
(ਸਮਾਜ ਵੀਕਲੀ) ਇੱਕ ਨਦੀ ਸੀ। ਨਦੀ ਦੇ ਕਿਨਾਰੇ – ਕਿਨਾਰੇ ਬਹੁਤ ਵੱਡਾ ਵਿਸ਼ਾਲ ਘਣਾ ਹਰਾ – ਭਰਾ ਜੰਗਲ ਸੀ। ਜੰਗਲ ਦੇ ਵਿੱਚ ਬਹੁਤ ਸਾਰੇ ਪੰਛੀ ਅਤੇ ਭਾਂਤ – ਭਾਂਤ ਦੇ ਜੰਗਲੀ ਜਾਨਵਰ ਰਹਿੰਦੇ ਸਨ। ਉੱਥੇ ਹੀ ਇੱਕ ਦਰੱਖ਼ਤ ‘ਤੇ ਇੱਕ ਚਿੜੀ ਰਹਿੰਦੀ ਸੀ ਅਤੇ ਉਸਦੇ ਨਜਦੀਕ ਹੀ ਹਾਥੀ ਵੀ ਰਹਿੰਦਾ ਸੀ। ਦੋਨੇਂ ਬੜੇ ਚੰਗੇ ਸਨ। ਇਸ ਲਈ ਉਹਨਾਂ ਦੀ ਆਪਸ ਵਿੱਚ ਦੋਸਤੀ ਹੋ ਗਈ। ਚਿੜੀ ਅਕਸਰ ਹਾਥੀ ਦੀ ਪਿੱਠ ‘ਤੇ ਬੈਠਦੀ। ਹਾਥੀ ਉਸ ਨੂੰ ਝੂਟੇ ਦਿੰਦਾ , ਭੋਜਨ ਦਿੰਦਾ ਅਤੇ ਚਿੜੀ ਵੀ ਉਸਦੀ ਪਿੱਠ ਸਾਫ ਕਰਦੀ ਤੇ ਸਾਰੇ ਜੰਗਲ ਵਿੱਚ ਹਾਥੀ ਦੀ ਪਿੱਠ ‘ਤੇ ਬੈਠ ਕੇ ਝੂਟੇ ਲੈਂਦੀ ਤੇ ਮੌਜ – ਮਸਤੀ ਕਰਦੀ। ਦੋਵੇਂ ਹਮੇਸ਼ਾ ਇੱਕ – ਦੂਜੇ ਦੇ ਦੁੱਖ – ਸੁੱਖ ਵਿੱਚ ਸਹਾਈ ਹੁੰਦੇ ਸਨ। ਹਾਥੀ ਅਤੇ ਚਿੜੀ ਦੀ ਦੋਸਤੀ ਸਾਰੇ ਜੰਗਲ ਵਿੱਚ ਮਸ਼ਹੂਰ ਸੀ। ਦੋਵੇਂ ਹੈ ਵੀ ਬਹੁਤ ਚੰਗੇ ਸਨ ਅਤੇ ਕਦੇ ਕਿਸੇ ਨੂੰ ਨੁਕਸਾਨ ਨਹੀਂ ਸੀ ਪਹੁੰਚਾਉਂਦੇ। ਗਰਮੀਆਂ ਦੇ ਦਿਨ ਸਨ। ਚਿੜੀ ਇੱਕ ਦਰੱਖ਼ਤ ਦੀ ਟਾਹਣੀ ‘ਤੇ ਛਾਂ ਵਿੱਚ ਬੈਠੀ ਹੋਈ ਸੀ। ਹਾਥੀ ਵੀ ਥੱਕਿਆ – ਹਾਰਿਆ ਉਸ ਦਰੱਖ਼ਤ ਦੇ ਥੱਲੇ ਬੈਠ ਗਿਆ। ਉਸਦੀ ਨਿਗਾਹ ਦਰੱਖ਼ਤ ਦੀ ਟਾਹਣੀ ‘ਤੇ ਚੜ੍ਹ ਰਹੇ ਇੱਕ ਜ਼ਹਿਰੀਲੇ ਸੱਪ ‘ਤੇ ਪਈ। ਉਹ ਚਿੜੀ ਅਤੇ ਉਸਦੇ ਬੱਚਿਆਂ ਨੂੰ ਖਾਣਾ ਚਾਹੁੰਦਾ ਸੀ ਤੇ ਬਹੁਤੇਜੀ ਨਾਲ ਅੱਗੇ ਵੱਧ ਰਿਹਾ ਸੀ। ਹਾਥੀ ਇੱਕੋਦਮ ਉੱਠਿਆ ਤੇ ਉਸਨੇ ਆਪਣੀ ਸੁੰਡ ਨਾਲ਼ ਦਰੱਖ਼ਤ ਦੀ ਟਾਹਣੀ ਤੋੜ ਦਿੱਤੀ। ਜਿਵੇਂ ਹੀ ਟਾਹਣੀ ਟੁੱਟੀ ਜ਼ਹਿਰੀਲਾ ਸੱਪ ਹੇਠਾਂ ਡਿੱਗਿਆ ਤੇ ਦੌੜ ਗਿਆ। ਇਹ ਦੇਖ ਕੇ ਚਿੜੀ ਵੀ ਡਰ ਗਈ ਤੇ ਤੁਰੰਤ ਉੱਡ ਗਈ। ਬਾਅਦ ਵਿੱਚ ਉਸ ਨੂੰ ਸਮਝ ਲੱਗੀ ਕਿ ਇੱਕ ਸੱਪ ਉਸਨੂੰ ਤੇ ਉਸਦੇ ਬੱਚਿਆਂ ਨੂੰ ਖਾਣ ਲਈ ਆਇਆ ਸੀ ਤੇ ਹਾਥੀ ਨੇ ਫੁਰਤੀ ਨਾਲ਼ ਸਭ ਨੂੰ ਜ਼ਹਿਰੀਲੇ ਸੱਪ ਤੋਂ ਬਚਾ ਲਿਆ ਸੀ। ਉਸਨੇ ਆਪਣੇ ਪੁਰਾਣੇ ਦੋਸਤ ਹਾਥੀ ਦਾ ਧੰਨਵਾਦ ਕੀਤਾ। ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਦੋਸਤਾਂ ਦੀ ਹਮੇਸ਼ਾ ਮਦਦ ਕਰਨੀ ਚਾਹੀਦੀ ਹੈ ਅਤੇ ਸੱਚੇ ਦੋਸਤ ਦੀ ਕਦਰ ਵੀ ਕਰਨੀ ਚਾਹੀਦੀ ਹੈ।



