ਨਵੀਂ ਦਿੱਲੀ (ਸਮਾਜ ਵੀਕਲੀ): ਯੂਨੀਸੈੱਫ ਦੀ ਇੱਕ ਨਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆ ਦੇ ਚਾਰ ਦੇਸ਼ਾਂ ’ਚ ਭਾਰਤ ਵੀ ਸ਼ਾਮਲ ਹੈ ਜਿੱਥੇ ਵਾਤਾਵਰਨ ਤਬਦੀਲੀ ਕਾਰਨ ਬੱਚਿਆਂ ਦੀ ਸਿਹਤ, ਸਿੱਖਿਆ ਤੇ ਸੁਰੱਖਿਆ ਦਾ ਗੰਭੀਰ ਖਤਰਾ ਹੈ। ਯੂਨੀਸੈੱਫ ਨੇ ਬੱਚਿਆਂ ’ਤੇ ਕੇਂਦਰਿਤ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ’ਚ ਚੱਕਰਵਾਤ ਅਤੇ ਲੂ ਵਰਗੇ ਵਾਤਾਵਰਨ ਸੰਕਟ ਤੋਂ ਬੱਚਿਆਂ ਨੂੰ ਖਤਰਿਆਂ ਦਾ ਅਨੁਮਾਨ ਲਾਇਆ ਗਿਆ ਹੈ।
ਪਾਕਿਸਤਾਨ, ਬੰਗਲਾਦੇਸ਼, ਅਫ਼ਗਾਨਿਸਤਾਨ ਤੇ ਭਾਰਤ ਚਾਰ ਦੱਖਣੀ ਏਸ਼ਿਆਈ ਦੇਸ਼ਾਂ ’ਚੋਂ ਹਨ ਜਿੱਥੇ ਬੱਚਿਆਂ ’ਤੇ ਵਾਤਾਵਰਨ ਸੰਕਟ ਦੇ ਪ੍ਰਭਾਵ ਦਾ ਸਭ ਤੋਂ ਵੱਧ ਜੋਖਮ ਹੈ। ਇਨ੍ਹਾਂ ਮੁਲਕਾਂ ਦੀ ਰੈਂਕਿੰਗ ਕ੍ਰਮਵਾਰ 14ਵੀਂ, 15ਵੀਂ, 25ਵੀਂ ਤੇ 26ਵੀਂ ਹੈ। ਰਿਪੋਰਟ ’ਚ ਭਾਰਤ ਨੂੰ ਉਨ੍ਹਾਂ 33 ਸਭ ਤੋਂ ਵੱਧ ਜੋਖਮ ਵਾਲੇ ਦੇਸ਼ਾਂ ਵਿਚਾਲੇ ਰੱਖਿਆ ਗਿਆ ਹੈ ਜਿੱਥੇ ਹੜ੍ਹ ਤੇ ਹਵਾ ਪ੍ਰਦੂਸ਼ਣ, ਵਾਰ-ਵਾਰ ਹੋਣ ਵਾਲੇ ਵਾਤਾਵਰਨ ਸੰਕਟ ਕਾਰਨ ਮਹਿਲਾਵਾਂ ਤੇ ਬੱਚਿਆਂ ਲਈ ਮਾੜੇ ਸਮਾਜਿਕ-ਆਰਥਿਕ ਨਤੀਜੇ ਹੁੰਦੇ ਹਨ।
ਅਨੁਮਾਨ ਜਤਾਇਆ ਗਿਆ ਹੈ ਕਿ ਆਲਮੀ ਪੱਧਰ ’ਤੇ ਤਾਪਮਾਨ ਦੋ ਡਿਗਰੀ ਵਧਣ ਨਾਲ 60 ਕਰੋੜ ਤੋਂ ਵੱਧ ਭਾਰਤੀ ਅਗਲੇ ਸਾਲਾਂ ’ਚ ਗੰਭੀਰ ਜਲ ਸੰਕਟ ਦਾ ਸਾਹਮਣਾ ਕਰਨਗੇ ਜਦਕਿ ਇਸੇ ਦੌਰਾਨ ਸ਼ਹਿਰੀ ਇਲਾਕਿਆਂ ’ਚ ਅਚਾਨਕ ਹੜ੍ਹਾਂ ਦਾ ਖਤਰਾ ਵੀ ਵਧੇਗਾ। ਯੂਨੀਸੈੱਫ ’ਚ ਭਾਰਤ ਦੀ ਪ੍ਰਤੀਨਿਧੀ ਡਾ. ਯਾਸਮੀਨ ਅਲੀ ਹੱਕ ਨੇ ਕਿਹਾ, ‘ਵਾਤਾਵਰਨ ਤਬਦੀਲੀ ਬਾਲ ਅਧਿਕਾਰਾਂ ਦਾ ਸੰਕਟ ਹੈ। ਬੱਚਿਆਂ ਦੇ ਸਬੰਧ ’ਚ ਵਾਤਾਵਰਨ ਤਬਦੀਲੀ ਸੂਚਕ ਅੰਕ ਦੇ ਅੰਕੜਿਆਂ ਨੇ ਪਾਣੀ ਤੇ ਸਵੱਛਤਾ, ਸਿਹਤ ਤੇ ਸਿੱਖਿਆ ਵਰਗੀਆਂ ਸੇਵਾਵਾਂ ਤੱਕ ਪਹੁੰਚ ਘਟਣ ਅਤੇ ਪੌਣ-ਪਾਣੀ ਤੇ ਵਾਤਾਵਰਨ ਸੰਕਟ ਦੇ ਅਸਰ ਕਾਰਨ ਬੱਚਿਆਂ ਨੂੰ ਦਰਪੇਸ਼ ਗੰਭੀਰ ਜੋਖਮਾਂ ਵੱਲ ਇਸ਼ਾਰਾ ਕੀਤਾ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly