ਬੜਾ ਹਾਸਾ ਆਉਂਦਾ ਬਚਪਨ ਦੀਆਂ ਘੁਤਿੱਤਾਂ ਯਾਦ ਕਰ-ਕਰ।
ਜਸਵਿੰਦਰ ਪੰਜਾਬੀ
(ਸਮਾਜ ਵੀਕਲੀ) ਐਨ ਪੂਰਾ ਹੋਣ ਨੇੜੇ ਆਏ ਕਿਸੇ ਦੇ ਗੁਹਾਰੇ ਨੂੰ ਕਿਸੇ ਖੁੰਦਕ ਕਾਰਨ,ਇੱਕ “ਉਸਤਾਦ ਜੀ” ਦੀ ਰਹਿਨੁਮਾਈ ਹੇਠ ਅੱਗ ਲਾ ਦੇਣੀ। ਖੁਦ ਈ ਜਾ ਕੇ ਓਹਨਾਂ ਦੇ ਘਰ ਆਖਣਾ,”ਤਾਈ ਥੋਡਾ ਗੁਹਾਰਾ ਧੁਖੀ ਜਾਂਦੈ।” ਜਦੋਂ ਤੱਕ ਤਾਈ ਹੁਰਾਂ ਦਾ ਟੱਬਰ-ਟੀਹਰ ਫਾਇਰ ਬਿਰਗੇਡ ਵਾਲ਼ਿਆਂ ਵਾਂਗੂੰ, ਬਾਲਟੀਆਂ-ਬੂਲਟੀਆਂ ਲੈ ਕੇ ਪਹੁੰਚਦਾ,ਤਦ ਤੱਕ ਗੁਹਾਰੇ ‘ਚੋੰ ਲਪਟਾਂ ਨਿਕਲਣ ਲੱਗ ਜਾਣੀਆਂ। ਨਲਕਾ ਗੇੜਨ ਦੀ ਸੇਵਾ ਦਾਸ ਹੁਰਾਂ ਹੁੱਬ ਕੇ ਕਰਨੀ। ਤਾਈ ਹੁਰਾਂ ਦੇ ਪਰਿਵਾਰ ਨੂੰ ਸੁਣਾ-ਸੁਣਾ ਆਖਣਾ,”ਪਤਾ ਨ੍ਹੀਂ ਕੀਹਦਾ ਬੇੜਾ ਬੈਠਦਾ। ਗਰਮੀ ਦੇ ਦਿਨਾਂ ‘ਚ ਹਰ ਸਾਲ ਈ ਗੁਹਾਰੇ ਫੁਕਦੇ ਨੇ।”
* * * * *
ਕਿਸੇ ਘਰ ਨੇ ਗਲ਼ੀ ਵੱਲ ਬੱਲਬ ਲਾ ਦੇਣਾ ‘ਨ੍ਹੇਰੇ ਕਰਕੇ। ਜਦੋੰ ਤੱਕ ਸਾਲ਼ਾ ਹੌਲਡਰ ਜਿਆ ਨਾ ਪੁੱਟਿਆ ਜਾਂਦਾ,ਉਦੋੰ ਤੱਕ “ਉਸਤਾਦ ਜੀ” ਦੀ ਰਹਿਨੁਮਾਈ ਹੇਠ,ਬੱਲਬਾਂ ‘ਤੇ ਨਿਸ਼ਾਨੇ ਵੱਜਣੋਂ ਨਾ ਹਟਦੇ।
* * * * *
ਜੇ ਕਿਸੇ ਦੀ ਪਾਲ਼ੀ ਕੁਤੀੜ ਜਿਆਦਾ ਵੱਢੂੰ-ਖਾਊਂ ਕਰਦੀ। ਕੁਤੀੜ ਕਾਰਨ ਕਈਆਂ ਦੀਆਂ ਤੁੰਨਾਂ ‘ਚ ਟੀਕੇ ਲਗਦੇ, ਤਾਂ “ਉਸਤਾਦ ਜੀ” ਦੀ ਰਹਿਨੁਮਾਈ ਹੇਠ, ਓਸਨੂੰ “ਕੁੱਤ-ਜੂਨ” ਤੋਂ ਛੁਟਕਾਰਾ ਦਿਵਾ ਕੇ ਅਣਦੱਸੀ ਥਾਂ ਸਪੁਰਦ ਏ ਖਾਕ ਕੀਤਾ ਜਾਂਦਾ। ਫੌਤ ਹੋਈ ਕੁਤੀੜ ਦੇ ਘਰਦੇ ਕਿਸੇ ਜਵਾਕ ਨਾਲ਼ ਇੰਜ ਹਮਦਰਦੀ ਕਰਨੀ,
“ਬਾਹਰਲੇ ਮੁਲਖਾਂ ‘ਚ ਕੁੱਤਾ ਮਾਰਨ ਦੀ ਸਜ਼ਾ ਡਬਲ ਆ ਵੀਰੇ।”
“ਡਬਲ ਕਿਵੇਂ?” ਓਹਨੇ ਹੈਰਾਨੀ ਨਾਲ਼ ਪੁੱਛਣਾ।
“ਬੰਦੇ ਦੇ ਦੋ ਲੱਤਾਂ ਹੁੰਦੀਆਂ ਨੇ,ਕੁੱਤੇ ਦੇ ਚਾਰ। ਇਸ ਕਰਕੇ ਡਬਲ ਆ।” ਜਵਾਕ ਸੋਚਦਾ ਬੀ ਜੇ ਬਾਹਰਲੇ ਮੁਲਖ ‘ਚ ਹੁੰਦੇ,ਫੜੇ ਦੋਸ਼ੀ ਨੂੰ 604 ਲਗਵਾ ਕੇ ਦੋ ਵਾਰ ਫਾਹੇ ਟੰਗਾਉਂਦੇ।
* * * * *
ਬਾਰਸ਼ ਦੇ ਦਿਨਾਂ ‘ਚ “ਉਸਤਾਦ ਜੀ” ਦੀ ਰਹਿਨੁਮਾਈ ਹੇਠ,ਜਿਨ੍ਹਾਂ ਨਾਲ਼ ਖੁੰਦਕ ਹੋਣੀ, ਗਲ਼ੀ ਦੇ ਦੋਵਾਂ ਪਾਸਿਆਂ ਦੀਆਂ ਨਾਲ਼ੀਆਂ ‘ਚ ਇੱਟਾਂ ਫਸਾ ਦੇਣੀਆਂ। ਪਾਣੀ ਗਲ਼ੀ ‘ਚੋਂ ਉੱਪਰ ਹੋ ਕਈ ਵਾਰ ਘਰਾਂ ‘ਚ ਜਾ ਵੜਨਾ।
..…ਕਿੱਸੇ ਬੜੇ ਨੇ। ਫਿਲਹਾਲ ਇਹਨਾਂ ‘ਤੇ ਨਜ਼ਰਸਾਨੀ ਕਰੋ ਸੰਗਤ ਜੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly