ਸਿਵਲ ਸਰਜਨ ਨੇ ਕੀਤਾ ਐਸਡੀਐਚ ਗੜ੍ਹਸ਼ੰਕਰ ਅਤੇ ਆਮ ਆਦਮੀ ਕਲੀਨਿਕ ਹੈਬੋਵਾਲ ਅਤੇ ਖੁਰਾਲਗੜ੍ਹ ਦਾ ਦੌਰਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਵੱਲੋਂ ਐਸਡੀਐਚ ਗੜ੍ਹਸ਼ੰਕਰ ਅਤੇ ਪੋਸੀ ਬਲਾਕ ਦੇ ਆਮ ਆਦਮੀ ਕਲੀਨਿਕ ਹੈਬੋਵਾਲ ਅਤੇ ਖੁਰਾਲਗੜ੍ਹ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਪੋਸੀ ਬਲਾਕ ਤੋਂ ਡਾ ਨਵਲਦੀਪ ਅਤੇ ਜ਼ਿਲਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ ਵੀ ਮੌਜੂਦ ਸਨ। ਸਿਵਲ ਸਰਜਨ ਵੱਲੋਂ ਐਸਡੀਐਚ ਗੜ੍ਹਸ਼ੰਕਰ ਵਿਖੇ ਵਿਸ਼ੇਸ਼ ਤੌਰ ਤੇ ਗਾਇਨੀ ਵਾਰਡ ਦਾ ਦੌਰਾ ਕੀਤਾ ਗਿਆ। ਉਹਨਾਂ ਉਥੇ ਦਾਖਲ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਉਹਨਾਂ ਨੂੰ ਦਿੱਤੇ ਜਾਣ ਵਾਲੇ ਖਾਣੇ ਦਾ ਵੀ ਨਿਰੀਖਣ ਕੀਤਾ। ਉਹਨਾਂ ਹਸਪਤਾਲ ਦੀ ਲੈਬ ਅਤੇ ਫਾਰਮੇਸੀ ਸਟੋਰ ਦੀ ਵੀ ਚੈਕਿੰਗ ਕੀਤੀ ਅਤੇ ਉਪਲਬੱਧ ਦਵਾਈਆਂ ਦਾ ਸਟਾਕ ਚੈੱਕ ਕੀਤਾ। ਉਪਰੰਤ ਸਿਵਲ ਸਰਜਨ ਵਲੋਂ ਪੋਸੀ ਬਲਾਕ ਦੇ ਆਮ ਆਦਮੀ ਕਲੀਨਿਕ ਹੈਬੋਵਾਲ ਅਤੇ ਖੁਰਾਲਗੜ੍ਹ ਦੀ ਚੈਕਿੰਗ ਕੀਤੀ ਗਈ। ਉਹਨਾਂ ਡਿਊਟੀ ਤੇ ਤਾਇਨਾਤ ਸਮੂਹ ਸਟਾਫ ਦੀ ਹਾਜ਼ਰੀ ਚੈਕ ਕੀਤੀ ਅਤੇ ਸਭ ਨੂੰ ਸਮੇਂ ਦੇ ਪਾਬੰਦ ਹੋਣ ਦੀ ਹਿਦਾਇਤ ਕੀਤੀ। ਉਹਨਾਂ ਵੱਲੋਂ ਮਰੀਜ਼ਾਂ ਦਾ ਰਿਕਾਰਡ, ਦਵਾਈਆਂ ਦਾ ਸਟਾਕ ਅਤੇ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਗਿਆ। ਡਾ ਸ਼ਗੋਤਰਾ ਨੇ ਸਟਾਫ ਨੂੰ ਕੰਮਕਾਜ ਅਤੇ ਮਰੀਜਾਂ ਦਾ ਰਿਕਾਰਡ ਸਹੀ ਢੰਗ ਨਾਲ ਮੇਨਟੇਨ ਰੱਖਣ ਲਈ ਕਿਹਾ। ਉਹਨਾਂ ਫਾਰਮੇਸੀ ਸਟੋਰ ਦਾ ਜਾਇਜਾ ਲੈੰਦੇ ਹੋਏ ਮਰੀਜਾਂ ਲਈ ਜਰੂਰੀ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਹਰ ਬਣਦੀ ਸਹੂਲਤ ਦਿੱਤੀ ਜਾ ਸਕੇ। ਉਹਨਾਂ ਉੱਥੇ ਆਏ ਹੋਏ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਸਟਾਫ ਨੂੰ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਨਿਯਮਾਂ ਦਾ ਪਾਲਣ ਕਰਨ ਦੀ ਹਿਦਾਇਤ ਕੀਤੀ। ਉਹਨਾਂ ਦੋਵੇਂ ਸਿਹਤ ਸੰਸਥਾਵਾਂ ਵਿਖੇ ਸਟਾਫ਼ ਨੂੰ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ, ਮਰੀਜ਼ਾਂ ਪ੍ਰਤੀ ਪਿਆਰ ਵਾਲਾ ਰਵੱਈਆ ਅਪਨਾਉਣ ਲਈ ਕਿਹਾ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੌਰਾਨ ਸਿਹਤ ਸੰਸਥਾ ਵਿਚ ਆਏ ਮਰੀਜ਼ਾਂ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਹਦਾਇਤ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਤਾ ਤ੍ਰਿਸ਼ਨਾ ਕੁਮਾਰੀ ਨੇ ਪਰਿਵਾਰ ਸਮੇਤ ਅੱਖਾਂ ਦਾਨ ਕਰਨ ਦਾ ਵਾਅਦਾ ਫਾਰਮ ਭਰ ਕੇ ਮਿਸਾਲ ਕਾਇਮ ਕੀਤੀ – ਸੰਜੀਵ ਅਰੋੜਾ
Next articleMy Tribute to V T Rajashekar, Founding Editor Dalit Voice