ਮਾਲਵੇ ਦੇ ਚੋਣਵੇਂ ਧਰਮੀ ਡਾਕੂ

(ਸਮਾਜ ਵੀਕਲੀ)

ਮੇਰੇ ਲੇਖ ਸੰਗ੍ਰਹਿ ‘ਲੁਕਵਾਂ ਸੱਚ’ ਵਿੱਚੋਂ…

 

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕਾਬਜ਼ ਹੋਈ ਅੰਗਰੇਜ਼ ਹਕੂਮਤ ਪੰਜਾਬ ਦੇ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਦੁਖਾਂਤ ਦਾ ਕਾਰਨ ਬਣੀ, ਜਿਸ ਕਾਰਨ ਅਮੀਰ ਹੋਰ ਅਮੀਰ ਹੋਣ ਲੱਗੇ ਅਤੇ ਗਰੀਬ ਹੋਰ ਗਰੀਬ। ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਉਨ੍ਹਾਂ ਨੂੰ ਮੁਜਾਰੇ ਬਣਾ ਦਿੱਤਾ ਗਿਆ। ਹੜ੍ਹ ਜਾਂ ਸੋਕੇ ਨਾਲ ਫ਼ਸਲਾਂ ਤਬਾਹ ਹੋਣ ਦੇ ਬਾਵਜੂਦ ਵੀ ਹਕੂਮਤ ਵੱਲੋਂ ਜ਼ਬਰਦਸਤੀ ਮਾਲੀਆ ਉਗਰਾਹੁਣ ਦੇ ਢੰਗ-ਤਰੀਕਿਆਂ ਕਾਰਨ ਕਿਸਾਨੀ ਵਿੱਚ ਵਿਦਰੋਹ ਜਾਗਣ ਲੱਗਿਆ। ਇਸ ਵਿਦਰੋਹ ਕਾਰਨ ਪਿੰਡਾਂ ਦੀ ਨੌਜਵਾਨੀ ਨੇ ਬਗ਼ਾਵਤ ਕਰ ਕੇ ਪ੍ਰਸ਼ਾਸਨ ਦੇ ਖ਼ਿਲਾਫ਼ ਹਥਿਆਰਬੰਦ ਜੰਗ ਛੇੜ ਦਿੱਤੀ, ਜਿਨ੍ਹਾਂ ਨੂੰ ਸਮੇਂ ਦੀ ਹਕੂਮਤ ਵੱਲੋਂ ਡਾਕੂ, ਲੁਟੇਰੇ, ਬਦਮਾਸ਼ ਜਾਂ ਕਾਤਲ ਦਾ ਨਾਂ ਦਿੱਤਾ ਗਿਆ ਪਰ ਇਨ੍ਹਾਂ ਨੇ ਹਮੇਸ਼ਾ ਹੀ ਅਮੀਰਾਂ ਨੂੰ ਲੁੱਟਿਆ ਅਤੇ ਲੁੱਟੇ ਹੋਏ ਮਾਲ ਨਾਲ ਗਰੀਬਾਂ ਦੀ ਮੱਦਦ ਕੀਤੀ।

ਜਗੀਦਾਰਾਂ, ਸ਼ਾਹੂਕਾਰਾਂ ਅਤੇ ਲੋਕ ਵਿਰੋਧੀ ਪ੍ਰਬੰਧ ਦੇ ਖ਼ਿਲਾਫ਼ ਹਥਿਆਰ ਚੁੱਕਣ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਧਾਰਮਿਕ ਤੌਰ ’ਤੇ ਤਾਂ ਭਾਵੇਂ ਪ੍ਰਵਾਨਗੀ ਹਾਸਲ ਨਾ ਹੋ ਸਕੀ ਪਰ ਲੋਕ ਮਨਾਂ ਵਿੱਚ ਇਹ ਲੋਕ ਨਾਇਕ ਵਜੋਂ ਸਤਿਕਾਰੇ ਜਾਣ ਲੱਗੇ। ਨਾਇਕ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਉਹ ਆਪਣੇ ਆਦਰਸ਼ ਲਈ ਸੰਘਰਸ਼ ਕਰਦਾ ਹੋਇਆ ਜਾਂ ਤਾਂ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਜਾਂ ਉਸ ਲਈ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ। ਇਨ੍ਹਾਂ ਡਾਕੂਆਂ ਨੇ ਵੀ ਅਜਿਹੇ ਮਹੱਤਵਪੂਰਨ ਅਤੇ ਜ਼ਿਕਰਯੋਗ ਕੀਰਤੀਮਾਨ ਸਥਾਪਿਤ ਕੀਤੇ, ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ। ਇਸ ਪੁਸਤਕ ਵਿੱਚ 1850 ਤੋਂ ਲੈ ਕੇ 1950 ਤੱਕ ਪੰਜਾਬ ਦੇ ਮਾਲਵਾ ਖਿੱਤੇ ਵਿੱਚ ਸਰਗਰਮ ਰਹੇ ਕੁੱਝ ਚੋਣਵੇਂ ਧਰਮੀ ਡਾਕੂਆਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਡਾਕੂ ਅਜਮੇਰ ਸਿੰਘ ਦਾਤੇਵਾਸ
ਡਾਕੂ ਅਜਮੇਰ ਸਿੰਘ ਦਾਤੇਵਾਸ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਦਾਤੇਵਾਸ ਵਿੱਚ ਹੋਇਆ। ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਣ ਕਰਕੇ ਉਸ ਨੇ ਬਹੁਤ ਸਾਰੇ ਵਿਦਰੋਹੀ ਨੌਜਵਾਨਾਂ ਨਾਲ ਰਲ ਕੇ ਇੱਕ ਮਜ਼ਬੂਤ ਜਥਾ ਬਣਾਇਆ ਹੋਇਆ ਸੀ, ਜਿਸ ਦਾ ਕੰਮ ਅਮੀਰਾਂ ਨੂੰ ਲੁੱਟਣਾ ਅਤੇ ਲੁੱਟਿਆ ਹੋਇਆ ਮਾਲ ਗਰੀਬਾਂ ਵਿੱਚ ਵੰਡਣਾ ਸੀ। ਉਨ੍ਹਾਂ ਦਿਨਾਂ ਵਿੱਚ ਅੰਗਰੇਜ਼ ਹਕੂਮਤ ਵੱਲੋਂ ‘ਬੰਬ ਕੇਸੀਆ’ ਦੇ ਨਾਂ ਨਾਲ ਮਸ਼ਹੂਰ ਕੀਤੇ ਆਜ਼ਾਦ ਪਾਰਟੀ ਪੰਜਾਬ ਦੇ ਸਰਗਰਮ ਆਗੂ ਕਾਮਰੇਡ ਜਗਦੀਸ਼ ਚੰਦਰ ਉੱਤੇ ਬੰਬ ਬਣਾਉਣ ਦੇ ਦੋਸ਼ ਵਿੱਚ ਮੁਕੱਦਮਾ ਚਲਾਇਆ ਜਾ ਰਿਹਾ ਸੀ। ਦੋਸ਼ ਸਾਬਤ ਨਾ ਹੋਣ ਦਾ ਬਾਵਜੂਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੱਗੜਪੁਰ ਵਿੱਚ ਨਜ਼ਰਬੰਦ ਕੀਤਾ ਹੋਇਆ ਸੀ, ਜਿਨ੍ਹਾਂ ਨਾਲ ਹਰ ਸਮੇਂ ਮੰਗਵਾਲ ਪਿੰਡ ਦਾ ਸਿਪਾਹੀ ਰਾਮ ਸਿੰਘ ਵੀ ਹਾਜ਼ਰ ਰਹਿੰਦਾ ਸੀ।

ਅਜਮੇਰ ਸਿੰਘ ਦਾਤੇਵਾਸ ਕਦੇ-ਕਦਾਈਂ ਬਾਬਾ ਤਾਰਾ ਪੁਰੀ ਦੇ ਆਸ਼ਰਮ ਵਿੱਚ ਵੀ ਜਾਂਦਾ ਰਹਿੰਦਾ ਸੀ, ਜਿਸ ਕਰਕੇ ਇੱਕ ਦਿਨ ਉਸ ਦਾ ਮੇਲ ਕਾਮਰੇਡ ਜਗਦੀਸ਼ ਚੰਦਰ ਨਾਲ ਵੀ ਹੋਇਆ। ਅਜਮੇਰ ਸਿੰਘ ਦਾਤੇਵਾਸ ਨੇ ਸਰਕਾਰੀ ਬੰਦਾ ਸਮਝ ਕੇ ਉਨ੍ਹਾਂ ਉੱਤੇ ਵੀ ਹਮਲਾ ਕਰ ਦਿੱਤਾ ਪਰ ਬਾਬਾ ਤਰਾ ਪੁਰੀ ਨੇ ਉਸ ਨੂੰ ਦੱਸਿਆ ਕਿ ਉਹ ਤਾਂ ਕਾਮਰੇਡ ਜਗਦੀਸ਼ ਚੰਦਰ ਹਨ, ਜਿਨ੍ਹਾਂ ਉੱਤੇ ਹਕੂਮਤ ਵੱਲੋਂ ਬੰਬ ਬਣਾਉਣ ਦੇ ਦੋਸ਼ ਵਿੱਚ ਮੁਕੱਦਮਾ ਚਲਾਇਆ ਗਿਆ। ਕੁੱਝ ਦਿਨਾਂ ਬਾਅਦ ਅਜਮੇਰ ਸਿੰਘ ਦਾਤੇਵਾਸ ਨੇ ਚਾਨਣ ਬੱਕਰੀਆਂ ਵਾਲੇ ਰਾਹੀਂ ਉਨ੍ਹਾਂ ਨੂੰ ਨੱਥੂ ਵਾਲੀ ਬੀੜ ਵਿੱਚ ਬੁਲਾਇਆ ਅਤੇ ਉਨ੍ਹਾਂ ਨੂੰ ਬੰਬ ਬਣਾਉਣ ਲਈ ਕਿਹਾ। ਕਾਮਰੇਡ ਜਗਦੀਸ਼ ਚੰਦਰ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹਾਂ ਤਾਂ ਕਰ ਦਿੱਤੀ ਅਤੇ ਬੰਬ ਬਣਾਉਣ ਲਈ ਲੋੜੀਂਦਾ ਕੁੱਝ ਸਾਮਾਨ ਉਸ ਨੂੰ ਲਿਖ ਕੇ ਵੀ ਦੇ ਦਿੱਤਾ ਪਰ ਕਾਮਰੇਡ ਜਗਦੀਸ਼ ਚੰਦਰ ਡਾਕੂਆਂ ਨੂੰ ਬੰਬ ਬਣਾ ਕੇ ਨਹੀਂ ਸਨ ਦੇਣਾ ਚਾਹੁੰਦੇ, ਇਸ ਲਈ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਤ੍ਰਯੰਬਕ ਰਾਏ ਨੂੰ ਮਿਲ ਕੇ ਆਪਣਾ ਤਬਾਦਲਾ ਗੱਗੜਪੁਰ ਤੋਂ ਸੰਗਰੂਰ ਕਰਵਾਉਣ ਲਈ ਕਿਹਾ।

ਪੁਲਿਸ ਕਮਿਸ਼ਨਰ ਤ੍ਰਯੰਬਕ ਰਾਏ ਅਤੇ ਪੁਲਿਸ ਅਧਿਕਾਰੀ ਮਿਰਜ਼ਾ ਮੁਸ਼ਤਾਕ ਬੇਗ ਵੱਲੋਂ ਉਨ੍ਹਾਂ ਉੱਤੇ ਇਹ ਦਬਾਅ ਵੀ ਪਾਇਆ ਗਿਆ ਕਿ ਉਹ ਡਾਕੂ ਅਜਮੇਰ ਸਿੰਘ ਦਾਤੇਵਾਸ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਵਾ ਦੇਣ, ਜਿਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਥਾਣੇਦਾਰ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਖ਼ੀਰ ਵਿੱਚ ਉਨ੍ਹਾਂ ਦੇ ਦ੍ਰਿੜ ਇਰਾਦੇ ਅੱਗੇ ਝੁਕਦਿਆਂ ਉਨ੍ਹਾਂ ਕੋਲੋਂ ਅਰਜ਼ੀ ਲਿਖਵਾ ਲਈ ਗਈ। ਸੀ. ਆਈ. ਡੀ. ਇੰਸਪੈਕਟਰ ਕੇਸ਼ੋ ਰਾਮ ਤੇ ਸਿਪਾਹੀ ਰਾਮ ਸਿੰਘ ਦੇ ਨਾਲ ਉਨ੍ਹਾਂ ਨੂੰ ਗ੍ਰਹਿ ਸਕੱਤਰ ਲਾਲਾ ਸੀਤਾ ਰਾਮ ਕੋਲ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ। ਲਾਲਾ ਸੀਤਾ ਰਾਮ ਵੱਲੋਂ ਸਹੀ ਪਾਉਣ ਤੋਂ ਬਾਅਦ ਉਨ੍ਹਾਂ ਨੂੰ ਜੀਂਦ ਰਿਆਸਤ ਦੇ ਗ੍ਰਹਿ ਮੰਤਰੀ ਸੰਤੋਖ ਸਿੰਘ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਕਾਫ਼ੀ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਗੱਗੜਪੁਰ ਤੋਂ ਸੰਗਰੂਰ ਦਾ ਕਰ ਦਿੱਤਾ। ਇਸ ਘਟਨਾ ਤੋਂ ਕੁੱਝ ਸਮਾਂ ਬਾਅਦ ਡਾਕੂ ਅਜਮੇਰ ਸਿੰਘ ਦਾਤੇਵਾਸ ਇੱਕ ਜ਼ਬਰਦਸਤ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।

