ਪੁਸਤਕ ਪੜਚੋਲ
ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ) ਸੋਸ਼ਲ ਮੀਡੀਆ ਭਾਵ ਮੋਬਾਇਲਾਂ ਦੀ ਦੁਨੀਆਂ ਵਿੱਚ ਅੱਜ ਦੇ ਬੱਚਿਆਂ ਦੀ ਦਿਲਚਸਪੀ ਜਨਮ ਤੋਂ ਹੀ ਪੈਦਾ ਹੋ ਰਹੀ ਹੈ ਜਿਸ ਕਾਰਨ ਸਾਹਿਤ ਵਲੋਂ ਬੱਚਿਆਂ ਦਾ ਧਿਆਨ ਭਟਕਦਾ ਜਾ ਰਿਹਾ ਹੈ। ਬੱਚਿਆਂ ਵਿੱਚ ਸਾਹਿਤਕ ਰੁਚੀਆਂ ਜਾਗਿ੍ਰਤ ਕਰਨ ਲਈ ਮੁੱਢ ਤੋਂ ਹੀ ਬਾਲ ਸਾਹਿਤ ਦੀ ਸਿਰਜਨਾ ਜਰੂਰੀ ਹੈ। ਭਾਵੇਂ ਬਾਲ ਸਾਹਿਤ ਜਿਸ ਵਿੱਚ ਬਾਲ ਕਵਿਤਾਵਾਂ ਕਹਾਣੀਆਂ ਨਾਵਲ ਸਿਰਜੇ ਜਾ ਰਹੇ ਹਨ ਪਰ ਮੋਬਾਇਲਾਂ ਦਾ ਪ੍ਰਭਾਵ ਇੰਨਾਂ ਵੱਧ ਗਿਆ ਹੈ ਕਿ ਬੱਚੇ ਮੋਬਾਇਆਂ ਤੇ ਅਪ ਲੋਅਡ ਹੋ ਰਹੀਆਂ ਵੀਡੀਓਜ਼ ਪਤਾ ਨਹੀਂ ਬੱਚਿਆਂ ਨੂੰ ਕਿਧਰ ਲਿਜਾ ਰਹੀਆਂ ਹਨ।
ਮਨਦੀਪ ਰਿੰਪੀ ਨੇ ਆਪਣੇ ਸਾਹਿਤਕ ਸਫਰ ਦੌਰਾਨ ਬਾਲ ਸਾਹਿਤ ਦੀ ਸਿਰਜਨਾ ਜਿਆਦਾ ਕੀਤੀ ਹੈ ਤਾਂ ਕਿ ਬਾਲ ਸਾਹਿਤ ਨਾਲ਼ ਬੱਚਿਆਂ ਨੂੰ ਜੋੜਿਆ ਜਾ ਸਕੇੇ। ਉਸ ਨੇ ਸਾਹਿਤਕ ਖੇਤਰ ਵਿੱਚ ਸਿਰਫ ਇੱਕ ਕਾਵਿ ਸੰਗ੍ਰਹਿ ਇੱਕ ਕਹਾਣੀ ਸੰਗ੍ਰਹਿ ਅਤੇ ਦੋ ਨਾਵਲ ਸਿਰਜੇ ਹਨ ਪਰ ਬਾਲ ਸਾਹਿਤ ਵਿੱਚ ਉਸ ਨੇ ਚਾਰ ਕਹਾਣੀ ਸੰਗ੍ਰਹਿ ਅਤੇ ਇੱਕ ਨਾਵਲ ਦੀ ਸਿਰਜਣਾ ਕੀਤੀ ਹੈ। ਹਾਲ ਹੀ ਵਿੱਚ ਉਸ ਦਾ ਇੱਕ ਬਾਲ ਨਾਵਲ ‘ਰਾਜਵੀਰ ਦਾ ਓਰੀਓ’ ਸਿਰਲੇਖ ਹੇਠ ਆਇਆ ਹੈ ਜਿਹੜਾ ਉਸ ਨੇ ਆਪਣੀਆਂ ਪਿਆਰੀਆਂ ਯਾਦਾਂ ਨੂੰ ਸਮਰਪਿਤ ਕੀਤਾ ਹੈ। ਇਸ ਨਾਵਲ ਦੇ ਛੋਟੇ-ਛੋਟੇ ਗਿਆਰਾਂ ਭਾਗ ਹਨ ਅਤੇ ਨਾਲ਼ ਹੀ ਸਬੰਧਤ ਬੇਰੰਗ ਤਸਵੀਰਾਂ ਵੀ ਸ਼ਾਮਲ ਕੀਤੀਆਂ ਹਨ। ਇਹ ਨਾਵਲ ਕੁੱਲ 48 ਪੰਨਿਆਂ ਤੇ ਫੈਲਿਆ ਹੋਇਆ ਹੈ।
ਇਸ ਨਾਵਲ ਦਾ ਮੁਤਾਲਿਆ ਕਰਦਿਆਂ ਜਾਨਵਰਾਂ ਪ੍ਰਤੀ ਬੱਚਿਆਂ ਦੀ ਦਿਲਚਸਪੀ ਦਿ੍ਰਸ਼ਟੀਮਾਨ ਕਰਦਾ ਹੈ। ਨਾਵਲ ਦਾ ਮੁੱਖ ਪਾਤਰ ਰਾਜਵੀਰ ਹੈ ਜਿਹੜਾ ਅਜੇ ਛੇਵੀਂ ਜਮਾਤ ਵਿੱਚ ਪੜ੍ਹਦਾ ਹੈ। ਬੱਚਿਆਂ ਨੂੰ ਘਰ ਵਿੱਚ ਪਈ ਚੀਜ ਦੀ ਵਰਤੋ ਕਰਨ ਦੀ ਇੱਛਾ ਬਣੀ ਰਹਿੰਦੀ ਹੈ। ਇਸੇ ਸੰਦਰਭ ਵਿੱਚ ਉਹ ਘਰ ਪਈ ਸਕੂਟਰੀ (ਐਕਟਿਵਾ) ਨੂੰ ਚਲਾਉਣ ਦੀ ਇੱਛਾ ਰੱਖਦਾ ਹੈ। ਮਾਂ ਦੇ ਸਮਝਾਉਣ ਦੇ ਬਾਵਜੂਦ ਉਹ ਸਕੂਟਰੀ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਫਿਰ ਆਪਣਾ ਸਾਇਕਲ ਹੀ ਵਰਤਦਾ ਹੈ। ਸਾਇਕਲ ਚਲਾਉਂਦਿਆਂ ਉਸ ਦੇ ਸਾਇਕਲ ਨਾਲ਼ ਕਤੂਰੇ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਨਾਲ਼ ਉਸ ਦੀ ਲੱਤ ’ਤੇ ਸੱਟ ਲਗਦੀ ਹੈ ਜਿਸ ਨੂੰ ਉਹ ਘਰ ਲੈ ਆਉਂਦਾ ਹੈ। ਇੱਥੇ ਡਰ ਮਾਰੇ ਝੂਠ ਬੋਲਣ ਦੀ ਪ੍ਰਵਿਰਤੀ ਵੀ ਹੈ ਜਦੋਂ ਮਾਂ ਨੂੰ ਕੁੱਤੇ ਦਾ ਐਕਸੀਡੈਂਟ ਸਕੂਟਰ ਨਾਲ਼ ਹੋਣਾ ਦੱਸਦਾ ਹੈ। ਉਸ ਦਾ ਪਿਤਾ ਕੁੱਤੇ ਬਿੱਲੀ ਆਦਿ ਜਾਨਵਰਾਂ ਨੂੰ ਘਰ ਰੱਖਣਾ ਨਹੀਂ ਚਾਹੁੰਦਾ। ਰਾਜਵੀਰ ਦਾ ਪਿਤਾ ਕਿਤੇ ਦੂਰ ਨੌਕਰੀ ਕਰਦਾ ਹੈ ਅਤੇ ਘਰ ਸਿਰਫ ਹਫਤੇ ਦੇ ਆਖੀਰ ਤੇ ਹੀ ਘਰ ਆਉਂਦਾ ਹੈ।
ਬੱਚਿਆਂ ਦੀ ਇਹ ਆਦਤ ਹੁੰਦੀ ਹੈ ਕਿ ਜਿਹੜੇ ਕੰਮ ਤੋਂ ਰੋਕਿਆ ਜਾਵੇ ਉਸੇ ਕੰਮ ਨੂੰ ਕਰਦੇ ਹਨ ਅਤੇ ਮਨ ਮੁਰਾਦ ਪੂਰੀ ਨਾ ਹੋਣ ਤੇ ਬੜੀ ਜਲਦੀ ਰੁਸਦੇ ਵੀ ਹਨ। ਨਾਵਲ ਵਿੱਚ ਰਾਜਵੀਰ ਦੇ ਮਿੱਤਰ ਰਿੰਕੂ ਦੇ ਘਰ ਵੀ ਇੱਕ ਕੁੱਤਾ ਸੀ ਜਿਸ ਦਾ ਨਾਂ ‘ਬਰੂਨੋ’ ਹੁੰਦਾ ਹੈ ਪਰ ਹੁਣ ਨਹੀਂ ਹੈ। ਉਹ ਇਸ ਓਰੀਓ ਨੂੰ ਘਰ ਰੱਖਣ ਵਿੱਚ ਮਾਂ ਨੂੰ ਰਾਜੀ ਕਰ ਲੈਂਦਾ ਹੈ ਪਰ ਪਿਤਾ ਨਾਲ਼ ਗੱਲ ਕਰਨ ਤੋਂ ਡਰਦਾ ਰਹਿੰਦਾ ਹੈ। ਕੁੱਤਾ ਸਮਝਦਾਰ ਵਫ਼ਾਦਰ ਅਤੇ ਆਪਣੇ ਬਗਾਨੇ ਦੀ ਪਛਾਣ ਕਰਨ ਵਾਲਾ ਸਿਆਣਾ ਜਾਨਵਰ ਮੰਨਿਆ ਜਾਂਦਾ ਹੈ। ਉਹਨਾਂ ਦਾ ਇੱਕ ਵਾਕਫਕਾਰ ਕਬੂਤਰ ਵੀ ਪਾਲਦਾ ਹੈ। ਰਾਜਵੀਰ ਪਿਤਾ ਤੋਂ ਡਰਦਾ ਓਰੀਓ ਨੂੰ ਆਪਣੇ ਦੋਸਤ ਰਿੰਕੂ ਦੇ ਘਰ ਛੱਡ ਆਉਂਦਾ ਹੈ। ਜਦੋਂ ਉਸ ਦਾ ਪਿਤਾ ਕੁੱਤਾ ਘਰ ਲਿਆਉਣ ਲਈ ਸਹਿਮਤੀ ਦੇ ਦਿੰਦਾ ਹੈ ਅਤੇ ਉਹ ਰਿੰਕੂ ਦੇ ਘਰੋਂ ਓਰੀਓ ਨੂੰ ਲੈਣ ਜਾਂਦਾ ਹੈ ਤਾਂ ਰਿੰਕੂ ਅਤੇ ਉਸ ਦੀ ਭੈਣ ਰੀਆ ਉਦਾਸ ਹੋ ਜਾਂਦੀ ਹੈ। ਰਾਜਵੀਰ ਉਹਨਾਂ ਦੀ ਉਦਾਸੀ ਬਰਦਾਸ਼ਤ ਨਾ ਕਰਦਾ ਹੋਇਆ ਓਰੀਓ ਨੂੰ ਉਹਨਾਂ ਪਾਸ ਹੀ ਛੱਡ ਦਿੰਦਾ ਹੈ। ਇਸ ਤਰ੍ਹਾਂ ਰਾਜਵੀਰ ਕਿਸੇ ਸੁਆਰਥ ਦੇ ਉਹਨਾਂ ਦੀ ਖੁਸ਼ੀ ਲਈ ਆਪਣੀ ਖੁਸ਼ੀ ਵਾਰ ਦਿੰਦਾ ਹੈ ਜਿਸ ਤੋਂ ਰਾਜਵੀਰ ਦੇ ਪਿਤਾ ਜੀ ਵੀ ਖੁਸ਼ ਅਤੇ ਹੈਰਾਨ ਹੋ ਜਾਂਦੇ ਹਨ।
ਕਤੂਰੇ ਨੂੰ ਘਰ ਲੈ ਕੇ ਆਉਣ ਤੇ ਇੱਕ ਪਰਿਵਰਤਨ ਵੀ ਦਿਖਾਇਆ ਗਿਆ ਹੈ ਕਿ ਰਾਜਵੀਰ ਕਤੂਰੇ ਦੇ ਚਾਅ ਵਿੱਚ ਸਵੇਰੇ ਬਿਨਾਂ ਕਿਸੇ ਦੇ ਉਠਾਉਣ ਤੋਂ ਜਲਦੀ ਉੱਠਣ ਲੱਗ ਪੈਂਦਾ ਹੈ। ਉਸ ਨਾਲ਼ ਸੈਰ ਤੇ ਵੀ ਜਾਂਦਾ ਹੈ ਅਤੇ ਉਸ ਨੂੰ ਆਪ ਦੁੱਧ ਪਿਆਉਦਾ ਪਰਵਰਿਸ਼ ਕਰਦਾ ਹੈ। ਨਾਵਲ ਦੀ ਕਹਾਣੀ ਰੌਚਕ ਹੈ ਅਤੇ ਬੱਚਿਆਂ ਵਿੱਚ ਉਤਸੁਕਤਾ ਵੀ ਵਧਾਉਂਦੀ ਹੈ। ਨਾਵਲ ਵਿੱਚ ਕਈ ਥਾਂਈ ਪਰੂਫ ਰਿਡਿੰਗ ਅਤੇ ਸੈਟਿੰਗ ਦੀ ਘਾਟ ਮਹਿਸੂਸ ਹੁੰਦੀ ਹੈ। ਆਸ ਹੈ ਮਨਦੀਪ ਰਿੰਪੀ ਭਵਿੱਖ ਵਿੱਚ ਵੀ ਬੱਚਿਆਂ ਨੂੰ ਸਾਹਿਤ ਨਾਲ਼ ਜੋੜਨ ਦੀ ਕੋਸ਼ਿਸ਼ ਵਿੱਚ ਕਾਮਯਾਬ ਹੋਵਗੀ।
ਸਾਬਕਾ ਏ.ਐਸ. ਪੀ ਨੈਸ਼ਨਲ ਐਵਾਰਡੀ
ਸੰਪਰਕ ਨੰ : 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly