(ਸਮਾਜਵੀਕਲੀ)
ਪਿਆਰੇ ਬੱਚਿਓ ! ਅਸੀਂ ਸਭ ਜਾਣਦੇ ਹਾਂ ਕਿ ਸਾਡੇ ਸਭ ਦੇ ਕੋਲ ਹਰ ਰੋਜ਼ 24 ਘੰਟੇ ਦਾ ਬਰਾਬਰ ਦਾ ਸਮਾਂ ਹੁੰਦਾ ਹੈ। ਸਕੂਲ ਵਿੱਚ ਤਾਂ ਅਸੀਂ ਇਨ੍ਹਾਂ 24 ਘੰਟਿਆਂ ਵਿਚੋਂ ਕੇਵਲ 6 – 7 ਘੰਟੇ ਦਾ ਸਮਾਂ ਹੀ ਪੜ੍ਹਾਈ ਲਈ ਬਤੀਤ ਕਰਨਾ ਹੁੰਦਾ ਹੈ।ਇਹਨਾਂ 6 – 7 ਘੰਟਿਆਂ ਤੋਂ ਇਲਾਵਾ ਸਾਡੇ ਕੋਲ਼ ਲਗਭਗ 18 ਘੰਟਿਆਂ ਦਾ ਸਮਾਂ ਰਹਿ ਜਾਂਦਾ ਹੈ।ਇਹਨਾਂ 18 ਘੰਟਿਆਂ ਵਿੱਚੋਂ 6 – 7 ਘੰਟੇ ਨੀਂਦ ਦੇ ਲਈ ਅਤੇ ਲਗਭਗ 2 ਘੰਟੇ ਹੋਰ ਫੁਟਕਲ ਕੰਮਾਂ ਜਿਵੇਂ : ਖਾਣਾ ਖਾਣ , ਨਹਾਉਣ , ਤਿਆਰ ਹੋਣ ਆਦਿ ਲਈ ਕੱਢ ਦੇਣ ਤੋਂ ਬਾਅਦ ਸਾਡੇ ਸਭ ਦੇ ਕੋਲ ਘੱਟ ਤੋਂ ਘੱਟ ਲਗਭਗ 8 ਘੰਟੇ ਦਾ ਸਮਾਂ ਫਿਰ ਵੀ ਬਚ ਜਾਂਦਾ ਹੈ।ਬੱਚਿਓ ! ਇਹ ਬਚਿਆ ਹੋਇਆ 8 ਘੰਟਿਆਂ ਦਾ ਸਮਾਂ ਬਹੁਤ ਜ਼ਿਆਦਾ ਸਮਾਂ ਹੁੰਦਾ ਹੈ। ਹੁਣ ਸੋਚਣ – ਸਮਝਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ 8 ਘੰਟਿਆਂ ਵਿੱਚੋਂ ਘੱਟ ਤੋਂ ਘੱਟ ਅੱਧਾ ਸਮਾਂ ਭਾਵ ਕਿ ਕੇਵਲ ਤੇ ਕੇਵਲ 4 ਘੰਟਿਆਂ ਦੇ ਸਮੇਂ ਨੂੰ ਵੀ ਜੇਕਰ ਅਸੀਂ ਕੁਝ ਨਵਾਂ ਕਰਨ , ਨਵਾਂ ਸਿੱਖਣ , ਨਵਾਂ ਲਿਖਣ , ਨਵਾਂ ਸਾਹਿਤ ਪੜ੍ਹਨ ਜਾਂ ਆਪਣੀ ਕਿਸੇ ਕਲਾ ਨੂੰ ਨਿਖਾਰਨ , ਪੇਂਟਿੰਗ ਕਰਨ , ਕਵਿਤਾ – ਕਹਾਣੀ ਲਿਖਣ , ਲਾਇਬਰੇਰੀ ਦੀਆਂ ਪੁਸਤਕਾਂ ਪਡ਼੍ਹਨ , ਬਾਲ – ਸਾਹਿਤ ਨੂੰ ਘੋਖਣ ਆਦਿ ਜਿਹੇ ਸੁਚਾਰੂ ਕੰਮਾਂ ਜਾਂ ਆਪਣੀਆਂ ਰੁਚੀਆਂ ਦੇ ਨਿਖਾਰ ਅਤੇ ਵਿਕਾਸ ‘ਤੇ ( ਕੇਵਲ 4 ਘੰਟੇ ਪ੍ਰਤੀ ਦਿਨ ) ਲਗਾਈਏ ਤਾਂ ਤੁਹਾਨੂੰ ਇਸ ਦੇ ਹੈਰਾਨੀਜਨਕ , ਸੁਚਾਰੂ ਤੇ ਸਾਰਥਕ ਨਤੀਜੇ ਜੀਵਨ ਵਿੱਚ ਦੇਖਣ ਨੂੰ ਮਿਲਣਗੇ। ਜਿਸ ਬਾਰੇ ਕਿ ਤੁਸੀਂ ਖ਼ੁਦ ਵੀ ਕਦੇ ਸੋਚਿਆ ਨਹੀਂ ਹੋਵੇਗਾ। ਬੱਚਿਓ ! ਹਰ ਰੋਜ਼ ਦੇ ਇਹ 4 ਘੰਟੇ , ਸਾਲ ਵਿੱਚ 1460 ਘੰਟੇ ਜਾਂ 60 ਦਿਨ ਜਾਂ ਕਹਿ ਲਓ ਕਿ ਸਾਲ ਦੇ 12 ਮਹੀਨਿਆਂ ਵਿੱਚੋਂ ਘੱਟ ਤੋਂ ਘੱਟ ਇਹ 2 ਮਹੀਨੇ ਦਾ ਸਮਾਂ , ਜੋ ਕਿ ਬਹੁਤ ਹੀ ਜ਼ਿਆਦਾ ਸਮਾਂ ਹੁੰਦਾ ਹੈ ; ਇਹ ਸਾਡੇ ਵਿੱਚ ਜਿੱਥੇ ਗਿਆਨ ਦਾ ਵਿਕਾਸ ਕਰੇਗਾ , ਉੱਥੇ ਹੀ ਸਾਡੇ ਜੀਵਨ ਵਿੱਚ ਬਹੁਤ ਹੀ ਕ੍ਰਾਂਤੀਕਾਰੀ , ਪ੍ਰਭਾਵਸ਼ੀਲ , ਪ੍ਰਗਤੀਸ਼ੀਲ ਤੇ ਸਕਾਰਾਤਮਕ ਬਦਲਾਓ ਵੀ ਲਿਆ ਦੇਵੇਗਾ , ਜੋ ਕਿ ਸਾਡੇ ਜੀਵਨ ਨੂੰ ਸਫ਼ਲ , ਉੱਤਮ , ਸੁਖਾਲਾ ਤੇ ਪ੍ਰਭਾਵਸ਼ਾਲੀ ਬਣਾ ਸਕਦਾ ਹੈ। ਇਸ ਨਾਲ ਹੀ ਮੇਰੀ ਇੱਕ ਨਿੱਕੀ ਜਿਹੀ ਅਤੇ ਬਹੁਤ ਜ਼ਰੂਰੀ ਸਲਾਹ ਇਹ ਵੀ ਹੈ ਕਿ ਤੁਹਾਨੂੰ ਬਿਨਾਂ ਜ਼ਰੂਰਤ ਤੋਂ ਆਪਣੇ ਜੀਵਨ ਦਾ ਜ਼ਰੂਰੀ ਕੀਮਤੀ ਸਮਾਂ ਮੋਬਾਈਲ ਫੋਨਾਂ / ਸੋਸ਼ਲ ਮੀਡੀਆ ਆਦਿ ‘ਤੇ ਵਿਅਰਥ ਨਹੀਂ ਗੁਆਉਣਾ ਚਾਹੀਦਾ ; ਕਿਉਂਕਿ ਇਹ ਸੋਸ਼ਲ ਮੀਡੀਆ ਇੱਕ ਆਭਾਸੀ ਦੁਨੀਆ ਹੈ। ਬੱਚਿਓ ! ਜੀਵਨ ਅਤੇ ਜੀਵਨ ਦੀ ਹਕੀਕਤ ਨੂੰ ਸਮਝਣ ਲਈ ਸਾਨੂੰ ਆਪਣੇ ਮਾਤਾ – ਪਿਤਾ , ਦਾਦਾ – ਦਾਦੀ , ਨਾਨਾ – ਨਾਨੀ , ਵੱਡੇ ਭੈਣ – ਭਰਾਵਾਂ ਆਦਿ ਕੋਲ ਬੈਠ – ਉੱਠ ਕੇ ਕੁਝ ਸਮਾਂ ਬਤੀਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਵੱਲੋਂ ਸੁਝਾਏ ਰਸਤੇ ‘ਤੇ ਜੀਵਨ ਵਿੱਚ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜੀਵਨ ਦੇ ਹਰ ਮੋੜ ‘ਤੇ ਚੰਗੀਆਂ ਪੁਸਤਕਾਂ , ਨੈਤਿਕ ਸਿੱਖਿਆ , ਪ੍ਰੇਰਕ ਪ੍ਰਸੰਗ , ਮਹਾਂਪੁਰਖਾਂ ਦੇ ਵਿਚਾਰਾਂ , ਉਨ੍ਹਾਂ ਦੀਆਂ ਜੀਵਨੀਆਂ , ਸਕਾਰਾਤਮਕ ਸੋਚ ਭਰਪੂਰ ਪੁਸਤਕਾਂ , ਮਾਰਗਦਰਸ਼ਨ ਕਰਨ ਵਾਲੀਆਂ ਕਹਾਣੀਆਂ , ਗਿਆਨ ਤੇ ਰੌਚਕਤਾ ਭਰਪੂਰ ਸਫ਼ਰਨਾਮਿਆਂ ਆਦਿ ਨਾਲ ਸੰਬੰਧਿਤ ਉਸਾਰੂ ਤੇ ਗੁਣਵੱਤਾ ਭਰਪੂਰ ਕਿਤਾਬਾਂ ਖ਼ਰੀਦਣ ਅਤੇ ਪੜ੍ਹਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਅਸੀਂ ਦੇਸ਼ ਦੇ ਚੰਗੇ ਨਾਗਰਿਕ ਬਣ ਕੇ ਚੰਗੇ ਸਮਾਜ ਦਾ ਨਿਰਮਾਣ ਕਰ ਸਕੀਏ। ਬੱਚਿਓ ! ਤੁਸੀਂ ਵੀ ਆਪਣੇ ਜੀਵਨ ਦੇ ਇੱਕ – ਇੱਕ ਕੀਮਤੀ ਪਲ ਦੀ ਸਾਰਥਕ ਵਰਤੋਂ ਕਰਨ ਦਾ ਪ੍ਰਣ ਅੱਜ ਹੀ ਕਰ ਲਓ , ਫਿਰ ਦੇਖਣਾ ਜੀਵਨ ਦੇ ਬੇਸ਼ਕੀਮਤੀ ਤੋਹਫ਼ੇ ਅਤੇ ਮੰਜ਼ਿਲ ਤੁਹਾਡੇ ਕਦਮਾਂ ਅੱਗੇ ਹੋਣਗੇ। ਇਹ ਸਭ ਕੁਝ ਬਸ ਸਮੇਂ ਦੀ ਸਹੀ ਵਰਤੋਂ ਕਰਨ ਨਾਲ ਹੀ ਹੋਵੇਗਾ , ਜੋ ਕਿ ਕਿਸੇ ਜਾਦੂ ਤੋਂ ਘੱਟ ਨਹੀਂ ਹੋਵੇਗਾ ; ਕਿਉਂਕਿ ਕਹਿੰਦੇ ਹਨ ਕਿ ‘ਮਹਾਂਪੁਰਖਾਂ ਦੇ ਕੋਲ ਸਮੇਂ ਦੀ ਕਦੇ ਵੀ ਘਾਟ ਨਹੀਂ ਹੁੰਦੀ ‘। ਪਿਆਰੇ ਬੱਚਿਓ ! ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਮੇਰੀ ਇਸ ਛੋਟੀ ਜਿਹੀ , ਪਰ ਜੀਵਨ ਵਿੱਚ ਵੱਡੇ ਅਤੇ ਸਾਰਥਕ ਬਦਲਾਓ ਲਿਆਉਣ ਵਾਲੀ ਸਲਾਹ ‘ਤੇ ਜਲਦੀ ਅਤੇ ਜ਼ਰੂਰੀ ਗੌਰ ਕਰੋਗੇ ਤੇ ਅਪਣਾਓਗੇ। ਬਜ਼ੁਰਗਾਂ ਦਾ ਕਹਿਣਾ ਵੀ ਹੈ ,
” ਸਮਾਂ – ਸਮਾਂ ਸਮਰੱਥ ,
ਉਹੀ ਬਾਣ ਤੇ
ਉਹੀ ਅਰਜਣ ਦੇ ਹੱਥ।