ਡਾਕੂ ਸ਼ਾਮ ਸਿੰਘ ਗੋਨਿਆਣਾ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਨਿਆਣਾ ਵਿੱਚ ਬਿਸ਼ਨ ਸਿੰਘ ਦੇ ਘਰ ਡਾਕੂ ਸ਼ਾਮ ਸਿੰਘ ਦਾ ਜਨਮ ਹੋਇਆ। ਪਿੰਡ ਵਿੱਚ ਪੁਰਾਣੀ ਦੁਸ਼ਮਣੀ ਹੋਣ ਕਾਰਨ ਆਪਣੇ ਪਰਿਵਾਰ ਵਿੱਚੋਂ ਉਹ ਇਕੱਲਾ ਹੀ ਬਚਿਆ ਸੀ, ਇਸ ਲਈ ਪੁਲਿਸ ਦੇ ਡਰ ਕਰਕੇ ਉਹ ਪਿੰਡੋਂ ਭੱਜ ਗਿਆ ਅਤੇ ਆਪਣੇ ਪੱਗਵੱਟ ਭਰਾ ਲਾਲ ਸਿੰਘ ਪਿੱਥੋ ਨਾਲ ਰਲ ਕੇ ਡਾਕੇ ਮਾਰਨ ਲੱਗਿਆ। ਉਨ੍ਹਾਂ ਨੇ ਲੋਕਾਂ ਨੂੰ ਸਤਾਉਣ ਵਾਲੇ ਕਈ ਜ਼ੈਲਦਾਰਾਂ ਦੇ ਕਤਲ ਵੀ ਕੀਤੇ ਅਤੇ ਡਾਕੂਆਂ ਦੇ ਭੇਸ ਵਿੱਚ ਲੁੱਟਾਂ-ਖੋਹਾਂ ਕਰਨ ਵਾਲੇ ਗਲਤ ਅਨਸਰਾਂ ਨੂੰ ਵੀ ਸੋਧਾ ਲਾਇਆ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੇ ਕਈ ਵਾਰ ਉਨ੍ਹਾਂ ਨੂੰ ਘੇਰਾ ਪਾਇਆ ਪਰ ਉਹ ਹਰ ਵਾਰੀ ਪੁਲਿਸ ਦਾ ਘੇਰਾ ਤੋੜ ਕੇ ਫਰਾਰ ਹੁੰਦੇ ਰਹੇ। ਸ਼ਾਮ ਸਿੰਘ ਨੇ ਕਦੇ ਵੀ ਕਿਸੇ ਗਰੀਬ ਨੂੰ ਤੰਗ ਨਹੀਂ ਕੀਤਾ ਅਤੇ ਨਾ ਹੀ ਕਦੇ ਕਿਸੇ ਧੀ-ਭੈਣ ਦੀ ਇੱਜ਼ਤ ਲੁੱਟੀ।

ਆਖ਼ਰੀ ਦਿਨਾਂ ਵਿੱਚ ਸ਼ਾਮ ਸਿੰਘ ਬਿਮਾਰ ਰਹਿਣ ਲੱਗ ਪਿਆ ਅਤੇ ਉਸ ਦੇ ਬਚਣ ਦੀ ਕੋਈ ਉਮੀਦ ਨਾ ਰਹੀ। ਕਿਉਂਕਿ ਸ਼ਾਮ ਸਿੰਘ ਪੁਲਿਸ ਦੇ ਹੱਥ ਨਹੀਂ ਸੀ ਆਉਣਾ ਚਾਹੁੰਦਾ, ਇਸ ਲਈ ਉਸ ਨੇ ਲਾਲ ਸਿੰਘ ਨੂੰ ਕਿਹਾ ਕਿ ਉਹ ਉਸ ਨੂੰ ਗੋਲੀ ਮਾਰ ਦੇਵੇ ਅਤੇ ਆਪਣੀ ਜਾਨ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕਰੇ ਪਰ ਲਾਲ ਸਿੰਘ ਨੇ ਅਜਿਹਾ ਕਰਨ ਤੋਂ ਉੱਕਾ ਹੀ ਇਨਕਾਰ ਕਰ ਦਿੱਤਾ। ਜਦੋਂ ਲਾਲ ਸਿੰਘ ਉਸ ਨੂੰ ਆਪਣੇ ਮੋਢੇ ਉੱਤੇ ਚੁੱਕ ਕੇ ਕਿਸੇ ਸੁਰੱਖਿਅਤ ਜਗ੍ਹਾ ’ਤੇ ਜਾਣ ਲਈ ਤੁਰ ਪਿਆ ਤਾਂ ਪੁਲਿਸ ਨੇ ਫਿਰ ਉਨ੍ਹਾਂ ਨੂੰ ਘੇਰਾ ਪਾ ਲਿਆ। ਪੁਲਿਸ ਨਾਲ ਹੋਈ ਇਸ ਮੁੱਠਭੇੜ ਵਿੱਚ ਉਹ ਦੋਵੇਂ ਇੱਕ-ਦੂਜੇ ਤੋਂ ਵਿੱਛੜ ਗਏ ਅਤੇ ਸ਼ਾਮ ਸਿੰਘ ਆਪਣੀ ਭੂਆ ਕੋਲ ਪਿੰਡ ਢਿੱਲਵਾਂ ਚਲਾ ਗਿਆ। ਲਾਲ ਸਿੰਘ ਉਸ ਬਾਰੇ ਪਤਾ ਕਰਨ ਲਈ ਉਸ ਦੀ ਭੂਆ ਕੋਲ ਵੀ ਗਿਆ ਪਰ ਉਸ ਨੇ ਝੂਠ ਬੋਲ ਦਿੱਤਾ ਕਿ ਸ਼ਾਮ ਸਿੰਘ ਤਾਂ ਮਰ ਗਿਆ ਹੈ। ਆਖ਼ਰੀ ਦਿਨਾਂ ਵਿੱਚ ਸ਼ਾਮ ਸਿੰਘ ਆਪਣੀ ਪਿਛਲੀ ਜ਼ਿੰਦਗੀ ਤੋਂ ਪਛਤਾਵਾ ਕਰਕੇ ਆਪਣੀ ਭੂਆ ਦੇ ਖੇਤਾਂ ਵਿੱਚ ਹੀ ਕੰਮ ਕਰਦਾ ਰਿਹਾ।

ਡਾਕੂ ਸੁੱਚਾ ਸਿੰਘ ਸਮਾਓਂ
ਸੁੱਚਾ ਸਿੰਘ ਦਾ ਜਨਮ 1875 ਦੇ ਨੇੜੇ-ਤੇੜੇ ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓਂ ਦੀ ਮੁਪਾਲ ਪੱਤੀ ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਂ ਚਤਰ ਸਿੰਘ ਜਵੰਧਾ ਅਤੇ ਮਾਤਾ ਦਾ ਨਾਂ ਭਾਗੋ ਸੀ । ਉਸ ਦਾ ਇੱਕ ਵੱਡਾ ਭਰਾ ਵੀ ਸੀ, ਜਿਸ ਦਾ ਨਾਂ ਨਰੈਣ ਸਿੰਘ ਸੀ। ਨਰੈਣ ਸਿੰਘ ਕੁੱਝ ਡਰਪੋਕ ਜਿਹਾ ਵਿਅਕਤੀ ਸੀ ਪਰ ਸੁੱਚਾ ਸਿੰਘ ਸ਼ੁਰੂ ਤੋਂ ਹੀ ਬੜਾ ਬਹਾਦਰ ਸੀ ਅਤੇ ਉਨ੍ਹਾਂ ਕੋਲ ਸੌ ਕੁ ਵਿੱਘੇ ਮਾਰੂ ਜਿਹੀ ਜ਼ਮੀਨ ਸੀ। ਨਰੈਣ ਸਿੰਘ ਦਾ ਪਹਿਲਾ ਵਿਆਹ ਹਰਿਆਣੇ ਦੇ ਸ਼ਹਿਰ ਰਤੀਆ ਨੇੜੇ ਪਿੰਡ ਕਮਾਣਾ ਵਿੱਚ ਹੋਇਆ ਪਰ ਉਸ ਨੂੰ ਛੱਡ ਕੇ ਉਸ ਨੇ ਆਪਣਾ ਦੂਜਾ ਵਿਆਹ ਹਰਿਆਣੇ ਦੇ ਹੀ ਪਿੰਡ ਰੋੜੀ ਦੀ ਬਲਵੀਰ ਕੌਰ ਨਾਲ ਕਰਵਾ ਲਿਆ, ਜਿਸ ਨੇ ਗਹਿਰੀ ਭਾਗੀ ਪਿੰਡ ਦੇ ਆਪਣੇ ਪਹਿਲੇ ਪਤੀ ਜਵਾਹਰ ਸਿੰਘ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਨਰੈਣ ਸਿੰਘ ਦੇ ਜਿਨਸੀ ਤੌਰ ’ਤੇ ਕਮਜ਼ੋਰ ਹੋਣ ਕਰਕੇ ਬਲਵੀਰ ਕੌਰ ਦਾ ਝੁਕਾਅ ਸੁੱਚਾ ਸਿੰਘ ਦੇ ਪੱਗਵੱਟ ਭਰਾ ਘੁੱਕਰ ਸਿੰਘ ਚਹਿਲ ਵੱਲ ਹੋ ਗਿਆ।

ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਸੁੱਚਾ ਸਿੰਘ ਨੂੰ ਨਾਲ ਲੈ ਕੇ ਘੁੱਕਰ ਸਿੰਘ ਫਿਰੋਜ਼ਪੁਰ ਜਾ ਕੇ ਫ਼ੌਜ ਵਿੱਚ ਭਰਤੀ ਹੋ ਗਿਆ ਅਤੇ ਫਿਰ ਆਪਣਾ ਨਾਂ ਕਟਵਾ ਕੇ ਵਾਪਸ ਪਿੰਡ ਆ ਗਿਆ। ਬਲਵੀਰ ਕੌਰ ਅਤੇ ਘੁੱਕਰ ਸਿੰਘ ਬੇਪਰਵਾਹ ਹੋ ਕੇ ਰੰਗਰਲੀਆਂ ਮਨੌਣ ਲੱਗੇ ਅਤੇ ਇੱਕ ਦੋ ਵਾਰ ਘੁੱਕਰ ਸਿੰਘ ਨੇ ਨਰੈਣ ਸਿੰਘ ਦੀ ਕੁੱਟ-ਮਾਰ ਵੀ ਕੀਤੀ, ਜਿਸ ਤੋਂ ਤੰਗ ਆ ਕੇ ਉਸ ਨੇ ਸੁੱਚਾ ਸਿੰਘ ਨੂੰ ਚਿੱਠੀ ਲਿਖ ਕੇ ਸਾਰੀ ਦਰਦ ਕਹਾਣੀ ਦੱਸ ਦਿੱਤੀ। ਸੁੱਚਾ ਸਿੰਘ ਫ਼ੌਜ ਵਿੱਚੋਂ ਨਾਂ ਕਟਵਾ ਕੇ ਪਿੰਡ ਆ ਗਿਆ ਅਤੇ ਉਸ ਨੇ ਕੁੱਝ ਸਿਆਣੇ ਅਤੇ ਸੁਚੱਜੇ ਬੰਦਿਆਂ ਰਾਹੀਂ ਘੁੱਕਰ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਆਪਣੀਆਂ ਹਰਕਤਾਂ ਤੋਂ ਬਾਜ ਆਉਂਦਾ ਦਿਖਾਈ ਨਾ ਦਿੱਤਾ ਤਾਂ ਉਸ ਨੇ ਘੁੱਕਰ ਸਿੰਘ, ਬਲਵੀਰ ਕੌਰ ਅਤੇ ਉਨ੍ਹਾਂ ਦੇ ਵਿਚੋਲੇ ਗੰਢੂ ਗੋਤ ਦੇ ਭਾਗ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੁੱਝ ਸਾਹਿਤਕਾਰਾਂ ਦਾ ਮੰਨਣਾ ਹੈ ਕਿ ਭਾਗ ਸਿੰਘ ਉਦੋਂ ਮਰਿਆ ਨਹੀਂ ਸੀ ਬਲਕਿ ਫੱਟੜ ਹੋ ਗਿਆ ਸੀ, ਜਿਹੜਾ ਬਾਅਦ ਵਿੱਚ 90 ਸਾਲਾਂ ਦੀ ਉਮਰ ਭੋਗ ਕੇ 1965 ਦੇ ਨੇੜੇ-ਤੇੜੇ ਮਰਿਆ।

