HOME ਬਾਲ ਕਹਾਣੀ : ਕਬੂਤਰ ਅਤੇ ਖਰਗੋਸ਼

ਬਾਲ ਕਹਾਣੀ : ਕਬੂਤਰ ਅਤੇ ਖਰਗੋਸ਼

12

 

ਮਾਸਟਰ ਸੰਜੀਵ ਧਰਮਾਣੀ

  (ਸਮਾਜ ਵੀਕਲੀ)   ਜੰਗਲ ਦੇ ਵਿੱਚ ਬਹੁਤ ਸਾਰੇ ਜਾਨਵਰ ਅਤੇ ਪੰਛੀ ਰਹਿੰਦੇ ਸਨ। ਉੱਥੇ ਇੱਕ ਕਬੂਤਰ ਅਤੇ ਖਰਗੋਸ਼ ਵੀ ਰਹਿੰਦਾ ਸੀ ,  ਪਰ ਦੋਵੇਂ ਇੱਕ – ਦੂਸਰੇ ਦੇ ਦੁਸ਼ਮਣ ਬਣੇ ਹੋਏ ਸਨ। ਇੱਥੋਂ ਤੱਕ ਕਿ ਇੱਕ – ਦੂਸਰੇ ਦੇ ਘਰਾਂ ਨੂੰ ਤੇ ਇੱਕ – ਦੂਸਰੇ ਦੇ ਭੋਜਨ ਨੂੰ ਨੁਕਸਾਨ ਵੀ ਪਹੁੰਚਾ ਦਿੰਦੇ ਸਨ। ਖਰਗੋਸ਼ ਕਦੇ ਕਬੂਤਰ ਦਾ ਦਾਣਾ ਖਾ ਲੈਂਦਾ ਤੇ ਕਦੇ ਕਬੂਤਰ ਵੀ ਖਰਗੋਸ਼ ਦੀਆਂ ਗਾਜਰਾਂ ਚੁਰਾ ਲੈਂਦਾ ਤੇ ਇੱਧਰ – ਉਧਰ ਸੁੱਟ ਦਿੰਦਾ। ਦੋਵੇਂ ਇੱਕ – ਦੂਸਰੇ ਨੂੰ ਤੰਗ – ਪਰੇਸ਼ਾਨ ਕਰਨ ਅਤੇ ਨੀਵਾਂ ਦਿਖਾਉਣ ਵਿੱਚ ਹੀ ਆਪਣਾ ਸਮਾਂ ਅਤੇ ਧਿਆਨ ਵਿਅਰਥ ਗੁਆ ਰਹੇ ਸਨ। ਇੱਕ – ਦਿਨ ਦੋਵਾਂ ਦੀ ਖੂਬ ਲੜਾਈ ਹੋਈ। ਜੰਗਲ ਦਾ ਰਾਜਾ ਸ਼ੇਰ ਇੱਕ ਵਿਆਹ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ਼ ਗਿਆ ਹੋਇਆ ਸੀ। ਉਸਨੇ ਆਪਣੇ ਪਿੱਛੋਂ ਕਾਲੇ ਰੰਗ ਦੇ ਭਾਲੂ ਨੂੰ ਜੰਗਲ ਦਾ ਰਾਜਾ ਬਣਾ ਦਿੱਤਾ ਸੀ। ਭਾਲੂ ਬੜਾ ਸਮਝਦਾਰ ਸੀ। ਖਰਗੋਸ਼ ਭਾਲੂ ਕੋਲ ਪਹੁੰਚਿਆ ਤੇ ਰੋਣ ਲੱਗਿਆ। ਭਾਲੂ ਨੇ ਕਿਹਾ , ” ਰੋਅ ਨਾ ਭਾਈ , ਪਿਆਰੇ ਖਰਗੋਸ਼ ! ਕੀ ਗੱਲ ਹੋਈ ? ”  ਖਰਗੋਸ਼ ਤਾਂ ਰੋਂਦਾ ਹੀ ਰਿਹਾ , ਚੁੱਪ ਹੀ ਨਹੀਂ ਸੀ ਹੋ ਰਿਹਾ। ਭਾਲੂ ਨੇ ਉਸ ਨੂੰ ਥਾਪੀ ਦਿੱਤੀ ਤੇ ਕਿਹਾ , ” ਖਰਗੋਸ਼  ਭਾਈ ! ਗੱਲ ਤਾਂ ਦੱਸ ਆਖਿਰ ਗੱਲ ਕੀ ਹੋਈ ?  ”   ਰੋਂਦਾ – ਰੋਂਦਾ ਖਰਗੋਸ਼ ਬੋਲਿਆ , ” ਮਹਾਰਾਜ !  ਮੇਰਾ ਭੋਜਨ ਅਤੇ ਗਾਜਰਾਂ ਆਦਿ ਮੇਰੇ ਗੁਆਂਢ ਵਿੱਚ ਰਹਿੰਦਾ ਕਬੂਤਰ ਖਾ ਲੈਂਦਾ ਹੈ ਤੇ ਉਹਨਾਂ ਨੂੰ ਨੁਕਸਾਨ ਪਹੁੰਚਾ ਦਿੰਦਾ ਹੈ। ਇਸਲਈ ਮੈਂ ਬਹੁਤ ਦੁਖੀ ਹਾਂ। ਜਦੋਂ ਮੈਂ ਉਸਨੂੰ ਫੜਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਉਡਾਰੀ ਮਾਰ ਲੈਂਦਾ। ” ਫਿਰ ਸਮਝਦਾਰ ਭਾਲੂ ਨੇ ਕਬੂਤਰ ਨੂੰ ਬੁਲਾਇਆ ਤਾਂ ਕਬੂਤਰ ਵੀ ਰੋਣ ਲੱਗਾ ਤੇ ਉਸਨੇ ਕਿਹਾ , ”   ਮਹਾਰਾਜ ! ਖਰਗੋਸ਼ ਵੀ ਮੇਰਾ ਦਾਣਾ ਚੋਰੀ ਕਰ ਲੈਂਦਾ ਹੈ ਤੇ ਕਈ ਵਾਰ ਮੇਰੇ ਆਲ੍ਹਣੇ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰਦਾ ਹੈ। ਇੱਕ ਵਾਰ ਤਾਂ ਇਸ ਨੇ ਮੇਰੇ ਅੰਡੇ ਵੀ ਹੇਠਾਂ ਸੁੱਟ ਦਿੱਤੇ ਸਨ। ” ਇਹ ਗੱਲ ਸੁਣ ਕੇ ਭਾਲੂ ਰਾਜਾ ਦੋਵਾਂ ਦੀ ਗੱਲ ਸਮਝ ਗਿਆ। ਉਸਨੇ ਦੋਵਾਂ ਨੂੰ ਪਿਆਰ ਨਾਲ਼ ਸਮਝਾਇਆ ,  ” ਦੇਖੋ ! ਅਸੀਂ ਸਾਰੇ ਇਸ ਜੰਗਲ ਵਿੱਚ ਭੈਣ – ਭਰਾ ਹਾਂ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੋਣੀ ਚਾਹੀਦੀ। ਅਸੀਂ ਤਾਂ ਰਲ਼ – ਮਿਲ਼ ਕੇ ਰਹਿਣਾ ਹੈ ਅਤੇ ਆਪਣੇ ਜੰਗਲ ਨੂੰ ਖੁਸ਼ਹਾਲ ਬਣਾਉਣਾ ਹੈ। ”  ਖਰਗੋਸ਼ ਅਤੇ ਕਬੂਤਰ ਦੋਵੇਂ ਭਾਲੂ ਮਹਾਰਾਜ ਦੀ ਗੱਲ ਸਮਝ ਚੁੱਕੇ ਸਨ। ਸਿਆਣਾ ਭਾਲੂ ਬਹੁਤ ਖੁਸ਼ ਹੋਇਆ। ਉਸ ਨੇ ਦੋਵਾਂ ਨੂੰ ਕਿਹਾ , ” ਤੁਸੀਂ ਹੁਣ ਤੋਂ ਰਲ਼ – ਮਿਲ਼ ਕੇ ਰਹੋ ਤੇ ਸਭ ਦਾ ਸਹਿਯੋਗ ਕਰਦੇ ਰਹੋ। ” ਦੋਵਾਂ ਨੇ ਇੱਕ – ਦੂਸਰੇ ਨੂੰ ਆਪਣਾ ਦੋਸਤ ਬਣਾ ਲਿਆ ਤੇ ਰਲ਼ – ਮਿਲ਼ ਕੇ ਰਹਿਣ ਲੱਗੇ।

ਸਿੱਖਿਆ :  ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਇੱਕ – ਦੂਸਰੇ ਨਾਲ ਦੁਸ਼ਮਣੀ ਨਹੀਂ , ਸਗੋਂ ਦੋਸਤੀ ਕਰਨੀ ਚਾਹੀਦੀ ਹੈ। ਇੱਕ – ਦੂਸਰੇ ਦਾ ਨੁਕਸਾਨ ਨਹੀਂ , ਸਗੋਂ ਇੱਕ – ਦੂਸਰੇ ਦਾ ਫਾਇਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਕ – ਦੂਸਰੇ ਨਾਲ ਈਰਖਾ ਨਹੀਂ , ਸਗੋਂ ਇੱਕ – ਦੂਸਰੇ ਨਾਲ਼ ਪ੍ਰੇਮ ਨਾਲ਼ ਰਹਿ ਕੇ ਸਭ ਦੀ ਭਲਾਈ ਕਰਨੀ ਚਾਹੀਦੀ ਹੈ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 
ਸ਼੍ਰੀ ਅਨੰਦਪੁਰ ਸਾਹਿਬ 
9478561356
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ 
Next article सेप्टिक टैंक सफाई का काम पूरी तरह से मशीनीकृत होना चाहिए