ਪੇਈਚਿੰਗ (ਸਮਾਜ ਵੀਕਲੀ): ਭਾਰਤ ਦੇ ਥਲ ਸੈਨਾ ਮੁਖੀ ਜਨਰਲ ਐੱਮ.ਐੱਮ.ਨਰਵਾਣੇ ਦੇ ਇਸ ਬਿਆਨ ਕਿ ‘ਪੂਰਬੀ ਲੱਦਾਖ਼ ’ਚ ਖ਼ਤਰਾ ਅਜੇ ਟਲਿਆ ਨਹੀਂ’ ਤੇ ਭਾਰਤੀ ਫੌਜ ਚੀਨ ਵੱਲੋਂ ਦਰਪੇਸ਼ ਹਰ ਚੁਣੌਤੀ ਨਾਲ ‘ਦ੍ਰਿੜਤਾ’ ਨਾਲ ਨਜਿੱਠਣਾ ਜਾਰੀ ਰੱਖੇਗੀ, ਦੇ ਹਵਾਲੇ ਨਾਲ ਚੀਨ ਨੇ ਅੱਜ ਕਿਹਾ ਕਿ ਉਹ ਆਸ ਕਰਦਾ ਹੈ ਕਿ ਭਾਰਤ ਵਿੱਚ ‘ਸਬੰਧਤ ਲੋਕ’ ਅਜਿਹੀਆਂ ‘ਗੈਰ-ਉਸਾਰੂ ਟਿੱਪਣੀਆਂ’ ਤੋਂ ਪਰਹੇਜ਼ ਕਰਨਗੇ। ਜਨਰਲ ਨਰਵਾਣੇ ਨੇ 15 ਜਨਵਰੀ ਨੂੰ ਮਨਾਏ ਜਾਣ ਵਾਲੇ ਥਲ ਸੈਨਾ ਦਿਵਸ ਤੋਂ ਪਹਿਲਾਂ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜੰਗ ਜਾਂ ਟਕਰਾਅ ਹਮੇਸ਼ਾ ਆਖਰੀ ਹਥਿਆਰ ਰਹੇ ਹਨ, ਪਰ ਜੇਕਰ ਭਾਰਤ ਉੱਤੇ ਇਹ ਥੋਪੇ ਗਏ ਤਾਂ ਮੁਲਕ ਇਸ ਵਿੱਚੋਂ ਜੇਤੂ ਹੋ ਕੇ ਨਿਕਲੇਗਾ।
ਜਨਰਲ ਨਰਵਾਣੇ ਦੀਆਂ ਟਿੱਪਣੀਆਂ ਬਾਰੇ ਚੀਨ ਦੀ ਪ੍ਰਤੀਕਿਰਿਆ ਬਾਰੇ ਪੁੱਛੇ ਜਾਣ ’ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈੱਨਬਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵਾਂ ਮੁਲਕਾਂ ਨੇ ਸਰਹੱਦੀ ਤਣਾਅ ਨੂੰ ਘਟਾਉਣ ਲਈ ਸਫ਼ਾਰਤੀ ਤੇ ਫੌਜੀ ਚੈਨਲਾਂ ਜ਼ਰੀਏ ਇਕ ਦੂਜੇ ਨਾਲ ਰਾਬਤਾ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ, ‘‘ਅਸੀਂ ਆਸ ਕਰਦੇ ਹਾਂ ਕਿ ਭਾਰਤ ਵਾਲੇ ਪਾਸੇ ਸਬੰਧਤ ਲੋਕ ਗੈਰ-ਉਸਾਰੂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਗੇ।’’ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਬਾਰੇ ਵੈਂਗ ਨੇ ਕਿਹਾ, ‘‘ਜਿੱਥੋਂ ਤੱਕ ਕਮਾਂਡਰ ਪੱਧਰ ਦੀ 14ਵੇਂ ਗੇੜ ਦੀ ਗੱਲਬਾਤ ਹੈ ਤਾਂ ਜੇਕਰ ਇਸ ਬਾਰੇ ਕੋਈ ਜਾਣਕਾਰੀ ਹੋਈ ਤਾਂ ਰਿਲੀਜ਼ ਕਰਾਂਗੇ।’’ ਸੂਤਰਾਂ ਮੁਤਾਬਕ ਲੰਘੇ ਦਿਨ ਚੀਨ ਵਾਲੇ ਚੁਸ਼ਲੂ ਮੋਲਡੋ ਮੀਟਿੰਗ ਪੁਆਇੰਟ ’ਤੇ ਹੋਈ ਮੀਟਿੰਗ ਦੌਰਾਨ ਭਾਰਤ ਨੇ ਡੇਪਸਾਂਗ ਤੇ ਡੈਮਚੋਕ ਸਮੇਤ ਹੋਰਨਾਂ ਟਕਰਾਅ ਵਾਲੇ ਖੇਤਰਾਂ ਵਿੱਚੋਂ ਚੀਨੀ ਫੌਜਾਂ ਨੂੰ ਵਾਪਸ ਸੱਦਣ ਤੇ ਹੌਟ ਸਪਰਿੰਗਜ਼ ਖੇਤਰ ਨਾਲ ਜੁੜੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly