ਦਰਖ਼ਤਾਂ ਦੀ ਛਾਂ ਹੇਂਠਾ ਬੈਠਕੇ ਅਸੀਂ ਨਾਨੀ ਕੋਲੋਂ ਪੁਰਾਣੀਆਂ ਕਹਾਣੀਆਂ ਸੁਣਦੇ
ਬਲਦੇਵ ਸਿੰਘ ਬੇਦੀ
(ਸਮਾਜ ਵੀਕਲੀ) ਬਚਪਨ ਦੀਆਂ ਯਾਦਾਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਇੱਕ ਅਹਿਮ ਹਿੱਸਾ ਬਣੀਆਂ ਰਹਿੰਦੀਆਂ ਹਨ, ਜਿਹਨਾਂ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ। ਖਾਸ ਕਰਕੇ ਜਦੋਂ ਸਕੂਲ ਤੋਂ ਛੁੱਟੀਆਂ ਹੁੰਦੀਆਂ ਸਨ, ਤਾਂ ਇੱਕ ਵੱਖਰੀ ਜਹੀ ਖ਼ੁਸ਼ੀ ਦੀ ਲਹਿਰ ਦੌੜਦੀ ਸੀ। ਸਾਨੂੰ ਪਤਾ ਹੁੰਦਾ ਸੀ ਕਿ ਹੁਣ ਕੁਝ ਹਫ਼ਤੇ ਸਕੂਲ ਤੋਂ ਦੂਰ ਰਹਿਣ ਦਾ ਮੌਕਾ ਮਿਲੇਗਾ ਅਤੇ ਉਸ ਤੋਂ ਵੀ ਵੱਧ ਸਾਨੂੰ ਆਪਣੇ ਨਾਨਕੇ ਜਾਣ ਦੀ ਖ਼ੁਸ਼ੀ ਹੁੰਦੀ ਸੀ। ਸਾਡੇ ਨਾਨਕੇ, ਪਿੰਡ ਸਿੱਧੂ ਪੁਰ, ਲੋਹੀਆਂ ਖ਼ਾਸ, ਜਿਲ੍ਹਾ ਜਲੰਧਰ ਵਿਖੇ ਹੁੰਦੇ ਸਨ।
ਨਾਨਕੇ ਜਾਣ ਦਾ ਰਸਤਾ ਵੀ ਸਾਨੂੰ ਬਹੁਤ ਪਸੰਦ ਸੀ ਕਿਉਂਕਿ ਅਸੀਂ ਹਮੇਸ਼ਾ ਰੇਲਗੱਡੀ ਵਿੱਚ ਸਫ਼ਰ ਕਰਦੇ ਸੀ। ਰੇਲਗੱਡੀ ਵਿੱਚ ਬੈਠਣ ਦਾ ਅਨੰਦ ਅੱਜ ਵੀ ਯਾਦ ਹੈ। ਸਟੇਸ਼ਨ ਤੇ ਪਹੁੰਚਦਿਆਂ ਹੀ ਦੌੜਦੀਆਂ ਰੇਲਾਂ ਅਤੇ ਉਸ ਦੇ ਪਟੜੀਆਂ ‘ਤੇ ਗੜਗੜਾਹਟ ਕਰਦੇ ਪਹੀਏ ਬਚਪਨ ‘ਚ ਬਹੁਤ ਮਜ਼ੇਦਾਰ ਲਗਦੇ ਸਨ। ਰੇਲਗੱਡੀ ਦੀ ਖਿੜਕੀ ਤੋਂ ਦੂਰ ਦੂਰ ਤਕ ਫਸਲਾਂ ਦੇ ਖੇਤ, ਰੁੱਖ, ਅਤੇ ਪਿੰਡਾਂ ਦੀਆਂ ਝਲਕੀਆਂ ਦੇਖਦਿਆਂ ਅਸੀਂ ਅਪਣੀ ਮਨਚਾਹੀ ਦੁਨੀਆ ਵਿੱਚ ਗੁਆਚ ਜਾਂਦੇ ਸੀ। ਲੋਹੀਆਂ ਸਟੇਸ਼ਨ ਤੇ ਪਹੁੰਚਦੀਆਂ ਹੀ ਸਰਦਾਰੀ ਲਾਲ ਦੇ ਪਕੌੜਿਆਂ ਦਾ ਸੁਆਦ ਤਾਂ ਅੱਜ ਤੱਕ ਕਿਤੋਂ ਲੱਭਿਆ ਹੀ ਨਹੀ।
ਛੋਟੇ ਮਾਮੇ ਨਾਲ ਸਕੂਟਰ ਤੇ ਬੈਠਕੇ ਸਟੇਸ਼ਨ ਤੋਂ ਨਾਨਕੇ ਪਿੰਡ ਸਿੱਧੂ ਪੁਰ ਪਹੁੰਚਦਿਆਂ ਹੀ ਸਭ ਕੁਝ ਬਦਲ ਜਾਂਦਾ। ਪਿੰਡ ਦੀ ਤਾਜ਼ਗੀ ਅਤੇ ਨਾਨਕੇ ਘਰ ਪਹੁੰਚਣ ਦਾ ਸਵਾਗਤ ਅੱਜ ਵੀ ਸਪੱਸ਼ਟ ਯਾਦ ਹੈ। ਸਾਡੀ ਨਾਨੀ ਦੀਆਂ ਗੱਲਾਂ, ਉਨ੍ਹਾਂ ਦਾ ਪਿਆਰ ਅਤੇ ਸਾਨੂੰ ਚੁੰਮ ਕੇ ਗਲੇ ਲਾਉਣਾ, ਸਭ ਕੁਝ ਇੱਕ ਸੁਪਨੇ ਵਰਗਾ ਲਗਦਾ ਸੀ। ਨਾਨਕੇ ਘਰ ਵਿੱਚ ਸਾਡੇ ਲਈ ਹਰੇਕ ਗੱਲ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਸੀ।
ਸਾਡੇ ਨਾਨਕੇ ਪਿੰਡ ਵਿੱਚ ਵੱਡੇ-ਵੱਡੇ ਖੂਹ ਸਨ, ਜਿੱਥੇ ਅਸੀਂ ਟਿਊਬੇੱਲ ਦੇ ਪਾਣੀ ਨਾਲ ਨਹਾਉਣਾ ਅਤੇ ਖੇਡਣਾ ਜਿਵੇਂ ਸਾਨੂੰ ਇੱਕ ਨਵਾਂ ਅਨੰਦ ਦੇ ਰਿਹਾ ਹੋਵੇ। ਦੁਪਿਹਰ ਵੇਲੇ ਅਸੀਂ ਪਿੰਡ ਦੇ ਖੇਤਾਂ ‘ਚ ਜਾਂਦੇ ਅਤੇ ਜਾਮਨੂੰ ਦੇ ਰੁੱਖਾਂ ਤੋਂ ਜਾਮਨੂੰ ਤੋੜਕੇ ਖਾਂਦੇ। ਉਹ ਜਾਮਨੂੰ ਤੋੜਨ ਦਾ ਲੁਤਫ਼ ਅਤੇ ਖੂਹਾਂ ਦੇ ਪਾਣੀ ਦੀ ਠੰਡਕ ਅਜਿਹੀ ਸੀ ਕਿ ਅਸੀਂ ਘੰਟਿਆਂ ਤੱਕ ਥੱਕਦੇ ਹੀ ਨਹੀਂ। ਅਸੀਂ ਆਪਣੇ ਬਚਪਨ ਨੂੰ ਪੂਰੀ ਤਰ੍ਹਾਂ ਸਵਰਗਾਂ ‘ਚ ਮਹਿਸੂਸ ਕਰਦੇ। ਕਈ ਵਾਰ ਤਾਂ ਨਾਨੀ ਮਾਂ ਸਾਨੂੰ ਲੱਭਦੇ-ਫਿਰਦੇ ਸਾਡੇ ਤੱਕ ਪਹੁੰਚਦੇ ਅਤੇ ਸਾਨੂੰ ਬੋਲਦੇ ,ਸਵੇਰ ਦੇ ਕਿੱਥੇ ਸੀ, ਘਰ ਨਹੀਂ ਆਉਣਾ।
ਘਰ ਦੇ ਨਾਲ ਚਾਚੀ ਬੰਸੋ ਦੀ ਭੱਠੀ ਵੀ ਸਾਡੇ ਬਚਪਨ ਦੀ ਯਾਦਾਂ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਚਾਚੀ ਬੰਸੋ ਇੱਕ ਬਹੁਤ ਹੀ ਪਿਆਰੀ ਅਤੇ ਮਿੱਠੜੀ ਸੁਭਾਅ ਵਾਲੀ ਸੀ। ਉਹ ਹਮੇਸ਼ਾ ਆਪਣੇ ਹਸਮੁੱਖ ਸੁਭਾਅ ਨਾਲ ਸਾਨੂੰ ਖ਼ੁਸ਼ ਰੱਖਦੀ । ਸ਼ਾਮ ਪੈਂਦੇ ਹੀ ਅਸੀਂ ਉਸ ਦੀ ਭੱਠੀ ਦੇ ਆਲੇ ਦੁਆਲੇ ਘੰਟਿਆਂ ਬੈਠੇ ਰਹਿੰਦੇ। ਜਦੋਂ ਭੱਠੀ ‘ਚ ਅੱਗ ਬਲਦੀ ਤਾਂ ਅਸੀਂ ਦਾਣਿਆਂ ਨੂੰ ਭੁੱਜਦੇ ਦੇਖਦੇ ਅਤੇ ਉਹਨਾਂ ਦੇ ਭੁੰਨਦਿਆਂ ਸੁਆਦ ਦੀ ਮਹਿਕ ਸਾਡੇ ਮਨ ਨੂੰ ਤ੍ਰਿਪਤ ਕਰ ਦਿੰਦੀ। ਦਾਣੇ ਗਰਮ ਹੁੰਦੇ ਹੀ ਅਸੀਂ ਉਨ੍ਹਾਂ ਨੂੰ ਹੱਥਾਂ ਵਿੱਚ ਫੜਕੇ ਮਜ਼ੇ ਨਾਲ ਖਾਂਦੇ। ਦਾਣੇ ਸਾਦੇ ਹੁੰਦੇ ਹੋਏ ਵੀ ਉਹਨਾਂ ਦਾ ਮਜਾ ਅਸੀਂ ਬਹੁਤ ਪਿਆਰ ਨਾਲ ਲੈਂਦੇ। ਚਾਚੀ ਬੰਸੋ ਦੇ ਹਾਸੇ ਅਤੇ ਦਾਣੇ ਭੁਣਾਉਣ ਦੀਆਂ ਗੱਲਾਂ ਅੱਜ ਵੀ ਮਨ ਵਿੱਚ ਤਾਜ਼ਾ ਹਨ।
ਉਹ ਦਿਨ ਅੱਜ ਵੀ ਯਾਦ ਹਨ, ਜਦੋਂ ਘਰ ਦੇ ਵੱਡੇ-ਵੱਡੇ ਦਰਖ਼ਤਾਂ ਦੀ ਛਾਂ ਹੇਂਠਾ ਬੈਠਕੇ ਅਸੀਂ ਨਾਨੀ ਦੀਆਂ ਪੁਰਾਣੀਆਂ ਕਹਾਣੀਆਂ ਸੁਣਦੇ। ਉਹਨਾਂ ਦੀਆਂ ਗੱਲਾਂ ਵਿੱਚ ਪੁਰਾਣਾ ਸਮਾਂ ਜਿੰਦਾ ਹੋ ਜਾਂਦਾ ਸੀ। ਉਹ ਦਿਨ, ਉਹ ਮੌਕੇ, ਅਤੇ ਉਹ ਖੇਡਨ ਵਾਲੀ ਬਚਪਨ ਦੀ ਮਾਸੂਮੀਅਤ ਅੱਜ ਵੀ ਦਿਲ ਨੂੰ ਛੂਹ ਜਾਂਦੀ ਹੈ। ਇਹ ਸੱਚ ਹੈ ਕਿ ਉਹ ਦਿਨ ਹੁਣ ਕਦੇ ਵਾਪਸ ਨਹੀਂ ਆ ਸਕਦੇ, ਪਰ ਉਹਨਾਂ ਯਾਦਾਂ ਨੂੰ ਸਾਂਭ ਕੇ ਰੱਖਣਾ ਹੀ ਅਸਲ ਵਿੱਚ ਜੀਵਨ ਦਾ ਗਹਿਣਾਂ ਹੈ।
ਅੱਜ ਜ਼ਿੰਦਗੀ ਦੇ ਅਨੇਕ ਕੰਮਾਂ ਵਿੱਚ ਉਹ ਬਚਪਨ ਦੀਆਂ ਛੁੱਟੀਆਂ ਅਤੇ ਨਾਨਕੇ ਜਾਣ ਦਾ ਚਾਅ ਕਦੇ-ਕਦੇ ਬਹੁਤ ਯਾਦ ਆਉਂਦਾ।
ਬਲਦੇਵ ਸਿੰਘ ਬੇਦੀ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly