ਤਰਕਸ਼ੀਲਾਂ ਨੇ ਚੇਤਨਾ ਪਰਖ਼ ਪ੍ਰੀਖਿਆ ਦੇ 70 ਵਿਦਿਆਰਥੀਆਂ ਅਤੇ 30 ਸਹਿਯੋਗੀ ਅਧਿਆਪਕਾਂ/ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ
ਕਨੇਡਾ ਰਹਿੰਦੇ ਨਛੱਤਰ ਸਿੰਘ ਬਦੇਸ਼ਾ ਦਾ ਸਹਿਯੋਗ ਲਈ ਮੁੱਖ ਧੰਨਵਾਦ -ਮਾਸਟਰ ਪਰਮਵੇਦ
ਸੰਗਰੂਰ (ਸਮਾਜ ਵੀਕਲੀ) ਤਰਕਸ਼ੀਲ਼ ਸੁਸਾਇਟੀ ਪੰਜਾਬ ਵਲੋਂ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਕਰਵਾਈ ਗਈ,ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਇਕਾਈ ਸੰਗਰੂਰ ਦੇ ਜੋਨ ਵਿੱਚ ਤੇ ਇਕਾਈ ਦੀ ਮੈਰਿਟ ਸੂਚੀ ਵਿੱਚ ਅਹਿਮ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਅੱਜ ਸਥਾਨਕ ਆਦਰਸ਼ (ਮਾਡਲ )ਸੀਨੀਅਰ ਸੈਕੰਡਰੀ ਸਕੂਲ ਵਿਖੇ ਰੱਖਿਆ ਸਨਮਾਨ ਸਮਾਰੋਹ ਜ਼ੋਨ ਮੁਖੀ ਮਾਸਟਰ ਪਰਮਵੇਦ ਤੇ ਇਕਾਈ ਮੁਖੀ ਸੁਰਿੰਦਰ ਪਾਲ ਦੀ ਅਗਵਾਈ ਤੇ ਸਮੂਚੀ ਸਥਾਨਕ ਇਕਾਈ ਦੇ ਪੂਰਨ ਸਹਿਯੋਗ ਸਦਕਾ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ।ਇਸ ਵਿਚ ਇਕਾਈ ਦੇ ਵੱਖ ਵੱਖ ਥਾਵਾਂ/ਸਕੂਲਾਂ ਤੋਂ ਭਰਵੀਂ ਗਿਣਤੀ ਵਿਚ ਤਰਕਸ਼ੀਲ਼ ਕਾਰਕੁੰਨਾਂ,ਵਿਦਿਆਰਥੀਆਂ ਅਤੇ ਸਕੂਲ ਅਧਿਆਪਕਾਂ ਤੇ ਸਹਿਯੋਗੀਆਂ ਨੇ ਸ਼ਮੂਲੀਅਤ ਕੀਤੀ। ਇਕਾਈ ਮੁਖੀ ਸੁਰਿੰਦਰ ਪਾਲ ਤੇ ਤਰਕਸ਼ੀਲ ਆਗੂ ਸੀਤਾ ਰਾਮ ਬਾਲਦ ਕਲਾਂ ਵੱਲੋਂ ਹਾਜ਼ਰੀਨ ਦਾ ਸਵਾਗਤ ਕਰਨ ਉਪਰੰਤ ਇਸ ਸਮਾਗਮ ਦੇ ਮੁੱਖ ਬੁਲਾਰੇ ਸੂਬਾ ਮੁਖੀ ਰਜਿੰਦਰ ਭਦੌੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਸਾਡਾ ਦੇਸ਼ ਆਰਥਿਕ ਮੰਦਹਾਲੀ ਤੇ ਗੁਲਾਮੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ,ਹੁਣ ਵਾਂਗ ਵੱਡੀ ਗਿਣਤੀ ਵਿੱਚ ਕੰਮ ਦੀ ਭਾਲ ਵਿੱਚ ਲੋਕ ਵਿਦੇਸ਼ਾਂ ਵਿੱਚ ਜਾ ਰਹੇ ਸਨ, ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਗਦਰੀ ਲਹਿਰ ਦੀ ਅਗਵਾਈ ਵਿੱਚ ਭਾਰਤ ਆਉਣ ਵਾਲੇ ਗ਼ਦਰੀਆਂ ਵਿੱਚੋਂ ਗ਼ਦਰੀ ਗੁਲਾਬ ਕੌਰ ਦੀ ਘਾਲਣਾ ਸਾਡੇ ਲਈ ਪ੍ਰੇਰਨਾ ਸਰੋਤ ਹੈ। ਭਦੌੜ ਨੇ ਅੱਗੇ ਕਿਹਾ ਕਿ ਬੱਚਿਆਂ ਦਾ ਸੋਚਣ ਦਾ ਨਜ਼ਰੀਆ ਵਿਗਿਆਨਕ ਬਣਾਉਣ ਲਈ ਵਿਸ਼ੇ ਦੇ ਤੌਰ ਤੇ ਸਕੂਲੀ ਸਿਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਅਧਿਆਪਕਾਂ ਤੇ ਮਾਪਿਆਂ ਨੂੰ ਕਿਹਾ ਕਿ ਬੱਚਿਆਂ ਨੂੰ ਉਚੇਰੀ ਪੜ੍ਹਾਈ ਕਰਾਉਣ ਦੇ ਨਾਲ ਨਾਲ ਚੰਗੀਆਂ ਕਦਰਾਂ ਕੀਮਤਾਂ ਉਸਾਰਨ ਤੇ ਵਧੇਰੇ ਜ਼ੋਰ ਲਾਉਣਾ ਚਾਹੀਦਾ ਹੈ।