ਦੇਸ਼ ਵਿਆਪੀ ਆਮ ਹੜਤਾਲ ਹੋਵੇਗੀ 09 ਜੁਲਾਈ ਨੂੰ
ਰੋਪੜ (ਸਮਾਜ ਵੀਕਲੀ) (ਰੋਮੀ ਘੜਾਮਾਂ): ਸੀਟੂ ਨਾਲ਼ ਸਬੰਧਤ ਯੂਨੀਅਨਾਂ ਦੇ ਆਗੂਆਂ ਵੱਲੋਂ ਸੂਬਾ ਸਕੱਤਰ ਕਾਮਰੇਡ ਗੁਰਦੇਵ ਸਿੰਘ ਬਾਗੀ ਦੀ ਅਗਵਾਈ ਹੇਠ ਮਜ਼ਦੂਰਾਂ ਤੇ ਮੁਲਾਜ਼ਮਾਂ ਦੀ 20 ਮਈ ਨੂੰ ਤੈਅ ਕੀਤੀ ਦੇਸ਼ ਵਿਆਪੀ ਹੜਤਾਲ ਨੂੰ ਮੁਲਤਵੀ ਕਰ ਕੇ ਹੁਣ 09 ਜੁਲਾਈ ਨੂੰ ਕਰਨ ਦਾ ਫੈਸਲਾ ਕੀਤਾ ਗਿਆ ਹੈ। 20 ਮਈ ਨੂੰ ਮੰਗ ਦਿਵਸ ਮਨਾਇਆ ਜਾਵੇਗਾ। ਜਿਸ ਸਬੰਧੀ ਆਸ਼ਾ ਫੈਸਲੀਟੇਟਰ ਵਰਕਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਸੁਰਜਿੰਦਰ ਕੌਰ ਸੀਮਾ, ਰੋਡ ਟਰਾਂਸਪੋਰਟ ਯੂਨੀਅਨ ਦੇ ਜ਼ਿਲ੍ਹਾ ਆਗੂ ਕਾ. ਮਨਿੰਦਰ ਸਿੰਘ ਮੌਂਟੀ, ਕਾ. ਸੁਪਿੰਦਰ ਸਿੰਘ ਘਨੌਲੀ, ਸਿਹਤ ਵਿਭਾਗ ਕੰਟਰੈਕਟ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਹਾਦਰ ਚੰਦ ਸੰਜੂ, ਅਮਰਜੀਤ ਕੌਰ ਛਿੰਦਰ, ਜਸਵਿੰਦਰ ਕੌਰ, ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ, ਜਸਪਾਲ ਕੌਰ, ਕੁਲਵਿੰਦਰ ਕੌਰ ਅਤੇ ਬਲਜਿੰਦਰ ਕੌਰ ਨੇ ਦਿਵਸ ਦਾ ਮੰਤਵ ਪ੍ਰਗਟਾਉਂਦਿਆਂ ਕਿਹਾ ਕਿ ਠੇਕੇ ‘ਤੇ ਕੰਮ ਕਰਦੇ ਸਾਰੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਕਿਰਤੀ-ਮਾਰੂ ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਕਿਰਤੀਆਂ ਪੱਖੀ ਕਿਰਤ ਕਾਨੂੰਨਾ ਦੀ ਬਹਾਲੀ, ਆਸ਼ਾ/ਆਂਗਨਵਾੜੀ/ਮਿਡ-ਡੇਅ ਮੀਲ ਵਰਕਰਾਂ, ਪੇਂਡੂ ਚੌਕੀਦਾਰਾਂ ਸਮੇਤ ਸਾਰੇ ਸਕੀਮ ਵਰਕਰਾਂ ਅਤੇ ਅਣ-ਸਿੱਖਿਅਤ ਕਾਮਿਆਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਦੇ ਘੇਰੇ ਵਿੱਚ ਲਿਆ ਕੇ ਉਜਰਤ 26 ਹਜ਼ਾਰ ਰੁਪਏ ਮਹੀਨਾ ਦਿੱਤੀ ਜਾਵੇ। ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਲਾਗੂ ਕੀਤੀ ਜਾਵੇ। ਉਸਾਰੀ ਮਜ਼ਦੂਰਾਂ ਨੂੰ ਮਿਲਦੀਆਂ ਸਹੂਲਤਾਂ ਸਰਲ ਅਤੇ ਸੌਖੀਆਂ ਬਣਾਈਆਂ ਜਾਣ, 60 ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਨੂੰ ਘੱਟੋ-ਘੱਟ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ। ਜਨਤਕ ਖੇਤਰ ਦਾ ਨਿੱਜੀਕਰਨ ਬੰਦ ਕੀਤਾ ਜਾਵੇ। ਪਬਲਿਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਨਿੱਤ ਵਰਤੋਂ ਦੀਆਂ 14 ਚੀਜ਼ਾਂ ਨੂੰ ਸਰਕਾਰੀ ਡੀਪੂਆਂ ਵਿੱਚ ਆਮ ਲੋਕਾਂ ਸਸਤੀਆਂ ਮਿਲਣਾ ਯਕੀਨੀ ਬਣਾਇਆ ਜਾਵੇ। ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਵੇ। ਬਿਜਲੀ ਐਕਟ 2020 ਰੱਦ ਕੀਤਾ ਜਾਵੇ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਕਿਸਾਨੀ ਜਿਣਸਾਂ ਦੇ ਯੋਗ ਭਾਅ ਦਿੱਤੇ ਜਾਣ। ਕੇਰਲਾ ਦੀ ਖੱਬੇ-ਪੱਖੀ ਸਰਕਾਰ ਦੀ ਤਰਜ ‘ਤੇ 22 ਫਸਲਾਂ ਤੇ ਐਮ.ਐਸ.ਪੀ. ਲਾਗੂ ਕੀਤੀ ਜਾਵੇ। ਕਾ. ਬਾਗੀ ਨੇ ਅਪੀਲ ਕੀਤੀ ਕਿ 20 ਮਈ ਦੇ ਇਸ ਲੋਕ-ਪੱਖੀ ਉਪਰਾਲੇ ਨੂੰ ਸਫਲ ਬਣਾਉਣ ਵਿੱਚ ਸਮੂਹ ਸਮਾਜ-ਦਰਦੀ ਗਿਆਰਾਂ ਵਜੇ ਹੁੰਮ-ਹੁਮਾ ਕੇ ਜਰੂਰ ਪਹੁੰਚਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



