮ ਲਈ ਕੋਈ ਵੀ ਕੰਮ ਵਾਲੀ ਨਹੀਂ ਸੀ । ਉਸ ਦਾ ਸਾਰਾ ਦਿਨ ਸਫ਼ਾਈਆਂ ,ਕੱਪੜੇ ,ਬਰਤਨ ਤੇ ਰੋਟੀ ਦੇ ਕੰਮਾਂ -ਕਾਰਾਂ ਵਿੱਚ ਹੀ ਬੀਤ ਜਾਂਦਾ। ਤੇ ਰਾਤ ਤਕ ਉਹ ਥੱਕ ਕੇ ਚੂਰ ਹੋ ਜਾਂਦੀ ।
ਇੰਜ ਹੀ ਦਿਨ ਬੀਤ ਰਹੇ ਸੀ । ਪਰ ਜਦੋਂ ਉਹ ਪੇਕੇ ਆਉਂਦੀ ਤਾਂ ਉਸ ਨੂੰ ਇਹ ਗੱਲ ਬਹੁਤ ਮਹਿਸੂਸ ਹੁੰਦੀ । ਕਿਉਂਕਿ ਉੱਥੇ ਸਾਰੇ ਮੁੱਖ ਕੰਮਾਂ ਲਈ ਕੰਮਾਂ ਵਾਲੀਆਂ ਰੱਖੀਆਂ ਹੋਈਆਂ ਸੀ । ਉਸ ਦੀਆਂ ਭਾਬੀਆਂ ਪੂਰੀ ਐਸ਼ ਕਰਦੀਆਂ ।
ਇਹ ਸਭ ਦੇਖ ਕੇ ਉਹ ਖਿਝ ਜਾਂਦੀ ਤੇ ਤੇ ਰੋਂਦੀ- ਕੁਰਲਾਉਂਦੀ ਆਪਣੇ ਮਾਂ -ਪਿਓ ਨੂੰ ਕਹਿੰਦੀ , ‘ਕੀ ਸਹੇੜ ਕੇ ਦਿੱਤਾ। ਸਾਰੀ ਦਿਹਾੜੀ ਕੰਮ ਹੀ ਸਾਹ ਨਹੀਂ ਲੈਂਦੇ। ਸਿਰ ਖੁਰਕਣ ਦੀ ਵੀ ਵਿਹਲ ਨਹੀਂ ਮਿਲਦੀ’ ਤੇ ਉਹ ਰੋਣ ਲੱਗਦੀ । ਕੋਲ ਬੈਠੀ ਮਾਂ ਸਮਝਾਉਂਦੀ ,’ ਪੁੱਤ ਫ਼ਿਕਰ ਨਾ ਕਰ । ਸਾਡਾ ਜਵਾਈ ਪੜ੍ਹਿਆ ਲਿਖਿਆ । ਤੇ ਹੈ ਵੀ ਪੂਰਾ ਮਿਹਨਤੀ ।’ ਕੋਲੋਂ ਹੀ ਪਿਓ ਵੀ ਸਿਰ ਤੇ ਹੱਥ ਰੱਖਦਿਆਂ ਕਹਿੰਦਾ , ‘ਜਿਗਰਾ ਕਰ ਧੀਏ ਜਿਗਰਾ । ਮੁੰਡਾ ਨਿਰਾ ਸੋਨਾ ਏ । ਤੇਰੇ ਦਿਨ ਵੀ ਆਉਣਗੇ ।”
ਮਾਂ -ਪਿਓ ਦੀਆਂ ਗੱਲਾਂ ਸੁਣ ਉਹ ਕੌੜਾ ਘੁੱਟ ਭਰ ਚੁੱਪ ਕਰ ਜਾਂਦੀ । ਉਸ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਤਾਂ ਉਦੋਂ ਮਹਿਸੂਸ ਹੁੰਦਾ ਜਦੋਂ ਬਾਰਿਸ਼ ਆਉਂਦੇ ਹੀ ਉਸ ਦਾ ਮਨ ਮਿੱਠੇ -ਮਿੱਠੇ ਪੂੜੇ ਜਾਂ ਪਕੌੜੇ ਬਣਾ ਕੇ ਖਾਣ ਨੂੰ ਕਰਦਾ । ਪਰ ਉਸ ਦਾ ਸਹੁਰਾ ਘਰ ਨੀਵਾਂ ਹੋਣ ਕਾਰਨ ਉਨ੍ਹਾਂ ਦੇ ਪੂਰੇ ਘਰ ਵਿੱਚ ਮੀਂਹ ਦਾ ਪਾਣੀ ਭਰ ਜਾਂਦਾ । ਤੇ ਉਹ ਸਹੁਰਾ ਪਰਿਵਾਰ ਨਾਲ ਪਾਣੀ ਕੱਢਣ ਵਿੱਚ ਹੀ ਹੰਭ ਜਾਂਦੀ । ਖ਼ੈਰ ਔਖੇ- ਸੌਖੇ ਵਕਤ ਲੰਘ ਰਿਹਾ ਸੀ ।