ਤਰਕਸ਼ੀਲ਼ ਸੁਸਾਇਟੀ ਪੰਜਾਬ ਪਿਛਲੇ ਚਾਰ ਦਹਾਕਿਆਂ ਤੋਂ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਤੇ ਇਖਲਾਕੀ ਕਦਰਾਂ ਕੀਮਤਾਂ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ
ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਫਲਤਾ ਜਾਂ ਅਸਫ਼ਲਤਾ ਦੇ ਕਾਰਨਾਂ ਨੂੰ ਜਾਣਨਾ ਚਾਹੀਦਾ ਹੈ ਨਾ ਕਿ ਚੰਗੀ ਮਾੜੀ ਕਿਸਮਤ ਨਾਲ ਜੋੜਨਾ ਚਾਹੀਦਾ ਹੈ। ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਕਿਹਾ ਕਿ ਇਹ ਸਮਾਗਮ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ,ਸੁਖਦੇਵ ਨੂੰ ਸਮਰਪਿਤ ਹੈ , ਜਿਨ੍ਹਾਂ ਸਮਾਜਿਕ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸ਼ਹਾਦਤ ਦਿੱਤੀ। ਉਨ੍ਹਾਂ ਪਿਛਲੇ ਸਮੇਂ ਤੋਂ ਕਰਵਾਈ ਜਾ ਰਹੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਦੇ ਮਕਸਦ ਅਤੇ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਸੁਹਿਰਦ ਯਤਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਇਕਾਈ ਸੰਗਰੂਰ ਦੀ ਚੇਤਨਾ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕਰਦਿਆਂ, ਨਛੱਤਰ ਸਿੰਘ ਬਦੇਸ਼ਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਆਪਣੀ ਸਤਿਕਾਰਯੋਗ ਮਾਤਾ ਕਰਤਾਰ ਕੌਰ ਦੀ ਯਾਦ ਵਿੱਚ ਇਕਾਈ ਸੰਗਰੂਰ ਦੇ ਇਸ ਸਨਮਾਨ ਸਮਾਗਮ ਲਈ ਦਾ ਕਨੇਡਾ ਤੋਂ ਹਰ ਸਾਲ ਵਿਸ਼ੇਸ਼ ਆਰਥਿਕ ਸਹਿਯੋਗ ਕਰਦੇ ਹਨ। ਇਸ ਮੌਕੇ ਇਕਾਈ ਪੱਧਰ ਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਵਿਚ ਮੋਹਰੀ ਸਥਾਨ ਹਾਸਿਲ ਕਰਨ ਵਾਲੇ ਮਿਡਲ ਗਰੁੱਪ ਦੇ 70 ਵਿਦਿਆਰਥੀਆਂ ਤੇ ਜੋਨ ਵਿੱਚ ਅਹਿਮ ਸਥਾਨ ਪ੍ਰਾਪਤ ਕਰਨ ਵਾਲੇ 5 ਵਿਦਿਆਰਥੀਆਂ ਨੂੰ ਤਰਕਸ਼ੀਲ ਮੈਂਬਰਾਂ ਨੇ ਸਮੂਹਿਕ ਰੂਪ ਵਿੱਚ ਵਿਗਿਆਨਕ ਵਿਚਾਰਾਂ ਵਾਲੀਆਂ ਕਿਤਾਬਾਂ, ਤਰਕਸ਼ੀਲ ਕੈਲੰਡਰ,ਪੜ੍ਹਨ ਸਮੱਗਰੀ ਅਤੇ ਸਨਮਾਨ ਪੱਤਰ ਦੇ ਕੇ ਤੇ ਲਗਭਗ 30 ਸਕੂਲ ਮੁਖੀਆਂ , ਅਧਿਆਪਕਾਂ ਤੇ ਸਹਿਯੋਗੀਆਂ ਨੂੰ ਇਸ ਪ੍ਰੀਖਿਆ ਵਿੱਚ ਸਹਿਯੋਗ ਕਰਨ ਲਈ ਚੰਗੀਆਂ ਪੁਸਤਕਾਂ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਹਰਜੀਤ ਸਿੰਘ, ਧਰਮੀ ਤੁੰਗਾਂ, ਸਹਿਜਪ੍ਰੀਤ ਕੌਰ ਬਾਲੀਆਂ ਪ੍ਰਨੀਤੀ ਤਿਵਾੜੀ ਨੇ ਇਨਕਲਾਬੀ ਗੀਤ/ ਕਵਿਤਾਵਾਂ ਪੇਸ਼ ਕੀਤੇ।ਮਹਿਲਾਂ ਸਕੂਲ ਦੀ ਵਿਦਿਆਰਥਣ ਅਨੂੰ ਰਾਣੀ,ਬਚਪਨ ਇੰਗਲਿਸ਼ ਸਕੂਲ ਦੇ ਬੱਚਿਆਂ ਪਰਮਜੀਤ ਸਿੰਘ, ਪ੍ਰਨੀਤੀ ਤੇ ਭਗਵਾਨ ਸਿੰਘ ਢੰਡੋਲੀ ਕਲਾਂ ਨੇ ਤਰਕਸ਼ੀਲਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਤਰਕਸ਼ੀਲ਼ ਆਗੂ ਜਗਦੇਵ ਕੰਮੋਮਾਜਰਾ ਨੇ ਜਾਦੂ ਸ਼ੋਅ ਦੌਰਾਨ ਹੱਥ ਦੀ ਸਫਾਈ ਦੀਆਂ ਟਰਿੱਕਾਂ ਨਾਲ ਜਿੱਥੇ ਹਾਜ਼ਰੀਨ ਦਾ ਮਨੋਰੰਜਨ ਕੀਤਾ ਉਥੇ ਵਿਗਿਆਨਕ ਸੋਚ ਦਾ ਚਾਨਣ ਵੀ ਵਖੇਰਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਤਰਕਸ਼ੀਲ ਆਗੂ ਕ੍ਰਿਸ਼ਨ ਸਿੰਘ ਤੇ ਗੁਰਦੀਪ ਸਿੰਘ ਲਹਿਰਾ ਨੇ ਬਾਖੂਬੀ ਨਿਭਾਈ । ਪ੍ਰੋਗ੍ਰਾਮ ਦੀ ਸਮਾਪਤੀ ਮੌਕੇ ਸੀਤਾ ਰਾਮ ਬਾਲਦ ਕਲਾਂ ਤੇ ਸੁਰਿੰਦਰ ਪਾਲ ਉਪਲੀ ਵਲੋਂ ਚੇਤਨਾ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਸਕੂਲ ਮੁਖੀਆਂ , ਅਧਿਆਪਕਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਲੈਕਚਰਾਰ ਨਵਰਾਜ, ਪ੍ਰਿੰਸੀਪਲ ਅਮਰੀਕ ਖੋਖਰ ,ਪ੍ਰਿੰਸੀਪਲ ਪ੍ਰਵੀਨ ਮਨਚੰਦਾ,ਮਹਿੰਦਰ ਕੁਮਾਰ ਸੀਬਾ ਸਕੂਲ,ਐਸ ਡੀ ਓ ਅਸ਼ਵਨੀ ਕੁਮਾਰ ਲਹਿਰਾ,ਲੈਕਚਰਾਰ ਜਸਵਿੰਦਰ ਸਿੰਘ ਤੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਪਰੋਕਤ ਤੋਂ ਇਲਾਵਾ ਇਕਾਈ ਸੰਗਰੂਰ ਦੇ ਲੈਕਚਰਾਰ ਜਸਦੇਵ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ, ਵਨੀਤਾ ਰਾਣੀ , ਦੇਵਿੰਦਰ ਕੌਰ,ਸੁਨੀਤਾ ਰਾਣੀ, ਇਕਬਾਲ ਕੌਰ, ਹਰਿੰਦਰ ਪਾਲ ਕੌਰ, ਪ੍ਰਗਟ ਸਿੰਘ ਬਾਲੀਆਂ,ਮਾਸਟਰ ਰਣਜੀਤ ਸਿੰਘ,ਮਾਸਟਰ ਗੁਰਜੰਟ ਸਿੰਘ, ਪਰਮਿੰਦਰ ਸਿੰਘ ਮਹਿਲਾਂ, ਰਘਵੀਰ ਸਿੰਘ, ਧਰਮਵੀਰ ਸਿੰਘ ਆਧਾਰਿਤ ਸਮੂਚੀ ਟੀਮ ਦੇ ਸਹਿਯੋਗ ਸਦਕਾ ਬਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ।
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ 9417422349
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