ਇਨ੍ਹਾਂ ਨੂੰ ਕਤਲ ਕਰ ਕੇ ਸੁੱਚਾ ਸਿੰਘ ਪਿੰਡੋਂ ਭੱਜ ਜਾਂਦਾ ਹੈ ਅਤੇ ਡਾਕੂਆਂ ਨਾਲ ਰਲ ਕੇ ਡਾਕੇ ਮਾਰਦਾ ਹੈ, ਜਿਨ੍ਹਾਂ ਵਿੱਚ ਬਡਰੁੱਖਾਂ ਦਾ ਇੱਕ ਨੌਜਵਾਨ ਬੱਗੂ ਸਿੰਘ ਵੀ ਹੁੰਦਾ ਹੈ। ਸੁੱਚਾ ਸਿੰਘ ਬਰਗਾੜੀ ਵਿੱਚ ਗਊਆਂ ਛੁਡਵਾਉਣ ਲਈ ਪੰਜ ਬੁੱਚੜਾਂ ਦਾ ਕਤਲ ਵੀ ਕਰ ਦਿੰਦਾ ਹੈ ਪਰ ਇਸ ਕੇਸ ਵਿੱਚੋਂ ਮਹਾਰਾਜਾ ਪਟਿਆਲਾ ਉਸ ਨੂੰ ਤਾੜਨਾ ਕਰਕੇ ਬਰੀ ਕਰ ਦਿੰਦਾ ਹੈ। ਅਖ਼ੀਰ ਵਿੱਚ ਉਹ ਹਿਮਾਚਲ ਪ੍ਰਦੇਸ ਦੇ ਸਿਰਮੌਰ ਜ਼ਿਲ੍ਹੇ ਦੇ ਸ਼ਹਿਰ ਨਾਹਨ ਵਿੱਚ ਨਹਾਉਂਦੇ ਸਮੇਂ ਬਾਂਹ ’ਤੇ ਉੱਕਰੇ ਆਪਣੇ ਨਾਂ ਦੀ ਨਿਸ਼ਾਨੀ ਕਾਰਨ ਪੁਲਿਸ ਦੇ ਅੜਿੱਕੇ ਚੜ੍ਹ ਜਾਂਦਾ ਹੈ ਅਤੇ ਉਸ ਨੂੰ ਉਸ ਦੇ ਨਾਨਕੇ ਪਿੰਡ ਗਹਿਰੀ ਭਾਗੀ ਵਿੱਚ ਲੋਕਾਂ ਦੇ ਭਾਰੀ ਇਕੱਠ ਸਾਹਮਣੇ ਜੰਡ ਦੇ ਦਰੱਖਤ ਨਾਲ ਫਾਂਸੀ ਦੇ ਦਿੱਤੀ ਜਾਂਦੀ ਹੈ। ਸਮੂਹ ਸਮਾਓਂ ਪਿੰਡ ਦੇ ਲੋਕਾਂ ਵੱਲੋਂ ਉਸ ਦੀ ਸਮਾਧ ਬਣਾਈ ਜਾਂਦੀ ਹੈ, ਜਿਸ ਉੱਤੇ ‘ਸੁੱਚਾ ਸਿੰਘ ਸ਼ਹੀਦ’ ਉੱਕਰਿਆ ਜਾਂਦਾ ਹੈ। ਇਸ ਸਮਾਧ ਉੱਤੇ ਅੱਜ ਵੀ ਮੇਲਾ ਲੱਗਦਾ ਹੈ ਅਤੇ ਲੋਕ ਸੁੱਖਾਂ ਸੁੱਖਦੇ ਹਨ।

ਡਾਕੂ ਸੁੱਚਾ ਸਿੰਘ ਰੰਗੀਆਂ
ਸੁੱਚਾ ਸਿੰਘ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਪੱਖੋ ਵਿਖੇ ਜਨਮ ਲਿਆ, ਜਿਹੜਾ ਅੱਜਕੱਲ੍ਹ ਬਰਨਾਲਾ ਜ਼ਿਲ੍ਹੇ ਵਿੱਚ ਸਥਿਤ ਹੈ। ਛੋਟੀ ਉਮਰ ਵਿੱਚ ਹੀ ਉਸ ਦੇ ਮਾਂ-ਬਾਪ ਅਕਾਲ ਚਲਾਣਾ ਕਰ ਗਏ ਅਤੇ ਖੇਤੀਬਾੜੀ ਦਾ ਕੰਮ ਨਾ ਹੋਣ ਕਰਕੇ ਉਸ ਨੂੰ ਫ਼ੌਜ ਵਿੱਚ ਭਰਤੀ ਹੋਣਾ ਪਿਆ ਪਰ ਉਸ ਨੇ ਮਸਾਂ ਪੰਜ ਕੁ ਸਾਲ ਹੀ ਨੌਕਰੀ ਕੀਤੀ। ਫ਼ੌਜ ਵਿੱਚੋਂ ਆਉਣ ਤੋਂ ਬਾਅਦ ਉਸ ਨੇ ਪਿੰਡ ਰੰਗੀਆਂ ਵਿੱਚ ਸ਼ਾਦੀ ਕਰਵਾ ਲਈ ਅਤੇ ਸਹੁਰੇ ਘਰੇ ਜਵਾਈ ਬਣ ਕੇ ਰਹਿਣ ਲੱਗਾ। ਉਸ ਦੇ ਤਿੰਨ ਮੁੰਡੇ ਚੰਦ ਸਿੰਘ, ਲਾਲ ਸਿੰਘ ਤੇ ਜਾਗਰ ਸਿੰਘ ਹੋਏ, ਜਿਨ੍ਹਾਂ ਦੀ ਸ਼ਾਦੀ ਉਸ ਨੇ ਪਿੰਡ ਮੌੜਾਂ ਵਿਖੇ ਕੀਤੀ। ਲਾਲ ਸਿੰਘ ਦੀ ਘਰਵਾਲੀ ਭਾਨੋ ਖ਼ੂਬਸੂਰਤ ਹੋਣ ਦੇ ਨਾਲ-ਨਾਲ ਬੜੀ ਚਲਾਕ ਵੀ ਸੀ। ਜਦੋਂ ਪਿੰਡ ਦੀ ਵਿਧਵਾ ਖੇਮੋ ਦੇ ਵਿਗੜੇ ਹੋਏ ਮੁੰਡੇ ਬਿਸ਼ਨੇ ਨਾਲ ਉਸ ਦੇ ਨਾਜਾਇਜ਼ ਸਬੰਧ ਬਣ ਗਏ, ਤਾਂ ਸੁੱਚਾ ਸਿੰਘ ਤੋਂ ਇਹ ਸਭ ਕੁੱਝ ਬਰਦਾਸ਼ਤ ਨਾ ਹੋਇਆ।

ਉਸ ਨੇ ਬਿਸ਼ਨੇ ਅਤੇ ਭਾਨੋ ਨੂੰ ਬਹੁਤ ਸਮਝਾਇਆ ਪਰ ਉਹ ਟੱਸ ਤੋਂ ਮੱਸ ਨਾ ਹੋਏ ਬਲਕਿ ਬਿਸ਼ਨੇ ਨੇ ਕਈ ਵਾਰ ਸੁੱਚਾ ਸਿੰਘ ਨੂੰ ਕੁੱਟਿਆ ਵੀ। ਸੁੱਚਾ ਸਿੰਘ ਗੁੱਸੇ ਵਿੱਚ ਆ ਕੇ ਕੇਹਰੂ, ਚੰਨਣ ਅਤੇ ਗੰਡਾ ਨਾਂ ਦੇ ਡਾਕੂਆਂ ਦੇ ਜਥੇ ਵਿੱਚ ਸ਼ਾਮਲ ਹੋ ਗਿਆ। ਸੱਤ ਸੌ ਰੁਪਏ ਵਿੱਚ ਬੰਦੂਕ ਅਤੇ ਕਾਰਤੂਸ ਲੈ ਕੇ ਉਨ੍ਹਾਂ ਦੇ ਨਾਲ ਹੀ ਪਿੰਡ ਆ ਗਿਆ। ਇੱਕ ਦਿਨ ਜਦੋਂ ਭਾਨੋ ਬਿਮਾਰ ਹੋ ਗਈ ਤਾਂ ਬਿਸ਼ਨਾ ਉਸ ਨੂੰ ਦਵਾਈ ਦਿਵਾਉਣ ਲਈ ਕੁੰਭੜਵਾਲ ਪਿੰਡ ਕੋਲ ਇੱਕ ਡੇਰੇ ਵਿੱਚ ਲੈ ਗਿਆ। ਪਤਾ ਲੱਗਦਿਆਂ ਹੀ ਸੁੱਚਾ ਸਿੰਘ ਵੀ ਆਪਣੇ ਸਾਥੀਆਂ ਸਮੇਤ ਉਨ੍ਹਾਂ ਦਾ ਪਿੱਛਾ ਕਰਦਾ ਹੋਇਆ ਡੇਰੇ ਜਾ ਪਹੁੰਚਿਆ। ਮੌਤ ਨੂੰ ਸਾਹਮਣੇ ਦੇਖ ਕੇ ਭਾਨੋ ਅਤੇ ਬਿਸ਼ਨੇ ਨੇ ਸੁੱਚਾ ਸਿੰਘ ਦੀਆਂ ਬਹੁਤ ਮਿੰਨਤਾਂ ਕੀਤੀਆਂ ਪਰ ਉਸ ਨੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਕੇ ਹੀ ਸਾਹ ਲਿਆ।

ਡਾਕੂ ਹਰਫੂਲ ਸਿੰਘ
ਹਰਫੂਲ ਸਿੰਘ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਜਲਾਣੀ ਵਿਖੇ ਰਾਮ ਦਿੱਤਾ ਦੇ ਘਰ ਜਨਮ ਲਿਆ। ਰਾਮ ਦਿੱਤਾ ਨੇ ਆਪਣੀ ਪਹਿਲੀ ਘਰਵਾਲੀ ਦੀ ਮੌਤ ਤੋਂ ਬਾਅਦ ਦੂਜੀ ਸ਼ਾਦੀ ਛੀਂਬਾ ਜਾਤੀ ਦੀ ਵਿਧਵਾ ਔਰਤ ਕੇਸੋ ਨਾਲ ਕਰਵਾਈ, ਜਿਸ ਦੇ ਪੇਟੋਂ ਹਰਫੂਲ ਸਿੰਘ ਅਤੇ ਉਸ ਦੀ ਭੈਣ ਛੋਟੋ ਦਾ ਜਨਮ ਹੋਇਆ। ਰਾਮ ਦਿੱਤੇ ਦੀ ਪਹਿਲੀ ਪਤਨੀ ਤੋਂ ਦੋ ਮੁੰਡੇ ਮੁਕੰਦਾ ਅਤੇ ਮੂਲਾ ਪੈਦਾ ਹੋਏ ਸਨ। ਨਿਆਣੀ ਉਮਰ ਵਿੱਚ ਹੀ ਹਰਫੂਲ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਅਤੇ ਉਸ ਦਾ ਬਚਪਨ ਡੰਗਰ ਚਾਰਦਿਆਂ ਹੀ ਬਤੀਤ ਹੋਇਆ। ਦੂਜੀ ਜਾਤੀ ਦੀ ਔਰਤ ਤੋਂ ਜਨਮ ਲੈਣ ਕਰਕੇ ਲੋਕ ਉਸ ਨੂੰ ਛੀਂਬਣ ਦਾ ਪੁੱਤ ਕਹਿ ਕੇ ਛੇੜਦੇ ਸਨ। ਜਦੋਂ ਉਹ ਫ਼ੌਜ ਵਿੱਚ ਭਰਤੀ ਹੋ ਜਾਂਦਾ ਹੈ, ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਮੁਕੰਦਾ ਅਤੇ ਮੂਲਾ ਉਸ ਦੇ ਹਿੱਸੇ ਦੀ ਜ਼ਮੀਨ ’ਤੇ ਕਬਜ਼ਾ ਕਰ ਲੈਂਦੇ ਹਨ ਕਿਉਂਕਿ ਉਹ ਉਸ ਨੂੰ ਆਪਣੇ ਪਿਤਾ ਦੀ ਸੰਤਾਨ ਹੀ ਨਹੀਂ ਸਨ ਸਮਝਦੇ।

ਇਸ ਭੰਡੀ ਪ੍ਰਚਾਰ ਕਰਕੇ ਉਸ ਦੀ ਮੰਗ ਵੀ ਛੁੱਟ ਜਾਂਦੀ ਹੈ। ਫ਼ੌਜ ਵਿੱਚੋਂ ਨਾਂ ਕਟਵਾ ਕੇ ਪਿੰਡ ਆਉਣ ਤੋਂ ਬਾਅਦ ਉਸ ਨੂੰ ਪੰਚਾਇਤ ਵੱਲੋਂ ਵੀ ਕੋਈ ਨਿਆਂ ਨਹੀਂ ਮਿਲਦਾ। ਦੁਖੀ ਹੋ ਕੇ ਹਰਫ਼ੂਲ ਸਿੰਘ ਨੂੰ ਆਪਣੇ ਚਾਚੇ ਹਰਦਿੱਤੇ, ਆਪਣੇ ਮਤਰੇਏ ਭਰਾਵਾਂ ਮੁਕੰਦੇ, ਮੂਲੇ ਅਤੇ ਜੈਲਦਾਰ ਬੱਲੂ ਤੋਂ ਇਲਾਵਾ ਹੋਰ ਵੀ ਕਈ ਕਤਲ ਕਰਨੇ ਪੈਂਦੇ ਹਨ। ਹਰਫ਼ੂਲ ਸਿੰਘ ਭੇਸ ਬਦਲ ਕੇ ਲੋਕਾਂ ਵਿੱਚ ਵਿਚਰਦਾ ਹੈ ਅਤੇ ਲੋਕਾਂ ਦੇ ਦੁੱਖ-ਤਕਲੀਫ਼ਾਂ ਬਾਰੇ ਪਤਾ ਕਰ ਕੇ ਉਨ੍ਹਾਂ ਦੀ ਮੱਦਦ ਵੀ ਕਰਦਾ ਹੈ। ਉਸ ਦੀ ਗ੍ਰਿਫ਼ਤਾਰੀ ਵੀ ਲੋਕਾਂ ਨਾਲ ਗੱਲਬਾਤ ਕਰਦਿਆਂ ਹੀ ਹੁੰਦੀ ਹੈ ਅਤੇ ਉਸ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ।

ਡਾਕੂ ਕਾਕਾ ਸਿੰਘ ਚੱਠੇ ਸੇਖਵਾਂ
ਜਦੋਂ ਗੁਰੂ ਕੇ ਬਾਗ ਦਾ ਮੋਰਚਾ ਸ਼ੁਰੂ ਹੋਇਆ ਤਾਂ ਪੁਲਿਸ ਸੁਪਰਡੈਂਟ ਮਿਸਟਰ ਬੀ. ਟੀ. ਨੇ ਸਿੱਖਾਂ ਉੱਤੇ ਬਹੁਤ ਜ਼ੁਲਮ ਕੀਤੇ। ਬੜੇ ਸਿੱਖਾਂ ਨੇ ਉਸ ਨੂੰ ਸੋਧਾ ਲਾਉਣ ਦੀ ਸਹੁੰ ਵੀ ਖਾਧੀ ਪਰ ਕੋਈ ਇਸ ਮਕਸਦ ਵਿੱਚ ਸਫ਼ਲ ਨਾ ਹੋ ਸਕਿਆ। ਪਟਿਆਲਾ ਰਿਆਸਤ ਵਿੱਚ ਨਿਯੁਕਤ ਹੋਣ ਤੋਂ ਬਾਅਦ ਉਸ ਦੇ ਜੇਲ੍ਹ ਵਿੱਚ ਸਜ਼ਾ ਕੱਟ ਰਹੀ ਪਿੰਡ ਬਡਰੁੱਖਾਂ ਦੀ ਇੱਕ ਔਰਤ ਹਰਨਾਮੀ ਨਾਲ ਸਬੰਧ ਬਣ ਗਏ। ਹਰਨਾਮੀ ਪਿੰਡ ਚੱਠੇ ਸੇਖਵਾਂ ਦੇ ਸੁੱਚਾ ਸਿੰਘ ਨਾਲ ਵਿਆਹੀ ਹੋਈ ਸੀ ਅਤੇ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਹਰਨਾਮੀ ਚੱਠੇ ਸੇਖਵਾਂ ਆ ਗਈ। ਉਸ ਨੇ ਆਪਣੀ ਮਾਂ ਨਾਲ ਮਿਲ ਕੇ ਸੁੱਚਾ ਸਿੰਘ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਉਸ ਦੇ ਤਾਏ ਦੇ ਮੁੰਡੇ ਅਰਜਨ ਸਿੰਘ ਨਾਲ ਵਿਆਹ ਕਰਵਾ ਲਿਆ। ਰਿਟਾਇਰ ਹੋ ਕੇ ਬੀ. ਟੀ. ਵੀ ਹਰਨਾਮੀ ਕੋਲ ਹੀ ਰਹਿਣ ਲੱਗਿਆ ਪਰ ਅਰਜਨ ਨੇ ਇਸ ਦਾ ਵਿਰੋਧ ਕੀਤਾ ਅਤੇ ਹਰਨਾਮੀ ਦੇ ਸੱਟਾਂ-ਫੇਟਾਂ ਵੀ ਮਾਰੀਆਂ। ਬੀ. ਟੀ. ਨੇ ਅਰਜਨ ਨੂੰ ਜੇਲ੍ਹ ਭਿਜਵਾ ਦਿੱਤਾ ਅਤੇ ਕੈਦ ਕੱਟਣ ਤੋਂ ਬਾਅਦ ਅਰਜਨ ਸਿੰਘ ਫੇਰ ਕਦੇ ਪਿੰਡ ਨਹੀਂ ਆਇਆ।

ਇਲਾਕੇ ਦੇ ਲੋਕ ਵੀ ਬੀ. ਟੀ. ਅਤੇ ਹਰਨਾਮੀ ਦੇ ਸਬੰਧਾਂ ਨੂੰ ਚੰਗਾ ਨਹੀਂ ਸੀ ਸਮਝਦੇ ਪਰ ਥੋੜ੍ਹਾ-ਮੋਟਾ ਕੁਸਕਣ ਵਾਲੇ ਨੂੰ ਵੀ ਬੀ. ਟੀ. ਪੁਲਿਸ ਤੋਂ ਕੁਟਵਾ ਦਿੰਦਾ ਸੀ, ਜਿਨ੍ਹਾਂ ਵਿੱਚ ਇੱਕ ਹੀਰੋਂ ਕਲਾਂ ਦੇ ਪ੍ਰਸਿੱਧ ਸੰਤ ਉਜਾਗਰ ਸਿੰਘ ਵੀ ਸ਼ਾਮਲ ਸਨ। ਇਸੇ ਪਿੰਡ ਦਾ ਜੰਮਪਲ ਕਾਕਾ ਸਿੰਘ ਵੀ ਬੀ. ਟੀ. ਨੂੰ ਮਾਰ ਦੇਣ ਲਈ ਬੜਾ ਕਾਹਲਾ ਸੀ। ਕਾਕਾ ਸਿੰਘ ਦੇ ਪਿਤਾ ਦਾ ਨਾਂ ਹੀਰਾ ਸਿੰਘ ਸੇਖੋਂ ਅਤੇ ਮਾਤਾ ਦਾ ਨਾਂ ਬਿਸ਼ਨ ਕੌਰ ਸੀ। ਉਸ ਦਾ ਇੱਕ ਛੋਟਾ ਭਰਾ ਵੀ ਸੀ, ਜਿਸ ਦਾ ਨਾਂ ਬਚਨ ਸਿੰਘ ਸੀ। ਬਚਨ ਸਿੰਘ ਦੇ ਕਿਸੇ ਝੂਠੇ ਕੇਸ ਵਿੱਚ ਫਸਣ ਤੋਂ ਬਾਅਦ ਕਾਕਾ ਸਿੰਘ ਨੇ ਹਰਨਾਮੀ ਨਾਲ ਨੇੜਤਾ ਬਣਾ ਕੇ ਬੀ. ਟੀ. ਤੋਂ ਹਥਿਆਰ ਖਰੀਦਣ ਲਈ ਰਾਹ ਪੱਧਰਾ ਕਰ ਲਿਆ। ਕਾਕਾ ਸਿੰਘ ਨੇ ਡਾਕੂਆਂ ਨਾਲ ਰਲ ਕੇ ਕਈ ਡਾਕੇ ਵੀ ਮਾਰੇ ਪਰ ਜਦੋਂ ਪੈਸੇ ਲੈਣ ਦੇ ਬਾਵਜੂਦ ਵੀ ਹਰਨਾਮੀ ਨੇ ਹਥਿਆਰ ਨਾ ਦਿੱਤੇ, ਤਾਂ ਉਸ ਨੇ ਆਪਣੇ ਸਾਥੀਆਂ ਸਮੇਤ ਪੁਲਿਸ ਵਰਦੀ ਵਿੱਚ ਬੀ. ਟੀ. ਅਤੇ ਹਰਨਾਮੀ ਨੂੰ ਉਨ੍ਹਾਂ ਦੇ ਘਰ ਜਾ ਕੇ ਕਤਲ ਕਰ ਦਿੱਤਾ। ਬਾਅਦ ਵਿੱਚ ਕਿਸੇ ਮੁਖ਼ਬਰ ਦੀ ਮੁਖ਼ਬਰੀ ਕਰਕੇ ਉਹ ਆਪਣੇ ਸਾਥੀਆਂ ਕੁੰਢਾ ਸਿੰਘ ਅਤੇ ਫ਼ਜ਼ਲੇ ਨਾਲ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।

ਡਾਕੂ ਕਿਸ਼ਨਾ ਮੌੜ
ਕਿਸ਼ਨੇ ਮੌੜ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜਾਂ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਖੜਗ ਸਿੰਘ ਅਤੇ ਮਾਤਾ ਦਾ ਨਾਂ ਸੰਤ ਕੌਰ ਸੀ। ਉਨ੍ਹਾਂ ਦਿਨਾਂ ਵਿੱਚ ਖੇਤੀਬਾੜੀ ਦਾ ਕਿੱਤਾ ਬੜੀ ਮੰਦੀ ਦਾ ਸ਼ਿਕਾਰ ਹੋ ਚੁੱਕਿਆ ਸੀ। ਪਿੰਡ ਦੀ ਜ਼ਮੀਨ ਦੀ ਮਾਲਕੀ ਮਹਾਰਾਜਾ ਰਣਬੀਰ ਸਿੰਘ ਦੇ ਮਸੇਰੇ ਭਰਾ ਵਾਸਦੇਵ ਸਿੰਘ ਕੋਲ ਸੀ ਅਤੇ ਪਿੰਡ ਦੇ ਕਿਸਾਨ ਉਸ ਦੇ ਖੇਤਾਂ ਵਿੱਚ ਬਟਾਈ ’ਤੇ ਕੰਮ ਕਰਨ ਵਾਲੇ ਮੁਜਾਰੇ ਸਨ। ਮੰਦਵਾੜੇ ਕਾਰਨ ਕਿਸਾਨਾਂ ਦੀ ਹੋਈ ਦੁਰਗਤ ਦੇ ਬਾਵਜੂਦ ਵੀ ਵਾਸਦੇਵ ਬਟਾਈ ਘੱਟ ਨਹੀਂ ਸੀ ਕਰਦਾ। ਕਿਸ਼ਨੇ ਵੱਲੋਂ ਬਿਨਾਂ ਪੁੱਛੇ ਪਸ਼ੂਆਂ ਲਈ ਮੱਕੀ ਦਾ ਭਰਾ ਵੱਢ ਲਿਆਉਣ ਕਰਕੇ ਉਸ ਦੀ ਵਾਸਦੇਵ ਨਾਲ ਖੜਕ ਪਈ। ਪਿੰਡ ਵਿੱਚੋਂ ਕੋਈ ਵੀ ਵਾਸਦੇਵ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਸੀ ਪਰ ਕਿਸ਼ਨਾ ਅੜਬ ਸੁਭਾਅ ਦਾ ਹੋਣ ਕਰਕੇ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਟਕਰਾਅ ਵਧਣ ’ਤੇ ਵਾਸਦੇਵ ਨੇ ਉਸ ਨੂੰ ਆਪਣੇ ਬੰਦਿਆਂ ਤੋਂ ਬੁਰੀ ਤਰ੍ਹਾਂ ਕੁਟਵਾਇਆ ਅਤੇ ਫਿਰ ਪੁਲਿਸ ਨੂੰ ਫੜਾ ਦਿੱਤਾ।

ਥਾਣੇ ਵਿੱਚੋਂ ਛੁੱਟਣ ਤੋਂ ਬਾਅਦ ਕਿਸ਼ਨਾ ਮੌੜ ਵਾਸਦੇਵ ਤੋਂ ਬਦਲਾ ਲੈਣ ਦਾ ਫ਼ੈਸਲਾ ਕਰ ਕੇ ਡਾਕੂਆਂ ਨਾਲ ਜਾ ਰਲਿਆ ਅਤੇ ਵਾਸਦੇਵ ਨੂੰ ਖ਼ਤਰਾ ਹੋਣ ਕਰਕੇ ਪਿੰਡ ਵਿੱਚ ਪੁਲਿਸ ਚੌਕੀ ਬਣਾ ਦਿੱਤੀ ਗਈ। ਪਤਾ ਲੱਗਣ ’ਤੇ ਕਿਸ਼ਨੇ ਨੇ ਪੁਲਿਸ ਚੌਕੀ ’ਤੇ ਹੀ ਹਮਲਾ ਬੋਲ ਦਿੱਤਾ ਅਤੇ ਵਾਸਦੇਵ ਦੀ ਹਵੇਲੀ ਵਿੱਚ ਵੜ ਕੇ ਉਸ ਦਾ ਕਤਲ ਕਰ ਦਿੱਤਾ। ਆਪਣੇ ਪੱਗਵੱਟ ਭਰਾਵਾਂ ਅਹਿਮਦ ਡੋਗਰ ਅਤੇ ਜੈਮਲ ਖਡਿਆਲ ਨਾਲ ਰਲ ਕੇ ਉਸ ਨੇ ਬੜੇ ਡਾਕੇ ਮਾਰੇ ਅਤੇ ਲੋਕਾਂ ਦਾ ਖੂਨ ਪੀਣ ਵਾਲੇ ਸੂਦਖੋਰ ਸ਼ਾਹੂਕਾਰਾਂ ਨੂੰ ਵੀ ਲੁੱਟਿਆ। ਆਪਣੇ ਹੀ ਪਿੰਡ ਦੇ ਬਾਣੀਆਂ ਦੀ ਬਾਰਾਤ ਲੁੱਟਣ ਕਰਕੇ ਬੇਸ਼ੱਕ ਪਿੰਡ ਦੇ ਲੋਕ ਜਿਉਣੇ ਮੌੜ ਨੂੰ ਚੰਗਾ ਨਹੀਂ ਸਨ ਸਮਝਦੇ ਪਰ ਆਸ-ਪਾਸ ਦੇ ਇਲਾਕੇ ਵਿੱਚ ਉਸ ਬੜੀ ਚੜ੍ਹਾਈ ਸੀ। ਜਦੋਂ ਜੈਮਲ ਖਡਿਆਲ ਲੁੱਟ ਦੇ ਪੈਸਿਆਂ ਵਿੱਚੋਂ ਉਸ ਦਾ ਹਿੱਸਾ ਦੇਣ ਤੋਂ ਮੁੱਕਰ ਗਿਆ ਤਾਂ ਕਿਸ਼ਨੇ ਨੂੰ ਉਸ ਦਾ ਕਤਲ ਵੀ ਕਰਨਾ ਪਿਆ। ਇਸ ਕਤਲ ਤੋਂ ਬਾਅਦ ਅਹਿਮਦ ਡੋਗਰ ਵੀ ਚੁਕੰਨਾ ਹੋ ਗਿਆ ਅਤੇ ਉਸ ਨੇ ਕਿਸ਼ਨੇ ਨੂੰ ਆਪਣੇ ਘਰੇ ਬੁਲਾ ਕੇ ਦਾਰੂ ਨਾਲ ਬੇਹੋਸ਼ ਕਰ ਕੇ ਪੁਲਿਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਮੁਕੱਦਮਾ ਚੱਲਣ ਤੋਂ ਬਾਅਦ ਕਿਸ਼ਨੇ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਕਾਲੇਪਾਣੀ ਭੇਜ ਦਿੱਤਾ ਗਿਆ।

ਡਾਕੂ ਚਤਰਾ ਮਜ਼੍ਹਬੀ
ਚਤਰੇ ਡਾਕੂ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਚੁਨਾਗਰਾ ਪਿੰਡ ਵਿੱਚ ਹੋਇਆ, ਜੋ ਕਿ ਚਤਰੇ ਮਜ਼੍ਹਬੀ ਦੇ ਨਾਂ ਨਾਲ ਮਸ਼ਹੂਰ ਹੋਇਆ। ਆਪਣੇ ਪਰਮ ਮਿੱਤਰ ਡਾਕੂ ਜਿਉਣਾ ਮੌੜ ਨਾਲ ਰਲ ਕੇ ਚਤਰੇ ਨੇ ਗਰੀਬ ਲੋਕਾਂ ਦੀ ਖੱਲ ਲਾਹੁਣ ਵਾਲੇ ਬਹੁਤ ਸਾਰੇ ਸ਼ਾਹੂਕਾਰਾਂ ਨੂੰ ਲੁੱਟਿਆ ਅਤੇ ਵੱਡੇ-ਵੱਡੇ ਡਾਕਿਆਂ ਵਿੱਚ ਵੀ ਉਸ ਦਾ ਭਰਪੂਰ ਸਾਥ ਦਿੱਤਾ। ਕਿਸ਼ਨੇ ਮੌੜ ਅਤੇ ਅਹਿਮਦ ਡੋਗਰ ਦੀ ਸੁਲਾਹ ਕਰਵਾਉਣ ਦੀ ਵੀ ਉਸ ਨੇ ਭਰਪੂਰ ਕੋਸ਼ਿਸ਼ ਕੀਤੀ। ਜਦੋਂ ਜਿਉਣਾ ਮੌੜ ਮਾਤਾ ਨੈਣਾਂ ਦੇਵੀ ਦੇ ਮੰਦਰ ਵਿੱਚ ਛਤਰ ਚੜ੍ਹਾਉਣ ਲਈ ਗਿਆ ਸੀ ਤਾਂ ਉਸ ਮੌਕੇ ਉਸ ਦੇ ਨਾਲ ਨਰੈਣਾ ਅਤੇ ਚਤਰਾ ਵੀ ਗਏ ਸਨ ਅਤੇ ਮੰਦਰ ਵਿੱਚ ਮੱਥਾ ਟੇਕ ਕੇ ਮੁੜਦੇ ਸਮੇਂ ਜਿਉਣੇ ਦੇ ਘਿਰ ਜਾਣ ’ਤੇ ਪੁਲਿਸ ਦਾ ਧਿਆਨ ਭਟਕਾਉਣ ਲਈ ਗੋਲੀ ਵੀ ਉਨ੍ਹਾਂ ਨੇ ਹੀ ਚਲਾਈ ਸੀ। ਚਤਰੇ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਜਿਉਣੇ ਮੌੜ ਨਾਲ ਆਖ਼ਰੀ ਸਾਹਾਂ ਤੱਕ ਯਾਰੀ ਨਿਭਾਈ ਅਤੇ ਉਸ ਨੂੰ ਪੁਲਿਸ ਦੇ ਘੇਰੇ ਵਿੱਚੋਂ ਕੱਢਣ ਦੀ ਪੂਰੀ ਜੱਦੋਜਹਿਦ ਕੀਤੀ ਪਰ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸ਼ਰਧਾਲੂਆਂ ਅਤੇ ਪੁਲਿਸ ਦੇ ਸਖ਼ਤ ਘੇਰੇ ਕਾਰਨ ਉਹ ਅਜਿਹਾ ਕਰਨ ਵਿੱਚ ਸਫ਼ਲ ਨਾ ਹੋ ਸਕਿਆ।

ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਮਾਤਾ ਨੈਣਾਂ ਦੇਵੀ ਦੇ ਮੰਦਰ ਨੇੜਲੀ ਪਹਾੜੀ ਤੋਂ ਜਿਉਣੇ ਮੌੜ ਨੇ ਛਾਲ ਮਾਰ ਦਿੱਤੀ ਸੀ ਪਰ ਸੱਚਾਈ ਤਾਂ ਇਹ ਹੈ ਕਿ ਉਸ ਵੇਲੇ ਪੁਲਿਸ ਨੂੰ ਧੋਖਾ ਦੇਣ ਲਈ ਆਪਣੀ ਜੇਬ੍ਹ ਵਿੱਚ ਜਿਉਣੇ ਮੌੜ ਦੇ ਨਾਂ ਦੀ ਪਰਚੀ ਪਾ ਕੇ ਪਹਾੜੀ ਤੋਂ ਛਾਲ ਮਾਰਨ ਵਾਲਾ ਸੂਰਮਾ ਵੀ ਚਤਰਾ ਹੀ ਸੀ। ਕੁੱਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਜਿਉਣੇ ਮੌੜ ਨੇ ਆਪਣੀ ਬਾਂਹ ਉੱਤੇ ਚਤਰੇ ਦਾ ਨਾਂ ਲਿਖਵਾਇਆ ਹੋਇਆ ਸੀ ਅਤੇ ਚਤਰੇ ਨੇ ਜਿਉਣੇ ਮੌੜ ਦਾ ਕਿਉਂਕਿ ਉਹ ਇੱਕ-ਦੂਜੇ ਨੂੰ ਸਕਿਆਂ ਭਰਾਵਾਂ ਤੋਂ ਵੀ ਵੱਧ ਪਿਆਰ ਕਰਦੇ ਸਨ। ਮਾਤਾ ਨੈਣਾਂ ਦੇਵੀ ਦੇ ਮੰਦਰ ਤੋਂ ਦਿਸਣ ਵਾਲੀ ਸਮਾਧ ਵੀ ਜਿਉਣੇ ਮੌੜ ਦੀ ਨਹੀਂ ਬਲਕਿ ਚਤਰੇ ਦੀ ਹੀ ਹੈ ਕਿਉਂਕਿ ਜਿਉਣੇ ਮੌੜ ਨੂੰ ਤਾਂ ਪੁਲਿਸ ਨੇ ਘੇਰਾ ਪਾ ਕੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ਉੱਤੇ ਬਾਕਾਇਦਾ ਮੁਕੱਦਮਾ ਚਲਾ ਕੇ ਉਸ ਨੂੰ ਹਰਿਆਣੇ ਦੀ ਹਿਸਾਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ।

ਡਾਕੂ ਜਿਉਣਾ ਮੌੜ
ਸੰਗਰੂਰ ਜ਼ਿਲ੍ਹੇ ਦੇ ਪਿੰਡ ਮੌੜਾਂ ਵਿੱਚ ਖੜਗ ਸਿੰਘ ਦੇ ਘਰ ਮਾਤਾ ਸੰਤ ਕੌਰ ਦੇ ਪੇਟੋਂ ਜਿਉਣੇ ਮੌੜ ਦਾ ਜਨਮ ਹੋਇਆ ਅਤੇ ਉਹ ਪ੍ਰਸਿੱਧ ਡਾਕੂ ਕਿਸ਼ਨੇ ਮੌੜ ਦਾ ਛੋਟਾ ਭਰਾ ਸੀ। ਜਿਉਣਾ ਮੌੜ ਖੇਤੀਬਾੜੀ ਕਰਨ ਵਾਲਾ ਇੱਕ ਸਾਧਾਰਨ ਕਿਸਾਨ ਸੀ ਪਰ ਕਿਸ਼ਨੇ ਮੌੜ ਵੱਲੋਂ ਰਾਜ ਘਰਾਣੇ ਨਾਲ ਪਈ ਦੁਸ਼ਮਣੀ ਕਾਰਨ ਉਸ ਨੂੰ ਵੀ ਪੁਲਿਸ ਨੇ ਬੜੀ ਵਾਰ ਕੁਟਾਪਾ ਚਾੜ੍ਹਿਆ ਸੀ। ਜਦੋਂ ਉਸ ਨੂੰ ਕਾਲੇ ਪਾਣੀ ਤੋਂ ਸਜ਼ਾ ਪੂਰੀ ਕਰ ਕੇ ਆਏ ਕਿਸੇ ਬਜ਼ੁਰਗ ਤੋਂ ਆਪਣੇ ਭਰਾ ਕਿਸ਼ਨੇ ਦੀ ਲਿਖੀ ਚਿੱਠੀ ਮਿਲਦੀ ਹੈ, ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਕਿਸ਼ਨੇ ਨੂੰ ਪੁਲਿਸ ਕੋਲ ਗ੍ਰਿਫ਼ਤਾਰ ਕਰਵਾਉਣ ਵਾਲਾ ਅਹਿਮਦ ਡੋਗਰ ਹੈ, ਤਾਂ ਉਸ ਦਾ ਖੂਨ ਉਬਾਲੇ ਖਾਣ ਲੱਗਿਆ ਅਤੇ ਉਹ ਗੰਡਾਸੀ ਲੈ ਕੇ ਡੋਗਰ ਦੇ ਘਰ ਵੱਲ ਭੱਜਿਆ। ਰਸਤੇ ਵਿੱਚ ਉਸ ਨੇ ਇੱਕ ਸ਼ਿਕਾਰ ਖੇਡ ਰਹੇ ਅੰਗਰੇਜ਼ ਤੋਂ ਬੰਦੂਕ ਖੋਹ ਲਈ ਅਤੇ ਅੱਗੇ ਜਾ ਕੇ ਕੁਦਰਤੀ ਉਸ ਨੂੰ ਕੁੱਝ ਡਾਕੂ ਮਿਲ ਗਏ।

ਕਿਸ਼ਨੇ ਮੌੜ ਦਾ ਛੋਟਾ ਭਰਾ ਹੋਣ ਕਰਕੇ ਡਾਕੂਆਂ ਨੇ ਉਸ ਨੂੰ ਬੜੀ ਖ਼ੁਸ਼ੀ ਨਾਲ ਆਪਣੇ ਜਥੇ ਵਿੱਚ ਸ਼ਾਮਲ ਕਰ ਲਿਆ। ਡਾਕੂਆਂ ਨਾਲ ਰਲ ਕੇ ਉਸ ਨੇ ਕਿਸਾਨਾਂ ਦਾ ਖੂਨ ਪੀਣ ਵਾਲੇ ਸ਼ਾਹੂਕਾਰਾਂ ਅਤੇ ਸਰਦਾਰਾਂ ਨੂੰ ਚੁਣ-ਚੁਣ ਕੇ ਲੁੱਟਿਆ ਅਤੇ ਨਾਭੇ ਵਾਲੇ ਰਾਜੇ ਹੀਰਾ ਸਿੰਘ ਦੀ ਘੋੜੀ ਵੀ ਖੋਲ੍ਹ ਲਿਆਇਆ। ਲੁੱਟ ਦਾ ਮਾਲ ਜਿਉਣਾ ਕੜਿਆਲ ਪਿੰਡ ਦੇ ਸ਼ਾਹੂਕਾਰ ਕਾਸ਼ੀ ਰਾਮ ਕੋਲ ਰੱਖਦਾ ਸੀ। ਇੱਕ ਵਾਰ ਕਾਸ਼ੀ ਰਾਮ ਨੇ ਪੈਸੇ ਦੇ ਲਾਲਚ ਵਿੱਚ ਜਿਉਣੇ ਨੂੰ ਪੁਲਿਸ ਨੂੰ ਫੜਾਉਣ ਦੀ ਕੋਸ਼ਿਸ਼ ਕੀਤੀ ਪਰ ਪਤਾ ਲੱਗ ਜਾਣ ਕਰਕੇ ਜਿਉਣਾ ਬਚ ਤਾਂ ਗਿਆ ਪਰ ਸ਼ਾਹੂਕਾਰ ਦੀ ਮੁਖ਼ਬਰੀ ਕਰਨ ਵਾਲੀ ਹਰਕਤ ਨਾਲ ਅਹਿਮਦ ਡੋਗਰ ਵਾਲੀ ਸਾਰੀ ਕਹਾਣੀ ਫੇਰ ਉਸ ਦੀਆਂ ਅੱਖਾਂ ਸਾਹਮਣੇ ਆ ਗਈ। ਗੁੱਸੇ ਵਿੱਚ ਆ ਕੇ ਉਸ ਨੇ ਅਹਿਮਦ ਡੋਗਰ ਅਤੇ ਕਾਸ਼ੀ ਰਾਮ ਨੂੰ ਗੋਲੀਆਂ ਨਾਲ ਉਡਾ ਦਿੱਤਾ। ਹਰ ਵਾਰ ਦੀ ਤਰ੍ਹਾਂ ਜਦੋਂ ਜਿਉਣਾ ਮਾਤਾ ਨੈਣਾਂ ਦੇਵੀ ਦੇ ਮੰਦਰ ਵਿੱਚ ਛਤਰ ਚੜ੍ਹਾਉਣ ਗਿਆ ਤਾਂ ਉਸ ਨੇ ਦੇਖਿਆ ਕਿ ਪੁਲਿਸ ਵਾਲਿਆਂ ਨੇ ਬੜੀ ਸਖ਼ਤ ਘੇਰਾਬੰਦੀ ਕੀਤੀ ਹੋਈ ਸੀ।

ਸਾਧੂ ਦੇ ਭੇਸ ਵਿੱਚ ਜਿਉਣਾ ਮਾਤਾ ਦੇ ਮੰਦਰ ਵਿੱਚ ਗਿਆ ਅਤੇ ਜਦੋਂ ਉਹ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ, ਤਾਂ ਪੁਲਿਸ ਵਾਲਿਆਂ ਨੇ ਉਸ ਨੂੰ ਨੱਕ ਦੇ ਨਿਸ਼ਾਨ ਤੋਂ ਪਛਾਣ ਲਿਆ। ਜਿਉਣੇ ਨੇ ਚਿਮਟੇ ਨਾਲ ਹੀ ਕਈ ਪੁਲਸੀਏ ਕੁੱਟ ਸੁੱਟੇ ਪਰ ਬਹੁਤ ਫੱਟੜ ਹੋਣ ਕਰਕੇ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮੁਕੱਦਮੇ ਦੇ ਫ਼ੈਸਲੇ ਅਨੁਸਾਰ ਉਸ ਨੂੰ ਮਾਰਚ 1893 ਵਿੱਚ ਹਿਸਾਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਪਰ ਕੁੱਝ ਸਾਹਿਤਕਾਰ ਉਸ ਨੂੰ ਫਾਂਸੀ ਦੇਣ ਦਾ ਸਮਾਂ 1907 ਜਾਂ 1908 ਵੀ ਮੰਨਦੇ ਹਨ। ਉਸ ਦਾ ਸਾਥੀ ਡਾਕੂ ਚਤਰਾ ਮਾਤਾ ਨੈਣਾਂ ਦੇਵੀ ਮੰਦਰ ਦੇ ਨਜ਼ਦੀਕ ਪਹਾੜੀ ਉੱਤੋਂ ਛਾਲ ਮਾਰ ਗਿਆ ਸੀ, ਜਿੱਥੇ ਉਸ ਦੀ ਸਮਾਧੀ ਬਣੀ ਹੋਈ ਹੈ।

ਡਾਕੂ ਦਰਬਾਰਾ ਸਿੰਘ ਛੰਨਾਂ ਵਾਲਾ
ਦਰਬਾਰਾ ਸਿੰਘ ਜ਼ਿਲ੍ਹਾ ਸੰਗਰੂਰ ਦੇ ਪਿੰਡ ਛੰਨਾਂ ਦਾ ਰਹਿਣ ਵਾਲਾ ਸੀ। ਉਨ੍ਹਾਂ ਦਿਨਾਂ ਵਿੱਚ ਹੋਰਨਾਂ ਪਿੰਡਾਂ ਵਾਂਗ ਛੰਨਾਂ ਪਿੰਡ ਦੀ ਜ਼ਮੀਨ ਦਾ ਹੱਕ ਵੀ ਰਾਜੇ ਨੇ ਕਿਸਾਨਾਂ ਤੋਂ ਖੋਹ ਲਿਆ ਸੀ ਅਤੇ ਚੰਗਾਲੀ ਵਾਲੇ ਸਰਦਾਰਾਂ ਨੂੰ ਉਸ ਜ਼ਮੀਨ ਦਾ ਮਾਲਕ ਬਣਾ ਦਿੱਤਾ ਸੀ। ਕਿਸਾਨ ਵਿਚਾਰੇ ਮੁਜਾਰੇ ਬਣ ਕੇ ਰਹਿ ਗਏ ਸਨ ਅਤੇ ਸਰਦਾਰਾਂ ਨੇ ਉਸ ਦਾ ਘਰ ਵੀ ਢਾਹ ਦਿੱਤਾ ਸੀ ਕਿਉਂਕਿ ਉਨ੍ਹਾਂ ਮੁਤਾਬਿਕ ਕੋਈ ਕਿਸਾਨ ਉਨ੍ਹਾਂ ਦੇ ਬਰਾਬਰ ਪੱਕਾ ਘਰ ਨਹੀਂ ਸੀ ਬਣਾ ਸਕਦਾ। ਇਸ ਧੱਕੇਸ਼ਾਹੀ ਕਰਕੇ ਦਰਬਾਰਾ ਡਾਕੂਆਂ ਨਾਲ ਜਾ ਰਲਿਆ ਅਤੇ ਸਰਦਾਰ ਨੂੰ ਮਾਰਨ ਲਈ ਉਸ ਦੀ ਹਵੇਲੀ ਉੱਤੇ ਹਮਲਾ ਕਰ ਦਿੱਤਾ ਪਰ ਸਰਦਾਰ ਘਰੇ ਨਾ ਹੋਣ ਕਰਕੇ ਬਚ ਗਿਆ। ਇੱਕ ਵਾਰ ਪਿੰਡ ਵਿੱਚ ਕਿਸੇ ਸਮਾਗਮ ’ਤੇ ਆਏ ਦਰਬਾਰੇ ਨੂੰ ਪੁਲਿਸ ਨੇ ਘੇਰਾ ਪਾ ਲਿਆ ਪਰ ਉਸ ਨੇ ਕਈ ਪੁਲਿਸ ਵਾਲਿਆਂ ਨੂੰ ਕਤਲ ਕਰ ਦਿੱਤਾ ਅਤੇ ਗੋਲੀਆਂ ਚਲਾਉਂਦਾ ਹੋਇਆ ਉਡਾਰੀ ਮਾਰ ਗਿਆ।

ਇਸ ਘਟਨਾ ਤੋਂ ਬਾਅਦ ਦਰਬਾਰੇ ਨੂੰ ਜਿਊਂਦਾ ਜਾਂ ਮੁਰਦਾ ਗ੍ਰਿਫ਼ਤਾਰ ਕਰਨ ਦਾ ਸਰਕਾਰੀ ਤੌਰ ’ਤੇ ਇਨਾਮ ਰੱਖਿਆ ਗਿਆ। ਡਾਕੂ ਚੰਦ ਸਿੰਘ ਫੱਗੂ ਨਾਲ ਰਲ ਕੇ ਉਸ ਨੇ ਹਰਿਆਣੇ ਦੇ ਪਿੰਡ ਬੀਘੜ ਦੇ ਰੰਘੜ ਅਸਲਮ ਬੇਗ ਅਤੇ ਉਸ ਦੇ ਸਾਥੀ ਬਦਮਾਸ਼ਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਕਿਉਂਕਿ ਉਹ ਗਰੀਬ ਕਿਰਤੀ ਮੀਹਾਂ ਸਿੰਘ ਦੀਆਂ ਦੋ ਧੀਆਂ ਦਾ ਧੱਕੇ ਨਾਲ ਆਪਣੇ ਮੁੰਡਿਆਂ ਨਾਲ ਨਿਕਾਹ ਕਰਵਾਉਣਾ ਚਾਹੁੰਦਾ ਸੀ। ਅਖ਼ੀਰਲੇ ਦਿਨਾਂ ਵਿੱਚ ਦਰਬਾਰਾ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨਾਲ ਪੁਲਿਸ ਨੇ ਘੇਰ ਲਿਆ। ਦਰਬਾਰਾ ਸਿੰਘ ਬੜਾ ਪੱਕਾ ਨਿਸ਼ਾਨਚੀ ਹੋਣ ਦੇ ਬਾਵਜੂਦ ਵੀ ਕਾਰਤੂਸ ਗਿੱਲੇ ਹੋ ਜਾਣ ਕਰਕੇ ਪੁਲਿਸ ਨਾਲ ਹੋਏ ਇਸ ਤਕੜੇ ਮੁਕਾਬਲੇ ਵਿੱਚ ਮਾਰਿਆ ਗਿਆ।

ਡਾਕੂ ਬੱਗੂ ਸਿੰਘ ਬਡਰੁੱਖਾਂ
ਡਾਕੂ ਬੱਗੂ ਸਿੰਘ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾਂ ਦਾ ਰਹਿਣ ਵਾਲਾ ਸੀ। ਬੱਗੂ ਸਿੰਘ ਦੇ ਚਾਰ ਹੋਰ ਭਰਾ ਭਾਨ ਸਿੰਘ, ਜਿਉਣ ਸਿੰਘ, ਪਰਤਾਪ ਸਿੰਘ ਅਤੇ ਜੱਗ ਸਿੰਘ ਸਨ। ਸਭ ਤੋਂ ਵੱਡਾ ਭਰਾ ਵਿਆਹਿਆ ਹੋਇਆ ਸੀ, ਜਿਸ ਦੀ ਘਰਵਾਲੀ ਦਾ ਨਾਂ ਹਰਨਾਮੀ ਸੀ। ਬੱਗੂ ਸਿੰਘ ਜਗੀਰਦਾਰਾਂ ਵੱਲੋਂ ਮੁਜਾਰਿਆਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਕਾਰਨ ਬਾਗ਼ੀ ਸੁਰ ਰੱਖਣ ਵਾਲਾ ਵਿਅਕਤੀ ਸੀ ਅਤੇ ਬਡਰੁੱਖਾਂ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੂੰ ਵੀ ਸਰਦਾਰਾਂ ਦੀ ਧੱਕੇਸ਼ਾਹੀ ਖ਼ਿਲਾਫ਼ ਜਥੇਬੰਦ ਹੋਣ ਲਈ ਉਤਸ਼ਾਹਿਤ ਕਰਦਾ ਰਹਿੰਦਾ ਸੀ। ਕਿਸੇ ਸਮੇਂ ਬਡਰੁਖਾਂ ਦੇ ਇਲਾਕੇ ਵਿੱਚ ਵਿਚਰਦੇ ਰਹੇ ਭੂਮੀਏ ਚੋਰ ਦੀ ਸਾਖੀ ਤੋਂ ਬੱਗੂ ਸਿੰਘ ਬੇਹੱਦ ਪ੍ਰਭਾਵਿਤ ਸੀ ਅਤੇ ਇਸੇ ਲਈ ਉਹ ਕਦੇ ਵੀ ਕਿਸੇ ਗਰੀਬ ਨਾਲ ਧੱਕਾ ਨਹੀਂ ਸੀ ਕਰਦਾ ਬਲਕਿ ਜਗੀਰਦਾਰਾਂ ਨੂੰ ਲੁੱਟ ਕੇ ਹਮੇਸ਼ਾ ਹੀ ਲੋੜਵੰਦਾਂ ਦੀ ਮੱਦਦ ਕਰਦਾ ਸੀ। ਪ੍ਰਸਿੱਧ ਡਾਕੂ ਜਿਉਣੇ ਮੌੜ ਦੇ ਸਾਥੀ ਰਹੇ ਸੂਰਮੇ ਬੱਗੂ ਨੂੰ ਭੂਮੀਏ ਚੋਰ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਦਿੱਤੇ ਵਚਨ ਕਦੇ ਵੀ ਨਹੀਂ ਸਨ ਭੁੱਲਦੇ।

ਉਸ ਦੇ ਮਾਨਵੀ ਜੀਵਨ ਮੁੱਲਾਂ ਨੂੰ ਪ੍ਰਣਾਇਆ ਹੋਣ ਕਰਕੇ ਹੀ ਪਿੰਡ ਦੇ ਪੜ੍ਹੇ-ਲਿਖੇ ਵਿਅਕਤੀਆਂ ਨੇ ਵੀ ਬੱਗੂ ਸਿੰਘ ਦਾ ਸਾਥ ਦੇ ਕੇ ਪਿੰਡ ਦੇ ਜਗੀਰਦਾਰ ਵਿਰੁੱਧ ਬਗ਼ਾਵਤ ਕਰ ਦਿੱਤੀ। ਬਿਸਵੇਦਾਰਾਂ ਨੂੰ ਜ਼ਮੀਨਾਂ ਦੀ ਮਾਲਕੀ ਦੇਣ ਵਾਲਾ ਕਾਨੂੰਨ ਉਨ੍ਹਾਂ ਨੂੰ ਉੱਕਾ ਹੀ ਪ੍ਰਵਾਨ ਨਹੀਂ ਸੀ, ਜਿਸ ਨੇ ਮਿਹਨਤਕਸ਼ ਕਿਸਾਨਾਂ ਨੂੰ ਮੁਜਾਰੇ ਬਣਾ ਕੇ ਰੱਖ ਦਿੱਤਾ ਸੀ। ਵੱਡੀ ਗਿਣਤੀ ਵਿੱਚ ਪਿੰਡਾਂ ਦੇ ਨੌਜਵਾਨ ਇਸ ਵਰਤਾਰੇ ਤੋਂ ਦੁਖੀ ਹੋ ਕੇ ਡਾਕੂਆਂ ਨਾਲ ਰਲ ਰਹੇ ਸਨ। ਮੁਜਾਰਿਆਂ ਵੱਲੋਂ ਵੀ ਇਨ੍ਹਾਂ ਨੌਜਵਾਨਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਸੀ ਅਤੇ ਸਰਦਾਰਾਂ ਨੂੰ ਬਟਾਈ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ। ਡਾਕੂਆਂ ਵੱਲੋਂ ਸੂਦਖੋਰ ਸ਼ਾਹੂਕਾਰਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸੀ ਅਤੇ ਬਦਲੇ ਵਿੱਚ ਪੁਲਿਸ ਵੱਲੋਂ ਆਮ ਲੋਕਾਂ ਨੂੰ ਤਸੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ। ਜਗੀਰਦਾਰਾਂ ਦੀਆਂ ਮੁਖ਼ਬਰੀਆਂ ਕਾਰਨ ਪੁਲਿਸ ਵੱਲੋਂ ਹਮਲਾਵਰ ਰੁਖ਼ ਅਖ਼ਤਿਆਰ ਕਰਨ ਨਾਲ ਬਹੁਤ ਸਾਰੇ ਡਾਕੂ ਮੁਕਾਬਲੇ ਬਣਾ ਕੇ ਮਾਰ ਦਿੱਤੇ ਗਏ, ਜਿਨ੍ਹਾਂ ਵਿੱਚ ਡਾਕੂ ਬੱਗੂ ਸਿੰਘ ਵੀ ਸ਼ਾਮਲ ਸੀ।

ਡਾਕੂ ਬਚਿੱਤਰ ਸਿੰਘ
ਡਾਕੂ ਬਚਿੱਤਰ ਸਿੰਘ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਲੋਹਾਰਾ ਵਿੱਚ ਹੋਇਆ। ਉਸ ਦਾ ਇੱਕ ਛੋਟਾ ਭਰਾ ਵੀ ਸੀ, ਜਿਸ ਦਾ ਨਾਂ ਬਖਤੌਰ ਸਿੰਘ ਸੀ। ਬਖਤੌਰ ਸਿੰਘ ਦੀ ਮੰਗਣੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਰਾਵਾਂ ਦੀ ਇੱਕ ਬਹੁਤ ਹੀ ਸੋਹਣੀ ਅਤੇ ਸੁਨੱਖੀ ਮੁਟਿਆਰ ਭਾਗੀ ਨਾਲ ਹੋ ਗਈ। ਪਿੰਡ ਦੇ ਕਿਸੇ ਚੁਗਲਖੋਰ ਵਿਅਕਤੀ ਨੇ ਸਰਾਵਾਂ ਪਿੰਡ ਜਾ ਕੇ ਭਾਗੀ ਦੀ ਮਾਂ ਕੋਲ ਚੁਗਲੀ ਕਰ ਦਿੱਤੀ ਕਿ ਜਿਸ ਬਖਤੌਰ ਸਿੰਘ ਨਾਲ ਉਸ ਨੇ ਆਪਣੀ ਧੀ ਦੀ ਮੰਗਣੀ ਕੀਤੀ ਹੋਈ ਹੈ, ਉਸ ਦਾ ਵੱਡਾ ਭਰਾ ਬਚਿੱਤਰ ਸਿੰਘ ਡਾਕੂ ਹੋਣ ਕਰਕੇ ਪੁਲਿਸ ਉਸ ਦੇ ਘਰ ਨਿੱਤ ਛਾਪੇ ਮਾਰਦੀ ਹੈ। ਭਾਗੀ ਦੇ ਪਿਤਾ ਦੀ ਤਾਂ ਮੌਤ ਹੋ ਚੁੱਕੀ ਸੀ, ਇਸ ਲਈ ਔਰਤ ਹੋਣ ਕਰਕੇ ਉਸ ਦੀ ਮਾਂ ਨੇ ਕਿਸੇ ਝੰਜਟ ਵਿੱਚ ਪੈਣਾ ਠੀਕ ਨਾ ਸਮਝਿਆ ਅਤੇ ਬਖਤੌਰ ਸਿੰਘ ਦੇ ਘਰੇ ਨਾਈ ਭੇਜ ਕੇ ਰਿਸ਼ਤੇ ਤੋਂ ਸਾਫ਼ ਜਵਾਬ ਦੇ ਦਿੱਤਾ। ਇਹ ਸੁਣ ਕੇ ਬਖਤੌਰ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ ਅਤੇ ਉਹ ਸ਼ਰਮਿੰਦਗੀ ਦਾ ਮਾਰਿਆ ਆਪਣੇ ਵੱਡੇ ਭਰਾ ਡਾਕੂ ਬਚਿੱਤਰ ਸਿੰਘ ਕੋਲ ਜਾ ਕੇ ਭੁੱਬਾਂ ਮਾਰ ਮਾਰ ਕੇ ਆਪਣਾ ਦੁੱਖ ਸੁਣਾਉਣ ਲੱਗਿਆ। ਬਖਤੌਰ ਸਿੰਘ ਦੀ ਦਰਦ ਕਹਾਣੀ ਸੁਣ ਕੇ ਬਚਿੱਤਰ ਸਿੰਘ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਭਾਗੀ ਦੀ ਮਾਂ ਨੂੰ ਇੱਕ ਰੋਹ ਭਰੀ ਚਿੱਠੀ ਲਿਖੀ।

ਚਿੱਠੀ ਵਿੱਚ ਬਚਿੱਤਰ ਸਿੰਘ ਨੇ ਲਿਖਿਆ ਕਿ ਮਾਸੀ ਨੇ ਬਖਤੌਰ ਸਿੰਘ ਦੀ ਮੰਗਣੀ ਤੋੜ ਕੇ ਉਸ ਦੀ ਦਾਹੜੀ ਨੂੰ ਹੱਥ ਪਾਇਆ ਹੈ ਅਤੇ ਜੇਕਰ ਭਾਗੀ ਨੂੰ ਵਿਆਹੁਣ ਲਈ ਬਖਤੌਰ ਸਿੰਘ ਨੂੰ ਛੱਡ ਕੇ ਕੋਈ ਹੋਰ ਜੰਨ ਢੁੱਕੀ, ਤਾਂ ਉਹ ਡੋਲੀ ਨੂੰ ਅੱਗ ਲਗਾ ਦੇਵੇਗਾ। ਉਸ ਨੇ ਇਹ ਵੀ ਲਿਖਿਆ ਕਿ ਮਾਸੀ ਆਪ ਤਾਂ ਆਪਣੇ ਪਾਗਲ ਜਿਹੇ ਮੁੰਡੇ ਅਰਜਨ ਨੂੰ ਦੂਜੀ ਵਾਰ ਵਿਆਹੀ ਬੈਠੀ ਹੈ ਪਰ ਬਣਦੇ-ਠਣਦੇ ਉਸ ਦੇ ਭਰਾ ਨੂੰ ਜਵਾਬ ਦੇ ਰਹੀ ਹੈ। ਬਚਿੱਤਰ ਸਿੰਘ ਦੀ ਲਿਖੀ ਚਿੱਠੀ ਉਸ ਦੇ ਡਾਕੂ ਸਾਥੀ ਮਾਸੀ ਦੇ ਘਰ ਦੇ ਦਰਵਾਜ਼ੇ ਉੱਤੇ ਚਿਪਕਾ ਆਏ ਅਤੇ ਜਦੋਂ ਮਾਸੀ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਹੁਣ ਤਾਂ ਪਿੰਡ ਵਿੱਚ ਲਹੂ ਦੀਆਂ ਨਦੀਆਂ ਵਹਿ ਜਾਣਗੀਆਂ ਤਾਂ ਉਸ ਨੇ ਮੁਆਫ਼ੀ ਮੰਗ ਕੇ ਆਪਣੀ ਧੀ ਦੀ ਸ਼ਾਦੀ ਬਖਤੌਰ ਸਿੰਘ ਨਾਲ ਕਰਨੀ ਪ੍ਰਵਾਨ ਕਰ ਲਈ। ਬਚਿੱਤਰ ਸਿੰਘ ਦੇ ਇਸ ਕਾਰਨਾਮੇ ਦੀ ਲੋਕਾਂ ਨੇ ਭਰਪੂਰ ਪ੍ਰਸ਼ੰਸਾ ਕੀਤੀ ਕਿਉਂਕਿ ਗਊ-ਗਰੀਬ ਦਾ ਹਾਮੀ ਹੋਣ ਦੇ ਅਸੂਲਾਂ ਕਾਰਨ ਉਹ ਤਾਂ ਲੋਕਾਂ ਦੀਆਂ ਛੱਡੀਆਂ ਹੋਈਆਂ ਧੀਆਂ ਨੂੰ ਵੀ ਉਨ੍ਹਾਂ ਦੇ ਸਹੁਰੇ ਘਰੀਂ ਭੇਜਦਾ ਰਹਿੰਦਾ ਸੀ।

ਡਾਕੂ ਮੱਲ ਸਿੰਘ ਡਾਕੂ
ਡਾਕੂ ਮੱਲ ਸਿੰਘ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਝਲਵੱਟੀ ਵਿੱਚ ਇੱਕ ਸਾਧਾਰਨ ਕਿਸਾਨ ਮੁਗਲੂ ਸਿੰਘ ਦੇ ਘਰ ਹੋਇਆ। ਦੁੱਲਾ ਭੱਟੀ ਅਤੇ ਜਿਊਣਾ ਮੌੜ ਵਰਗੇ ਯੋਧਿਆਂ ਤੋਂ ਪ੍ਰਭਾਵਿਤ ਹੋਣ ਕਰਕੇ ਉਹ ਜਨਮ ਤੋਂ ਹੀ ਖਾੜਕੂ ਸੁਰ ਰੱਖਣ ਵਾਲਾ ਗੱਭਰੂ ਸੀ। ਉਸ ਦੇ ਦੋ ਹੋਰ ਭਰਾ ਗਗਨ ਸਿੰਘ ਅਤੇ ਨੰਦ ਸਿੰਘ ਵੀ ਸਨ, ਜਿਨ੍ਹਾਂ ਨੂੰ ਕਿਸੇ ਮੁਕੱਦਮੇ ਵਿੱਚ ਪੁਲਿਸ ਤਸ਼ੱਦਦ ਵਿੱਚ ਮਾਰ ਦਿੱਤਾ ਗਿਆ ਸੀ। ਮੱਲ ਸਿੰਘ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ ਅਤੇ ਇਸੇ ਕਰਕੇ ਆਪਣੇ ਮਾਪਿਆਂ ਦੇ ਬੜਾ ਰੋਕਣ ਦੇ ਬਾਵਜੂਦ ਵੀ ਉਹ ਬੰਦੂਕ ਲੈ ਕੇ ਘਰੋਂ ਭੱਜ ਗਿਆ ਸੀ। ਬਹੁਤ ਸਾਰੇ ਵਿਦਰੋਹੀ ਨੌਜਵਾਨ ਉਸ ਦੇ ਜਥੇ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਧ ਸਿੰਘ ਵਾਲਾ ਦੇ ਜ਼ੈਲਦਾਰ ਉੱਤਮ ਸਿੰਘ ਦਾ ਮੁੰਡਾ ਰਣਜੀਤ ਸਿੰਘ ਵੀ ਸੀ। ਰਣਜੀਤ ਸਿੰਘ ਦਾ ਚਾਚਾ ਅਮੋਲਕ ਸਿੰਘ ਵੀ ਸਰਕਾਰੀਂ-ਦਰਬਾਰੀਂ ਪਹੁੰਚ ਰੱਖਣ ਵਾਲਾ ਵਿਅਕਤੀ ਸੀ ਅਤੇ ਉਹ ਜ਼ੈਲਦਾਰ ਬਣਨ ਲਈ ਵੀ ਯਤਨਸ਼ੀਲ ਸੀ, ਜਿਸ ਕਰਕੇ ਉਸ ਨੇ ਵੀ ਰਣਜੀਤ ਸਿੰਘ ਨੂੰ ਬੜਾ ਸਮਝਾਇਆ ਕਿ ਉਹ ਅਜਿਹਾ ਟਕਰਾਅ ਵਾਲਾ ਰਸਤਾ ਅਖ਼ਤਿਆਰ ਨਾ ਕਰੇ ਪਰ ਉਸ ਦੇ ਮਨ ਵਿੱਚ ਅੰਗਰੇਜ਼ ਹਕੂਮਤ ਲਈ ਬੜੀ ਨਫ਼ਰਤ ਸੀ। ਉਨ੍ਹਾਂ ਨੇ ਰਲ ਕੇ ਬੜੇ ਡਾਕੇ ਮਾਰੇ ਅਤੇ ਬਹੁਤ ਸਾਰੇ ਸ਼ਾਹੂਕਾਰਾਂ ਦੀਆਂ ਬਹੀਆਂ ਵੀ ਸਾੜੀਆਂ।

ਸਰਕਾਰ ਵੱਲੋਂ ਸਖ਼ਤੀ ਕਰਨ ਨਾਲ ਉਹ ਇੱਕ ਪੁਲਿਸ ਮੁਕਾਬਲੇ ਵਿੱਚ ਗ੍ਰਿਫ਼ਤਾਰ ਵੀ ਹੋ ਗਏ ਪਰ ਛੇਤੀ ਹੀ ਉਹ ਜੰਡ ਪਿੰਡ ਦੇ ਡਾਕੂ ਕਾਲਾ ਸਿੰਘ ਨੂੰ ਲੈ ਕੇ ਜੇਲ੍ਹ ਵਿੱਚੋਂ ਫਰਾਰ ਹੋ ਗਏ। ਮੋਗੇ ਦੇ ਚੌਧਰੀ ਜਵਾਲਾ ਸਿੰਘ ਦੇ ਘਰੇ ਮਾਰੇ ਡਾਕੇ ਵਿੱਚ ਉਨ੍ਹਾਂ ਹੱਥੋਂ ਜਵਾਲਾ ਸਿੰਘ ਦੇ ਨਾਲ ਉਸ ਦੀ ਧੀ ਵੀ ਮਾਰੀ ਗਈ। ਜਦੋਂ ਉਨ੍ਹਾਂ ਨੇ ਪੁਆਧ ਦੇ ਪਿੰਡ ਢੰਡਾਰੀ ਦੇ ਸੁਨਿਆਰਾਂ ਦੇ ਘਰਾਂ ਵਿੱਚ ਡਾਕਾ ਮਾਰਿਆ, ਤਾਂ ਪਿੰਡ ਦੇ ਲੋਕ ਸੁਨਿਆਰਾਂ ਦੇ ਹੱਕ ਵਿੱਚ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਮੱਲ ਸਿੰਘ ਸ਼ਰਾਬੀ ਹੋਣ ਕਰਕੇ ਕੋਠੇ ਤੋਂ ਬੀਹੀ ਵਿੱਚ ਡਿੱਗ ਪਿਆ ਅਤੇ ਲੋਕਾਂ ਨੇ ਉਸ ਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ ਪਰ ਉਸ ਨੇ ਬੰਦੂਕ ਹੋਣ ਦੇ ਬਾਵਜੂਦ ਵੀ ਗੋਲੀ ਨਹੀਂ ਚਲਾਈ ਕਿਉਂਕਿ ਉਸ ਨੇ ਕਿਸਾਨਾਂ ਉੱਤੇ ਵਾਰ ਨਾ ਕਰਨ ਦੀ ਸੌਂਹ ਖਾਧੀ ਹੋਈ ਸੀ। ਵੱਡੀ ਗਿਣਤੀ ਵਿੱਚ ਮੰਗਵਾਈ ਗਈ ਪੁਲਿਸ ਨਾਲ ਹੋਏ ਇਸ ਮਕਾਬਲੇ ਵਿੱਚ ਉਨ੍ਹਾਂ ਤਿੰਨਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਕਾਲਾ ਸਿੰਘ ਕੋਲ ਮੁਕੱਦਮਾ ਲੜਨ ਲਈ ਪੈਸੇ ਨਹੀਂ ਸਨ, ਜਿਸ ਕਰਕੇ ਉਹ ਜੇਲ੍ਹ ਵਿੱਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਗਿਆ। ਮੱਲ ਸਿੰਘ ਅਤੇ ਰਣਜੀਤ ਸਿੰਘ ਦਾ ਮੁਕੱਦਮਾ ਜ਼ੈਲਦਾਰ ਉੱਤਮ ਸਿੰਘ ਨੇ ਲੜਿਆ, ਜਿਸ ਦੇ ਫ਼ੈਸਲੇ ਵਿੱਚ ਉਨ੍ਹਾਂ ਦੋਹਾਂ ਨੂੰ ਫਾਂਸੀ ਦੇ ਦਿੱਤੀ ਗਈ।

ਡਾਕੂ ਲਾਲ ਸਿੰਘ ਪਿੱਥੋ
ਡਾਕੂ ਲਾਲ ਸਿੰਘ ਪਿੱਥੋ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋ ਵਿੱਚ ਢਿੱਲਵਾਂ ਗੋਤ ਦੇ ਸਾਧਾਰਨ ਕਿਸਾਨ ਜਗਤ ਸਿੰਘ ਦੇ ਘਰ ਪੈਦਾ ਹੋਇਆ। ਲਾਲ ਸਿੰਘ ਭਾਵੇਂ ਜਨਮ ਤੋਂ ਹੀ ਬੜਾ ਜੁਝਾਰੂ ਅਤੇ ਦਲੇਰ ਵਿਅਕਤੀ ਸੀ ਪਰ ਆਪਣੇ ਪਿੰਡ ਵਿੱਚ ਹੋਈ ਲਾਗ-ਡਾਟ ਕਰਕੇ ਪੁਲਿਸ ਦੀ ਕੁੱਟਮਾਰ ਤੋਂ ਡਰਦਾ ਉਹ ਪਿੰਡ ਵਿੱਚੋਂ ਭਗੌੜਾ ਗਿਆ ਸੀ। ਪ੍ਰਸਿੱਧ ਡਾਕੂ ਸ਼ਾਮ ਸਿੰਘ ਗੋਨਿਆਣਾ ਨੂੰ ਉਸ ਨੇ ਆਪਣਾ ਪੱਗਵੱਟ ਭਰਾ ਬਣਾ ਲਿਆ ਸੀ ਅਤੇ ਦੋਹਾਂ ਨੇ ਰਲ ਕੇ ਬੜੀ ਦਲੇਰੀ ਨਾਲ ਡਾਕੇ ਮਾਰੇ। ਜੀਦੇ ਪਿੰਡ ਦੇ ਜ਼ੈਲਦਾਰ ਦੀ ਮੁਖ਼ਬਰੀ ਕਰਕੇ ਦੋਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਬਠਿੰਡਾ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ। ਪੁਲਿਸ ਉਨ੍ਹਾਂ ਨੂੰ ਬਹੁਤਾ ਚਿਰ ਕੈਦ ਕਰ ਕੇ ਨਾ ਰੱਖ ਸਕੀ ਅਤੇ ਛੇਤੀ ਹੀ ਉਹ ਦੋਵੇਂ ਜੇਲ੍ਹ ਤੋੜ ਕੇ ਫਰਾਰ ਹੋ ਗਏ। ਬਾਹਰ ਨਿੱਕਲਦਿਆਂ ਹੀ ਉਨ੍ਹਾਂ ਨੇ ਪੁਲਿਸ ਦੇ ਕਈ ਝੋਲੀ ਚੁੱਕਾਂ ਸਮੇਤ ਜੀਦੇ ਦੇ ਜ਼ੈਲਦਾਰ ਨੂੰ ਗੋਲੀਆਂ ਨਾਲ ਉਡਾ ਦਿੱਤਾ। ਪੁਲਿਸ ਨਾਲ ਉਨ੍ਹਾਂ ਦਾ ਬੜਾ ਸਖ਼ਤ ਮੁਕਾਬਲਾ ਵੀ ਹੋਇਆ ਪਰ ਉਹ ਦੋਵੇਂ ਪੁਲਿਸ ਦੇ ਘੇਰੇ ਵਿੱਚੋਂ ਬੱਚ ਕੇ ਨਿੱਕਲ ਗਏ।

ਇਸ ਤੋਂ ਬਾਅਦ ਉਨ੍ਹਾਂ ਨੇ ਵਿਆਜ ਤੇ ਵਿਆਜ ਲਗਾ ਕੇ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰ ਲੈਣ ਵਾਲੇ ਕਈ ਸੂਦਖੋਰ ਸ਼ਾਹੂਕਾਰਾਂ ਨੂੰ ਵੀ ਮਾਰ ਮਕਾਇਆ ਅਤੇ ਉਨ੍ਹਾਂ ਦੀਆਂ ਉਹ ਸਾਰੀਆਂ ਬਹੀਆਂ ਵੀ ਅੱਗ ਲਗਾ ਕੇ ਫੂਕ ਦਿੱਤੀਆਂ, ਜਿਨ੍ਹਾਂ ਉੱਤੇ ਉਹ ਕਿਸਾਨਾਂ ਦੇ ਅੰਗੂਠੇ ਲਵਾਇਆ ਕਰਦੇ ਸਨ। ਫਿਰ ਪੁਲਿਸ ਨਾਲ ਹੋਈ ਇੱਕ ਮੁੱਠਭੇੜ ਵਿੱਚ ਉਹ ਦੋਵੇਂ ਇੱਕ ਦੂਜੇ ਨਾਲੋਂ ਵਿੱਛੜ ਗਏ। ਕੁੱਝ ਸਮਾਂ ਬਿਮਾਰ ਰਹਿਣ ਪਿੱਛੋਂ ਜਦੋਂ ਲਾਲ ਸਿੰਘ ਨੇ ਪਿੰਡ ਢਿੱਲਵਾਂ ਜਾ ਕੇ ਸ਼ਾਮ ਸਿੰਘ ਦੀ ਮਾਸੀ ਤੋਂ ਉਸ ਬਾਰੇ ਪਤਾ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਤਾਂ ਮਰ ਗਿਆ ਹੈ। ਪੁਲਿਸ ਵੱਲੋਂ ਲਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ। ਇੱਕ ਦਿਨ ਹੌਲਦਾਰ ਬੱਗਾ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਉਸ ਨੂੰ ਘੇਰਾ ਪਾ ਲਿਆ ਅਤੇ ਆਪਣੀ ਸਹਾਇਤਾ ਲਈ ਫ਼ੌਜ ਵੀ ਮੰਗਵਾ ਲਈ ਪਰ ਲਾਲ ਸਿੰਘ ਫਿਰ ਵੀ ਪੁਲਿਸ ਦੇ ਘੇਰੇ ਵਿੱਚੋਂ ਨਿੱਕਲ ਗਿਆ। ਆਪਣੇ ਆਖ਼ਰੀ ਦਿਨਾਂ ਵਿੱਚ ਉਹ ਇੱਕ ਚੁਬਾਰੇ ਵਿੱਚ ਘਿਰ ਗਿਆ ਅਤੇ ਕਾਫ਼ੀ ਪੁਲਿਸ ਵਾਲਿਆਂ ਨੂੰ ਮਾਰਨ ਤੋਂ ਬਾਅਦ ਜਦੋਂ ਉਸ ਦੇ ਕਾਰਤੂਸ ਖ਼ਤਮ ਹੋ ਗਏ ਤਾਂ ਉਸ ਨੇ ਆਪਣੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਮਾਲਵੇ ਦੇ ਮਸ਼ਹੂਰ ਧਰਮੀ ਡਾਕੂਆਂ ਵਿੱਚ ਗੁਰਨਾਮ ਸਿੰਘ ਰਾਊਕੇ, ਗੁਰਦਿਆਲ ਸਿੰਘ ਦੌਧਰ, ਚੰਦ ਸਿੰਘ ਫੱਗੂ, ਰਤਨ ਸਿੰਘ ਕੱਕੜਵਾਲ, ਰਾਮਣ ਘੁਮਿਆਰ ਅਤੇ ਬਿੱਲੂ ਨਮੋਲ ਵਾਲੇ ਦਾ ਨਾਂ ਵੀ ਬੜੇ ਮਾਣ ਨਾਲ ਲਿਆ ਜਾਂਦਾ ਹੈ। ਡਾਕੂ ਸਮਝੇ ਜਾਂਦੇ ਇਨ੍ਹਾਂ ਸਾਰੇ ਲੋਕ-ਨਾਇਕਾਂ ਦੇ ਜੀਵਨ ਅਤੇ ਕਾਰਨਾਮਿਆਂ ਦਾ ਗੰਭੀਰਤਾ ਨਾਲ ਮੁੱਲਾਂਕਣ ਕਰਦਿਆਂ ਬਿਲਕੁੱਲ ਸਪੱਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਨੂੰ ਡਾਕੇ ਮਾਰਨ ਜਾਂ ਕਤਲ ਕਰਨ ਦਾ ਕੋਈ ਸ਼ੌਕ ਨਹੀਂ ਸੀ ਬਲਕਿ ਸਥਾਪਿਤ ਢਾਂਚੇ ਵੱਲੋਂ ਅਪਣਾਏ ਗਏ ਅਣਮਨੁੱਖੀ ਰਵੱਈਏ ਨੇ ਮਿਹਨਤ-ਮੁਸ਼ੱਕਤ ਕਰਨ ਵਾਲੇ ਇਨ੍ਹਾਂ ਸਾਧਾਰਨ ਲੋਕਾਂ ਦੇ ਹੱਥਾਂ ਵਿੱਚ ਬੰਦੂਕਾਂ ਫੜਾ ਦਿੱਤੀਆਂ। ਪੰਛੀ ਝਾਤ ਮਾਰਿਆਂ ਇਨ੍ਹਾਂ ਵੱਲੋਂ ਲੜੀ ਜਾ ਰਹੀ ਲੜਾਈ ਭਾਵੇਂ ਵਿਅਕਤੀਗਤ ਪੱਧਰ ਦੀ ਹੀ ਜਾਪਦੀ ਹੈ ਪਰ ਅਸਲ ਵਿੱਚ ਇਸ ਜੱਦੋਜਹਿਦ ਦੀਆਂ ਤੰਦਾਂ ਵਰਗ ਸੰਘਰਸ਼ ਨਾਲ ਜੁੜੀਆਂ ਦਿਖਾਈ ਦਿੰਦੀਆਂ ਹਨ।

ਇਸ ਵਿੱਚ ਵੀ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਕਿ ਇਨ੍ਹਾਂ ਜੁਝਾਰੂ ਸੂਰਮਿਆਂ ਵਿੱਚ ਹੁਕਮਰਾਨਾਂ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਡਟ ਕੇ ਖੜ੍ਹਨ ਦਾ ਜਜ਼ਬਾ ਅਤੇ ਹੌਸਲਾ ਸੀ। ਇਨ੍ਹਾਂ ਵੱਲੋਂ ਕਦੇ ਵੀ ਕਿਸੇ ਧੀ-ਭੈਣ ਦੀ ਇੱਜ਼ਤ ਨਾਲ ਨਹੀਂ ਸੀ ਖੇਡਿਆ ਜਾਂਦਾ ਅਤੇ ਨਾ ਹੀ ਕਿਸੇ ਨਿਹੱਥੇ ਵਿਅਕਤੀ ਉੱਤੇ ਵਾਰ ਕੀਤਾ ਜਾਂਦਾ ਸੀ ਬਲਕਿ ਇਹ ਤਾਂ ਆਪਣੀ ਲੋਕ-ਪੱਖੀ ਮਰਿਯਾਦਾ ਨੂੰ ਨਿਭਾਉਣ ਲਈ ਸਿਰ-ਧੜ ਦੀ ਬਾਜ਼ੀ ਲਗਾਉਣ ਲਈ ਵਚਨਬੱਧ ਸਮਝੇ ਜਾਂਦੇ ਸਨ। ਕਿਸੇ ਡਰ ਜਾਂ ਲਾਲਚ ਕਾਰਨ ਮੁਖ਼ਬਰੀ ਕਰ ਕੇ ਇਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰਨ ਵਾਲੇ ਵਿਅਕਤੀ ਲੋਕਾਂ ਦੀ ਨਫ਼ਰਤ ਦੇ ਪਾਤਰ ਬਣ ਜਾਂਦੇ ਸਨ ਕਿਉਂਕਿ ਲੁੱਟੀ-ਪੁੱਟੀ ਜਾ ਰਹੀ ਕਿਸਾਨੀ ਦੇ ਹੱਕਾਂ ਲਈ ਲੜਨ ਵਾਲੇ ਇਨ੍ਹਾਂ ਮਰਦ ਅਗੰਮੜਿਆਂ ਦਾ ਮੁੱਖ ਮਨੋਰਥ ਲੁੱਟ-ਰਹਿਤ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਕਰਨਾ ਸੀ। ਇਹੋ ਹੀ ਕਾਰਨ ਹੈ ਕਿ ਹਕੂਮਤਾਂ ਵੱਲੋਂ ਇਨ੍ਹਾਂ ਦੇ ਸਿਰਾਂ ਦੇ ਮੁੱਲ ਪਾਉਣ ਦੇ ਬਾਵਜੂਦ ਵੀ ਲੋਕ ਇਨ੍ਹਾਂ ਨਾਲ ਹਮਦਰਦੀ ਰੱਖਦੇ ਸਨ ਅਤੇ ਇਨ੍ਹਾਂ ਨੂੰ ਆਪਣੇ ਮੁਕਤੀ ਦਾਤਿਆਂ ਵਜੋਂ ਦੇਖਦੇ ਸਨ।

-ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ,
ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਮੱਘਦੇ ਸੂਰਜ ਵਰਗਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ”
Next articleਗੁੰਝਲ