ਵਕਤ ਬੀਤਦਿਆਂ ਦੇਰ ਨਾ ਲੱਗੀ ਤੇ ਹੁਣ ਤਾਂ ਉਸ ਦੇ ਬੱਚੇ ਵੀ ਹੋ ਗਏ । ਉਸ ਦੇ ਪਤੀ ਦੀ ਵੀ ਨਵੀਂ ਜਗ੍ਹਾ ਨੌਕਰੀ ਲੱਗ ਗਈ ਜੋ ਕਿ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਸੀ ।ਜਲਦੀ ਹੀ ਉਨ੍ਹਾਂ ਨੇ ਨਵਾਂ ਘਰ ਖ਼ਰੀਦ ਲਿਆ ਜੋ ਛੋਟਾ ਤਾਂ ਸੀ ਪਰ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਸੀ। ਤੇ ਹੁਣ ਸਫ਼ਾਈ ਵਾਲੀ ਵੀ ਲੱਗ ਗਈ ਸੀ।
ਪਰ ਮਨਦੀਪ ਆਪਣਾ ਘਰ ਸੰਭਾਲਦਿਆਂ ਕਦੇ ਨਾ ਡੋਲੀ ਤੇ ਲਗਾਤਾਰ ਉਸ ਦਾ ਪਤੀ ਬਾਹਰ ਤੇ ਉਹ ਘਰ ਦੇ ਅੰਦਰ ਮਿਹਨਤ ਕਰ ਰਹੀ ਸੀ । ਵਕਤ ਖੰਭ ਲਗਾ ਕੇ ਉੱਡਦਾ ਗਿਆ । ਉਸ ਦੇ ਪਤੀ ਦੀ ਮਿਹਨਤ ਸਦਕਾ ਉਹ ਲਗਾਤਾਰ ਤਰੱਕੀ ਕਰਦਾ ਗਿਆ । ਉਸ ਦੇ ਪਤੀ ਨੇ ਇਕ ਕਾਫੀ ਵੱਡਾ ਪਲਾਟ ਲੈ ਕੇ ਕੋਠੀ ਦੀ ਉਸਾਰੀ ਸ਼ੁਰੂ ਕਰ ਦਿੱਤੀ ਕੁਝ ਹੀ ਸਾਲਾਂ ਵਿੱਚ ਇੱਕ ਬਹੁਤ ਹੀ ਖੂਬਸੂਰਤ ਕੋਠੀ ਬਣ ਕੇ ਤਿਆਰ ਹੋ ਗਈ ਤੇ ਉਨ੍ਹਾਂ ਨੇ ਉਸ ਕੋਠੀ ਵਿੱਚ ਇੱਕ ਖ਼ੂਬਸੂਰਤ ਬਗੀਚਾ ਵੀ ਬਣਾ ਲਿਆ ।
ਹੁਣ ਉਸ ਦੇ ਘਰ ਵੀ ਹਰ ਕੰਮ ਲਈ ਨੌਕਰ ਚਾਕਰ ਸਨ । ਉਹ ਸਾਰਾ ਦਿਨ ਉਨ੍ਹਾਂ ਤੇ ਹੁਕਮ ਚਲਾਉਂਦੀ । ਤੇ ਅੱਜ ਕਮਰੇ ਵਿੱਚ ਬੈਠੀ ਏ ਸੀ ਦੀ ਠੰਢਕ ਮਾਣਦੀ ਹੋਈ ਨੂੰ ਜਦ ਕੰਮ ਵਾਲੀ ਨੇ ਭਾਂਤ- ਭਾਂਤ ਦੀਆਂ ਸਬਜ਼ੀਆਂ ਨਾਲ ਗਰਮ- ਗਰਮ ਰੋਟੀ ਪਕੜਾਈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਸ ਨੂੰ ਆਪਣੇ ਮਾਤਾ -ਪਿਤਾ ਦੀ ਗੱਲ ਯਾਦ ਆ ਗਈ ਕਿ ‘ਮੁੰਡਾ ਮਿਹਨਤੀ ਹੈ ਇਕ ਦਿਨ ਤੇਰੇ ਦਿਨ ਵੀ ਜ਼ਰੂਰ ਬਦਲਣਗੇ ।’ ਸੱਚਮੁੱਚ ਹੀ ਵਕਤ ਦੇ ਹੱਥੋਂ ਉਹ ਜ਼ਰੂਰ ਘਬਰਾ ਗਈ ਸੀ ਪਰ ਉਸ ਦੇ ਮਾਪਿਆਂ ਦੀ ਪਾਰਖੂ ਨਜ਼ਰ ਬਿਲਕੁਲ ਸਹੀ ਸਾਬਤ ਹੋਈ।
ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ।
ਫਿਰੋਜ਼ਪੁਰ ਸ਼ਹਿਰ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly