ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਮੈਨੂੰ ਨਹੀਂ ਪਤਾ ਇਹ ਪਤੰਗ ਉਡਾਉਣ ਦਾ ਸਿਲਸਿਲਾ ਕਿੰਨਾ ਕੁ ਪੁਰਾਣਾ ਹੈ। ਇਹ ਸਾਡੇ ਮੁਲਕ ਵਿੱਚ ਹੀ ਹੈ ਕਿ ਕਿਸੇ ਹੋਰ ਮੁਲਕ ਵਿੱਚ ਵੀ ਉਡਾਏ ਜਾਂਦੇ ਹਨ। ਇਧਰ ਤਾਂ ਬਸੰਤ ਪੰਚਮੀ ਦੇ ਨੇੜੇ ਤੇੜੇ ਇਹ ਕੰਮ ਸ਼ੁਰੂ ਹੋ ਜਾਂਦਾ ਹੈ। ਬੱਚੇ ਬੁੱਢੇ ਜਵਾਨ ਪਤੰਗ ਉਡਾਉਂਦੇ ਦੇਖੇ ਜਾਂਦੇ ਹਨ। ਛੱਤਾਂ ਅਤੇ ਮੈਦਾਨਾਂ ਵਿੱਚ ਖੂਬ ਧਮਾਲ ਪੈਂਦਾ ਹੈ। ਬਸੰਤ ਪੰਚਮੀ ਵਾਲੇ ਦਿਨ ਤਾਂ ਕੁਝ ਲੋਕ ਡੀ ਜੇ ਵੀ ਲਾਉਂਦੇ ਹਨ ਛੱਤਾ ਤੇ। ਮੈ ਪਿੰਡ ਰਹਿੰਦਾ ਦੇਖਦਾ ਕਿ ਬੱਚੇ ਅਤੇ ਜਵਾਨ ਅਖਬਾਰ ਜਾਂ ਗੁੱਡੀ ਕਾਗਜ਼ ਨੂੰ ਕੱਟਕੇ ਪਤੰਗ ਬਣਾਉਂਦੇ। ਰਜਾਈ ਚ ਨਗੰਦੇ ਪਾਉਣ ਵਾਲੇ ਧਾਗੇ ਦਾ ਗੋਲਾ ਲ਼ੈਕੇ ਪਤੰਗ ਉਡਾਉਂਦੇ। ਖੈਰ ਉਹ ਪਤੰਗ ਵੀ ਅਸਮਾਨੀ ਚੜ੍ਹ ਜਾਂਦੇ ਅਤੇ ਇੱਕ ਦੂਜੇ ਦੇ ਪਤੰਗ ਕੱਟੇ ਵੀ ਜਾਂਦੇ। ਪਤੰਗ ਨੂੰ ਚਿੱਠੀ ਭੇਜੀ ਜਾਂਦੀ। ਇਹ ਦਿਲਚਸਪ ਹੁੰਦੀ ਸੀ। ਬਹੁਤੇ ਲੋਕ ਆਪਣੀਆਂ ਛੱਤਾਂ ਤੋਂ ਵੀ ਪਤੰਗ ਉਡਾਉਂਦੇ ਅਤੇ ਇੱਕ ਅੱਧਾ ਛੱਤ ਤੋਂ ਡਿੱਗਕੇ ਬਾਕੀਆਂ ਨੂੰ ਸੰਭਲਣ ਦਾ ਸੰਦੇਸ਼ ਦਿੰਦਾ। ਪਰ ਮੰਡੀਰ ਕਿੱਥੇ ਟਲਦੀ ਹੈ। ਛੱਤਾਂ ਵੀ ਕੱਚੀਆਂ ਅਤੇ ਨੀਵੀਆਂ ਹੁੰਦੀਆਂ ਸਨ ਅਤੇ ਥੱਲ੍ਹੇ ਜ਼ਮੀਨ ਵੀ ਕੱਚੀ ਹੁੰਦੀ ਸੀ। ਡਿਗਣ ਨਾਲ ਵੱਧ ਤੋਂ ਵੱਧ ਲੱਤ ਬਾਂਹ ਹੀ ਟੁੱਟਦੀ।
ਜਮਾਨੇ ਨੇ ਤਰੱਕੀ ਕੀਤੀ ਤੇ ਰੀਲ ਸੂਤਨ ਦਾ ਰਿਵਾਜ ਆ ਗਿਆ। ਮੈਦੇ ਦੀ ਲੇਵੀ ਵਿੱਚ ਕੰਚ ਦਾ ਚੂਰਾ ਅਤੇ ਹੋਰ ਨਿੱਕ ਸੁੱਕ ਮਿਲਾਕੇ ਰੀਲ ਨੂੰ ਸੂਤਿਆ ਜਾਣ ਲੱਗਿਆ। ਤਾਂਕਿ ਦੂਸਰੇ ਦੀ ਰੀਲ ਨੂੰ ਸੌਖਾ ਕੱਟਿਆ ਜਾ ਸਕੇ। ਇਹ ਸਾਰੇ ਕੰਮ ਜਵਾਕ ਆਪ ਹੀ ਆਪਣੇ ਘਰੇ ਜਾਂ ਦੋਸਤਾਂ ਨਾਲ ਮਿਲਕੇ ਕਰਦੇ ਸਨ। ਫਾਲਤੂ ਖਰਚਣ ਲਈ ਪੈਸੇ ਨਹੀਂ ਸੀ ਹੁੰਦੇ। ਪੈਸੇ ਦੀ ਆਮਦ ਨਾਲ ਪਤੰਗਬਾਜ਼ੀ ਵੀ ਮੰਡੀਕਰਨ ਦੀ ਸ਼ਿਕਾਰ ਹੋ ਗਈ। ਪਤੰਗਾਂ ਡੋਰਾਂ ਅਤੇ ਚਰਖੜੀਆਂ ਦੀਆਂ ਸਪੈਸ਼ਲ ਦੁਕਾਨਾਂ ਖੁੱਲ੍ਹ ਗਈਆਂ। ਜਿਥੋਂ ਹਰ ਕਿਸਮ ਦੇ ਮਹਿੰਗੇ ਸਸਤੇ ਪਤੰਗ, ਡੋਰ ਅਤੇ ਚਰਖੜੀਆਂ ਮਿਲਣ ਲੱਗੀਆਂ। ਘਰੇ ਮੁਫ਼ਤ ਦੇ ਭਾਅ ਬਣਨ ਵਾਲੇ ਪਤੰਗ ਹੁਣ ਨੀਲੇ ਬੇਂਗੁਣੀ ਨੋਟਾਂ ਤੋਂ ਹਰੇ ਨੋਟਾਂ ਤੱਕ ਪਹੁੰਚ ਗਏ। ਡੋਰ ਦਾ ਕਾਰੋਬਾਰ ਇੱਕ ਤਕੜਾ ਵਪਾਰ ਬਣ ਗਿਆ। ਇਸ ਨਾਲ ਇਹ ਪਤੰਗਬਾਜ਼ੀ ਇੱਕ ਮਹਿੰਗੀ ਖੇਡ ਬਣ ਗਈ। ਹੁਣ ਡਿੱਗਣ ਵਾਲੇ ਵੀ ਕੱਚੀਆਂ ਥਾਵਾਂ ਤੇ ਡਿੱਗਣ ਦੀ ਬਜਾਏ ਕਈ ਕਈ ਮੰਜਿਲਾਂ ਤੋਂ ਪੱਕੇ ਫਰਸ਼ਾਂ ਸੜਕਾਂ ਤੇ ਡਿਗਣ ਲੱਗੇ। ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਵਿੱਚ ਅਟਕਣ ਲੱਗੇ। ਹੁਣ ਲੱਤਾਂ ਬਾਹਾਂ ਟੁੱਟਣ ਦੀ ਬਜਾਏ ਘਰਾਂ ਦੇ ਚਿਰਾਗ ਹੀ ਬੁਝਣ ਲੱਗੇ। ਹਰ ਸਾਲ ਇਹ ਹਾਦਸੇ ਵੱਧਣ ਲੱਗੇ ਹਨ। ਇਸ ਦੇ ਬਾਵਜੂਦ ਇਹ ਬਜ਼ਾਰੀਕਰਣ ਦੀ ਦੌੜ ਰੁਕਣ ਦੀ ਥਾਂ ਗਤੀ ਫੜ੍ਹਨ ਲੱਗੀ। ਕਈ ਵੱਡੇ ਘਰਾਣੇ ਇਸ ਕਾਰੋਬਾਰ ਵੱਲ ਵਧੇ। ਭਾਰਤ ਪਤੰਗ ਬਾਜ਼ੀ ਦੇ ਦੀਵਾਨਿਆਂ ਦੀ ਸਭ ਤੋਂ ਵੱਡੀ ਮੰਡੀ ਬਣ ਗਿਆ। ਫਿਰ ਵਿਦੇਸ਼ੀ ਵਿਓਪਾਰੀਆਂ ਨੂੰ ਤਾਂ ਮੰਡੀ ਚਾਹੀਦੀ ਹੈ ਚਾਹੇ ਉਹ ਹਥਿਆਰਾਂ ਦੀ ਹੋਵੇ, ਨਸ਼ੇ ਦੀ ਹੋਵੇ ਜਾਂ ਪਤੰਗ ਦੀ ਹੋਵੇ। ਇਸ ਤਰ੍ਹਾਂ ਚੀਨ ਵਿੱਚ ਬਣੀ ਡੋਰ ਚਾਇਨਾ ਡੋਰ ਨੇ ਭਾਰਤ ਦੇ ਪਤੰਗ ਬਜ਼ਾਰ ਵਿੱਚ ਐਂਟਰੀ ਮਾਰੀ। ਦਿਨਾਂ ਵਿੱਚ ਹੀ ਇਹ ਪੂਰੇ ਬਜ਼ਾਰ ਤੇ ਕਬਜ਼ਾ ਕਰ ਗਈ। ਇਹ ਕੱਟੀ ਨਹੀਂ ਜਾਂਦੀ ਸੀ ਨਾ ਟੁੱਟਦੀ ਸੀ। ਬੰਦੇ ਦਾ ਗਲਾ ਕੱਟਿਆ ਜਾਂਦਾ ਪ੍ਰੰਤੂ ਡੋਰ ਨਹੀਂ ਸੀ ਟੁੱਟਦੀ। ਖੇਡ ਲਈ ਬਣੀ ਇਹ ਡੋਰ ਅਣਜਾਣ ਰਾਹੀਆਂ ਲਈ ਮੌਤ ਦਾ ਫਰਿਸ਼ਤਾ ਬਣਨ ਲੱਗੀ। ਰਸਤਿਆਂ ਅਤੇ ਸੜਕਾਂ ਤੇ ਟੁੱਟੀ ਹੋਈ ਇਹ ਡੋਰ ਕਿਸੇ ਰਾਹੀਂ ਦੀ ਗਲੇ ਵਿੱਚ ਅਟਕਕੇ ਉਸ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਪਿਛਲੇ ਕਈ ਸਾਲਾਂ ਤੋਂ ਇਸ ਡੋਰ ਤੇ ਪਾਬੰਧੀ ਲਾਉਣ ਦੀ ਮੰਗ ਉੱਠੀ। ਸਰਕਾਰਾਂ ਦੀਆਂ ਕਾਗਜ਼ੀ ਪਾਬੰਧੀਆਂ ਇਸ ਦੀ ਆਮਦ ਅਤੇ ਪ੍ਰਸਾਰ ਨੂੰ ਰੋਕ ਨਾ ਸਕੀਆਂ। ਇਸ ਦੇ ਵਿਉਪਾਰੀ ਆਪਣੀ ਚਲਾਕੀ ਅਤੇ ਅਫਸਰਾਂ ਦੀ ਮਿਲੀ ਭਗਤ ਨਾਲ ਇਹ ਕਾਰੋਬਾਰ ਧੜੱਲੇ ਨਾਲ ਕਰ ਰਹੇ ਹਨ। ਪ੍ਰਸ਼ਾਸ਼ਨ ਇੱਕ ਦੋ ਦੁਕਾਨਦਾਰਾਂ ਵਿਓਪਾਰੀਆਂ ਨੂੰ ਫੜ੍ਹਕੇ ਓਹਨਾ ਤੇ ਮਮੂਲੀ ਕਾਰਵਾਈ ਕਰਕੇ ਸੁਰਖਰੂ ਹੋ ਜਾਂਦਾ ਹੈ। ਕਹਿੰਦੇ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਚਾਇਨਾ ਡੋਰ ਦੀ ਕਰੋਪੀ ਤੋਂ ਬਚਣ ਲਈ ਲੋਕਾਂ ਨੂੰ ਫਲਾਈ ਓਵਰ ਤੇ ਚਲਣੋ ਰੋਕ ਦਿੱਤਾ। ਪੈਦਲ ਅਤੇ ਟੂ ਵੀਲ੍ਹਰ ਵਾਲਿਆਂ ਨੂੰ ਫਲਾਈ ਓਵਰ ਰਾਹੀਂ ਆਉਣ ਦੀ ਮਨਾਹੀ ਕਰ ਦਿੱਤੀ।
ਹੁਣ ਤਾਂ ਕਹਿੰਦੇ ਇਹ ਚਾਇਨਾ ਡੋਰ ਸਾਡੇ ਦੇਸ਼ ਵਿੱਚ ਵੀ ਬਣਨ ਲੱਗ ਪਈ। ਸ਼ਾਇਦ ਕੇਂਦਰ ਜਾਂ ਸੂਬਾ ਸਰਕਾਰਾਂ ਦੀ ਇਸ ਨੂੰ ਬੰਦ ਕਰਨ ਦੀ ਨੀਅਤ ਨਹੀਂ ਹੈ। ਸਰਕਾਰਾਂ ਵੀ ਕੀ ਕਰਨ ਦੋਸ਼ੀ ਉਹ ਲੋਕ ਵੀ ਹਨ ਜੋ ਪੈਸਿਆਂ ਦੇ ਲਾਲਚ ਵਿੱਚ ਇਹ ਕਾਰੋਬਾਰ ਕਰਦੇ ਹਨ। ਉਹ ਮਾਪੇ ਵੀ ਦੋਸ਼ੀ ਹਨ ਜੋ ਆਪਣੇ ਬੱਚਿਆਂ ਨੂੰ ਚਾਇਨਾ ਡੋਰ ਖਰੀਦਣ ਲਈ ਪੈਸੇ ਦਿੰਦੇ ਹਨ ਜਾਂ ਖੁਦ ਖ੍ਰੀਦਕੇ ਦਿੰਦੇ ਹਨ। ਇਹ ਡੋਰ ਮੌਤ ਦਾ ਫਰਿਸ਼ਤਾ ਬਣਕੇ ਸਾਡੇ ਆਲੇ ਦੁਆਲੇ ਘੁੰਮ ਰਹੀ ਹੈ। ਇਹ ਚਿੱਟੇ ਨਾਲੋਂ ਵੀ ਜਿਆਦਾ ਖਤਰਨਾਕ ਹੈ। ਇਸਦਾ ਕਾਰੋਬਾਰ ਕਰਨ ਵਾਲੇ ਤੇ ਇਰਾਦਾ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਇਸ ਦੇ ਦੋਸ਼ੀਆਂ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ। ਜੇ ਸੜਕ ਤੇ ਨਿਹੱਥੇ ਧਰਨਾ ਦੇ ਰਹੇ ਕਿਸਾਨਾਂ ਤੇ ਦੇਸ਼ ਦੇ ਪ੍ਰਧਾਨ ਦੀ ਜਾਣ ਨੂੰ ਖਤਰਾ ਮੰਨਕੇ 307 ਦਾ ਪਰਚਾ ਕੀਤਾ ਜਾ ਸਕਦਾ ਹੈ ਤਾਂ 140 ਕਰੋੜ ਭਾਰਤੀਆਂ ਲਈ ਮੌਤ ਦਾ ਫਰਿਸ਼ਤਾ ਬਣੇ ਇਸ ਡੋਰ ਦੇ ਵਿਓਪਾਰੀਆਂ ਤੇ ਕਿਓਂ ਨਹੀਂ ਹੋ ਸਕਦਾ। ਸਰਕਾਰ ਚਾਹੇ ਤਾਂ ਦਿਨਾਂ ਵਿੱਚ ਇਸ ਮੌਤ ਦੇ ਫਰਿਸ਼ਤੇ ਨੂੰ ਲਗਾਮ ਪਾਈ ਜਾ ਸਕਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj