ਬੱਚਿਓ ! ਜੀਵਨ ਭਰ ਅਧਿਆਪਕ ਦਾ ਸਤਿਕਾਰ ਕਰੋ

(ਸਮਾਜ ਵੀਕਲੀ)  ਪਿਆਰੇ ਬੱਚਿਓ ! ਅਧਿਆਪਕ ਸਾਡੀ ਜ਼ਿੰਦਗੀ ਵਿੱਚ ਇੱਕ ਅਜਿਹਾ ਸ਼ਖ਼ਸ ਹੁੰਦਾ ਹੈ , ਜੋ ਤੁਹਾਡੇ ਮਾਤਾ – ਪਿਤਾ ਵਾਂਗ ਤੁਹਾਡੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕਰਦਾ ਹੈ ।ਬੱਚਿਓ ! ਜਿਵੇਂ ਤੁਹਾਡੇ ਮਾਤਾ – ਪਿਤਾ ਤੁਹਾਡੇ ਦੁੱਖ – ਸੁੱਖ ਦਾ ਬਹੁਤ ਧਿਆਨ ਰੱਖਦੇ ਹਨ , ਇਸੇ ਤਰ੍ਹਾਂ ਅਧਿਆਪਕ ਤੁਹਾਡੀ ਹਰ ਮੁਸ਼ਕਿਲ ਦੇ ਨਾਲ – ਨਾਲ ਤੁਹਾਡੇ ਭਵਿੱਖ ਪ੍ਰਤੀ ਚਿੰਤਾਤੁਰ ਰਹਿੰਦਾ ਹੈ । ਇਹ ਬਹੁਤ ਵੱਡੀ ਗੱਲ ਹੈ ਕਿ ਤੁਹਾਡੇ ਮਾਤਾ – ਪਿਤਾ ਬੇਫ਼ਿਕਰ ਹੋ ਕੇ ਅਤੇ ਬੇਝਿਜਕੀ ਨਾਲ ਤੁਹਾਨੂੰ ਅਧਿਆਪਕ ਕੋਲ ਸਿੱਖਿਆ ਗ੍ਰਹਿਣ ਕਰਨ ਦੇ ਲਈ ਭੇਜਦੇ ਹਨ । ਅਧਿਆਪਕ ਇੱਕ ਵਿਸ਼ਵਾਸ , ਇੱਕ ਪਿਆਰ , ਭਵਿੱਖ ਦੇ ਨਿਰਮਾਤਾ ਦਾ ਨਾਮ ਹੈ । ਪਿਆਰੇ ਬੱਚਿਓ ! ਅੱਜ ਜੋ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਦਾ ਹਾਂ , ਉਹ ਕੇਵਲ ਇਹੋ ਹੈ ਕਿ ਤੁਹਾਨੂੰ ਜ਼ਿੰਦਗੀ ਦੇ ਹਰ ਮੋੜ ‘ਤੇ ਜ਼ਿੰਦਗੀ ਵਿੱਚ ਹਰ ਸਮੇਂ ਤੇ ਹਰ ਸਥਿਤੀ ਵਿੱਚ ਭਾਵੇਂ ਸਕੂਲ ਹੋਵੇ ਜਾਂ ਸਕੂਲ ਤੋਂ ਬਾਅਦ ਦੀ ਜ਼ਿੰਦਗੀ ਤੁਹਾਨੂੰ ਆਪਣੇ ਅਧਿਆਪਕ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈ । ਸਮੇਂ – ਸਮੇਂ ‘ਤੇ ਆਪਣੇ ਅਧਿਆਪਕਾਂ ਨੂੰ ਮਿਲਦੇ ਰਹਿਣਾ  ਚਾਹੀਦਾ ਹੈ । ਘਰ – ਪਰਿਵਾਰ ਦੇ ਹਰ ਦੁੱਖ – ਸੁੱਖ ਵਿੱਚ ਜਿਵੇਂ ਅਸੀਂ ਹੋਰ ਮਹਿਮਾਨਾਂ , ਆਂਢ – ਗੁਆਂਢ ਨੂੰ ਸ਼ਾਮਿਲ ਕਰਦੇ ਹਾਂ , ਉਸੇ ਤਰ੍ਹਾਂ ਆਪਣੇ ਅਧਿਆਪਕ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ।ਬੱਚਿਓ ! ਜ਼ਿੰਦਗੀ ਵਿੱਚ ਜਦੋਂ ਕਦੇ ਵੀ ਤੁਹਾਨੂੰ ਤੁਹਾਡੇ ਅਧਿਆਪਕ ਮਿਲਣ , ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਸਤਿਕਾਰ ਪੂਰਵਕ ਉਨ੍ਹਾਂ ਨੂੰ ਮਿਲੋ , ਉਨ੍ਹਾਂ ਦਾ ਸਤਿਕਾਰ ਕਰੋ,  ਉਨ੍ਹਾਂ ਦਾ ਹਾਲ – ਚਾਲ ਪੁੱਛੋ ,ਉਨ੍ਹਾਂ ਨੂੰ ਸਾਦਰ ਪ੍ਰਣਾਮ ਕਰੋ। ਪਿਆਰੇ ਬੱਚਿਓ ! ਅਧਿਆਪਕ ਦਾ ਸਤਿਕਾਰ  ਸਨਮਾਨ ਕਰਨ ਅਤੇ ਅਧਿਆਪਕ ਨੂੰ ਪ੍ਰਣਾਮ ਕਰਨ ਨਾਲ ਸਾਨੂੰ ਜੋ ਅਣਗਿਣਤ ਲਾਭ ਹੁੰਦੇ ਹਨ , ਅਸੀਂ ਉਸ ਦੀ ਵਿਆਖਿਆ ਸ਼ਬਦਾਂ ਰਾਹੀਂ ਨਹੀਂ ਕਰ ਸਕਦੇ । ਇੱਕ ਅਧਿਆਪਕ ਨੂੰ ਉਦੋਂ ਬਹੁਤ ਖੁਸ਼ੀ ਹੁੰਦੀ ਹੈ , ਜਦੋਂ ਉਸ ਦਾ ਪੜ੍ਹਾਇਆ ਹੋਇਆ ਵਿਦਿਆਰਥੀ ਕਿਸੇ ਚੰਗੇ ਮੁਕਾਮ ‘ਤੇ ਪਹੁੰਚ ਜਾਂਦਾ ਹੈ ਅਤੇ ਉਸ ਦੇ ਵਿਦਿਆਰਥੀ ਅਧਿਆਪਕ ਨੂੰ ਜੀਵਨ ਭਰ ਇੱਜ਼ਤ ਮਾਣ ਸਤਿਕਾਰ ਦਿੰਦੇ ਹਨ । ਉਹ ਸਮਾਂ ਹਰ ਅਧਿਆਪਕ ਦੇ ਲਈ ਬਹੁਤ ਹੀ ਜ਼ਿਆਦਾ ਮਾਣ ਅਤੇ ਖੁਸ਼ੀ ਵਾਲਾ ਹੁੰਦਾ ਹੈ । ਜੋ ਵਿਦਿਆਰਥੀ ਜੀਵਨ ਭਰ ਆਪਣੇ ਅਧਿਆਪਕ ਦਾ ਸਤਿਕਾਰ ਕਰਦਾ ਹੈ , ਉਸ ਨੂੰ ਸਾਦਰ ਪ੍ਰਣਾਮ ਕਰਦਾ ਹੈ ,ਉਸ ਦੀ ਦਿੱਤੀ ਸਿੱਖਿਆ ‘ਤੇ ਅਮਲ ਕਰਦਾ ਹੈ , ਉਸ ਦੇ ਦੱਸੇ ਰਾਹ ਤੇ ਚੱਲਦਾ ਹੈ ,ਹਰ ਦੁੱਖ – ਸੁੱਖ ਵਿੱਚ ਆਪਣੇ ਅਧਿਆਪਕ ਨੂੰ ਸ਼ਾਮਿਲ ਕਰਦਾ ਹੈ , ਅਜਿਹਾ ਵਿਦਿਆਰਥੀ  , ਅਜਿਹਾ ਵਿਅਕਤੀ ਜੀਵਨ ਦੀਆਂ ਤੰਗੀਆਂ ,ਤੁਰਸ਼ੀਆਂ, ਘਾਟਾਂ ,ਕਮੀਆਂ ,ਦੁੱਖਾਂ ,ਬੇਲੋੜੇ ਰੁਝੇਵਿਆਂ ,ਸੰਸਾਰਕ ਦੁੱਖਾਂ ,ਤਕਲੀਫ਼ਾਂ ਤੋਂ ਬਚਿਆ ਰਹਿੰਦਾ ਹੈ ਤੇ ਸ਼ਾਂਤੀ ਤੇ ਸਕੂਨ ਭਰਾ ਜੀਵਨ ਬਤੀਤ ਕਰਦਾ ਹੈ। ਬਹੁਤਾ ਨਾ ਕਹਿੰਦਾ ਹੋਇਆ ਆਖਿਰ ਵਿੱਚ ਤੁਹਾਨੂੰ ਸਭ ਨੂੰ ਫਿਰ ਇਹੋ ਕਹਾਂਗਾ ਕਿ ਭਾਵੇਂ ਸਕੂਲ ਹੋਵੇ ਜਾਂ ਸਕੂਲ ਦੇ ਬਾਅਦ  ਬਾਹਰ ਦਾ ਜੀਵਨ , ਜਦੋਂ ਵੀ ,ਜਿੱਥੇ ਵੀ , ਜਿਸ ਸਥਿਤੀ ਵਿੱਚ ਵੀ , ਜਿਸ ਮੌਕੇ ‘ਤੇ ਵੀ ਤੁਹਾਡੇ ਅਧਿਆਪਕ ਤੁਹਾਨੂੰ ਮਿਲਣ ,  ਤੁਸੀਂ ਉਨ੍ਹਾਂ ਨੂੰ ਜ਼ਰੂਰ ਮਿਲੋ , ਉਨ੍ਹਾਂ ਦਾ ਹਾਲ – ਚਾਲ ਪੁੱਛੋ , ਉਨ੍ਹਾਂ ਨੂੰ ਸਦਰ ਪ੍ਰਣਾਮ ਕਰੋ , ਉਨ੍ਹਾਂ ਨੂੰ ਆਪਣੇ ਘਰ – ਪਰਿਵਾਰ ਵਿੱਚ ਹਰ ਦੁੱਖ – ਸੁੱਖ ਵਿੱਚ ਸ਼ਾਮਿਲ ਕਰੋ । ਆਪਣੇ ਅਧਿਆਪਕਾਂ ਨੂੰ ਦਿਨਾਂ – ਤਿਉਹਾਰਾਂ ‘ਤੇ ਜਾਂ ਹੋਰ ਵੀ ਜਦੋਂ ਸਮਾਂ ਲੱਗੇ ਆਪਣੇ ਪਰਿਵਾਰ ਸਮੇਤ ਜਾ ਕੇ ਉਨ੍ਹਾਂ ਨੂੰ ਮਿਲੋ । ਬੱਚਿਓ ! ਦੇਖਣਾ ਜ਼ਿੰਦਗੀ ਵਿੱਚ ਤੁਸੀਂ ਬਹੁਤ ਤਰੱਕੀ ਕਰੋਗੇ ਤੇ  ਤੁਹਾਨੂੰ ਇੱਕ ਵੱਖਰਾ ਹੀ ਅਲੌਕਿਕ ਅਨੰਦ , ਸਫਲਤਾ , ਅਦਭੁੱਤ ਸ਼ਾਂਤੀ ਤੇ  ਤ੍ਰਿਪਤੀ ਦੀ ਪ੍ਰਾਪਤੀ  ਹੋਵੇਗੀ । ਪਿਆਰੇ ਬੱਚਿਓ ! ਮੈਨੂੰ ਪੂਰੀ – ਪੂਰੀ ਉਮੀਦ ਹੈ ਕਿ ਤੁਸੀਂ ਮੇਰੀ ਇਸ ਛੋਟੀ ਜਿਹੀ ਦੱਸੀ ਹੋਈ ਗੱਲ ਨੂੰ ਜੀਵਨ ਭਰ ਯਾਦ ਰੱਖੋਗੇ ਅਤੇ ਇਸ ‘ਤੇ ਜ਼ਰੂਰ ਜ਼ਰੂਰ ਅਮਲ ਕਰੋਗੇ ਅਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਦੇ ਰਹੋਗੇ।  ਪ੍ਰਮਾਤਮਾ ਕਰੇ ! ਤੁਸੀਂ ਚੜ੍ਹਦੀਆਂ ਕਲਾਂ ਵਿੱਚ ਰਹੋ।
ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਆਓ ਜਾਣੀਏ 15 ਅਗਸਤ ਬਾਰੇ
Next articleਐਡਮਿੰਟਨ ਕਨੇਡਾ ‘ਚ ਲੱਗੇਗਾ ਬਾਰਵਾਂ ਵਿਸ਼ਾਲ ਸੱਭਿਆਚਾਰਕ ਮੇਲਾ ‘ਮੇਲਾ ਪੰਜਾਬੀਆਂ ਦਾ’ 17 ਅਗਸਤ ਨੂੰ ਸੁਖਜਿੰਦਰ ਸਿੰਦਾ ਯੂਕੇ ਸਮੇਤ ਭਰਨਗੇ ਕਈ ਕਲਾਕਾਰ ਹਾਜਰੀ