ਚੀਨ ਦੇ ਵਤੀਰੇ ਕਾਰਨ ਅਸਲ ਕੰਟਰੋਲ ਰੇਖਾ ’ਤੇ ਸਥਿਤੀ ਖਰਾਬ ਹੋਈ: ਜੈਸ਼ੰਕਰ

ਮੈਲਬਰਨ (ਸਮਾਜ ਵੀਕਲੀ):  ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਮੌਜੂਦਾ ਸਥਿਤੀ, ਚੀਨ ਵੱਲੋਂ ਸਰਹੱਦ ’ਤੇ ਸੈਨਿਕਾਂ ਨੂੰ ਇਕੱਤਰ ਨਾ ਕਰਨ ਸਬੰਧੀ ਹੋਏ ਲਿਖਤੀ ਸਮਝੌਤਿਆਂ ਦੀ ਉਲੰਘਣਾ ਕੀਤੇ ਜਾਣ ਕਾਰਨ ਪੈਦਾ ਹੋਈ ਹੈ।

ਆਸਟਰੇਲਿਆਈ ਵਿਦੇਸ਼ ਮੰਤਰੀ ਮਾਰਿਸ ਪੇਅਨ ਦੇ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਜੈਸ਼ੰਕਰ ਨੇ ਕਿਹਾ ਨੇ ਕਿਹਾ ਕਿ ਜਦੋਂ ਕੋਈ ਵੱਡਾ ਦੇਸ਼ ਲਿਖਤੀ ਵਚਨਬੱਧਤਾਵਾਂ ਦੀ ਉਲੰਘਣਾ ਕਰਦਾ ਹੈ ਤਾਂ ਇਹ ਪੂਰੇ ਕੌਮਾਂਤਰੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੁੰਦਾ ਹੈ। ਉਨ੍ਹਾਂ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਵਿਚਾਲੇ ਪੂਰਬੀ ਲੱਦਾਖ ਸਰਹੱਦ ’ਤੇ ਤਣਾਅ ਬਾਰੇ ਇਕ ਸਵਾਲ ਦੇ ਜਵਾਬ ਵਿਚ ਇਹ ਬਿਆਨ ਦਿੱਤਾ।

ਇਹ ਪੁੱਛੇ ਜਾਣ ’ਤੇ ਕੀ ਸ਼ੁੱਕਰਵਾਰ ਨੂੰ ਇੱਥੇ ‘ਕੁਆਡ’ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਭਾਰਤ-ਚੀਨ ਸਰਹੱਦ ’ਤੇ ਤਣਾਅ ਦੇ ਮੁੱਦੇ ’ਤੇ ਚਰਚਾ ਹੋਈ, ਜੈਸ਼ੰਕਰ ਨੇ ‘ਹਾਂ’ ਵਿਚ ਜਵਾਬ ਦਿੱਤਾ। ਉਨ੍ਹਾਂ ਕਿਹਾ, ‘‘ਹਾਂ, ਅਸੀਂ (ਕੁਆਡ) ਭਾਰਤ-ਚੀਨ ਸਬੰਧਾਂ ’ਤੇ ਚਰਚਾ ਕੀਤੀ ਕਿਉਂਕਿ ਇਹ ਸਾਡੇ ਗੁਆਂਢ ਵਿਚ ਹੋਣ ਵਾਲੇ ਘਟਨਾਕ੍ਰਮ ਦੀ ਜਾਣਕਾਰੀ ਇਕ-ਦੂਜੇ ਨੂੰ ਦੇਣ ਦੇ ਤਰੀਕੇ ਦਾ ਇਕ ਹਿੱਸਾ ਹੈ। ਇਹ ਇਕ ਅਜਿਹਾ ਮਸਲਾ ਹੈ ਜਿਸ ਵਿਚ ਕਈ ਦੇਸ਼ਾਂ ਦੀ ਰੁਚੀ ਹੈ। ਖ਼ਾਸ ਤੌਰ ’ਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਦੇਸ਼।’’

ਜੈਸ਼ੰਕਰ ਨੇ ਕਿਹਾ ਕਿ ਸਰਹੱਦ ’ਤੇ ਸੈਨਿਕਾਂ ਦੀ ਭੀੜ ਨਾ ਕਰਨ ਦੇ ਭਾਰਤ ਨਾਲ ਕੀਤੇ ਗਏ ਲਿਖਤੀ ਸਮਝੌਤਿਆਂ ਦੀ ਚੀਨ ਵੱਲੋਂ 2020 ਵਿਚ ਉਲੰਘਣਾ ਕੀਤੇ ਜਾਣ ਕਾਰਨ ਐੱਲਏਸੀ ’ਤੇ ਮੌਜੂਦਾ ਸਥਿਤੀ ਪੈਦਾ ਹੋਈ। ਉਨ੍ਹਾਂ ਕਿਹਾ, ‘‘ਜਦੋਂ ਕੋਈ ਵੱਡਾ ਦੇਸ਼ ਲਿਖਤੀ ਸਮਝੌਤਿਆਂ ਦੀ ਉਲੰਘਣਾ ਕਰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਪੂਰੇ ਕੌਮਾਂਤਰੀ ਭਾਈਚਾਰੇ ਲਈ ਜਾਇਜ਼ ਚਿੰਤਾ ਦਾ ਵਿਸ਼ਾ ਹੁੰਦਾ ਹੈ।’’ ਇਸੇ ਦੌਰਾਨ ਜੈਸ਼ੰਕਰ ਨੇ ‘ਕੁਆਡ’ ’ਤੇ ਚੀਨ ਦੇ ਵਿਰੋਧ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਚਾਰ ਦੇਸ਼ਾਂ ਦਾ ਇਹ ਸੰਗਠਨ ‘ਸਕਾਰਾਤਮਕ ਕੰਮ’ ਕਰੇਗਾ ਅਤੇ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਸਥਿਰਤਾ ਅਤੇ ਖੁਸ਼ਹਾਲੀ ਕਾਇਮ ਰੱਖਣ ਵਿਚ ਯੋਗਦਾਨ ਦੇਵੇਗਾ। ਉਨ੍ਹਾਂ ਕਿਹਾ ਕਿ ‘ਕੁਆਡ’ ਦੀ ਆਲੋਚਨਾ ਕਰਨ ਨਾਲ ਇਸ ਦੀ ਭਰੋਸੇਯੋਗਤਾ ਘੱਟ ਨਹੀਂ ਹੋਵੇਗੀ। ਕੁਆਡ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ-ਅਮਰੀਕਾ ਦੇ ਐਂਟਨੀ ਬਲਿੰਕਨ, ਜਪਾਨ ਯੋਸ਼ੀਮਾਸਾ ਹਯਾਸ਼ੀ ਅਤੇ ਆਸਟਰੇਲੀਆ ਦੇ ਮਾਰਿਸ ਪੇਅਨ ਨਾਲ ਸ਼ੁੱਕਰਵਾਰ ਨੂੰ ਜੈਸ਼ੰਕਰ ਨੇ ਹਿੰਦ-ਪ੍ਰਸ਼ਾਂਤ ਖਿੱਤੇ ਨੂੰ ‘ਦਬਾਅ’ ਤੋਂ ਮੁਕਤ ਰੱਖਣ ਲਈ ਸਹਿਯੋਗ ਵਧਾਉਣ ਦੀ ਵਚਨਬੱਧਤਾ ਦੁਹਰਾਈ।

ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਹਮਲਾਵਰ ਰੁਖ਼ ’ਤੇ ਸੁਨੇਹਾ ਦੇਣ ਦੇ ਮਕਸਦ ਨਾਲ ‘ਦਬਾਅ’ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਜੈਸ਼ੰਕਰ ਨੇ ਕਿਹਾ, ‘‘ਕੱਲ੍ਹ ਅਸੀਂ ਚਾਰੋਂ ਇਕ ਨੁਕਤੇ ’ਤੇ ਸਹਿਮਤ ਹੋਏ ਕਿ ਅਸੀਂ ਇੱਥੇ ਸਕਾਰਾਤਮਕ ਚੀਜ਼ਾਂ ਕਰਨ ਆਏ ਹਾਂ। ਅਸੀਂ ਖੇਤਰ ਦੀ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਵਿਚ ਯੋਗਦਾਨ ਦੇਵਾਂਗੇ। ਸਾਡਾ ਇਤਿਹਾਸ, ਕੰਮ ਅਤੇ ਰੁਖ਼ ਸਪੱਸ਼ਟ ਹਨ ਅਤੇ ਵਾਰ-ਵਾਰ ਇਸ ਦੀ ਆਲੋਚਨਾ ਕਰਨ ਨਾਲ ਇਸ ਦੀ ਭਰੋਸੇਗਯੋਗਤਾ ਘੱਟ ਨਹੀਂ ਹੋ ਜਾਵੇਗੀ।’’ ਜੈਸ਼ੰਕਰ ਦੇ ਨਾਲ ਪੇਅਨ ਨੇ ਕਿਹਾ ਕਿ ਕੁਆਡ, ‘‘ਕਿਸੇ ਖ਼ਿਲਾਫ਼ ਨਹੀਂ ਹੈ। ਅਸੀਂ ਵਿਸ਼ਵਾਸ ਅਤੇ ਲਚਕੀਲੇਪਣ ਦੇ ਨਿਰਮਾਣ ਦੀ ਗੱਲ ਕਰ ਰਹੇ ਹਾਂ। ਅਸੀਂ ਅਜਿਹੇ ਖੇਤਰ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਰ ਰਹੇ ਹਾਂ ਜਿੱਥੇ ਸਾਰੇ ਦੇਸ਼ ਆਜ਼ਾਦ ਤੇ ਸੁਰੱਖਿਅਤ ਮਹਿਸੂਸ ਕਰ ਕੇ ਦਬਾਅ ਜਾਂ ਧਮਕੀ ਤੋਂ ਮੁਕਤ ਹੋ ਕੇ ਕੰਮ ਕਰ ਸਕਣ। ਸਾਡੇ ਕੋਲ ਇਕ ਅਸਲ ਵਿਹਾਰਕ ਏਜੰਡਾ ਹੈ। ਇਸ ਦਾ ਸਬੂਤ ਹੈ ਕਿ ਕੁਆਡ ਆਗੂਆਂ ਦੀ ਵਚਨਬੱਧਤਾ ਤਹਿਤ ਟੀਕੇ ਦੀਆਂ 50 ਕਰੋੜ ਤੋਂ ਵੱਧ ਡੋਜ਼ਾਂ ਹੋਰ ਦੇਸ਼ਾਂ ਨੂੰ ਦਿੱਤੀਆਂ ਗਈਆਂ ਹਨ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਣਾ ਗੁਰਜੀਤ ਦੇ ਸਮਰਥਕ ਭਾਜਪਾ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ- ਰਣਜੀਤ ਖੋਜੇਵਾਲ
Next articleਆਸਟਰੇਲੀਆ ਵੱਲੋਂ ਭਾਰਤ ਨਾਲ ਸਬੰਧ ਮਜ਼ਬੂਤ ਕਰਨ ਲਈ ਮੈਤਰੀ ਪਹਿਲ ਦਾ ਐਲਾਨ