ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨੇਤਰ ਦਾਨ ਕਰਨ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ

ਹੁਸ਼ਿਆਰਪੁਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਹਤ ਵਿਭਾਗ ਪੰਜਾਬ , ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਅਤੇ ਐਨਪੀਸੀਬੀ ਦੇ ਨੋਡਲ ਅਫ਼ਸਰ ਡਾ ਕਮਲੇਸ਼ ਕੁਮਾਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਆਈ ਡਿਪਾਰਟਮੈਂਟ ਵਿਖੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ ਸਵਾਤੀ ਦੀ ਅਗਵਾਈ ਅਧੀਨ ਨੇਤਰ ਦਾਨ ਪੰਦਰਵਾੜਾ ਪ੍ਰੋਗਰਾਮ ਦੇ ਤਹਿਤ ਆਈ ਓਪੀਡੀ ਵਿਚ ਆਈ ਡੋਨੇਸ਼ਨ ਸੰਬੰਧੀ ਜਾਗਰੂਕਤਾ ਸਮੱਗਰੀ ਡਿਸਪਲੇ ਕੀਤੀ ਗਈ ਅਤੇ ਉੱਥੇ ਹਾਜ਼ਰ ਲੋਕਾਂ ਨੂੰ ਅੱਖਾਂ ਦਾਨ ਕਰਨ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਆਈ ਸਰਜਨ ਡਾ ਮੀਨੂ ਸਿੱਧੂ, ਡਾ ਮਨਪ੍ਰੀਤ ਕੌਰ, ਡਾ ਮਨਦੀਪ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਜ਼ਿਲਾ ਬੀਸੀਸੀ ਕੁਆਰਡੀਨੇਟਰ ਅਮਨਦੀਪ ਸਿੰਘ ਤੇ ਹੋਰ ਸਟਾਫ਼ ਹਾਜ਼ਰ ਸਨ। ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ ਮੀਨੂ ਸਿੱਧੂ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਮੋਤੀਆ ਅਤੇ ਗਲੂਕੋਮਾ ਤੋਂ ਬਾਅਦ ਕੌਰਨੀਆ ਸੰਬੰਧੀ ਬਿਮਾਰੀਆਂ ਅੱਖਾਂ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਮੁੱਖ ਕਾਰਨ ਹਨ। ਮਰਨ ਉਪਰੰਤ ਅੱਖਾਂ ਦਾਨ ਕਰਨ ਨਾਲ ਦੋ ਵਿਅਕਤੀਆਂ ਦੀ ਹਨੇਰੀ ਜ਼ਿੰਦਗੀ ਨੂੰ ਰੁਸ਼ਨਾਇਆ ਜਾ ਸਕਦਾ ਹੈ। ਅੱਖਾਂ ਦੇ ਦਾਨ ਸੰਬੰਧੀ ਰਜਿਸਟ੍ਰੇਸ਼ਨ ਫ਼ਾਰਮ ਜਿਲ੍ਹਾ ਹਸਪਤਾਲ, ਸਬ-ਡਵੀਜ਼ਨ ਹਸਪਤਾਲਾਂ ਅਤੇ ਨਜ਼ਰ ਕੇਂਦਰਾਂ ‘ਤੇ ਉਪਲੱਬਧ ਹਨ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅੱਗੇ ਆਉਣ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਸੌਂਹ ਚੁੱਕਣ ਅਤੇ ਲੋੜਵੰਦਾਂ ਨੂੰ ਦ੍ਰਿਸ਼ਟੀ ਦਾ ਤੋਹਫ਼ਾ ਦੇਣ ਵਰਗੇ ਨੇਕ ਕੰਮ ਵਿੱਚ ਹਿੱਸਾ ਪਾਉਣ। ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ ਨੇ ਕਿਹਾ ਅੱਖਾਂ ਦੇ ਦਾਨ ਨਾਲ ਜੁੜੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ ਨੂੰ ਜਾਗਰੂਕਤਾ ਜ਼ਰੀਏ ਦੂਰ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜਾਗਰੂਕਤਾ ਦੀ ਕਮੀ ਦੇ ਚਲਦਿਆਂ ਲੋਕ ਮ੍ਰਿਤਕ ਵਿਅਕਤੀ ਦੇ ਨਾਲ ਉਸ ਦੀਆਂ ਜੀਵਤ ਅੱਖਾਂ ਜੋ ਕਿਸੀ ਹੋਰ ਦ੍ਰਿਸ਼ਟੀਹੀਣ ਵਿਅਕਤੀ ਦੇ ਕੰਮ ਆ ਸਕਦੀਆਂ ਹਨ ਨੂੰ ਵੀ ਨਾਲ ਹੀ ਜਲਾ ਦਿੰਦੇ ਹਨ। ਇਸ ਸੰਬੰਧੀ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਅੱਖਾਂ ਦਾਨ ਕੋਈ ਵੀ ਵਿਅਕਤੀ ਕਿਸੀ ਵੀ ਉਮਰ ਵਿੱਚ ਕਰ ਸਕਦਾ ਹੈ। ਕਾਲਾ ਪੀਲੀਆ, ਐਚਆਈਵੀ ਪੀੜਿਤ ਵਿਅਕਤੀ ਅੱਖਾਂ ਦਾਨ ਨਹੀਂ ਕਰ ਸਕਦਾ ਬਾਕੀ ਸਭ ਵਿਅਕਤੀ ਆਪਣੀਆਂ ਅੱਖਾਂ ਦਾਨ ਕਰਕੇ ਕਿਸੇ ਹੋਰ ਵਿਅਕਤੀ ਦੀ ਹਨੇਰੀ ਜ਼ਿੰਦਗੀ ਨੂੰ ਰੌਸ਼ਨ ਕਰ ਸਕਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article‘ਐਨਕਾਰਡ’ ਦੀ ਮੀਟਿੰਗ ‘ਚ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਅਹਿਮ ਵਿਚਾਰਾਂ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਵੱਲੋਂ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦੀ ਕੀਤੀ ਗਈ ਸਮੀਖਿਆ
Next articleਰਿਆਤ ਬਹਿਰਾ ਆਫ਼ ਮੈਨੇਜਮੈਂਟ ਵਿਖੇ ਨਸ਼ਾਖੋਰੀ ਵਾਰੇ ਅਤੇ ਇਲਾਜ਼ ਵਾਰੇ ਜਾਗਰੂਕਤਾਂ ਵਰਕਸ਼ਾਪ ਦਾ ਆਯੋਜਨ ਕੀਤਾ