HOME ਅੱਖਾਂ ਦੀ ਕਮਜ਼ੋਰੀ ਨਾਲ ਬੱਚਿਆਂ ਦਾ ਪੜ੍ਹਾਈ ਤੋਂ ਧਿਆਨ ਭਟਕਦਾ : ਸਿਵਲ...

ਅੱਖਾਂ ਦੀ ਕਮਜ਼ੋਰੀ ਨਾਲ ਬੱਚਿਆਂ ਦਾ ਪੜ੍ਹਾਈ ਤੋਂ ਧਿਆਨ ਭਟਕਦਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

4

ਕਮਜ਼ੋਰ ਨਜ਼ਰ ਵਾਲੇ ਬੱਚਿਆਂ ਦੀ ਪਛਾਣ ਲਈ ਵਿਸ਼ੇਸ਼ ਟ੍ਰੇਨਿੰਗ ਆਯੋਜਿਤ

ਨਵਾਂਸ਼ਹਿਰ,  (ਸਮਾਜ ਵੀਕਲੀ)   (ਮਨੋਰੰਜਨ ਕਾਲੀਆ ) ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ ਰਾਸ਼ਟਰੀ ਬਾਲ ਸਵਾਸਥ ਕਾਰਜਕ੍ਰਮ (ਆਰ.ਬੀ.ਐੱਸ.ਕੇ.) ਅਧੀਨ ਮੋਬਾਇਲ ਹੈਲਥ ਟੀਮਾਂ ਲਈ ਬੱਚਿਆਂ ਦੀਆਂ ਅੱਖਾਂ ਦੀ ਸਕ੍ਰੀਨਿੰਗ ਲਈ ਹੈਂਡਹੈਲਡ ਆਟੋ ਰਿਫਰੈਕਟੋਮੀਟਰ ਦੀ ਵਰਤੋਂ ਕਰਨ ਸਬੰਧੀ ਵਿਸ਼ੇਸ਼ ਟ੍ਰੇਨਿੰਗ ਕਰਵਾਈ ਗਈ।ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਆਪਣੇ ਉਦਘਾਟਨੀ ਸੰਬੋਧਨ ਵਿੱਚ ਦੱਸਿਆ ਕਿ ਬੱਚਿਆਂ ਵਿੱਚ ਕਮਜ਼ੋਰ ਨਜ਼ਰ ਪੜ੍ਹਾਈ ਵਿੱਚ ਆਉਣ ਵਾਲੀਆਂ ਦਿੱਕਤਾਂ ਦਾ ਇੱਕ ਮੁੱਖ ਕਾਰਨ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੀ ਸਮੇਂ-ਸਿਰ ਸਕ੍ਰੀਨਿੰਗ ਕਰਕੇ ਕਮਜ਼ੋਰ ਨਜ਼ਰ ਵਾਲੇ ਬੱਚਿਆਂ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਜੋ ਉਨ੍ਹਾਂ ਨੂੰ ਉਚਿਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਯੂਰਵੈਦਿਕ ਮੈਡੀਕਲ ਅਫਸਰਾਂ ਨੂੰ ਹੈਂਡਹੈਲਡ ਆਟੋ ਰਿਫਰੈਕਟੋਮੀਟਰ ਰਾਹੀਂ ਅੱਖਾਂ ਦੀ ਮੁੱਢਲੀ ਜਾਂਚ ਕਰਨ ਲਈ ਸਿਖਲਾਈ ਪ੍ਰਦਾਨ ਕੀਤੀ ਗਈ ਹੈ। ਜਿਨ੍ਹਾਂ ਬੱਚਿਆਂ ਵਿੱਚ ਨਜ਼ਰ ਦੀ ਕਮਜ਼ੋਰੀ ਦੇ ਲੱਛਣ ਪਾਏ ਜਾਣਗੇ, ਉਨ੍ਹਾਂ ਨੂੰ ਅੱਗੇ ਮਾਹਿਰ ਡਾਕਟਰਾਂ ਕੋਲ ਵਿਸਥਾਰਪੂਰਵਕ ਜਾਂਚ ਲਈ ਰਿਫਰ ਕੀਤਾ ਜਾਵੇਗਾ। ਡਾ. ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਦਾ ਪੜ੍ਹਾਈ ਵਿੱਚ ਮਨ ਨਾ ਲੱਗਣਾ ਕਈ ਵਾਰ ਅੱਖਾਂ ਦੀ ਕਮਜ਼ੋਰੀ ਨਾਲ ਸੰਬੰਧਿਤ ਹੋ ਸਕਦਾ ਹੈ। ਇਸ ਲਈ ਮਾਪਿਆਂ ਨੂੰ ਬੱਚਿਆਂ ਦੀ ਨਜ਼ਰ ਦੀ ਜਾਂਚ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋੜਵੰਦ ਬੱਚਿਆਂ ਨੂੰ ਮੁਫਤ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਵਿੱਚ ਕੋਈ ਰੁਕਾਵਟ ਨਾ ਆਵੇ। ਇਸ ਮੌਕੇ ਸਿਹਤ ਵਿਭਾਗ ਪੰਜਾਬ ਦੀ ਕੰਸਲਟੈਂਟ ਓਪਟੋਮੈਟਰਿਸਟ ਰਬਦੀਪ ਕੌਰ ਵੱਲੋਂ ਭਾਗੀਦਾਰਾਂ ਨੂੰ ਪ੍ਰੈਕਟੀਕਲ ਡੈਮੋ ਅਤੇ ਹੈਂਡਸ-ਆਨ ਟ੍ਰੇਨਿੰਗ ਮੁਹੱਈਆ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਹੈਂਡਹੈਲਡ ਆਟੋ ਰਿਫਰੈਕਟੋਮੀਟਰ ਇੱਕ ਆਧੁਨਿਕ ਉਪਕਰਣ ਹੈ, ਜਿਸ ਰਾਹੀਂ ਅੱਖਾਂ ਦੀ ਰਿਫਰੈਕਟਿਵ ਏਰਰ ਦੀ ਤੇਜ਼ ਅਤੇ ਸਹੀ ਮਾਪ ਕੀਤੀ ਜਾ ਸਕਦੀ ਹੈ ਅਤੇ ਹਰ ਅੱਖ ਦੀ ਜਾਂਚ ਕੁਝ ਸੈਕਿੰਡਾਂ ਵਿੱਚ ਸੰਭਵ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗ ਗਤੀਵਿਧੀਆਂ ਨਾਲ ਆਰ.ਬੀ.ਐੱਸ.ਕੇ. ਟੀਮਾਂ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਸਕੂਲੀ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਦਰਜ ਬੱਚਿਆਂ ਨੂੰ ਗੁਣਵੱਤਾ-ਪੂਰਨ ਅੱਖਾਂ ਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSpecial on World Book Day
Next articleਸਤਨਾਮ ਜਲਾਲਪੁਰ ਵੱਲੋਂ ਨਵੀਂ ਸਾਇੰਸ ਲੈਬ ਦਾ ਉਦਘਾਟਨ